ਓਦੋਂ ਜੰਗ ਜਾਣ ਵਾਲ਼ੇ ਬੰਦੇ ਆਮ ਨਹੀਓਂ ਹੁੰਦੇ...

ਓਦੋਂ ਜੰਗ ਜਾਣ ਵਾਲ਼ੇ ਬੰਦੇ ਆਮ ਨਹੀਓਂ ਹੁੰਦੇ...

"ਜਦੋਂ ਪਤਾ ਹੋਵੇ, ਸੀਨਿਆਂ 'ਚ ਛੇਕ ਹੋਣਗੇ ਜੀ, ਓਦੋਂ ਜੰਗ ਜਾਣ ਵਾਲ਼ੇ ਬੰਦੇ ਆਮ ਨਹੀਓ ਹੁੰਦੇ।” ਸਤਿੰਦਰ ਸਰਤਾਜ ਦਾ ਗਾਣਾ 'ਦੀਪ ਸਿੱਧੂ' ਨੇ ਅਰਥ ਭਰਪੂਰ ਕਰ ਦਿੱਤਾ। ਹੁਣ ਜਦ ਵੀ ਕਿਸੇ ਦੇ ਕੰਨਾਂ ਵਿੱਚ ਇਸ ਗਾਣੇ ਦੇ ਬੋਲ ਪੈਣਗੇ, ਉਸ ਨੂੰ ਦੀਪ ਸਿੱਧੂ ਚੇਤੇ ਆਵੇਗਾ।
'ਦੀਪ ਸਿੱਧੂ' ਨੇ ਭਾਰਤੀ ਹਕੂਮਤ ਵੱਲੋਂ ਪੰਥ ਤੇ ਪੰਜਾਬ ਨੂੰ ਬਰਬਾਦ ਕਰਨ ਬਾਰੇ ਅਜੋਕੀ ਸਿੱਖ ਜਵਾਨੀ ਨੂੰ ਜਗਾਇਆ। ਕੋਰੋਨਾ ਦੌਰਾਨ ਉਸ ਨੇ ਆਪਣਾ ਕੌਮੀ ਸਫ਼ਰ ਸ਼ੁਰੂ ਕੀਤਾ। ਕਿਸਾਨ ਸੰਘਰਸ਼ ਦੌਰਾਨ ਇਹ ਸਫ਼ਰ ਹੋਰ ਤਿੱਖਾ ਹੋਇਆ। ਲਾਲ ਕਿਲ੍ਹਾ ਕਾਂਡ ਮਗਰੋਂ ਜੇਲ੍ਹ ਯਾਤਰਾ ਨੇ ਉਸ ਦੇ ਅੰਦਰਲੀ ਅੱਗ ਨੂੰ ਹੋਰ ਭਖਾਇਆ।
ਕਹਿੰਦੇ ਨੇ ਕਿ 'ਜੇਲ੍ਹਾਂ' ਬਾਗ਼ੀਆਂ ਲਈ 'ਯੂਨੀਵਰਸਿਟੀਆਂ' ਨੇ ਜਿੱਥੇ ਸਾਰੀ ਦੁਨੀਆਂ ਤੋਂ ਵੱਖ ਹੋ ਕੇ ਬਾਗ਼ੀ ਸੂਰਮੇ ਦੇ ਅੰਦਰ ਓਸ ਅਕਾਲ ਪੁਰਖ ਨਾਲ਼ ਗੱਲਬਾਤ ਹੁੰਦੀ ਹੈ ਜੋ ਨਿਰਭਉ-ਨਿਰਵੈਰ ਹੈ। ਕਿਸਾਨ ਸੰਘਰਸ਼ ਫ਼ਤਹਿ ਹੋਣ ਮਗਰੋਂ 'ਦੀਪ ਸਿੱਧੂ' ਦਾ ਪੰਥਕ ਪਿੜ ਵਿੱਚ ਖ਼ਾਲਿਸਤਾਨੀ ਸੰਘਰਸ਼ ਦਾ ਝੰਡਾ ਚੁੱਕਣ ਦਾ ਪੈਂਤੜਾ ਬੜਾ ਦਿਲਚਸਪ ਰਿਹਾ। ਵੋਟਾਂ ਮੌਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸਟੇਜ 'ਤੇ ਝਾੜੂ ਦਾ ਪੱਖ ਦੱਸਣ ਮੌਕੇ ਦਸਮੇਸ਼ ਪਿਤਾ ਦੀ ਬਖ਼ਸ਼ਿਸ਼ ਸ੍ਰੀ ਸਾਹਿਬ ਹੱਥ ਵਿੱਚ ਲੈ ਕੇ ਜੋ ਬਿਰਤਾਂਤ ਸਿਰਜਿਆਂ, ਉਸ ਨੇ ਇਕਦਮ ਉਸ ਦੇ ਸਮਰਥਕਾਂ ਤੋਂ ਵਿਰੋਧੀਆਂ ਨੂੰ ਇੱਕੋ ਵੇਲੇ ਖਿੱਚ ਲਿਆ। ਲਾਜ਼ਮੀ ਓਹ ਕੌਮੀ ਸੰਘਰਸ਼ ਵਿੱਚ ਹੋਰ ਮੱਲਾਂ ਮਾਰਦਾ ਪਰ ਇਸ ਤੋਂ ਪਹਿਲਾਂ ਹੀ ਉਸ ਨੂੰ ਧੁਰੋਂ ਬੁਲਾਵਾ ਆ ਗਿਆ।
ਸਿੱਖ ਜਵਾਨੀ ਨੂੰ ਨਸ਼ੇੜੀ, ਅੱਯਾਸ਼, ਬਦਮਾਸ਼, ਲੱਚਰ ਤੇ ਭੈੜੇ ਬਣਾਉਣ ਲਈ ਜਿਸ ਭਾਰਤੀ ਹਕੂਮਤ ਨੇ ਕਰੋੜਾਂ ਰੁਪਏ ਖ਼ਰਚੇ ਨੇ, ਉਹਨੂੰ ਦੀਪ ਸਿੱਧੂ` ਦਾ ਉਭਾਰ ਇੱਕ ਵੱਡਾ ਖ਼ਤਰਾ ਜਾਪਣ ਲੱਗ ਪਿਆ ਸੀ। ਖਾੜਕੂਵਾਦ ਮਗਰੋਂ ਜਿੱਥੇ ਕਾਮਰੇਡਾਂ, ਡੇਰੇਦਾਰ ਸਾਧਾਂ, ਦੇਹਧਾਰੀ ਗੁਰੂਡੰਮ੍ਹ, ਹਰਨੇਕ ਨੇਕੀ, ਢੱਡਰੀਆਂ ਵਾਲ਼ਾ, ਤਰਕਸ਼ੀਲਾਂ, ਨਾਸਤਿਕਾਂ, ਅਸੱਭਿਅਕ ਗਾਇਕਾਂ ਨੂੰ ਪੰਜਾਬ ਦਾ ਅਸਲ ਰੂਪ-ਸਰੂਪ ਦਰਸਾਉਣ ਦੀ ਜਿੱਦ ਫੜੀ ਗਈ, ਤੇ ਇਹਨਾਂ ਪੰਥ-ਦੋਖੀ ਵਰਤਾਰਿਆਂ ਰਾਹੀਂ ਕਾਬੂ ਕੀਤੀ ਸਿੱਖ ਜਵਾਨੀ ਨੂੰ ਦਿੱਲੀ ਦਰਬਾਰ ਦੇ ਜੀ-ਹਜੂਰ ਬਣਾ ਕੇ ਪੰਜਾਬ ਨੂੰ 'ਗ਼ਲਾਮੀ ਮੰਨ ਚੁੱਕਾ' ਸਮਝਿਆ ਗਿਆ ਓਥੇ ਨਸ਼ੇ ਤੇ ਪਤਿਤਪਣੇ ਤੋਂ ਬਚੇ ਲੋਕਾਂ ਨੂੰ ਇਹ ਲੱਗਣ ਲਾ ਦਿੱਤਾ ਗਿਆ ਕਿ ਪੰਜਾਬ ਤੋਂ ਕਿਤੇ ਹੋਰ ਜਾਣ ਵਿੱਚ ਹੀ ਭਲਾਈ ਹੈ। ਪੰਜਾਬ ਦੇ ਧਾਰਮਿਕ ਤੇ ਸਿਆਸੀ ਖੇਤਰ ਵਿੱਚ ਓਹ ਲੋਕ ਚੌਧਰੀ ਬਣ ਬੈਠੇ ਜੋ ਜਾਂ ਆਰ.ਐੱਸ.ਐੱਸ. ਨਾਲ਼ ਜਾਂ ਭਾਰਤੀ ਖੁਫ਼ੀਆ ਏਜੰਸੀਆਂ ਨਾਲ਼ ਮਿਲ਼ ਕੇ ਚੱਲਣ। ਦਿੱਲੀ/ਨਾਗਪੁਰ ਦੇ ਏਜੰਡੇ ਤਹਿਤ ਕੁਹਾੜੇ ਦਾ ਦਸਤਾ ਬਣੇ ਚੌਧਰੀ ਪੰਜਾਬ ਦੀ ਜਵਾਨੀ ਬਾਰੇ ਸੋਚਦੇ ਨੇ ਕਿ, "ਇੱਥੋਂ ਦੀ ਜਵਾਨੀ ਵਿਚਲੀ 'ਕਰੀਮ' ਬਾਹਰ ਭਜਾ ਦਿਓ 'ਸਕਰੈਪ' ਨੂੰ ਕੁਰਾਹੇ ਪਾ ਦਿਓ।”
ਹਕੀਕਤ ਇਹ ਹੈ ਕਿ ਦਿੱਲੀ/ਨਾਗਪੁਰ ਨੂੰ ਆਪਣੇ ਏਜੰਟਾਂ ਦੀ ਕਾਰਗੁਜ਼ਾਰੀ ਉੱਤੇ ਫ਼ਖਰ ਸੀ। ਉਹਨਾਂ ਨੂੰ ਜਾਪਦਾ ਸੀ ਕਿ ਪੰਥ ਉੱਤੇ ਫ਼ਤਹਿ ਪਾ ਲਈ ਹੈ।
ਹਾਲ ਇਹ ਬਣ ਗਿਆ ਕਿ ਖਾੜਕੂ ਸੰਘਰਸ਼ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਸਮਾਗਮਾਂ ਮੌਕੇ ਜਿਹੜੇ ਪਿੰਡ ਦੇ ਸਿੱਖ ਨੌਜਵਾਨਾਂ ਨੇ ਮੂਹਰੇ ਹੋ ਕੇ ਫਰਜ਼ ਨਿਭਾਉਣੇ ਹੁੰਦੇ ਸੀ, ਉਹ ਸਮਾਗਮ ਵਾਲੇ ਦਿਨ ਨਸ਼ੇ ਦੀ ਤਲਬ ਵਿੱਚ ਦੂਜੇ ਪਿੰਡ ਗਏ ਹੁੰਦੇ। ਕੌਮ ਲਈ ਜਾਨਾਂ ਵਾਰਨ ਵਾਲ਼ਿਆਂ ਦੇ ਸਮਾਗਮਾਂ ਦੀ ਬਜਾਇ ਗਾਉਣ ਵਾਲ਼ਿਆਂ ਦੇ ਮੇਲਿਆਂ ਵਿੱਚ ਜਾਣਾ ਬਹੁਤਾ ਜ਼ਰੂਰੀ ਲੱਗਦਾ। ਸਿੱਖ ਜਵਾਨੀ ਦਾ ਸੁਪਨਾ ਗੈਂਗਸਟਰ ਬਣਨਾ ਬਣਾ ਧਰਿਆ। ਨਿਘਾਰ ਵਧਦਾ ਹੀ ਜਾ ਰਿਹਾ ਸੀ। ਇਸ ਸਭ ਕੁਝ ਤੋਂ ਪੰਥ ਤੇ ਪੰਜਾਬ ਦੇ ਵੈਰੀ ਖੁਸ਼ ਹੋਣੇ ਹੀ ਸਨ।
ਇਸ ਮਹੌਲ ਵਿੱਚ ਢੱਡਰੀਆਂ ਵਾਲ਼ੇ ਨੇ ਸਿੱਖਾਂ ਨੂੰ ਆਪਣੇ ਮੂਲ਼ ਨਾਲ਼ੋਂ ਤੋੜਨ ਦਾ ਏਜੰਡਾ ਲੈ ਆਂਦਾ ਕਿ 'ਵਿਚਾਰਾਂ ਦੀ ਗੱਲ ਕਰੋ'। ਪੰਥ ਲਈ ਲੜ-ਮਰਨ ਵਾਲ਼ਿਆਂ, ਕੁਰਬਾਨੀਆਂ ਕਰਨ ਵਾਲ਼ਿਆਂ ਨੂੰ ਗਰਮ ਖਿਆਲੀ, ਭੜਕਾਉਣ ਵਾਲ਼ੇ ਤੇ ਹੋਰ ਕਈ ਕੁਝ ਦੱਸਣ ਵਾਲ਼ੇ ਵਰਤਾਰੇ ਨੂੰ ਉਤਸ਼ਾਹਿਤ ਕਰਦਿਆਂ ਸਿੱਖੀ ਦੇ ਕੋਮਲ ਤੇ ਮਸੂਮ ਹਿੱਸਿਆਂ ਉੱਤੇ ਕਾਲ਼ੇ ਅਫ਼ਗਾਨੇ ਵਾਂਗ ਹੀ ਵਾਰ ਕਰਨ ਮੌਕੇ ਢੱਡਰੀਆਂ ਵਾਲ਼ੇ ਨੇ ਸਿੱਖਾਂ ਨੂੰ ਕਾਮਰੇਡ ਬਣਾਉਣਾ ਸ਼ੁਰੂ ਕਰ ਦਿੱਤਾ। ਰਹਿੰਦੀ ਕਸਰ ਹਰਨੇਕ ਨੇਕੀ ਕਰਦਾ ਰਿਹਾ। ਸਿੱਖ ਜਵਾਨੀ ਨੂੰ ਕੁਰਾਹੇ ਪਾਉਣ ਵਿੱਚ ਕਾਮਰੇਡਾਂ ਵਾਂਗ ਇਹਨਾਂ ਨੇ ਵੀ ਪੂਰਾ ਯੋਗਦਾਨ ਪਾਇਆ।
ਜਦ ਪੰਥ ਦਰਦੀਆਂ ਨੇ ਇਸ ਮਹੌਲ ਵਿੱਚ ਚਰਚਾ ਕਰਨੀ ਕਿ ਸਾਡਾ ਕੀ ਬਣੂੰ ? ਕੀ ਸਿੱਖੀ ਬਚੇਗੀ ? ਤਾਂ ਨਿਰਾਸ਼ਾ ਤੇ ਮਾਯੂਸੀ ਵਿੱਚੋਂ ਕੱਢਣ ਲਈ ਕਿਸੇ ਨੇ ਕਹਿ ਦੇਣਾ ਕਿ ਕੋਈ ਨਾ ਦੁਸ਼ਮਣ ਹਰ ਵੇਰ ਇੰਞ ਹੀ ਕਰਦਾ ਹੈ, ਦੁਸ਼ਮਣ ਬੜਾ ਕੁਝ ਕਰਦਾ ਹੁੰਦਾ ਹੈ, ਪਰ ਓਸ ਦਾਤੇ ਨੇ ਪਤਾ ਨਹੀਂ ਕੀਹਨੂੰ ਭੇਜ ਦੇਣਾ, ਪਹਿਲਾਂ ਵੀ ਸੱਠ-ਸੱਤਰ ਸਾਲ ਲਾ ਕੇ ਦੁਸ਼ਮਣ ਨੇ ਮਹੌਲ ਬਣਾਇਆ ਪਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਆਉਣ ਨਾਲ ਦੁਸ਼ਮਣ ਦਾ ਬਣਾਇਆ ਸਾਰਾ ਮਹੌਲ ਖਤਮ ਹੋ ਗਿਆ ਤੇ ਸਿੱਖ ਕੌਮ ਪੰਥਕ ਰੰਗ ਵਿੱਚ ਰੰਗੀ ਗਈ, ਫੇਰ ਤੀਹ-ਚਾਲੀ ਸਾਲ ਸੰਤ ਭਿੰਡਰਾਂਵਾਲਿਆਂ ਦੇ ਵਰਤਾਰੇ ਨਾਲ਼ ਨਿਕਲ਼ ਗਏ, ਹੁਣ ਪਤਾ ਨਹੀਂ ਕਦ ਸਤਿਗੁਰਾਂ ਨੇ ਕੋਈ ਹੋਰ ਰੱਜੀ ਹੋਈ ਰੂਹ ਭੇਜ ਦੇਣੀ ਹੈ ਜੀਹਨੇ ਦੁਸ਼ਮਣ ਦੇ ਸਿਰਜੇ ਤਿਲਸਿਮ ਨੂੰ ਮਲੀਆਮੇਟ ਕਰ ਦੇਣਾ ਹੈ। ਫੇਰ ਸਾਡੇ ਅਗਲੇ ਤੀਹ-ਚਾਲ਼ੀ ਸਾਲ ਉਹਨੇ ਕਢਵਾ ਦੇਣੇ ਨੇ। ਜਦ ਨੂੰ ਰੱਬ ਨੇ ਕੋਈ ਹੋਰ ਭੇਜ ਦੇਣਾ। ਓਦੋਂ ਨਹੀਂ ਸੀ ਪਤਾ ਕਿ 'ਦੀਪ ਸਿੱਧੂ' ਦੀ ਗੱਲ ਹੋ ਰਹੀ ਹੈ।
ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੇ ਲੀਹੋਂ ਲੱਥ ਚੁੱਕੀ ਸਿੱਖ ਜਵਾਨੀ ਨੂੰ ਝੰਜੋੜਿਆ ਤੇ ਸਹੀ ਰਾਹ 'ਤੇ ਤੋਰ ਦਿੱਤਾ। ਜਿਹੜੀ ਸਿੱਖ ਜਵਾਨੀ ਨੂੰ ਗਈ ਗੁਜ਼ਰੀ ਸਮਝਿਆ ਜਾ ਰਿਹਾ ਸੀ, ਓਹ ਆਪਣੇ ਫ਼ਰਜ਼ਾਂ ਲਈ ਲੜਨ-ਮਰਨ ਲਈ ਤਿਆਰ ਹੁੰਦੀ ਦੇਖ ਕੇ ਸਿੱਖੀ ਤੇ ਸਿੱਖਾਂ ਦਾ ਦੁਸ਼ਮਣਾਂ ਨੂੰ 'ਦੀਪ ਸਿੱਧੂ' ਉਹਨਾਂ ਦੀ ਹੁਣ ਤਕ ਦੀ ਸਾਰੀ ਮਿਹਨਤ ਖਰਾਬ ਕਰਨ ਵਾਲਾ ਬੰਦਾ ਮਹਿਸੂਸ ਹੋਇਆ। ਇਸ ਮਗਰੋਂ ਓਹਦੇ ਅੰਤਿਮ ਸਾਹ ਤਕ ਉਸ ਨੂੰ ਖਲਨਾਇਕ ਗਰਦਾਨਣ ਲਈ ਹਮਲਾ ਜਾਰੀ ਰਿਹਾ।

      ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
        ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.