ਜਥੇਦਾਰ ਗੜਗੱਜ ਵੱਲੋਂ 23 ਜੁਲਾਈ ਨੂੰ 'ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਵਸ' ਐਲਾਨਣ ਦੀ ਮੰਗ

ਜਥੇਦਾਰ ਗੜਗੱਜ ਵੱਲੋਂ 23 ਜੁਲਾਈ ਨੂੰ 'ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਵਸ' ਐਲਾਨਣ ਦੀ ਮੰਗ

ਅੰਮ੍ਰਿਤਸਰ, 23 ਜੁਲਾਈ ਨਜ਼ਰਾਨਾ ਟਾਈਮਜ਼ ਬਿਊਰੋ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗੱਜ ਨੇ ਅੱਜ 1914 ਵਿੱਚ ਗੁਰੂ ਨਾਨਕ ਜਹਾਜ਼ ਦੀ ਕਨੇਡਾ ਤੋਂ ਜਬਰਦਸਤੀ ਵਾਪਸੀ ਦੀ 111ਵੀਂ ਵਰ੍ਹੇਗੰਢ ਮੌਕੇ ਵਿਸ਼ੇਸ਼ ਸੁਨੇਹਾ ਜਾਰੀ ਕਰਦਿਆਂ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਸਿੱਖ ਸੰਸਥਾਵਾਂ ਨੂੰ 23 ਜੁਲਾਈ ਨੂੰ 'ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਵਸ' ਵਜੋਂ ਘੋਸ਼ਿਤ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਇਸ ਦਿਨ 1914 ਵਿੱਚ ਗ਼ਦਰ ਲੀਡਰ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਹੇਠ 377 ਭਾਰਤੀ—ਜਿਨ੍ਹਾਂ ਵਿੱਚੋਂ 341 ਸਿੱਖ ਸਨ—ਕਨੇਡਾ ਪਹੁੰਚੇ, ਪਰ ਉਨ੍ਹਾਂ ਨੂੰ ਉਥੋਂ ਦੇ ਨਸਲਵਾਦੀ ਇਮੀਗ੍ਰੇਸ਼ਨ ਕਾਨੂੰਨਾਂ ਕਰਕੇ ਵਾਪਸ ਭੇਜ ਦਿੱਤਾ ਗਿਆ। ਇਹ ਜਹਾਜ਼ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਵੱਲੋਂ ਚਲਾਇਆ ਗਿਆ ਸੀ ਅਤੇ ਇਸਨੂੰ 'ਗੁਰੂ ਨਾਨਕ ਜਹਾਜ਼' ਨਾਮ ਦਿੱਤਾ ਗਿਆ, ਪਰ ਅਫਸੋਸ ਹੈ ਕਿ ਅੱਜ ਵੀ ਭਾਰਤੀ ਇਤਿਹਾਸ ਵਿੱਚ ਇਸਨੂੰ ਕੋਮਾਗਾਟਾ ਮਾਰੂ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।

ਜਥੇਦਾਰ ਗਰਗੱਜ ਨੇ ਕਿਹਾ ਕਿ ਕਨੇਡਾ ਦੇ ਸ਼ਹਿਰ ਸਰੀ (Surrey) ਅਤੇ ਵੈਂਕੂਵਰ (Vancouver) ਵੱਲੋਂ 23 ਜੁਲਾਈ ਨੂੰ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਵਸ ਵਜੋਂ ਮੰਨਤਾ ਦਿੱਤੀ ਜਾਣਾ, ਸਿੱਖ ਕੌਮ ਲਈ ਮਾਣਯੋਗ ਗੱਲ ਹੈ।

