ਮੁਲਕ ਦੇ 326 ਸੰਸਦ ਮੈਬਰਾਂ ਅਤੇ 14 ਮੁੱਖ ਮੰਤਰੀਆਂ ਵਿਰੁੱਧ ਸੰਗੀਨ ਅਪਰਾਧਿਕ ਕੇਸ ਦਰਜ ਹਨ, ਫਿਰ ਇਹ ਮੁਲਕ ਨੂੰ ਸਹੀ ਅਗਵਾਈ ਕਿਵੇ ਦੇ ਸਕਦੈ ਨੇ ? : ਟਿਵਾਣਾ
- ਰਾਜਨੀਤੀ
- 18 Aug, 2026 10:38 AM (Asia/Kolkata)
ਫ਼ਤਹਿਗੜ੍ਹ ਸਾਹਿਬ, 18 ਅਗਸਤ , ਨਜ਼ਰਾਨਾ ਟਾਈਮਜ਼ ਬਿਊਰੋ —“ਇੰਡੀਆ ਦੇ ਹੁਕਮਰਾਨ ਆਪਣੇ ਆਪ ਨੂੰ ਧਰਮੀ, ਵਿਧਾਨਿਕ ਲੀਹਾਂ ਉਤੇ ਚੱਲਣ ਵਾਲੇ ਮੁਲਕ ਦੀ ਬਿਹਤਰੀ ਕਰਨ ਵਾਲੇ ਸਾਬਤ ਕਰਨ ਲਈ ਹਰ ਉਹ ਹੀਲੇ ਵਸੀਲੇ ਦੀ ਵਰਤੋ ਕਰ ਰਹੇ ਹਨ ਅਤੇ ਅਜਿਹਾ ਪ੍ਰਚਾਰ ਤੇ ਪ੍ਰਸਾਰ ਕਰਨ ਲਈ ਪ੍ਰਚਾਰ ਸਾਧਨਾਂ ਤੇ ਮਾਲੀ ਸਾਧਨਾਂ ਦੀ ਵੱਡੇ ਪੱਧਰ ਤੇ ਦੁਰਵਰਤੋ ਕਰਦੇ ਨਜਰ ਆ ਰਹੇ ਹਨ । ਪਰ ਇਸਦੇ ਬਾਵਜੂਦ ਵੀ ਇਹ ਹੁਕਮਰਾਨ ਇਥੋ ਦੇ ਨਿਵਾਸੀਆ ਦੇ ਮਨ-ਆਤਮਾ ਉਤੇ ਰਾਜ ਕਰਨ ਵਾਲੀਆ ਸਤਿਕਾਰਿਤ ਸਖਸ਼ੀਅਤਾਂ ਨਹੀ ਬਣ ਸਕੇ । ਜਿਸਦਾ ਪ੍ਰਤੱਖ ਕਾਰਨ ਇਹ ਹੈ ਕਿ ਇਹ ਚਿੱਟ ਕੱਪੜੇ ਵਾਲੀਆ ਪੁਛਾਕਾ ਪਹਿਨਕੇ ਸਿਆਸਤ ਅਤੇ ਪੈਸੇ ਦੀ ਦੁਰਵਰਤੋ ਨਾਲ ਵੱਡੇ ਇਕੱਠਾਂ ਵਿਚ ਮੀਡੀਏ ਰਾਹੀ ਆਪਣੀ ਵਾਹ-ਵਾਹ ਕਰਵਾਉਣ ਵਾਲੇ ਇਹ ਭੱਦਰਪੁਰਸ ਉਪਰੋ ਦੇਖਣ ਨੂੰ ਤਾਂ ਸਮਾਜ ਸੇਵੀ ਲੱਗਦੇ ਹਨ ਪਰ ਅਸਲੀਅਤ ਵਿਚ ਆਪਣੀ ਹੀ ਜਨਤਾ ਨੂੰ ਗੁੰਮਰਾਹ ਕਰਕੇ ਉਨ੍ਹਾਂ ਨਾਲ ਧੋਖੇ ਫਰੇਬ, ਲੁੱਟ ਖਸੁੱਟ ਕਰਨ ਵਾਲੇ ਭੇੜੀਏ ਹਨ । ਇਸ ਗੱਲ ਦਾ ਪ੍ਰਤੱਖ ਪ੍ਰਮਾਣ ਇਹ ਹੈ ਕਿ 543 ਸੰਸਦ ਮੈਬਰਾਂ ਵਿਚੋ 326 ਸੰਸਦ ਮੈਬਰਾਂ ਉਤੇ ਅਤੇ 14 ਸੂਬਿਆ ਦੇ ਮੁੱਖ ਮੰਤਰੀਆ ਉਤੇ ਸੰਗੀਨ ਅਪਰਾਧਿਕ ਕੇਸ ਦਰਜ ਹਨ । ਫਿਰ ਅਜਿਹੇ ਇਖਲਾਕ ਤੋ ਗਿਰੇ ਹੋਏ ਅਤੇ ਮੁਲਕ ਨਿਵਾਸੀਆ ਨਾਲ ਧੋਖੇ ਫਰੇਬ ਕਰਨ ਵਾਲੇ ਬਲਾਤਕਾਰੀਏ, ਕਾਤਲ ਅਤੇ ਲੁਟੇਰੇ ਸੋਚ ਵਾਲੇ ਮੈਬਰ ਅਤੇ ਹੁਕਮਰਾਨ ਇਥੋ ਦੇ ਨਿਵਾਸੀਆ ਨੂੰ ਇਖਲਾਕੀ, ਧਰਮੀ ਤੇ ਸਮਾਜਿਕ ਕਦਰਾਂ ਕੀਮਤਾਂ ਦੀ ਅਗਵਾਈ ਕਿਵੇ ਕਰ ਸਕਦੇ ਹਨ ?”