ਭਾਈ ਪਰਵਿੰਦਰ ਸਿੰਘ ਝੋਟੇ ਦੇ ਕਤਲ ਵਿਰੁੱਧ ਪੰਜਾਬ ਬੰਦ ਰੱਖ ਕੇ ਲੋਕਾਂ ਨੇ ਸਰਕਾਰਾਂ ਨੂੰ ਦਿੱਤਾ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਦਾ ਸੁਨੇਹਾ : ਪੰਥਕ ਜਥੇਬੰਦੀਆਂ

ਭਾਈ ਪਰਵਿੰਦਰ ਸਿੰਘ ਝੋਟੇ ਦੇ ਕਤਲ ਵਿਰੁੱਧ ਪੰਜਾਬ ਬੰਦ ਰੱਖ ਕੇ ਲੋਕਾਂ ਨੇ ਸਰਕਾਰਾਂ ਨੂੰ ਦਿੱਤਾ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਦਾ ਸੁਨੇਹਾ : ਪੰਥਕ ਜਥੇਬੰਦੀਆਂ

ਅੰਮ੍ਰਿਤਸਰ, 15 ਅਕਤੂਬਰ (ਚਰਨਜੀਤ ਸਿੰਘ): ਭਾਈ ਪਰਵਿੰਦਰ ਸਿੰਘ ਝੋਟੇ ਦੇ ਮਾਨਸਾ ਵਿੱਚ ਹੋਏ ਕਤਲ ਦੇ ਵਿਰੋਧ ਵਿੱਚ ਪੰਜਾਬ ਬੰਦ ਦੌਰਾਨ ਅੱਜ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਭਾਈ ਹਰਮਨਦੀਪ ਸਿੰਘ, ਭਾਈ ਤਰਲੋਕ ਸਿੰਘ ਬਿੱਟਾ, ਭਾਈ ਰਵੀਸ਼ੇਰ ਸਿੰਘ ਅਤੇ ਸਾਂਝਾ ਐਕਸ਼ਨ ਫਰੰਟ ਪੰਜਾਬ ਦੇ ਜਥੇਦਾਰ ਭਾਈ ਜੋਗਾ ਸਿੰਘ ਵਡਾਲਾ, ਭਾਈ ਤੀਰਥ ਸਿੰਘ ਕੋਹਾਲੀ, ਭਾਈ ਬਲਵਿੰਦਰ ਸਿੰਘ ਮੂਧਲ, ਰਾਜਾ ਛੱਜਲਵੱਡੀ ਅਤੇ ਬਾਬਾ ਮਨਜੀਤ ਸਿੰਘ ਸੈਣੀ ਨੇ ਵੱਖ-ਵੱਖ ਧਰਨਿਆਂ ਵਿੱਚ ਹਾਜ਼ਰੀ ਲਵਾਉਂਦਿਆਂ ਕਿਹਾ ਕਿ ਪੰਜਾਬ ਵਾਸੀਆਂ ਨੇ ਮੁਕੰਮਲ ਤੌਰ ’ਤੇ ਪੰਜਾਬ ਬੰਦ ਰੱਖ ਕੇ ਸਰਕਾਰਾਂ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਉਹ ਨਸ਼ਿਆਂ ਦਾ ਪੂਰਨ ਖ਼ਾਤਮਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਂਦਿਆਂ ਆਪਾ ਵਾਰਨ ਵਾਲੇ ਭਾਈ ਪਰਵਿੰਦਰ ਸਿੰਘ ਝੋਟਾ ਪੰਥ ਅਤੇ ਪੰਜਾਬ ਦੇ ਮਹਾਨ ਸ਼ਹੀਦ ਹਨ, ਜਿਨ੍ਹਾਂ ਦੇ ਜੀਵਨ ਤੋਂ ਆਉਣ ਵਾਲੀਆਂ ਪੀੜ੍ਹੀਆਂ ਸੇਧ ਲੈਣਗੀਆਂ। ਉਨ੍ਹਾਂ ਕਿਹਾ ਕਿ ਇਕੱਲੇ ਮੁਲਜ਼ਮ ਅਸ਼ਵਨੀ ਕੁਮਾਰ ਦੀ ਗ੍ਰਿਫ਼ਤਾਰੀ ਨਾਲ ਭਾਈ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਨਹੀਂ ਮਿਲਣਾ। ਉਨ੍ਹਾਂ ਦੋਸ਼ ਲਾਇਆ ਕਿ ਇੱਥੇ ਅਸ਼ਵਨੀ ਵਰਗੇ ਪਤਾ ਨਹੀਂ ਕਿੰਨੇ ਨਸ਼ਿਆਂ ਦੇ ਸੌਦਾਗਰ ਤੁਰੇ ਫਿਰਦੇ ਹਨ, ਜਿਨ੍ਹਾਂ ਨੂੰ ਸਰਕਾਰਾਂ, ਮੰਤਰੀਆਂ ਅਤੇ ਪੁਲਿਸ ਦੀ ਸ਼ਹਿ ਹੈ।

ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਅਤੇ ਸੂਬਾ ਸਰਕਾਰ ਦਾ ਪੂਰਾ ਜ਼ੋਰ ਅਣਖੀਲੇ ਪੰਜਾਬ ਨੂੰ ਨਸ਼ਿਆਂ ਵਾਲਾ ਪੰਜਾਬ ਬਣਾਉਣ ’ਤੇ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਨੂੰ ਮਰਵਾ ਕੇ ਸਰਕਾਰ ਇਹ ਨਾ ਸਮਝ ਲਵੇ ਕਿ ਗੱਲ ਖ਼ਤਮ ਹੋ ਗਈ ਹੈ। ਗੁਰੂ ਦੇ ਸਿੰਘ ਫਿਰ ਉੱਠਣਗੇ ਅਤੇ ਕੋਈ ਨਾ ਕੋਈ ਯੋਧਾ ਆਪਣਾ ਫ਼ਰਜ਼ ਨਿਭਾਉਂਦਾ ਰਹੇਗਾ। ਸਰਕਾਰਾਂ ਦੀਆਂ ਪੰਜਾਬ ਵਿਰੋਧੀ ਨੀਤੀਆਂ ਖ਼ਿਲਾਫ਼ ਲੋਕ ਚੁੱਪ ਨਹੀਂ ਰਹਿਣਗੇ। ਪਰਵਿੰਦਰ ਸਿੰਘ ਦੀ ਮੌਤ ਇੱਕ ਕ੍ਰਾਂਤੀ ਲਿਆਏਗੀ। ਆਗੂਆਂ ਨੇ ਇਸ ਨੂੰ ਸਰਕਾਰੀ ਅਤੇ ਸਿਆਸੀ ਕਤਲ ਕਰਾਰ ਦਿੰਦਿਆਂ ਕਿਹਾ ਕਿ ਇਹ ਸਰਕਾਰ ਦੇ ਨਾਕਾਮ ਸਿਸਟਮ ਦੀ ਦੇਣ ਹੈ।

