ਜੇ ਸਿੱਖਾਂ ਨੇ ਰਾਜ-ਭਾਗ ਨਾ ਲਿਆ ਤਾਂ...

ਜੇ ਸਿੱਖਾਂ ਨੇ ਰਾਜ-ਭਾਗ ਨਾ ਲਿਆ ਤਾਂ...

ਕਹਾਵਤ ਹੈ ਕਿ ਇੱਕ ਗ਼ੁਲਾਮ ਵਿਅਕਤੀ ਬੜੀ ਡੂੰਘੀ ਨੀਂਦ ਸੁੱਤਾ ਪਿਆ ਸੀ। ਜਦ ਨੇੜਿਓਂ ਇੱਕ ਮਹਾਤਮਾ ਲੰਘੇ ਤਾਂ ਉਹਨਾਂ ਦੇ ਚੇਲੇ ਉਸ ਗ਼ੁਲਾਮ ਨੂੰ ਉਠਾਉਣ ਲੱਗੇ ਤਾਂ ਮਹਾਤਮਾ ਨੇ ਕਿਹਾ “ਇਸ ਨੂੰ ਸੁੱਤਾ ਰਹਿਣ ਦਿਓ, ਇਹ ਅਜ਼ਾਦੀ ਦੇ ਸੁਪਨੇ ਵੇਖ ਰਿਹਾ ਹੈ।” ਕੁਝ ਸਮੇਂ ਬਾਅਦ ਇੱਕ ਸੰਘਰਸ਼ੀ ਵਿਅਕਤੀ ਓਥੋਂ ਲੰਘਿਆ, ਉਸ ਨੇ ਗ਼ੁਲਾਮ ਨੂੰ ਉਠਾਇਆ ਤੇ ਕਿਹਾ ਕਿ “ਅਜ਼ਾਦੀ ’ਕੱਲੀ ਸੁਪਨੇ ਵੇਖਣ ਨਾਲ਼ ਨਹੀਂ ਆਉਂਦੀ, ਅਜ਼ਾਦੀ ਹਾਸਲ ਕਰਨ ਲਈ ਜਾਗਣਾ ਅਤੇ ਜੂਝਣਾ ਪੈਂਦਾ ਹੈ।” ਇਸੇ ਤਰ੍ਹਾਂ ਸਾਡੀ ਕੌਮ ਨੂੰ ਵੀ ਅੱਜ ਹਰ ਪਲ਼ ਜਾਗਦੇ ਰਹਿਣ ਦੀ ਲੋੜ ਹੈ। ਗੂੜ੍ਹੀ ਨੀਂਦ ’ਚ ਸੁੱਤੀ ਸਿੱਖ ਕੌਮ ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਸੰਘਰਸ਼ ਦਾ ਬਿਗਲ ਵਜਾ ਕੇ ਜਗਾਇਆ ਅਤੇ ਆਪਣੇ ਧਰਮ ਤੇ ਵਿਰਸੇ ਨਾਲ਼ ਜੋੜਿਆ। ਜਿਸ ਬਾਰੇ ਸਰਦਾਰ ਗਜਿੰਦਰ ਸਿੰਘ ਜੀ ਲਿਖਦੇ ਹਨ:- “ਫਿਰ ਉੱਠਿਆ ਇੱਕ ਸੂਰਮਾ, ਜਰਨੈਲਾਂ ਦਾ ਜਰਨੈਲ। ਉਹਦੇ ਸਿੱਧਰੇ ਪੱਧਰੇ ਬੋਲਾਂ ਨੇ, ਲਾਹ ਸੁੱਟੀ ਚਿਰਾਂ ਦੀ ਮੈਲ਼। ਮੈਲ਼ ਜਿਸ ਮੈਲ਼ਾ ਕੀਤਾ ਸੀ, ਸਿੱਖ ਸੰਘਰਸ਼ ਦਾ ਰਾਹ। ਯੋਧਿਆਂ ਦੀ ਇਸ ਕੌਮ ਨੂੰ, ਦਿੱਤਾ ਸੀ ਕੁਰਾਹੇ ਪਾ। ਰਣ-ਤੱਤੇ ਦੇ ਸੂਰਮੇ, ਦਿੱਤੇ ਗਾਂਧੀ ਦੇ ਪੁੱਤ ਬਣਾ। ਇਸ ਅਣਖ਼ੀ ਜਰਨੈਲ ਨੇ, ਲਿਆ ਕੁਰਾਹਿਓਂ ਮੌੜ। ਵਿਰਸੇ ਨਾਲ਼ੋਂ ਟੁੱਟਿਆਂ ਨੂੰ, ਦਿੱਤਾ ਮੁੜ ਵਿਰਸੇ ਨਾਲ਼ ਜੋੜ।” ਸੰਤ ਜਰਨੈਲ ਸਿੰਘ ਜੀ ਕਿਹਾ ਕਰਦੇ ਸਨ ਕਿ “ਜਦੋਂ ਤਕ ਹਰ ਸਿੱਖ ਦੇ ਪੁੱਤਰ ਦੇ ਹਿਰਦੇ ਵਿੱਚ, ਬਜ਼ੁਰਗ ਦੇ, ਮਾਤਾ ਦੇ, ਬੀਬੀਆਂ ਦੇ, ਇਹ ਗੱਲ ਘਰ ਨ੍ਹੀਂ ਕਰ ਜਾਂਦੀ ਕਿ ‘ਅਸੀਂ ਗੁਲਾਮ ਹਾਂ’, ਓਦੋਂ ਤਕ ਜਿੰਨੀਆਂ ਮਰਜ਼ੀ ਟਾਹਰਾਂ ਮਾਰ ਲਈਏ, ਜਿੰਨੀਆਂ ਮਰਜ਼ੀ ਗੱਲਾਂ ਕਰ ਲਈਏ, ਨਈਂ ਰਾਜ ਮਿਲ਼ਣਾ ਤੇ ਨਾ ਗ਼ੁਲਾਮੀ ਗਲ਼ੋਂ ਲਹਿਣੀ ਆਂ। ਗ਼ੁਲਾਮੀ ਹਮੇਸ਼ਾਂ ਓਦੋਂ ਗਲ਼ੋਂ ਲਹਿੰਦੀ ਆ, ਜਦੋਂ ਮਨੁੱਖ ਇਹ ਮਹਿਸੂਸ ਕਰ ਲਵੇ, ਅਹਿਸਾਸ ਕਰ ਲਵੇ ਕਿ ਮੈਂ ਗ਼ੁਲਾਮੀ ਦੀ ਜ਼ਿੰਦਗੀ ਨਾਲ਼ੋਂ ਮੌਤ ਨੂੰ ਪਸੰਦ ਕਰਦਾਂ। ਮੈਂ ਇਹ ਜ਼ਿੰਦਗੀ ਰੱਖਣੀ ਚੰਗੀ ਨ੍ਹੀਂ ਸਮਝਦਾ, ਓਦੋਂ ਗ਼ੁਲਾਮੀ ਗਲ਼ੋਂ ਲਹਿੰਦੀ ਆ, ਨਈਂ ਤਾਂ ਨਈਂ ਲਹਿੰਦੀ।” ਸਿਰਦਾਰ ਕਪੂਰ ਸਿੰਘ ਦੀ ਕਹੀ ਇਹ ਗੱਲ ਹਰੇਕ ਸਿੱਖ ਨੂੰ ਚੇਤੇ ਹੋਣੀ ਚਾਹੀਦੀ ਹੈ ਕਿ “ਜੇ ਸਿੱਖਾਂ ਨੇ ਰਾਜ-ਭਾਗ ਨਾ ਲਿਆ ਤਾਂ ਉਹਨਾਂ ਦੇ ਬੱਚੇ ਤੇ ਅੱਗੋਂ ਉਹਨਾਂ ਦੇ ਬੱਚਿਆਂ ਦੇ ਬੱਚੇ, ਅਗਲੀਆਂ ਪੁਸ਼ਤਾਂ, ਹਿੰਦੂਆਂ ਦੀਆਂ ਵਿਦੇਸ਼ੀ ਕਾਰਾਂ ਦੇ ਡਰਾਈਵਰ ਹੋਣਗੇ, ਹਿੰਦੂਆਂ ਦੇ ਘਰਾਂ, ਕਾਰਖਾਨਿਆਂ ਮੂਹਰੇ ਚੌਂਕੀਦਾਰ ਹੋਣਗੇ, ਹਿੰਦੂਆਂ ਦੇ ਦਫ਼ਤਰਾਂ ਵਿੱਚ ਚਪੜਾਸੀ ਹੋਣਗੇ, ਹਿੰਦੂਆਂ ਦੇ ਹੋਟਲਾਂ ਅੱਗੇ ਦਰਬਾਨ ਹੋਣਗੇ ਜਾਂ ਲੁਟੇਰੇ ਹੋਣਗੇ, ਇਸ ਤੋਂ ਵੱਧ ਕੁਝ ਨਹੀਂ ਹੋਣਗੇ।” ਸਰਦਾਰ ਅਜਮੇਰ ਸਿੰਘ ਲਿਖਦੇ ਹਨ ਕਿ “1849 ’ਚ ਅਜ਼ਾਦ ਸਿੱਖ ਰਾਜ ਦੇ ਖੁੱਸ ਜਾਣ ਨਾਲ਼ ਅਜ਼ਾਦੀ ਦੀ ਇੱਛਾ ਖਤਮ ਨਹੀਂ ਸੀ ਹੋ ਗਈ, ਇਹ ਤੜਪ ਬਣ ਕੇ ਸਿੱਖ ਕੌਮ ਦੀ ਅੰਤਰ-ਆਤਮਾ ਦੇ ਅੰਦਰ ਪ੍ਰਵੇਸ਼ ਕਰ ਗਈ ਸੀ। ਇਹੀ ਤੜਪ ਸੀ ਜੋ ਸਿੱਖ ਕੌਮ ਨੂੰ ਬਰਤਾਨਵੀ ਹਾਕਮਾਂ ਵਿਰੁੱਧ ਵਾਰ-ਵਾਰ ਸੰਘਰਸ਼ ਲਈ ਪ੍ਰੇਰਦੀ ਸੀ। ਜੇਕਰ ਭਾਰਤ ਦੀ ਅਜ਼ਾਦੀ ਦੀ ਲੜਾਈ ਅੰਦਰ ਕੁਰਬਾਨੀਆਂ ਦੇ ਲਿਹਾਜ਼ ਨਾਲ਼ ਭਾਰਤ ਦੇ ਬਾਕੀ ਲੋਕਾਂ ਦੀ ਤੁਲਨਾ ਵਿੱਚ ਸਿੱਖ ਕੌਮ ਦੀ ਦੇਣ ਕਿਤੇ ਵਾਧੂ ਹੈ ਤਾਂ ਇਸ ਦੀ ਬੁਨਿਆਦੀ ਵਜ੍ਹਾ ਸਿੱਖ ਪੰਥ ਅੰਦਰ ਜਾਗੀ ਕੌਮੀ ਚੇਤਨਾ ਹੈ। ਜਿਸ ਕੌਮ ਅੰਦਰ ਅਜਿਹੇ ਗੁਣ ’ਤੇ ਲੱਛਣ ਪੈਦਾ ਹੋ ਚੁੱਕੇ ਹੋਣ, ਉਹ ਕੌਮੀ ਅਜ਼ਾਦੀ ਦੀ ਸੁਭਾਵਿਕ ਦਾਅਵੇਦਾਰ ਹੋ ਨਿਬੜਦੀ ਹੈ। ਕੌਮੀ ਅਜ਼ਾਦੀ ਤੋਂ ਬਿਨਾਂ ਉਸ ਦੀ ਰੂਹ ਨੂੰ ਰੱਜ ਨਹੀਂ ਮਿਲ਼ਦਾ।” ਲੋਕਾਈ ਦੀ ਭਲਾਈ ਲਈ ਸਿੱਖਾਂ ਦਾ ਕੌਮੀ ਨਿਸ਼ਾਨਾ ਤਾਂ ਸਾਡੇ ਗੁਰੂ ਸਾਹਿਬਾਨਾਂ ਨੇ ਹੀ ਮਿੱਥ ਦਿੱਤਾ ਸੀ ਤਾਂ ਹੀ ਤਾਂ ‘ਰਾਜ ਕਰੇਗਾ ਖ਼ਾਲਸਾ’ ਦਾ ਦੋਹਰਾ ਸਾਡੀ ਅਰਦਾਸ ਦਾ ਹਿੱਸਾ ਹੈ। ਅਜ਼ਾਦੀ ਸਿੱਖਾਂ ਦਾ ਜਨਮ ਸਿੱਧ ਅਧਿਕਾਰ ਹੈ। ਸਿੱਖਾਂ ਦੀ ਅਜ਼ਾਦੀ ਦੀ ਰੀਝ ਨੂੰ ਕੋਈ ਨਹੀਂ ਮਾਰ ਸਕਦਾ। ਹੱਕ, ਸੱਚ, ਇਨਸਾਫ਼, ਅਜ਼ਾਦੀ, ਮਜ਼ਲੂਮਾਂ ਤੇ ਧਰਮ ਦੀ ਰਾਖੀ ਅਤੇ ਜ਼ਾਲਮ ਸਰਕਾਰਾਂ ਵਿਰੁੱਧ ਜੂਝਣਾ ਹੀ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਹੈ। ਸੰਨ 1849 ’ਚ ਜਦੋਂ ਦਾ ਸਿੱਖ ਰਾਜ ਦਾ ਸੂਰਜ ਡੁੱਬਿਆ, ਓਦੋਂ ਤੋਂ ਹੀ ਸਿੱਖ ਗ਼ੁਲਾਮੀ ਭੋਗ ਰਹੇ ਨੇ। ਅੰਗਰੇਜ਼ਾਂ ਵਿਰੁੱਧ ਸਿੱਖਾਂ ਨੇ ਤਕੜਾ ਸੰਘਰਸ਼ ਲੜਿਆ ਪਰ 1947 'ਚ ਫਿਰ ਦੂਜੀ ਗ਼ੁਲਾਮੀ 'ਚ ਫਸ ਗਏ। ਜਿਸ ਭਾਰਤ ਨੂੰ ਅਜ਼ਾਦ ਕਰਾਇਆ, ਓਸੇ ਨੇ ਹੀ 1984 'ਚ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ। ਹਾਲਾਂਕਿ ਸਿੱਖਾਂ ਨਾਲ਼ 1947 ਤੋਂ ਹੀ ਧੱਕੇ-ਵਿਤਕਰੇ ਤੇ ਜ਼ੁਲਮ ਹੋ ਰਹੇ ਸਨ, ਪਰ ਜੂਨ 1984 ਦਾ ਘੱਲੂਘਾਰਾ ਤੇ ਨਵੰਬਰ 1984 ਦੀ ਨਸਲਕੁਸ਼ੀ ਸਿਖ਼ਰ ਹੋ ਨਿਬੜੀ। ਫਿਰ ਸਿੱਖਾਂ ਨੇ ਫ਼ੈਸਲਾ ਲੈ ਲਿਆ ਕਿ ਹੁਣ ਹੋਰ ਗ਼ੁਲਾਮੀ ਨਹੀਂ ਸਹਿਣੀ ਤੇ ਆਪਣਾ ਮੁਲਕ ‘ਖ਼ਾਲਿਸਤਾਨ’ ਆਜ਼ਾਦ ਕਰਵਾਉਣਾ ਹੈ। ਵੀਹਵੀਂ ਸਦੀ ਦੇ ਮਹਾਨ ਸਿੱਖ, ਸੰਤ-ਸਿਪਾਹੀ, ਜਰਨੈਲਾਂ ਦੇ ਜਰਨੈਲ, ਮਰਦ-ਏ-ਮਜ਼ਾਹਿਦ, ਬਾਬਾ-ਏ-ਕੌਮ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਬੋਲ ਹਰੇਕ ਸਿੱਖ ਨੇ ਪੱਲੇ ਬੰਨ੍ਹ ਲਏ ਕਿ ‘ਜੇ ਦਰਬਾਰ ਸਾਹਿਬ ’ਤੇ ਹਮਲਾ ਹੋਇਆ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਏਗੀ।’ ਸੰਤ ਜੀ ਇੱਕ ਲਾਈਨ ਵਿੱਚ ਹੀ ਸਿੱਖਾਂ ਨੂੰ ਅਗਲਾ ਨਿਸ਼ਾਨਾ ਦੱਸ ਗਏ ਸਨ। ਫਿਰ ਸਿੱਖਾਂ ਨੇ ਭਾਰਤੀ ਜਬਰ-ਜ਼ੁਲਮ ਖ਼ਿਲਾਫ਼ ਅਤੇ ਪ੍ਰਭੂਸੱਤਾ ਸੰਪੰਨ ਅਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੀ ਸਿਰਜਣਾ ਲਈ ਹਥਿਆਰਬੰਦ ਹੋ ਕੇ ਲੰਮੀ ਲੜਾਈ ਲੜੀ, ਤੇ ਇਹ ਸੰਘਰਸ਼ ਰਾਜਨੀਤਕ, ਜ਼ਮਹੂਰੀਅਤ ਅਤੇ ਸ਼ਾਂਤਮਈ ਢੰਗ ਨਾਲ਼ ਅੱਜ ਵੀ ਜਾਰੀ ਹੈ।

ਰਣਜੀਤ ਸਿੰਘ ਦਮਦਮੀ ਟਕਸਾਲ 
 (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
 ਮੋ : 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.