ਸ੍ਰੀ ਗੋਇੰਦਵਾਲ ਸਾਹਿਬ ਵਿਖੇ 1 ਕਰੋੜ ਦੀ ਫ਼ਿਰੌਤੀ ਨਾ ਮਿਲਣ ’ਤੇ ਕਾਰੋਬਾਰੀ ਦੇ ਘਰ ’ਤੇ ਮੁੜ ਚੱਲੀਆਂ ਗੋਲੀਆਂ
- ਰਾਸ਼ਟਰੀ
- (Asia/Kolkata)
ਪੀੜਤ ਨੇ ਥਾਣਾ ਮੁਖੀ ’ਤੇ ਲਾਏ ਸੁਰੱਖਿਆ ਨਾ ਦੇਣ ਦੇ ਦੋਸ਼; ਇਲਾਕੇ 'ਚ ਦਹਿਸ਼ਤ ਦਾ ਮਾਹੌਲ
(ਰਵੀ ਖਹਿਰਾ) ਖਡੂਰ ਸਾਹਿਬ, 16 ਅਕਤੂਬਰ
ਇਤਿਹਾਸਕ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ 'ਵਾਹਿਗੁਰੂ ਇੰਟਰਪ੍ਰਾਈਜ਼ਿਜ਼' ਅਤੇ ਸੈਂਟਰ ਚਲਾ ਰਹੇ ਕਾਰੋਬਾਰੀ ਰਾਜਵਿੰਦਰ ਸਿੰਘ ਦੇ ਘਰ ’ਤੇ ਬੀਤੀ 15 ਅਕਤੂਬਰ ਦੀ ਦੇਰ ਰਾਤ ਅਣਪਛਾਤੇ ਹਮਲਾਵਰਾਂ ਵੱਲੋਂ ਦੂਜੀ ਵਾਰ ਮੁੜ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ। ਵਾਹਿਗੁਰੂ ਦੀ ਓਟ ਸਦਕਾ ਪਰਿਵਾਰ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪ੍ਰੰਤੂ ਇਸ ਵਾਰਦਾਤ ਕਾਰਨ ਸ਼ਹਿਰ ਨਿਵਾਸੀਆਂ ਅਤੇ ਕਾਰੋਬਾਰੀਆਂ ਵਿੱਚ ਭਾਰੀ ਸਹਿਮ ਤੇ ਰੋਸ ਪਾਇਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਵੀ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਕਾਰੋਬਾਰੀ ਦੇ ਘਰ ਦੇ ਮੁੱਖ ਗੇਟ ’ਤੇ ਫ਼ਾਇਰਿੰਗ ਕੀਤੀ ਗਈ ਸੀ, ਜਿਸ ਦੀ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਸੀ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਕੋਲੋਂ 1 ਕਰੋੜ ਰੁਪਏ ਦੀ ਫ਼ਿਰੌਤੀ ਦੀ ਮੰਗ ਕਰਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।
ਪੀੜਤ ਰਾਜਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਪਹਿਲੀ ਘਟਨਾ ਵਾਪਰਨ ਉਪਰੰਤ ਉਨ੍ਹਾਂ ਨੇ ਪਰਿਵਾਰ ਦੀ ਜਾਨ-ਮਾਲ ਦੀ ਰਾਖੀ ਲਈ ਸੁਰੱਖਿਆ ਦੀ ਮੰਗ ਨੂੰ ਲੈ ਕੇ ਸਥਾਨਕ ਥਾਣਾ ਮੁਖੀ (ਮੈਡਮ) ਨਾਲ ਵਾਰ-ਵਾਰ ਰਾਬਤਾ ਕਾਇਮ ਕਰਨ ਅਤੇ ਮਿਲਣ ਦੀ ਕੋਸ਼ਿਸ਼ ਕੀਤੀ। ਪਰ ਕਥਿਤ ਤੌਰ ’ਤੇ ਥਾਣਾ ਮੁਖੀ ਵੱਲੋਂ ਨਾ ਤਾਂ ਫ਼ੋਨ ਚੁੱਕਿਆ ਗਿਆ ਅਤੇ ਨਾ ਹੀ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਕੋਈ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ। ਪੀੜਤ ਦਾ ਕਹਿਣਾ ਹੈ ਕਿ ਸਥਾਨਕ ਪੱਧਰ ’ਤੇ ਢੁੱਕਵੀਂ ਕਾਰਵਾਈ ਨਾ ਹੋਣ ਕਾਰਨ ਹਮਲਾਵਰਾਂ ਦੇ ਹੌਸਲੇ ਵਧੇ ਅਤੇ ਉਨ੍ਹਾਂ ਨੇ ਲੰਘੀ ਰਾਤ ਮੁੜ ਦੂਜੀ ਵਾਰ ਗੋਲੀਆਂ ਚਲਾ ਦਿੱਤੀਆਂ। ਪੀੜਤ ਨੇ ਆਖਿਆ ਕਿ ਜੇ ਮੇਰਾ ਅਤੇ ਮੇਰੇ ਪਰਿਵਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਗੋਇੰਦਵਾਲ ਪੁਲੀਸ ਜਿੰਮੇਵਾਰ ਹੋਵੇਗੀ।
ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਅੰਦਰ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਸਥਾਨਕ ਪ੍ਰਸ਼ਾਸਨ ਨੂੰ ਚੁਸਤ-ਦਰੁਸਤ ਕੀਤਾ ਜਾਵੇ ਅਤੇ ਕਾਰੋਬਾਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਇਸ ਸਬੰਧੀ ਐਸਐਸਪੀ ਸੁਰਿੰਦਰ ਲਾਂਬਾ ਨੇ ਆਖਿਆ ਕਿ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Leave a Reply