ਜਥੇਦਾਰ ਰਘਬੀਰ ਸਿੰਘ ਦੀਆਂ ਹੈਂਡ ਗ੍ਰੰਥੀ ਸੇਵਾਵਾਂ ਖ਼ਤਮ ਕਰਨੀਆਂ 2 ਦਸੰਬਰ ਦੇ ਹੁਕਮਨਾਮੇ ਦੀ ਸਜ਼ਾ!!!- ਜੰਮੂ, ਬਠਿੰਡਾ

ਜਥੇਦਾਰ ਰਘਬੀਰ ਸਿੰਘ ਦੀਆਂ ਹੈਂਡ ਗ੍ਰੰਥੀ ਸੇਵਾਵਾਂ ਖ਼ਤਮ ਕਰਨੀਆਂ 2 ਦਸੰਬਰ ਦੇ ਹੁਕਮਨਾਮੇ ਦੀ ਸਜ਼ਾ!!!- ਜੰਮੂ, ਬਠਿੰਡਾ

ਜਥੇਦਾਰ ਅਕਾਲ ਤਖਤ ਦਿੱਲੀ ਕਮੇਟੀ ਨੂੰ ਵਾਰ ਵਾਰ ਤਲਬ ਕਰ ਰਹੇ ਹਨ ਤੇ ਸ਼੍ਰੋਮਣੀ ਕਮੇਟੀ ਦੇ ਵੱਡੇ ਵੱਡੇ ਘੁਟਾਲਿਆਂ ਤੇ ਖਾਮੋਸ਼ੀ ਧਾਰਨ ਕਰੀ ਬੈਠੇ ਹਨ 
ਅੰਮ੍ਰਿਤਸਰ, ਨਜ਼ਰਾਨਾ ਟਾਈਮਜ ਬਿਊਰੋ
 

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਆਗੂਆਂ ਭਾਈ ਸਰਬਜੀਤ ਸਿੰਘ ਜੰਮੂ ਅਤੇ ਭਾਈ ਗੁਰਇਕਬਾਲ ਸਿੰਘ ਬਠਿੰਡਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਵਾਰ ਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਉਹਨਾਂ ਦੇ ਰੋਜ਼ ਮਰਾ ਪ੍ਰਬੰਧਕੀ ਢਾਂਚੇ ਵਿੱਚ ਦਖਲ ਦੇ ਰਹੇ ਹਨ ਜਦ ਕਿ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨਿਤ ਨਵੇਂ ਦਿਨ ਵੱਡੇ ਤੋਂ ਵੱਡੇ ਘੁਟਾਲੇ ਸਾਹਮਣੇ ਆ ਰਹੇ ਹਨ ਉਥੇ ਜਥੇਦਾਰ ਅਕਾਲ ਤਖਤ ਸਾਹਿਬ ਬਿਲਕੁਲ ਚੁੱਪ ਤੇ ਖਮੋਸ਼ ਬੈਠੇ ਹਨ ਉਹਨਾਂ ਵਿਰੁੱਧ ਕੋਈ ਵੀ ਸਖ਼ਤ ਐਕਸ਼ਨ ਨਹੀਂ ਲੈ ਰਹੇ ਸਗੋਂ 328 ਸਰੂਪਾਂ ਦੇ ਮਸਲੇ ਵਿੱਚ ਪੰਥਕ ਲੀਡਰਾਂ ਦੀ ਤੇ ਮੀਡੀਆ ਵਾਸਤੇ ਵਾਰ ਵਾਰ ਆਦੇਸ਼ ਜਾਰੀ ਕਰਕੇ ਉਨ੍ਹਾਂ ਦੀ ਜੁਬਾਨਬੰਦੀ ਕੀਤੀ ਜਾ ਰਹੀ ਹੈ ਜਿਵੇਂ 19 75 ਵਿੱਚ ਇੰਦਰਾ ਗਾਂਧੀ ਨੇ ਐਮਰਜੰਸੀ ਵਿੱਚ ਅਪੋਜ਼ੀਸ਼ਨ ਤੇ ਮੀਡੀਆ ਤੇ ਪਾਬੰਦੀ ਲਗਾ ਦਿੱਤੀ ਸੀ । ਉਸੇ ਤਰ੍ਹਾਂ ਦਾ ਮੁੜ ਇਤਿਹਾਸ ਜਥੇਦਾਰ ਗੜਗੱਜ ਦੁਹਰਾ ਰਹੇ ਹਨ ।ਉਹਨਾਂ ਕਿਹਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੀਆਂ ਹੈਂਡ ਗ੍ਰੰਥੀ ਸੇਵਾਵਾਂ ਖ਼ਤਮ ਕਰਨੀਆ ਉਹਨਾਂ ਨੂੰ 2 ਦਸੰਬਰ ਵਾਲੇ ਹੁਕਮਨਾਮੇ ਦੀ ਸਜ਼ਾ ਸੁਣਾਈ ਗਈ ਹੈ। ਇਹ ਸਾਰਾ ਕੁਝ ਉਹ ਬਾਦਲਾਂ ਅਤੇ ਸਰਨਿਆਂ ਦੀ ਸਹਿ ਤੇ ਉਨ੍ਹਾਂ ਦੇ ਵਿਰੋਧੀਆਂ ਨੂੰ ਦਬਾਉਣ ਲਈ ਕਰ ਰਹੇ ਹਨ ਜੋ ਕਿ ਬਹੁਤ ਮੰਦਭਾਗਾ ਹੈ ਤੇ ਜਥੇਦਾਰ ਨੂੰ ਇੱਕ ਧਿਰ ਬਣਨਾ ਸ਼ੋਭਾ ਨਹੀਂ ਦਿੰਦਾ। ਉਹਨਾਂ ਕਿਹਾ ਜਥੇਦਾਰ ਗੜਗੱਜ ਰਾਤ ਦੇ ਹਨੇਰੇ ਵਿੱਚ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਬਣੇ ਹਨ ।ਉਹਨਾਂ ਨੂੰ ਚਾਹੀਦਾ ਸੀ ਕਿ ਸਮੁੱਚੇ ਪੰਥ ਦਾ ਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਦਾ ਭਰੋਸਾ ਜਿੱਤਦੇ ਪਰ ਉਹ ਆਪਣੇ ਐਕਸ਼ਨਾ ਰਾਹੀਂ ਬਾਦਲਾਂ ਤੇ ਸਰਨਿਆਂ ਦਾ ਬੁਲਾਰਾ ਬਣ ਕੇ ਰਹਿ ਗਏ ਹਨ ਤੇ ਉਹ ਏਡੇ ਵੱਡੇ ਉੱਚ ਅਹੁਦੇ ਨੂੰ ਬਹੁਤ ਵੱਡਾ ਨਿਰਾਦਰ ਕਰ ਰਹੇ ਹਨ । ਉਹਨਾਂ ਕਿਹਾ ਪੰਥਕ ਸਿਆਸੀ ਲੀਡਰਾਂ ਦੀਆਂ ਤੇ ਪੰਥਕ ਨੇਤਾਵਾਂ ਦੇ ਆਪਸੀ ਮਤਭੇਦ ਹੋ ਸਕਦੇ ਹਨ ਪਰ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਹਨਾਂ ਸਾਰਿਆਂ ਤੋਂ ਉੱਪਰ ਉੱਠ ਕੇ ਸਾਰਿਆਂ ਦਾ ਸਰਬ ਸਾਂਝਾ ਜਥੇਦਾਰ ਬਣਨਾ ਚਾਹੀਦਾ ਹੈ ਤਾਂ ਹੀ ਉਹਨਾਂ ਨੂੰ ਸਮੁੱਚੇ ਪੰਥ ਦੀ ਹਮਾਇਤ ਮਿਲ ਸਕਦੀ ਹੈ ਨਹੀਂ ਤਾਂ ਉਹ ਬਾਦਲ ਅਕਾਲੀ ਦਲ ਦੇ ਇੱਕ ਬੁਲਾਰੇ ਬਣ ਕੇ ਜਿਵੇਂ ਵਿਚਰ ਰਹੇ ਹਨ ਇਸ ਨੂੰ ਪੰਥ ਕਦੇ ਵੀ ਪ੍ਰਵਾਨ ਨਹੀਂ ਕਰੇਗਾ । ਬਾਦਲਾਂ ਦੇ ਹਮਾਇਤੀਆਂ ਦੇ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ , ਹੁਕਮਨਾਮੇ ਉਹ ਵਾਪਸ ਲੈ ਰਹੇ ਹਨ ਤੇ ਜਿਹੜੇ ਬਾਦਲਾਂ ਤੇ ਸਰਨਿਆਂ ਦੇ ਵਿਰੋਧੀ ਹਨ ਉਹਨਾਂ ਵਿਰੁੱਧ ਉਹ ਨਿਤ ਦਿਹਾੜੇ ਕੋਈ ਨਵਾਂ ਦੋਸ਼ ਲਾ ਕੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰ ਰਹੇ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ।