ਵੋਟ ਦੀ ਤਾਕਤ ਨਾਲ ਇਮਾਨਦਾਰ ਪ੍ਰਬੰਧਕ ਪੈਦਾ ਕਰਨ ਦੀ ਅਪੀਲ
- ਰਾਜਨੀਤੀ
- 04 Jan, 2026 06:31 AM (Asia/Kolkata)
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਅਧਿਕਾਰ ਸੰਘਰਸ਼ ਪਾਰਟੀ ਦੇ ਸੁਪਰੀਮੋ ਗੁਰਬਖ਼ਸ਼ ਸਿੰਘ ਸ਼ੇਰਗਿਲ ਨੇ ਕਿਹਾ ਹੈ ਕਿ ਮਾੜੇ ਅਤੇ ਬੇਇਮਾਨ ਰਾਜ ਪ੍ਰਬੰਧਕਾਂ ਨੇ ਪੰਜਾਬ ਅਤੇ ਦੇਸ਼ ਨੂੰ ਹਰ ਪੱਖੋਂ ਕੰਗਾਲ ਕਰ ਦਿੱਤਾ ਹੈ। ਪ੍ਰੈਸ ਨੋਟ ਰਾਹੀਂ ਆਪਣੇ ਵਿਚਾਰ ਰੱਖਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦੇਸ਼ ਨੂੰ ਮੁੜ ਖੁਸ਼ਹਾਲੀ ਅਤੇ ਤਰੱਕੀ ਦੇ ਰਾਹ ’ਤੇ ਲਿਆਉਣ ਲਈ ਲੋਟੂ ਜੁੰਡਲੀ ਤੋਂ ਖਹਿੜਾ ਛੁਡਾਉਣਾ ਬਹੁਤ ਜ਼ਰੂਰੀ ਹੈ, ਜੋ ਸਿਰਫ਼ ਵੋਟ ਦੀ ਤਾਕਤ ਨਾਲ ਹੀ ਸੰਭਵ ਹੈ।
ਉਨ੍ਹਾਂ ਦੱਸਿਆ ਕਿ ਸੰਨ 1982 ਤੱਕ ਪੰਜਾਬ ਸਰਕਾਰ ਦਾ ਬਜਟ ਮੁਨਾਫ਼ੇ ਵਿੱਚ ਹੁੰਦਾ ਸੀ। ਸਿੱਖਿਆ, ਪੁਲਿਸ, ਬਿਜਲੀ ਬੋਰਡ ਸਮੇਤ ਹਰੇਕ ਮਹਿਕਮੇ ਵਿੱਚ ਸਵਾ ਲੱਖ ਤੋਂ ਵੱਧ ਮੁਲਾਜ਼ਮ ਸਨ, ਜਿਨ੍ਹਾਂ ਨੂੰ ਤਨਖ਼ਾਹਾਂ, ਪੈਨਸ਼ਨਾਂ ਅਤੇ ਡੀਏ ਸਮੇਂ ਸਿਰ ਮਿਲਦੇ ਸਨ। ਦਿਵਾਲੀ ਮੌਕੇ ਸਵਾ ਮਹੀਨੇ ਦੀ ਤਨਖ਼ਾਹ ਦੇ ਬਰਾਬਰ ਬੋਨਸ ਵੀ ਦਿੱਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਰਾਜ ਦੀ ਆਮਦਨ ਦੇ ਵਸੀਲੇ ਅੱਜ ਵਰਗੇ ਨਹੀਂ ਸਨ, ਫਿਰ ਵੀ ਪ੍ਰਬੰਧ ਸਹੀ ਚੱਲਦਾ ਸੀ ਕਿਉਂਕਿ ਉਸ ਦੌਰ ਦੇ ਪ੍ਰਬੰਧਕ ਅਤੇ ਰਾਜਨੀਤਕ ਆਗੂ ਇਮਾਨਦਾਰ ਸਨ।
ਗੁਰਬਖ਼ਸ਼ ਸਿੰਘ ਸ਼ੇਰਗਿਲ ਨੇ ਦੋਸ਼ ਲਗਾਇਆ ਕਿ 1982 ਤੋਂ ਬਾਅਦ ਬੇਈਮਾਨ ਅਤੇ ਕੁਨਬਾ-ਪਰਵਰ ਲੋਕਾਂ ਨੇ ਰਾਜਨੀਤਕ ਤਾਕਤ ਹਥਿਆ ਲਈ। ਉਨ੍ਹਾਂ ਦੇਸ਼ ਦੇ ਹਿੱਤ ਦੀ ਥਾਂ ਨਿੱਜੀ ਲਾਭ ਨੂੰ ਤਰਜੀਹ ਦਿੱਤੀ, ਸਰਕਾਰੀ ਟਰਾਂਸਪੋਰਟ, ਸਕੂਲਾਂ ਅਤੇ ਹਸਪਤਾਲਾਂ ਨੂੰ ਕਮਜ਼ੋਰ ਕਰਕੇ ਆਪਣੇ ਨਿੱਜੀ ਸੰਸਥਾਨ ਖੜੇ ਕਰ ਲਏ। ਇਸ ਕਾਰਨ ਮੁਨਾਫ਼ੇ ਵਾਲਾ ਪੰਜਾਬ ਅੱਜ ਕਰਜ਼ਾਈ ਬਣ ਗਿਆ ਹੈ ਅਤੇ ਸੂਬੇ ’ਤੇ ਸਵਾ ਚਾਰ ਲੱਖ ਕਰੋੜ ਰੁਪਏ ਤੋਂ ਵੱਧ ਕਰਜ਼ਾ ਚੜ੍ਹ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਲੁੱਟ-ਖਸੁੱਟ ਰੋਕਣ ਦੀ ਥਾਂ ਸਰਕਾਰੀ ਜ਼ਮੀਨਾਂ ਵੇਚ ਕੇ ਅਤੇ ਮੁਲਾਜ਼ਮਾਂ ਦੇ ਹੱਕ ਮਾਰ ਕੇ ਰਾਜ ਚਲਾਇਆ ਜਾ ਰਿਹਾ ਹੈ। ਮਾਲੀਆ ਇਕੱਠਾ ਕਰਨ ਵਾਲੇ ਮਹਿਕਮਿਆਂ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ ਅਤੇ ਰੈਗੂਲਰ ਭਰਤੀ ਦੀ ਥਾਂ ਠੇਕੇ ਅਤੇ ਆਊਟਸੋਰਸਿੰਗ ਰਾਹੀਂ ਡੰਗ ਟਪਾਇਆ ਜਾ ਰਿਹਾ ਹੈ।
ਅੰਤ ਵਿੱਚ ਗੁਰਬਖ਼ਸ਼ ਸਿੰਘ ਸ਼ੇਰਗਿਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਦੇਸ਼ ਦੇ ਅਸਲ ਵਾਰਸ ਆਮ ਲੋਕ ਹਨ। ਪੰਜਾਬ ਅਤੇ ਦੇਸ਼ ਨੂੰ ਪੈਰਾਂ ’ਤੇ ਖੜ੍ਹਾ ਕਰਨ ਲਈ ਲੋਟੂ ਜੁੰਡਲੀ ਤੋਂ ਖਹਿੜਾ ਛੁਡਾ ਕੇ ਵੋਟ ਦੀ ਤਾਕਤ ਨਾਲ ਆਪਣੇ ਵਿਚੋਂ ਸਾਫ਼-ਸੁਥਰੇ ਅਕਸ ਵਾਲੇ ਇਮਾਨਦਾਰ ਰਾਜ ਨੇਤਾ ਅਤੇ ਪ੍ਰਬੰਧਕ ਪੈਦਾ ਕਰਨੇ ਚਾਹੀਦੇ ਹਨ।
Leave a Reply