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 326 ਸੰਸਦ ਮੈਬਰਾਂ ਅਤੇ 14 ਮੁੱਖ ਮੰਤਰੀਆ ਤੇ ਦਰਜ ਹੋਏ ਅਪਰਾਧਿਕ ਕੇਸਾਂ ਦੀ ਗੱਲ ਕਰਦੇ ਹੋਏ ਇਥੋ ਦੇ ਨਿਵਾਸੀਆ ਨੂੰ ਕਤਈ ਵੀ ਸਹੀ ਦਿਸ਼ਾ ਵੱਲ, ਸਹੀ ਸਮੇ ਤੇ ਇਨਸਾਫ਼ ਨਾ ਮਿਲਣ ਅਤੇ ਇਨ੍ਹਾਂ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਹੁਕਮਰਾਨਾਂ ਦੀਆਂ ਸਮਾਜ ਵਿਰੋਧੀ ਕਾਰਵਾਈਆ ਵਿਰੁੱਧ ਦ੍ਰਿੜਤਾ ਨਾਲ ਡੱਟਕੇ ਖਲੋਣ ਅਤੇ ਇਨ੍ਹਾਂ ਨੂੰ ਹਕੂਮਤ ਦੀ ਕੁਰਸੀ ਤੋ ਪਾਸੇ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੌਜੂਦਾ ਬੀਜੇਪੀ-ਆਰ.ਐਸ.ਐਸ ਹਕੂਮਤ ਤਾਂ ਇਥੇ ਮੰਨੂਸਮ੍ਰਿਤੀ ਦੀ ਕੱਟੜਵਾਦੀ ਉਹ ਸੋਚ ਜੋ ਜਾਤ-ਪਾਤ ਦੇ ਚਾਰ ਵਰਣਾ ਵਿਚ ਵੰਡਦੀ ਨਜਰ ਆ ਰਹੀ ਹੈ ਅਤੇ ਉਨ੍ਹਾਂ ਵਿਚ ਊਚ-ਨੀਚ ਅਤੇ ਹੋਰ ਨਫਰਤ ਪੈਦਾ ਕਰਕੇ ਪਾੜੋ ਅਤੇ ਰਾਜ ਕਰੋ ਦੀ ਸਿਆਸਤ ਕਰਦੀ ਆ ਰਹੀ ਹੈ, ਇਨ੍ਹਾਂ ਦੇ ਪ੍ਰਬੰਧ ਹੇਠ ਇਥੇ ਕਦੀ ਵੀ ਜਮਹੂਰੀਅਤ ਕਦਰਾਂ ਕੀਮਤਾਂ ਨਾ ਤਾਂ ਕਾਇਮ ਹੋ ਸਕਦੀਆ ਹਨ ਅਤੇ ਨਾ ਹੀ ਆਮ ਨਾਗਰਿਕ ਨੂੰ ਸੀਮਤ ਸਮੇ ਵਿਚ ਸਹੀ ਇਨਸਾਫ ਪ੍ਰਦਾਨ ਹੋ ਸਕਦਾ ਹੈ । ਜਦੋਕਿ ਸਾਡੇ ਗੁਰੂ ਸਾਹਿਬਾਨ ਨੇ ਤਾਂ ਜਾਤ-ਪਾਤ, ਊਚ-ਨੀਚ, ਅਮੀਰ ਗਰੀਬ ਦੇ ਸਮਾਜਿਕ ਪਾੜੇ ਨੂੰ ਖਤਮ ਕਰਨ ਅਤੇ ਬਰਾਬਰਤਾ ਵਾਲੀ ਸੋਚ ਨੂੰ ਸਿਰਜਣ ਉਤੇ ਜੋਰ ਦਿੱਤਾ ਹੈ । ਪਰ ਹੁਕਮਰਾਨ ਸਾਜਸੀ ਢੰਗਾਂ ਰਾਹੀ ਅਤੇ ਆਪਣੀਆ ਸਮਾਜ ਵਿਰੋਧੀ ਨੀਤੀਆ ਰਾਹੀ ਇਥੇ ਦੰਗੇ ਫਸਾਦ, ਕਤਲੇਆਮ, ਬਲਾਤਕਾਰ ਕਰਵਾਕੇ ਕੇਵਲ ਤੇ ਕੇਵਲ ‘ਵੋਟ-ਸਿਆਸਤ’ ਅਧੀਨ ਆਪੋ ਆਪਣੀਆ ਜਮਾਤਾਂ ਨੂੰ ਜਬਰੀ ਹਕੂਮਤੀ ਕੁਰਸੀ ਉਤੇ ਕਾਬਜ ਰੱਖਦੇ ਨਜਰ ਆ ਰਹੇ ਹਨ । ਜਦੋਕਿ ਮੁਲਕ ਦੀ 70-80% ਮਿਹਨਤਕਸ ਵੱਸੋ, ਹਕੂਮਤ ਵੱਲੋ ਮਿਲਣ ਵਾਲੀਆ ਸਹੂਲਤਾਂ ਅਤੇ ਇਨਸਾਫ਼ ਤੋ ਵਾਂਝੀ ਵਿਚਰ ਰਹੀ ਹੈ । ਇਸ ਲਈ ਸਭ ਵਰਗਾਂ ਦੇ ਨਿਵਾਸੀਆ ਨੂੰ ਉਪਰੋਕਤ ਸੱਚਾਈ ਨੂੰ ਪ੍ਰਵਾਨ ਕਰਦੇ ਹੋਏ ਇਕ ਮੰਚ ਤੇ ਇਕੱਤਰ ਹੋ ਕੇ ਮੁਲਕ ਨੂੰ ਲੁੱਟਣ ਵਾਲੇ, ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚੱਲਣ ਵਾਲੇ ਹੁਕਮਰਾਨਾਂ ਨੂੰ ਆਪਣੀ ਵੋਟ ਸ਼ਕਤੀ ਦੀ ਸਹੀ ਵਰਤੋ ਕਰਕੇ ਜਿੰਨੀ ਜਲਦੀ ਹੋ ਸਕੇ ਹਕੂਮਤ ਤੋ ਲਾਹੁਣ ਅਤੇ ਅੱਛੀਆ ਇਮਾਨਦਾਰ, ਸਰਬੱਤ ਦਾ ਭਲਾ ਲੋੜਨ ਵਾਲੀਆ ਅਤੇ ਸਭਨਾਂ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਕਰਨ ਦੀ ਸੋਚ ਰੱਖਣ ਵਾਲੀਆ ਸਖਸ਼ੀਅਤਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਤਾਂ ਕਿ ਸਹੀ ਮਾਇਨਿਆ ਵਿਚ ਇਥੇ ਹਲੀਮੀ ਰਾਜ ਜਾਂ ਰਾਮ ਰਾਜ ਜਾਂ ਸਮੁੱਚੀ ਮਨੁੱਖਤਾ ਪੱਖੀ ਰਾਜ ਕਾਇਮ ਕੀਤਾ ਜਾ ਸਕਦਾ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਭ ਕੌਮਾਂ, ਧਰਮਾਂ ਅਤੇ ਕਬੀਲਿਆ ਨਾਲ ਸੰਬੰਧਤ ਨਿਵਾਸੀ ਛੋਟੇ ਮੋਟੇ ਵਖਰੇਵਿਆ ਤੋ ਉਪਰ ਉੱਠਕੇ ਇਥੋ ਦੇ ਰਾਜ ਭਾਗ ਉਤੇ ਉਨ੍ਹਾਂ ਸਖਸੀਅਤਾਂ ਤੇ ਆਤਮਾਵਾ ਨੂੰ ਬਿਠਾਉਣ ਲਈ ਜਮਹੂਰੀਅਤ ਪਸੰਦ ਮਾਹੌਲ ਤਿਆਰ ਕਰਨਗੇ । ਜੋ ਇਸਦੇ ਸਹੀ ਹੱਕਦਾਰ ਹਨ ।
Leave a Reply