ਡੇਹਰਾ ਸਾਹਿਬ ਵਿਖੇ ਮੱਲੀ ਫਰਨੀਚਰ ਹਾਊਸ ਨੂੰ ਲੱਗੀ ਭਿਆਨਕ ਅੱਗ,ਲੱਖਾਂ ਦਾ ਸਮਾਨ ਸੜ ਕੇ ਸੁਆਹ

ਡੇਹਰਾ ਸਾਹਿਬ ਵਿਖੇ ਮੱਲੀ ਫਰਨੀਚਰ ਹਾਊਸ ਨੂੰ ਲੱਗੀ ਭਿਆਨਕ ਅੱਗ,ਲੱਖਾਂ ਦਾ ਸਮਾਨ ਸੜ ਕੇ ਸੁਆਹ

ਅੱਗ ਦੀ ਲਪੇਟ ’ਚ ਆਇਆ ਸਾਰਾ ਫਰਨੀਚਰ,ਲੈਂਟਰ ਨੂੰ ਵੀ ਪੁੱਜਾ ਨੁਕਸਾਨ; ਦੁਕਾਨਦਾਰ ਨੇ ਦੱਸਿਆ ਕਰੀਬ 20 ਲੱਖ ਰੁਪਏ ਦਾ ਨੁਕਸਾਨ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,19 ਅਗਸਤ 
ਜ਼ਿਲ੍ਹਾ ਤਰਨਤਾਰਨ ਦੇ ਪਿੰਡ ਡੇਹਰਾ ਸਾਹਿਬ ਵਿਖੇ ਬੁੱਧਵਾਰ ਨੂੰ ਮੱਲੀ ਫਰਨੀਚਰ ਹਾਊਸ ਦੇ ਸ਼ੋਅਰੂਮ ਵਿੱਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਦੁਕਾਨ ਅੰਦਰ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ।ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਅਤੇ ਸੇਕ ਕਾਰਨ ਦੁਕਾਨ ਦੇ ਲੈਂਟਰ ਨੂੰ ਵੀ ਕਾਫੀ ਨੁਕਸਾਨ ਪੁੱਜਿਆ।


ਅੱਗ ਕਾਰਨ ਸ਼ੋਅਰੂਮ ਅੰਦਰ ਪਿਆ ਸਾਰਾ ਫਰਨੀਚਰ, ਜਿਸ ਵਿੱਚ ਬੈੱਡ,ਸੋਫੇ,ਅਲਮਾਰੀਆਂ,ਗੱਦੇ ਅਤੇ ਹੋਰ ਕੀਮਤੀ ਸਮਾਨ ਸ਼ਾਮਲ ਸੀ,ਪੂਰੀ ਤਰ੍ਹਾਂ ਸੜ ਗਿਆ।ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਆਸ-ਪਾਸ ਦੇ ਲੋਕ ਅਤੇ ਨੇੜਲੇ ਦੁਕਾਨਦਾਰ ਮੌਕੇ ’ਤੇ ਇਕੱਠੇ ਹੋ ਗਏ ਅਤੇ ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ।ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ’ਤੇ ਪੁੱਜੀ,ਪਰ ਉਦੋਂ ਤੱਕ ਲੋਕਾਂ ਵੱਲੋਂ ਅੱਗ ’ਤੇ ਕਾਬੂ ਪਾਇਆ ਜਾ ਚੁੱਕਾ ਸੀ।ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਪਾਰਟੀ ਵੀ ਮੌਕੇ ’ਤੇ ਪੁੱਜ ਗਈ ਅਤੇ ਸਥਿਤੀ ਦਾ ਜਾਇਜ਼ਾ ਲਿਆ।


ਦੁਕਾਨ ਦੇ ਮਾਲਕ ਸੁਖਦੇਵ ਸਿੰਘ ਵਾਸੀ ਰਾਣੀਵਲਾਹ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਨੇ ਕੁਝ ਸਾਲ ਪਹਿਲਾਂ ਕਰਜ਼ਾ ਚੁੱਕ ਕੇ ਪਿੰਡ ਡੇਹਰਾ ਸਾਹਿਬ ਵਿਖੇ ‘ਮੱਲੀ ਫਰਨੀਚਰ ਹਾਊਸ’ ਦੇ ਨਾਂਅ ’ਤੇ ਫਰਨੀਚਰ ਦਾ ਸ਼ੋਅਰੂਮ ਖੋਲ੍ਹਿਆ ਸੀ।ਪਰ ਅੱਜ ਅਚਾਨਕ ਲੱਗੀ ਅੱਗ ਨੇ ਉਸ ਦੀ ਸਾਰੀ ਮਿਹਨਤ ਅਤੇ ਪੂੰਜੀ ਨੂੰ ਤਬਾਹ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਇਸ ਘਟਨਾ ਕਾਰਨ ਉਸ ਦੇ ਸਿਰ ’ਤੇ ਪਹਿਲਾਂ ਤੋਂ ਚੱਲ ਰਹੇ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਗਈ ਹੈ ਅਤੇ ਹੁਣ ਇਸ ਨੂੰ ਉਤਾਰਨਾ ਉਸ ਲਈ ਬੇਹੱਦ ਮੁਸ਼ਕਲ ਹੋ ਜਾਵੇਗਾ।


ਸੁਖਦੇਵ ਸਿੰਘ ਨੇ ਦੱਸਿਆ ਕਿ ਅੱਗ ਕਾਰਨ ਉਸ ਦਾ ਕਰੀਬ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਉਹ ਇਸ ਭਾਰੀ ਨੁਕਸਾਨ ਤੋਂ ਬਾਅਦ ਆਰਥਿਕ ਤੌਰ ’ਤੇ ਬਹੁਤ ਕਮਜ਼ੋਰ ਚੁੱਕਾ ਹੈ।
ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀੜਤ ਦੁਕਾਨਦਾਰ ਦੀ ਮਾਲੀ ਹਾਲਤ ਨੂੰ ਦੇਖਦਿਆਂ ਉਸ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ,ਤਾਂ ਜੋ ਉਹ ਮੁੜ ਆਪਣਾ ਕਾਰੋਬਾਰ ਖੜ੍ਹਾ ਕਰ ਸਕੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.