ਸ਼੍ਰੋਮਣੀ ਕਮੇਟੀ ਵੱਲੋਂ 225 ਪਾਵਨ ਸਰੂਪਾਂ ਦੀ ਘੋਰ ਬੇਅਦਬੀ
- ਗੁਰਬਾਣੀ-ਇਤਿਹਾਸ
- 26 Jul, 2026 04:50 PM (Asia/Kolkata)
ਸ਼੍ਰੋਮਣੀ ਕਮੇਟੀ ਵੱਲੋਂ 225 ਪਾਵਨ ਸਰੂਪਾਂ ਦੀ ਘੋਰ ਬੇਅਦਬੀ
ਕਹਿਣ ਨੂੰ ਤਾਂ ਭਾਵੇਂ ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ ਮਹਾਨ ਅਤੇ ਸਿਰਮੌਰ ਸੰਸਥਾ ਹੈ, ਪਰ ਜੇ ਸ਼੍ਰੋਮਣੀ ਕਮੇਟੀ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਤਿਕਾਰ ਦੀ ਹੀ ਕੋਈ ਪ੍ਰਵਾਹ ਨਹੀਂ ਹੈ ਤਾਂ ਫਿਰ ਇਹ ਮਹਾਨ ਅਤੇ ਸਿਰਮੌਰ ਕਿਵੇਂ ਹੋਈ ? ਪਿਛਲੇ ਕੁਝ ਦਿਨਾਂ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਸਮੁੰਦਰੀ ਕੰਟੇਨਰਾਂ ਰਾਹੀਂ 225 ਪਾਵਨ ਸਰੂਪ ਕੈਨੇਡਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਸਰੀ) ਵਿਖੇ ਭੇਜਣ ਦਾ ਮਾਮਲਾ ਭਖਿਆ ਹੋਇਆ ਹੈ, ਜਿਸ ਬਾਰੇ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਸੰਗਤਾਂ ਨੂੰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਪਾ ਰਹੇ ਹਨ ਜਿਸ ਕਰਕੇ ਕੈਨੇਡਾ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਸੰਗਤਾਂ ਵਿੱਚ ਭਾਰੀ ਰੋਹ ਤੇ ਰੋਸ ਵੇਖਣ ਨੂੰ ਮਿਲ ਰਿਹਾ ਹੈ। ਜਥੇਦਾਰ ਸਾਹਿਬ ਕਿਸੇ ਮਜਬੂਰੀ ਵੱਸ ਜਾਂ ਉਹਨਾਂ ਦੇ ਢਾਂਚੇ ਵਿੱਚੋਂ ਹੋਣ ਕਰਕੇ ਸ਼੍ਰੋਮਣੀ ਕਮੇਟੀ ਦੀ ਜਵਾਬਦੇਹੀ ਕਰਨ ਦੀ ਬਜਾਏ ਉਹਨਾਂ ਦੇ ਹੱਕ ਵਿੱਚ ਸਿੱਧੇ ਜਾਂ ਅਸਿੱਧੇ ਢੰਗ ਨਾਲ ਭੁਗਤ ਜਾਂਦੇ ਹਨ ਜਿਸ ਕਰਕੇ ਸੰਗਤਾਂ ਦੀਆਂ ਨਜ਼ਰਾਂ ਵਿੱਚ ਜਥੇਦਾਰ ਸਾਹਿਬ ਵੀ ਨਿਸ਼ਾਨੇ ਉੱਤੇ ਆ ਜਾਂਦੇ ਹਨ। ਜੇਕਰ ਜਥੇਦਾਰ ਨੇ ਹੀ ਪਾਵਨ ਸਰੂਪਾਂ ਦੀ ਬੇਅਦਬੀ ਨੂੰ ਨਹੀਂ ਰੋਕਣਾ ਤਾਂ ਫਿਰ ਸੰਗਤਾਂ ਕਿੱਥੇ ਜਾਣ ? ਜੇਕਰ ਸ਼੍ਰੋਮਣੀ ਕਮੇਟੀ ਨੇ ਹੀ ਖ਼ੁਦ ਪਾਵਨ ਸਰੂਪਾਂ ਦੀ ਨਿਰਾਦਰੀ ਕਰਨੀ ਹੈ ਤਾਂ ਇਹਨਾਂ ਵਿੱਚ ਤੇ ਨਰੈਣੂ ਮਹੰਤ ਅਤੇ ਦੁਸ਼ਟ ਮਸੰਦਾਂ ਵਿੱਚ ਕੀ ਫ਼ਰਕ ਰਹਿ ਗਿਆ ਹੈ ? ਕੈਨੇਡਾ ਦੇ ਕਈ ਗੁਰਦੁਆਰਿਆਂ ਵਿੱਚ ਤਾਂ ਪਹਿਲਾਂ ਹੀ ਗੁਰੂ ਸਾਹਿਬ ਜੀ ਦੇ ਅਨੇਕਾਂ ਪਾਵਨ ਸਰੂਪ ਮੌਜੂਦ ਹਨ ਤੇ ਸੰਨ 2021 ਵਿੱਚ ਭਾਈ ਹਰਦੀਪ ਸਿੰਘ ਨਿੱਝਰ ਵੱਲੋਂ ਸਮੂਹ ਗੁਰਦੁਆਰਾ ਕਮੇਟੀਆਂ ਅਤੇ ਪੰਥਕ ਸ਼ਖਸੀਅਤਾਂ ਵੱਲੋਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਚਿੱਠੀ ਭੇਜੀ ਸੀ ਕਿ ਪਾਵਨ ਸਰੂਪ ਕੈਨੇਡਾ ਵਿੱਚ ਹੋਰ ਨਾ ਭੇਜੇ ਜਾਣ। ਹੁਣ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਸਰੀ, ਕੈਨੇਡਾ) ਨੇ 225 ਪਾਵਨ ਸਰੂਪ ਕਿੱਥੇ ਸੁਭਾਇਮਾਨ ਕਰਨੇ ਹਨ ? ਐਨੇ ਸਰੂਪਾਂ ਦੀ ਲੋੜ ਕਿਉਂ ਪਈ ? ਅਹਿਮ ਗੱਲ ਇਹ ਵੀ ਹੈ ਕਿ ਜੋ ਸਮੁੰਦਰੀ ਕੰਟੇਨਰਾਂ ਰਾਹੀਂ ਗੁਰੂ ਸਾਹਿਬ ਦੇ ਪਾਵਨ ਸਰੂਪ ਨੂੜ ਕੇ ਭੇਜੇ ਗਏ ਹਨ, ਜੋ ਬੇਅਦਬੀ ਹੋਈ ਹੈ, ਪਾਵਨ ਸਰੂਪਾਂ ਦੀ ਇਸ ਹਾਲਤ ਲਈ ਕੌਣ ਜ਼ਿੰਮੇਵਾਰ ਹੈ ? ਸ਼੍ਰੋਮਣੀ ਕਮੇਟੀ ਨੇ ਪਾਵਨ ਸਰੂਪਾਂ ਦੀ ਸਾਂਭ-ਸੰਭਾਲ ਅਤੇ ਮਰਯਾਦਾ ਨੂੰ ਛਿੱਕੇ ਕਿਉਂ ਟੰਗਿਆ ਹੋਇਆ ਹੈ ? ਸ਼੍ਰੋਮਣੀ ਕਮੇਟੀ ਨੇ ਇਸ ਨੂੰ ਵਪਾਰ ਕਿਉਂ ਬਣਾਇਆ ਹੋਇਆ ਹੈ ? ਇਸ ਪਿੱਛੇ ਕਿਹੜੀਆਂ ਪੰਥ ਵਿਰੋਧੀ ਤਾਕਤਾਂ ਅਤੇ ਸਾਜ਼ਿਸ਼ਾਂ ਕੰਮ ਕਰ ਰਹੀਆਂ ਹਨ ? ਵਪਾਰਕ ਅਤੇ ਆਮ ਵਸਤੂਆਂ ਵਾਂਗ ਪਾਵਨ ਸਰੂਪ ਕਿਉਂ ਭੇਜੇ ਗਏ ? ਪਾਵਨ ਸਰੂਪਾਂ ਨੂੰ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਲਿਜਾਣ ਦੀ ਜੋ ਮਰਯਾਦਾ ਗੁਰੂ ਪੰਥ ਨੇ ਨਿਰਧਾਰਤ ਕੀਤੀ ਹੈ ਕੀ ਉਸ ਉੱਤੇ ਪਹਿਰਾ ਨਾ ਦੇਣ ਦੀ ਸ਼੍ਰੋਮਣੀ ਕਮੇਟੀ ਨੂੰ ਖੁੱਲ੍ਹ ਹੈ ? ਗੁਰੂ ਸਾਹਿਬ ਜੀ ਉੱਪਰ ਛਤਰ, ਚਵਰ, ਰੁਮਾਲੇ ਸਾਹਿਬ, ਹੇਠਾਂ ਪੀੜਾ ਅਤੇ ਸਿੰਘਾਂ ਦੀ ਹਾਜ਼ਰੀ, ਗਰਮੀ-ਨਮੀ-ਧੂੜ ਅਤੇ ਹੋਰ ਨੁਕਸਾਨ ਤੋਂ ਬਚਾਅ ਕੀ ਸ਼੍ਰੋਮਣੀ ਕਮੇਟੀ ਨੇ ਯਕੀਨੀ ਬਣਾਇਆ ਹੈ ? ਕੀ ਸਮੁੰਦਰੀ ਕੰਟੇਨਰਾਂ ਰਾਹੀਂ ਆਮ ਵਸਤੂਆਂ ਵਾਂਗ ਪਾਵਨ ਸਰੂਪ ਭੇਜ ਦੇਣੇ ਤੇ ਕੈਨੇਡਾ ਦੀਆਂ ਬਾਕੀ ਗੁਰਦੁਆਰਾ ਕਮੇਟੀਆਂ ਨੂੰ ਭਰੋਸੇ ਵਿੱਚ ਨਾ ਲੈਣਾ ਤੇ ਹੋਰ ਕੋਈ ਜਾਣਕਾਰੀ ਵੀ ਮੁਹੱਈਆ ਨਾ ਕਰਵਾਉਣੀ ਸ਼੍ਰੋਮਣੀ ਕਮੇਟੀ ਨੂੰ ਵੱਡੇ ਸਵਾਲਾਂ ਵਿੱਚ ਖੜ੍ਹੇ ਕਰਦਾ ਹੈ। ਸੰਨ 2014 ਵਿੱਚ ਵੀ ਗੁਰਦੁਆਰਾ ਬੰਗਲਾ ਸਾਹਿਬ (ਦਿੱਲੀ) ਵੱਲੋਂ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਤੇ ਸ਼੍ਰੋਮਣੀ ਕਮੇਟੀ ਨੇ ਹੁਣ ਮੁੜ ਭਾਰੀ ਗਲਤੀ ਕਰਕੇ ਗੁਰੂ ਸਾਹਿਬ ਦਾ ਘੋਰ ਅਪਮਾਨ ਅਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸ਼੍ਰੋਮਣੀ ਕਮੇਟੀ ਵਿੱਚ ਭ੍ਰਿਸ਼ਟਾਚਾਰ ਐਨਾ ਹਾਵੀ ਹੋ ਚੁੱਕਾ ਹੈ ਕਿ ਇਹਨਾਂ ਦੇ ਮਨਾਂ ਵਿੱਚ ਗੁਰੂ ਸਾਹਿਬ ਦਾ ਕੋਈ ਸਤਿਕਾਰ ਹੀ ਨਹੀਂ ਰਿਹਾ ਹੈ। ਇਸੇ ਸ਼੍ਰੋਮਣੀ ਕਮੇਟੀ ਨੇ 328 ਪਾਵਨ ਸਰੂਪ ਲਾਪਤਾ ਕੀਤੇ ਹੋਏ ਨੇ ਜਿਸ ਦੇ ਸੰਬੰਧ ਵਿੱਚ ਸ਼੍ਰੋਮਣੀ ਕਮੇਟੀ ਉੱਤੇ ਕੇਸ ਵੀ ਦਰਜ ਹੋਇਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਮੈਂਬਰ ਜੋ ਬਾਦਲਾਂ ਦੀ ਚਾਪਲੂਸੀ ਵਿੱਚ ਹੀ ਮਸਤ ਰਹਿੰਦੇ ਹਨ। ਹੁਣ ਸ਼੍ਰੋਮਣੀ ਕਮੇਟੀ ਇਸ ਮਾਮਲੇ ਨੂੰ ਦਬਾਉਣ ਲਈ ਪੂਰਾ ਜ਼ੋਰ ਲਾ ਰਹੀ ਹੈ, ਦੂਜੇ ਪਾਸੇ ਕੈਨੇਡਾ ਦੀਆਂ ਗੁਰਦੁਆਰਾ ਕਮੇਟੀਆਂ ਇਹਨਾਂ 225 ਪਾਵਨ ਸਰੂਪਾਂ ਦੀ ਸੰਭਾਲ ਅਤੇ ਸਤਿਕਾਰ ਵਾਸਤੇ ਯਤਨਸ਼ੀਲ ਹਨ ਤੇ ਦੋਸ਼ੀਆਂ ਉੱਤੇ ਪੰਥਕ ਪ੍ਰੰਪਰਾਵਾਂ ਅਨੁਸਾਰ ਕਾਰਵਾਈ ਦੀ ਮੰਗ ਕਰ ਰਹੀਆਂ ਹਨ ਜਿਸ ਬਾਰੇ ਆਵਾਜ਼-ਏ-ਕੌਮ ਜਥੇਬੰਦੀ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮੰਗ ਪੱਤਰ ਵੀ ਸੌਂਪਿਆ ਸੀ। ਹੁਣ ਜਥੇਦਾਰ ਸਾਹਿਬ ਦਾ ਫ਼ਰਜ਼ ਬਣਦਾ ਹੈ ਕਿ ਗੁਰੂ ਸਾਹਿਬ ਦੇ ਸਤਿਕਾਰ ਲਈ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ-ਪੜਤਾਲ ਕਰਨ, ਸੱਚ ਸਾਹਮਣੇ ਲਿਆਉਣ ਅਤੇ ਦੋਸ਼ੀਆਂ ਉੱਤੇ ਕਾਰਵਾਈ ਕਰਕੇ ਸਮੂਹ ਸਿੱਖ ਸੰਗਤਾਂ ਨੂੰ ਸੰਤੁਸ਼ਟ ਕਰਨ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਜਥੇਦਾਰ ਦੇ ਅਹੁਦੇ ਅਤੇ ਸ਼੍ਰੋਮਣੀ ਕਮੇਟੀ ਸੰਸਥਾ ਪ੍ਰਤੀ ਬੇਭਰੋਸਗੀ ਪੈਦਾ ਹੋਵੇਗੀ ਤੇ ਸੰਗਤਾਂ ਬਾਗ਼ੀ ਹੋ ਕੇ ਗੁਰੂ ਆਸ਼ੇ ਅਨੁਸਾਰ ਖ਼ੁਦ ਫ਼ੈਸਲਾ ਲੈਣ ਲਈ ਮਜਬੂਰ ਹੋਣਗੀਆਂ।
- ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.