ਲਾਪਤਾ 328 ਸਰੂਪਾਂ ਦੇ ਦੋਸ਼ੀ ਸਤਿੰਦਰ ਕੋਹਲੀ ਦੀ ਗ੍ਰਿਫ਼ਤਾਰੀ ਨਾਲ ਇਨਸਾਫ਼ ਦੀ ਆਸ ਬੱਝੀ : ਭਾਈ ਵਡਾਲਾ/ਰਣਜੀਤ ਸਿੰਘ
- ਧਾਰਮਿਕ/ਰਾਜਨੀਤੀ
- 01 Jan, 2026 03:52 PM (Asia/Kolkata)
ਅੰਮ੍ਰਿਤਸਰ, 1 ਜਨਵਰੀ ( ਕੰਵਰਪ੍ਤਾਪ ਸਿੰਘ)
ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਦੋਸ਼ੀ ਸਤਿੰਦਰ ਸਿੰਘ ਕੋਹਲੀ ਦੀ ਹੋਈ ਗ੍ਰਿਫ਼ਤਾਰੀ ਦਾ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਅਤੇ ਸਿੱਖ ਸਦਭਾਵਨਾ ਦਲ ਦੇ ਆਗੂ ਭਾਈ ਬਲਦੇਵ ਸਿੰਘ ਵਡਾਲਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਸੁਖਜੀਤ ਸਿੰਘ ਖੋਸੇ ਅਤੇ ਕਿਸਾਨ ਆਗੂ ਭਾਈ ਬਲਦੇਵ ਸਿੰਘ ਸਿਰਸਾ ਨੇ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਸਮੁੱਚੀ ਸਿੱਖ ਕੌਮ ਨੂੰ ਇਨਸਾਫ਼ ਦੀ ਆਸ ਬੱਝੀ ਹੈ। ਇਹ ਨਰੈਣੂ ਮਹੰਤ ਦੇ ਵਾਰਸ ਸ਼੍ਰੋਮਣੀ ਕਮੇਟੀ ਬਾਦਲਕਿਆਂ ਦੀ ਕਰਾਰੀ ਹਾਰ ਅਤੇ ਸਮੁੱਚੇ ਖ਼ਾਲਸਾ ਪੰਥ ਤੇ ਪਿਛਲੇ ਸਾਢੇ ਪੰਜ ਸਾਲਾਂ ਤੋਂ ਕੀਤੇ ਜਾ ਰਹੇ ਸੰਘਰਸ਼ ਦੀ ਸ਼ਾਨਦਾਰ ਜਿੱਤ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਹਿੱਤ ਭਗਵੰਤ ਮਾਨ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਕੋਹਲੀ ਕੋਲ਼ੋਂ ਸਖਤੀ ਨਾਲ ਪੁੱਛਗਿਛ ਕਰਕੇ ਸਾਰਾ ਸੱਚ ਸਾਹਮਣੇ ਲਿਆਵੇ ਤੇ ਸਿੱਖ ਸੰਗਤਾਂ ਨੂੰ ਇਨਸਾਫ਼ ਦਿਵਾਵੇ ਤੇ ਇਸ ਮਾਮਲੇ ਨੂੰ ਸਮਾਂਬੱਧ ਕਰਕੇ ਛੇਤੀ ਨਿਪਟਾਵੇ। ਉਹਨਾਂ ਇਹ ਕਿਹਾ ਕਿ ਬਾਕੀ ਦੋਸ਼ੀਆਂ ਨੂੰ ਵੀ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਇਸ ਮਾਮਲੇ 'ਤੇ ਰੱਤਾ ਵੀ ਢਿੱਲ ਨਾ ਵਰਤੀ ਜਾਏ। ਜ਼ਿਕਰਯੋਗ ਹੈ ਕਿ ਸਤਿੰਦਰ ਸਿੰਘ ਕੋਹਲੀ ਜੋ ਸੁਖਬੀਰ ਸਿੰਘ ਬਾਦਲ ਦਾ ਬੇਹੱਦ ਕਰੀਬੀ ਅਤੇ ਸ਼੍ਰੋਮਣੀ ਕਮੇਟੀ ਦਾ ਸਾਬਕਾ ਚਾਰਟਰ ਅਕਾਊਂਟੈਂਟ ਸੀ ਤੇ ਆਡਿਟ ਦਾ ਕੰਮ ਵੀ ਵੇਖਦਾ ਰਿਹਾ ਹੈ। ਭਾਈ ਬਲਦੇਵ ਸਿੰਘ ਵਡਾਲਾ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ ਨੂੰ ਸੱਟ ਮਾਰਦਿਆਂ ਦੋਸ਼ੀਆਂ ਨੂੰ ਬਚਾਇਆ, ਜਥੇਦਾਰਾਂ ਨੂੰ ਵੀ ਵਰਤਣਾ ਚਾਹਿਆ ਅਤੇ 16 ਦੋਸ਼ੀਆਂ ਉੱਤੇ ਕਾਨੂੰਨੀ ਕਾਰਵਾਈ ਨਾ ਕਰਵਾਈ। ਜਿਸ ਦੇ ਰੋਹ ਅਤੇ ਰੋਸ ਕਾਰਨ ਪੰਥਕ ਜਥੇਬੰਦੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਅੱਗੇ 40 ਦਿਨ ਮੋਰਚਾ ਲਾਉਣ ਪਿਆ ਪਰ ਕਮੇਟੀ ਨੇ ਉਨ੍ਹਾਂ ਗੁਰਸਿੱਖਾਂ ਉੱਤੇ ਜ਼ੁਲਮ ਕੀਤਾ ਤੇ ਕੇਸਾਂ, ਕਕਾਰਾਂ ਅਤੇ ਦਸਤਾਰਾਂ ਦੀ ਬੇਅਦਬੀ ਕੀਤੀ। ਭਾਈ ਵਡਾਲਾ ਨੇ ਕਿਹਾ ਕਿ ਫਿਰ 4 ਨਵੰਬਰ 2020 ਤੋਂ ਦਾਸ ਨੂੰ ਪੱਕਾ ਮੋਰਚਾ ਲਗਾ ਕੇ ਸਾਢੇ ਪੰਜ ਸਾਲ ਸੜਕਾਂ ਉੱਤੇ ਬੈਠਣਾ ਪਿਆ ਤੇ ਹੁਣ ਪਰਚੇ ਤੋਂ ਬਾਅਦ ਦੋਸ਼ੀਆਂ ਦੀ ਹੋਈ ਗ੍ਰਿਫ਼ਤਾਰੀ ਨਾਲ ਉਹਨਾਂ ਸਿੰਘਾਂਸਿੰਘਣੀਆਂ ਦੇ ਜਖਮਾਂ 'ਤੇ ਮਲਮ ਪੱਟੀ ਲੱਗੀ ਹੈ ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਕੁੱਟਿਆ ਸੀ। ਉਹਨਾਂ ਇਹ ਵੀ ਮੰਗ ਕੀਤੀ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੇ ਸਜ਼ਾਵਾਂ ਦੇ ਨਾਲ-ਨਾਲ ਲਾਪਤਾ 328 ਪਾਵਨ ਸਰੂਪਾਂ ਦਾ ਵੀ ਪਤਾ ਲਗਾਇਆ ਜਾਵੇ ਕਿ ਉਹ ਕਿੱਥੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਬਾਦਲਕਿਆਂ ਅਤੇ ਜਥੇਦਾਰ ਗੜਗੱਜ ਨੇ ਦੋਸ਼ੀਆਂ ਨੂੰ ਬਚਾਉਣ ਲਈ ਪੂਰੀ ਵਾਹ ਲਾਈ ਹੋਈ ਸੀ, ਪਰ ਅੱਜ ਉਹਨਾਂ ਦੇ ਮਨਸੂਬੇ ਫੇਲ੍ਹ ਹੋ ਗਏ ਹਨ। ਸਮੁੱਚੀਆਂ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਲੰਬੀ ਲੜਾਈ ਲੜਨ ਵਾਲੇ ਭਾਈ ਬਲਦੇਵ ਸਿੰਘ ਵਡਾਲਾ ਦਾ ਸਨਮਾਨ ਵੀ ਕੀਤਾ।
Leave a Reply