ਉਨ੍ਹਾਂ ਦੱਸਿਆ ਕਿ ਇਹ ਯਾਤਰਾ ਸਿਰਫ ਰਾਜਨੀਤਿਕ ਨਹੀਂ ਸੀ, ਸਗੋਂ ਧਾਰਮਿਕ ਅਹਿਸਾਸ ਅਤੇ ਆਤਮਕਤਾ ਨਾਲ ਭਰਪੂਰ ਸੀ। ਜਹਾਜ਼ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ, ਅਖੰਡ ਪਾਠ ਸਾਹਿਬ, ਅਤੇ ਨਿਸ਼ਾਨ ਸਾਹਿਬ ਦੀ ਹਾਜ਼ਰੀ ਸੀ, ਜੋ ਸਾਫ਼ ਦੱਸਦਾ ਹੈ ਕਿ ਇਹ ਸਫ਼ਰ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਸਮਰਪਿਤ ਸੀ।

ਜਥੇਦਾਰ ਨੇ ਇਹ ਵੀ ਕਿਹਾ ਕਿ ਬਾਬਾ ਗੁਰਦਿੱਤ ਸਿੰਘ ਦੀ ਆਪਬੀਤੀ "ਗੁਰੂ ਨਾਨਕ ਜਹਾਜ਼" ਵਿੱਚ ਇਸ ਗੱਲ ਦੀ ਪੁਸ਼ਟੀ ਮਿਲਦੀ ਹੈ ਕਿ ਜਹਾਜ਼ ਦਾ ਅਸਲ ਨਾਮ 'ਗੁਰੂ ਨਾਨਕ ਜਹਾਜ਼' ਸੀ, ਨਾ ਕਿ 'ਕੋਮਾਗਾਟਾ ਮਾਰੂ'।

ਉਨ੍ਹਾਂ ਭਾਰਤ ਦੀਆਂ ਯੂਨੀਵਰਸਿਟੀਆਂ, ਵਿਦਿਅਕ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਇਸ ਇਤਿਹਾਸਕ ਅਸਲੀਅਤ ਨੂੰ ਸਵੀਕਾਰ ਕਰਦੇ ਹੋਏ ਪਾਠਕ੍ਰਮ ਵਿੱਚ 'ਗੁਰੂ ਨਾਨਕ ਜਹਾਜ਼' ਨਾਮ ਵਰਤਿਆ ਜਾਵੇ। ਇਹ ਨਾ ਸਿਰਫ਼ ਇਤਿਹਾਸਕ ਤੌਰ 'ਤੇ ਸਹੀ ਹੋਵੇਗਾ, ਸਗੋਂ ਨੌਜਵਾਨ ਪੀੜ੍ਹੀ ਲਈ ਆਤਮਕ ਪ੍ਰੇਰਨਾ ਦਾ ਸਰੋਤ ਵੀ ਬਣੇਗਾ।

ਜਥੇਦਾਰ ਗਰਗੱਜ ਨੇ ਅੰਤ ਵਿੱਚ ਭਾਰਤ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 23 ਜੁਲਾਈ ਨੂੰ ਸਰਕਾਰੀ ਤੌਰ 'ਤੇ 'ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਵਸ' ਵਜੋਂ ਮਨਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਘਟਨਾ ਭਾਰਤ ਦੇ ਆਜ਼ਾਦੀ ਸੰਘਰਸ਼ ਦੀ ਅਹੰ ਕਾਰਕ ਬਣੀ ਅਤੇ ਬਾਬਾ ਗੁਰਦਿੱਤ ਸਿੰਘ ਨੂੰ ਆਜ਼ਾਦੀ ਦੇ ਮਹਾਨ ਨਾਇਕਾਂ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।

ਉਨ੍ਹਾਂ ਸਰੀ ਅਤੇ ਵੈਂਕੂਵਰ ਦੀਆਂ ਸਿਟੀ ਕੌਂਸਲਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਸਭ ਸੰਸਥਾਵਾਂ ਦਾ ਵੀ ਜਿਨ੍ਹਾਂ ਨੇ ਸੱਚੇ ਇਤਿਹਾਸ ਨੂੰ ਲਿਖਣ ਅਤੇ ਸਾਂਭਣ ਲਈ ਯਤਨ ਕੀਤੇ।