ਉਨ੍ਹਾਂ ਸਵਾਲ ਕੀਤਾ ਕਿ ਨਸ਼ਾ ਵੇਚਣ ਵਾਲੇ ਬੇਖ਼ੌਫ਼ ਫਿਰਨ ਅਤੇ ਨਸ਼ੇ ਰੋਕਣ ਵਾਲਿਆਂ ਦੇ ਸ਼ਰੇਆਮ ਕਤਲ ਹੋਣ—ਪੰਜਾਬ ਵਿੱਚ ਇਹ ਕਿਹੋ ਜਿਹਾ ਰਾਜ ਹੈ? ਸਰਕਾਰ ਆਪਣੀ ਮੁਹਿੰਮ ਨੂੰ ‘ਨਸ਼ਿਆਂ ਵਿਰੁੱਧ ਜੰਗ’ ਆਖਦੀ ਹੈ, ਪਰ ਹਾਲਾਤ ਵੇਖ ਕੇ ਲੱਗਦਾ ਹੈ ਕਿ ਜੰਗ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਖ਼ਿਲਾਫ਼ ਵਿੱਢੀ ਹੋਈ ਹੈ। ਪਿਛਲੀਆਂ ਕਈ ਸਰਕਾਰਾਂ ਨਸ਼ਾ ਮੁਕਾਉਣ ਦੇ ਵਾਅਦੇ ਕਰਕੇ ਸੱਤਾ ਵਿੱਚ ਆਈਆਂ, ਪਰ ਨਸ਼ੇ ਦਾ ਜਾਲ ਹੋਰ ਫੈਲਦਾ ਗਿਆ। ਕੁਰਸੀਆਂ ਬਦਲੀਆਂ, ਪਰ ਪੰਜਾਬ ਦੇ ਘਰਾਂ ਵਿੱਚ ਸੱਥਰ ਵਿਛਣੇ ਨਹੀਂ ਰੁਕੇ।

ਉਨ੍ਹਾਂ ਕਿਹਾ ਕਿ ਨਸ਼ਾ ਰੋਕਣਾ ਹੈ ਤਾਂ ਸਪਲਾਈ ਦੀ ਜੜ੍ਹ ਵੱਢਣੀ ਪਵੇਗੀ। ਪਰਵਿੰਦਰ ਸਿੰਘ ਝੋਟਾ ਸਪਲਾਇਰਾਂ ਨੂੰ ਬੇਨਕਾਬ ਕਰਕੇ ਇਸੇ ਜੜ੍ਹ ਨੂੰ ਹੱਥ ਪਾ ਰਿਹਾ ਸੀ। ਉਨ੍ਹਾਂ ਮੰਗ ਕੀਤੀ ਕਿ ਉਸ ਦੇ ਕਤਲ ਪਿੱਛੇ ਤਸਕਰਾਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਦੀ ਭੂਮਿਕਾ ਦੀ ਨਿਰਪੱਖ ਜਾਂਚ ਹੋਵੇ। ਉਨ੍ਹਾਂ ਕਿਹਾ ਕਿ ਭਾਈ ਪਰਵਿੰਦਰ ਸਿੰਘ ਝੋਟੇ ਨੂੰ ਅਸਲ ਸ਼ਰਧਾਂਜਲੀ ਪੰਜਾਬ ਨੂੰ ਨਸ਼ਾ ਮੁਕਤ ਅਤੇ ਆਜ਼ਾਦ ਕਰਵਾਉਣਾ ਹੋਵੇਗੀ, ਜਿਸ ਲਈ ਹਰ ਸਿੱਖ ਅਤੇ ਪੰਜਾਬੀ ਕਮਰਕੱਸੇ ਕਰ ਲਵੇ।

ਇਸ ਮੌਕੇ ਸਰਵਨ ਸਿੰਘ ਗੱਬਰ, ਸਰਬਜੀਤ ਸਿੰਘ ਅਟਵਾਲ, ਪ੍ਰਵੀਨ ਕੌਰ ਅਜਨਾਲਾ, ਬੀਬੀ ਸੁਖਵਿੰਦਰ ਕੌਰ ਪੱਟੀ, ਬੀਬੀ ਪਰਮਜੀਤ ਕੌਰ ਸੈਣੀ, ਬਾਬਾ ਸੁਖਵਿੰਦਰ ਸਿੰਘ ਨਿਜ਼ਾਮਪੁਰ, ਗੁਰਪੰਥ ਪ੍ਰਥਮ ਸਿੰਘ, ਗੁਰਬਾਜ ਸਿੰਘ ਆਦਿ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.