ਨਸ਼ਿਆਂ ਨੂੰ ਹਥਿਆਰ ਬਣਾ ਕੇ ਪੰਜਾਬ ਦੀ ਜਵਾਨੀ ਉਜਾੜ ਰਹੀਆਂ ਨੇ ਸਰਕਾਰਾਂ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਨਸ਼ਿਆਂ ਨੂੰ ਹਥਿਆਰ ਬਣਾ ਕੇ ਪੰਜਾਬ ਦੀ ਜਵਾਨੀ ਉਜਾੜ ਰਹੀਆਂ ਨੇ ਸਰਕਾਰਾਂ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਅੰਮ੍ਰਿਤਸਰ, 3 ਨਵੰਬਰ (ਚਰਨਜੀਤ ਸਿੰਘ): ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਪੰਜਾਬ ਵਿੱਚ ਨਸ਼ਿਆਂ ਦੀ ਮਾਰ ਹੇਠ ਆ ਰਹੀ ਨੌਜਵਾਨੀ ਦੀ ਹਾਲਤ ਉੱਤੇ ਡੂੰਘੀ ਚਿੰਤਾ ਜਾਹਰ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਘਰਾਂ ਵਿੱਚ ਜਵਾਨ ਪੁੱਤਾਂ ਦੇ ਸੱਥਰ ਵਿਛ ਰਹੇ ਹਨ, ਪਰ ਹਾਕਮ ਆਪਣੀ ਜਵਾਬਦੇਹੀ ਕਬੂਲ ਕਰਨ ਦੀ ਥਾਂ ਲੋਕਾਂ ਨੂੰ ਭਾਸ਼ਣਾਂ ਅਤੇ ਇਸ਼ਤਿਹਾਰਾਂ ਨਾਲ ਵਰਚਾ ਰਹੇ ਹਨ। ਨਸ਼ਾ ਤਸਕਰਾਂ ਨੂੰ ਮਿਲਦੀ ਸਿਆਸੀ ਅਤੇ ਪੁਲਿਸ ਪੁਸ਼ਤਪਨਾਹੀ ਨੇ ਇਸ ਕਾਰੋਬਾਰ ਦੀਆਂ ਜੜ੍ਹਾਂ ਹੋਰ ਡੂੰਘੀਆਂ ਕੀਤੀਆਂ ਹਨ। ਹਿੰਦੁਤਵੀ ਹਕੂਮਤੀ ਸੋਚ ਪੰਜਾਬ ਦੀ ਅਣਖੀਲੀ ਨੌਜਵਾਨੀ ਨੂੰ ਕਮਜ਼ੋਰ ਕਰਨ ਲਈ ਨਸ਼ਿਆਂ ਨੂੰ ਹਥਿਆਰ ਵਜੋਂ ਵਰਤ ਰਹੀ ਹੈ। ਸਿੱਖ ਕੌਮ ਪਹਿਲਾਂ ਹੀ ਫ਼ੌਜੀ ਹਮਲਿਆਂ, ਜਬਰ ਅਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਦਰਦ ਹੰਢਾ ਚੁੱਕੀ ਹੈ ਅਤੇ ਹੁਣ ਨਸ਼ਿਆਂ ਨਾਲ ਹੋ ਰਹੀ ਨੌਜਵਾਨੀ ਦੀ ਬਰਬਾਦੀ ਨੇ ਕੌਮ ਦੇ ਭਵਿੱਖ ਅੱਗੇ ਗੰਭੀਰ ਖ਼ਤਰਾ ਖੜ੍ਹਾ ਕਰ ਦਿੱਤਾ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ, ਸੂਰਬੀਰਾਂ ਅਤੇ ਸ਼ਹੀਦਾਂ ਦੀ ਧਰਤੀ ਹੈ। ਇਸ ਧਰਤੀ ਦੇ ਨੌਜਵਾਨਾਂ ਨੇ ਜ਼ੁਲਮ ਅੱਗੇ ਸਿਰ ਝੁਕਾਉਣ ਦੀ ਥਾਂ ਹੱਕ, ਇਨਸਾਫ਼ ਅਤੇ ਅਜ਼ਾਦੀ ਲਈ ਸੰਘਰਸ਼ ਕੀਤੇ ਹਨ। ਜੁਝਾਰੂ ਸਿੰਘਾਂ ਦੀ ਹਥਿਆਰਬੰਦ ਲਹਿਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਸਮੇਂ ਨਸ਼ਿਆਂ ਦਾ ਧੰਦਾ ਬੰਦ ਹੋ ਚੁੱਕਾ ਸੀ। ਅੱਜ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਵਿੱਚ ਆਏ ਨਸ਼ਿਆਂ ਦੇ ਟੀਕੇ, ਕੈਪਸੂਲ ਅਤੇ ਚਿੱਟਾ ਉਨ੍ਹਾਂ ਦਾ ਜੀਵਨ ਖੋਹ ਰਹੇ ਹਨ। ਜਿਹੜੇ ਪੁੱਤਾਂ ਨੇ ਬੁੱਢੇ ਮਾਪਿਆਂ ਦੀ ਡੰਗੋਰੀ ਬਣਨਾ ਸੀ, ਅੱਜ ਉਨ੍ਹਾਂ ਦੀਆਂ ਅਰਥੀਆਂ ਨੂੰ ਮਾਪੇ ਮੋਢਾ ਦੇ ਰਹੇ ਹਨ। ਮਾਂ ਆਪਣੇ ਪੁੱਤ ਦੀ ਉਡੀਕ ਕਰਦੀ ਹੈ, ਪਰ ਕਈ ਘਰਾਂ ਵਿੱਚ ਪੁੱਤ ਦੀ ਥਾਂ ਉਸ ਦੀ ਮੌਤ ਦੀ ਖ਼ਬਰ ਪਹੁੰਚਦੀ ਹੈ। ਭੈਣਾਂ ਦੇ ਵੀਰ ਖੁੱਸ ਰਹੇ ਹਨ, ਬੱਚਿਆਂ ਦੇ ਸਿਰਾਂ ਤੋਂ ਪਿਉ ਦਾ ਸਾਇਆ ਉੱਠ ਰਿਹਾ ਹੈ ਅਤੇ ਪਰਿਵਾਰ ਕਰਜ਼ੇ ਤੇ ਦੁੱਖਾਂ ਹੇਠ ਦੱਬ ਰਹੇ ਹਨ।

ਉਨ੍ਹਾਂ ਕਿਹਾ ਕਿ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਨਸ਼ਿਆਂ ਦੀ ਪਹੁੰਚ ਬਾਰੇ ਲੋਕ ਲਗਾਤਾਰ ਆਵਾਜ਼ ਚੁੱਕ ਰਹੇ ਹਨ। ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਉੱਤੇ ਸਵਾਲ ਚੁੱਕਦਿਆਂ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜੇ ਮੁਹਿੰਮ ਦੇ ਬਾਵਜੂਦ ਲੋਕਾਂ ਨੂੰ ਨਸ਼ਾ ਮਿਲ ਰਿਹਾ ਹੈ ਤਾਂ ਸਰਕਾਰ ਆਪਣੀ ਕਾਮਯਾਬੀ ਦੇ ਦਾਅਵੇ ਕਿਸ ਆਧਾਰ ਉੱਤੇ ਕਰ ਰਹੀ ਹੈ ? ਉਨ੍ਹਾਂ ਸਵਾਲ ਕੀਤਾ, “ਚਿੱਟਾ ਪੰਜਾਬ ਵਿੱਚ ਕਿੱਥੋਂ ਆ ਰਿਹਾ ਹੈ ? ਸਰਕਾਰ ਇਨ੍ਹਾਂ ਸਵਾਲਾਂ ਦੇ ਸਿੱਧੇ ਜਵਾਬ ਕਿਉਂ ਨਹੀਂ ਦਿੰਦੀ ?”

ਉਨ੍ਹਾਂ ਕਿਹਾ ਕਿ ਰਣਜੀਤ ਬਾਵੇ ਦੇ ਗੀਤ ਦੀ ਇਹ ਗੱਲ ਬਿਲਕੁਲ ਠੀਕ ਹੈ ਕਿ “ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ, ਤਾਂਹੀ ਤਾਂ ਸ਼ਰੇਆਮ ਵਿਕਦਾ।” ਸਿਰਫ਼ ਛੋਟੀਆਂ ਬਰਾਮਦਗੀਆਂ ਦੀਆਂ ਤਸਵੀਰਾਂ ਜਾਰੀ ਕਰਨ ਨਾਲ ਲੋਕਾਂ ਦਾ ਭਰੋਸਾ ਬਹਾਲ ਨਹੀਂ ਹੋਵੇਗਾ। ਸ਼ਰਾਬ ਦੀ ਵਿਕਰੀ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਕੀ ਸ਼ਰਾਬ ਨਸ਼ਾ ਨਹੀਂ ਹੈ ? ਇੱਕ ਪਾਸੇ ਨਸ਼ਿਆਂ ਵਿਰੁੱਧ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ ਅਤੇ ਦੂਜੇ ਪਾਸੇ ਸਰਕਾਰੀ ਮਨਜ਼ੂਰੀ ਨਾਲ ਸ਼ਰਾਬ ਦੇ ਠੇਕੇ ਚੱਲਦੇ ਹਨ। ਉਨ੍ਹਾਂ ਕਿਹਾ ਕਿ ਸ਼ਰਾਬ ਨਾਲ ਉੱਜੜਦੇ ਪਰਿਵਾਰਾਂ ਅਤੇ ਇਸ ਦੀ ਮਾਰ ਹੇਠ ਆਉਂਦੇ ਲੋਕਾਂ ਦਾ ਦਰਦ ਵੀ ਸਮਝਣਾ ਪਵੇਗਾ। ਸਿੱਖ ਧਰਮ ਨਸ਼ਿਆਂ ਤੋਂ ਦੂਰ ਰਹਿਣ ਦੀ ਸਿੱਖਿਆ ਦਿੰਦਾ ਹੈ, ਇਸ ਲਈ ਸਿੱਖ ਸਮਾਜ ਨੂੰ ਇਸ ਮਾਮਲੇ ਵਿੱਚ ਹੋਰ ਸੁਚੇਤ ਹੋਣ ਦੀ ਲੋੜ ਹੈ।

ਉਨ੍ਹਾਂ ਸਿੱਖ ਨੌਜਵਾਨਾਂ, ਗੁਰਦੁਆਰਾ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਵਿੱਚ ਫਸੇ ਨੌਜਵਾਨਾਂ ਨੂੰ ਪਿਆਰ ਨਾਲ ਗਲੇ ਲਾਇਆ ਜਾਵੇ। ਉਨ੍ਹਾਂ ਨੂੰ ਤਾਅਨੇ ਮਾਰਨ ਅਤੇ ਬੇਇੱਜ਼ਤ ਕਰਨ ਦੀ ਥਾਂ ਮਾਹਿਰਾਂ ਦੀ ਮਦਦ ਨਾਲ ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇ ਅਤੇ ਮੁੜ ਪੜ੍ਹਾਈ ਜਾਂ ਰੁਜ਼ਗਾਰ ਨਾਲ ਜੋੜਿਆ ਜਾਵੇ। ਹਰ ਪਿੰਡ ਵਿੱਚ ਅਜਿਹਾ ਸਾਂਝਾ ਉਪਰਾਲਾ ਹੋਵੇ ਜਿੱਥੇ ਪੀੜਤ ਨੌਜਵਾਨ ਅਤੇ ਉਸ ਦਾ ਪਰਿਵਾਰ ਬਿਨਾਂ ਝਿਜਕ ਮਦਦ ਮੰਗ ਸਕੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.