ਭਗਵੰਤ ਮਾਨ ਦੀ ਸਰਕਾਰ 'ਚ ਪੰਜਾਬ ਮਰ ਰਿਹੈ..

ਭਗਵੰਤ ਮਾਨ ਦੀ ਸਰਕਾਰ 'ਚ ਪੰਜਾਬ ਮਰ ਰਿਹੈ..

ਭਗਵੰਤ ਮਾਨ ਸਰਕਾਰ ਦੀ ਨੀਤੀ ਅਤੇ ਨੀਅਤ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਪੰਜਾਬ ਵਿੱਚ ਨਸ਼ਾ ਖ਼ਤਮ ਨਹੀਂ ਹੋਣਾ ਤੇ ਜੇ ਕੋਈ ਸਵਾਲ ਕਰੇਗਾ ਤਾਂ ਉਸ ਨੂੰ ਮੌਤ ਦੇ ਮੂੰਹ ਵਿੱਚ ਪੈਣਾ ਪਵੇਗਾ। ਹੁਣ ਨਸ਼ਿਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਆਪਣੇ ਸਿਰ ਉੱਤੇ ਆਪ ਹੀ ਕੱਫ਼ਨ ਬੰਨ੍ਹ ਲੈਣਾ ਚਾਹੀਦਾ ਹੈ। ਸਰਕਾਰ ਨੇ ਇਹ ਨੀਤੀ ਧਾਰਨ ਕਰ ਲਈ ਹੈ ਕਿ ਨਸ਼ਾ ਨਹੀਂ ਮੁਕਾਉਣਾ ਬਲਕਿ ਨਸ਼ੇ ਦਾ ਵਿਰੋਧ ਕਰਨ ਵਾਲੇ ਖੂੰਜੇ ਲਾਉਣੇ ਹਨ। ਭਗਵੰਤ ਮਾਨ ਦੇ ਰਾਜ ਵਿੱਚ ਕਾਲ਼ੀਆਂ ਝੰਡੀਆਂ ਵਿਖਾਉਣਾ ਅਤੇ ਸਵਾਲ ਕਰਨੇ ਬੜਾ ਵੱਡਾ ਜੁਰਮ ਹੈ, ਪਹਿਲਾਂ ਮੋਹਨਜੀਤ ਸਿੰਘ ਸ਼ੇਰੋਂ ਨੂੰ ਭਾਰੀ ਤਸ਼ੱਦਦ ਝੱਲਣਾ ਪਿਆ ਤੇ ਹੁਣ ਗੁਲਜਾਰ ਸਿੰਘ ਤੂਰਬੰਜਾਰਾ ਨੂੰ ਜ਼ਲੀਲ ਹੋ ਕੇ ਖ਼ੁਦਕੁਸ਼ੀ ਕਰਨੀ ਪਈ। ਇਸ ਤੋਂ ਪਹਿਲਾਂ ਵਾਰਿਸ ਪੰਜਾਬ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਜੋ ਲੋਕਾਂ ਨੂੰ ਨਸ਼ੇ ਛੁਡਾਉਣ ਅਤੇ ਅੰਮ੍ਰਿਤ ਛਕਾਉਣ ਕਾਰਨ ਜੇਲ੍ਹਾਂ ਵਿੱਚ ਨਜ਼ਰਬੰਦ ਹਨ। ਮੈਂਬਰ ਪਾਰਲੀਮੈਂਟ ਹੋਣ ਦੇ ਬਾਵਜੂਦ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਈ ਨਹੀਂ ਮਿਲ ਰਹੀ ਅਤੇ ਨਾ ਹੀ ਉਹਨਾਂ ਨੂੰ ਪਾਰਲੀਮੈਂਟ ਵਿੱਚ ਬੋਲਣ ਦਿੱਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਇਹ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਕਿ ਉਹ 24 ਘੰਟਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਬੀਆਂ ਦਾ ਇਨਸਾਫ਼ ਅਤੇ ਤਿੰਨ ਮਹੀਨੇ ਵਿੱਚ ਪੰਜਾਬ ਵਿੱਚੋਂ ਨਸ਼ੇ ਦਾ ਮੁਕੰਮਲ ਖ਼ਾਤਮਾ ਕਰੇਗੀ। ਇਸ ਭਗਵੰਤ ਮਾਨ ਸਰਕਾਰ ਨੂੰ ਸਾਢੇ ਚਾਰ ਸਾਲ ਦਾ ਸਮਾਂ ਬੀਤ ਗਿਆ ਪਰ ਪੰਜਾਬ ਦਾ ਇੱਕ ਪਿੰਡ ਅਤੇ ਸ਼ਹਿਰ ਵੀ ਨਸ਼ਿਆਂ ਤੋਂ ਮੁਕਤ ਨਾ ਹੋਇਆ। ਹਰ ਆਏ ਦਿਨ ਪੰਜਾਬ ਦੀ ਨੌਜਵਾਨੀ ਨਸ਼ਿਆਂ ਨਾਲ ਮਰ ਰਹੀ ਹੈ, ਘਰ-ਪਰਿਵਾਰ ਬਰਬਾਦ ਹੋ ਰਹੇ ਨੇ, ਨਸ਼ੇ ਦੇ ਸਮੱਗਲਰ ਸ਼ਰੇਆਮ ਘੁੰਮਦੇ ਫਿਰਦੇ ਨੇ, ਸਰਕਾਰੀ ਸ਼ਹਿ ਉੱਤੇ ਧੜੱਲੇ ਨਾਲ ਨਸ਼ਾ ਵਿਕ ਰਿਹਾ ਹੈ, ਨਸ਼ਿਆਂ ਦਾ ਵਿਰੋਧ ਕਰਨ ਵਾਲਿਆਂ ਉੱਤੇ ਗੋਲੀਆਂ ਚੱਲ ਰਹੀਆਂ ਨੇ, ਕਈ ਥਾਈਂ ਹਮਲੇ ਹੋ ਚੁੱਕੇ ਨੇ, ਧਮਕੀਆਂ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਸਰਕਾਰ ਵੱਲੋਂ ਮੀਡੀਆ ਦੀ ਜ਼ੁਬਾਨ ਵੀ ਬੰਦ ਕੀਤੀ ਜਾ ਰਹੀ ਹੈ, ਕਿਸੇ ਨੂੰ ਡਰਾਇਆ ਜਾ ਰਿਹਾ ਅਤੇ ਕਿਸੇ ਨੂੰ ਲਾਲਚ ਦੇ ਕੇ ਆਪਣੇ ਸੋਹਿਲੇ ਗਾਏ ਜਾ ਰਹੇ ਹਨ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਇੱਕ ਡਰਾਮੇ ਤੋਂ ਵੱਧ ਕੁਝ ਨਹੀਂ ਨਿਕਲੀ, ਸਰਕਾਰ ਨੇ ਹਰ ਮੁੱਦੇ ਉੱਤੇ ਸਿਰਫ਼ ਸਿਆਸਤ ਕੀਤੀ, ਪੰਜਾਬੀਆਂ ਦੀਆਂ ਲਾਸ਼ਾਂ ਉੱਤੇ ਸਿਆਸਤ ਹੋ ਰਹੀ ਹੈ। ਭਗਵੰਤ ਮਾਨ ਦਾ ਭਰਾ ਖ਼ੁਦ ਮੰਨਦਾ ਹੈ ਕਿ ਉਹਨਾਂ ਦੇ ਇਲਾਕੇ ਵਿੱਚ ਵੀ ਨਸ਼ਾ ਖ਼ਤਮ ਨਹੀਂ ਹੋਇਆ, ਪਿੰਡਾਂ ਦੇ ਲੋਕ ਆਪਣੇ ਪੁੱਤਾਂ ਨੂੰ ਬਚਾਉਣ ਦੀਆਂ ਦੁਹਾਈਆਂ ਦੇ ਰਹੇ ਹਨ ਪਰ ਕੋਈ ਸੁਣਨ ਵਾਲਾ ਨਹੀਂ। ਪੰਜਾਬ ਦੀ ਧਰਤੀ ਉੱਤੇ ਵੈਣ ਪੈ ਰਹੇ ਹਨ, ਚੂੜੇ ਵਾਲੀਆਂ ਮੁਟਿਆਰਾਂ ਵਿਧਵਾ ਹੋ ਰਹੀਆਂ ਨੇ, ਮਾਂਵਾਂ ਦੀਆਂ ਕੁੱਖਾਂ ਖਾਲੀ ਹੋ ਰਹੀਆਂ ਨੇ, ਭੈਣਾਂ ਤੋਂ ਵੀਰ ਖੋਹੇ ਜਾ ਰਹੇ ਨੇ, ਬਜ਼ੁਰਗ ਪਿਓ ਦੀ ਡੰਗੋਰੀ ਖੋਹੀ ਜਾ ਰਹੀ, ਨੌਜਵਾਨ ਬੜੀ ਭੈੜੀ ਦਲਦਲ ਵਿੱਚ ਫਸੇ ਨੇ। ਸਰਕਾਰ ਇਸ਼ਤਿਹਾਰ-ਬਾਜੀਆਂ ਵਿੱਚ ਰੁੱਝੀ ਹੈ, ਮੁੱਖ ਮੰਤਰੀ ਭਗਵੰਤ ਮਾਨ ਸ਼ਰਾਬ ਵਿੱਚ ਟੁੰਨ ਹੈ, ਪੰਜਾਬ ਪੁਲਿਸ ਸਿਆਸੀ ਆਗੂਆਂ ਦੀ ਸੁਰੱਖਿਆ ਵਿੱਚ ਮਸਤ ਹੈ, ਡਿੱਕੇ-ਡੋਲ਼ੇ ਖਾਂਦਾ ਪੰਜਾਬ ਕਿਰਦਾ ਅਤੇ ਮਰਦਾ ਜਾ ਰਿਹਾ। ਕਾਂਗਰਸ, ਬਾਦਲ ਦਲ ਅਤੇ ਭਾਜਪਾ ਸਿਰਫ਼ ਰਸਮੀਂ ਬਿਆਨਾਂ ਤਕ ਸੀਮਿਤ ਹੈ, ਇਹਨਾਂ ਨੂੰ ਵੀ ਪੰਜਾਬ ਦੀ ਕੋਈ ਚਿੰਤਾ ਨਹੀਂ, ਇਹ ਸਾਰੇ ਇੱਕੋ ਥਾਲੀ ਦੇ ਚੱਟੇ-ਵੱਟੇ ਹਨ, ਇਹਨਾਂ ਦੇ ਰਾਜ ਵਿੱਚ ਵੀ ਪੰਜਾਬੀਆਂ ਨੇ ਇਹੋ ਕੁਝ ਝੱਲਿਆ ਸੀ, ਇਹ ਤਾਂ ਸਿਰਫ 'ਉੱਤਰ ਕਾਟੋ ਮੈਂ ਚੜ੍ਹਾਂ' ਵਾਲਾ ਦਾਅ ਲਾਉਣ 'ਤੇ ਲੱਗੇ ਹੋਏ ਹਨ। ਧੁੰਮੇ ਵਰਗੇ ਸਾਧ ਵੀ ਭਾਜਪਾ ਦੇ ਤਲਵੇ ਚੱਟ ਰਹੇ ਨੇ, ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਸੁਖਬੀਰ ਬਾਦਲ ਦੀ ਚਾਪਲੂਸੀ ਵਿੱਚ ਰੁੱਝਿਆ ਹੋਇਆ ਹੈ, ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਆਪਸੀ ਖਾਨਾਜੰਗੀ ਵਿੱਚ ਲੱਗੀ ਹੋਈ ਹੈ, ਕੇਂਦਰ ਵਿੱਚ ਕਾਬਜ ਭਾਜਪਾ ਤਾਂ ਚਾਹੁੰਦੀ ਹੀ ਪੰਜਾਬ ਦਾ ਉਜਾੜਾ ਹੈ। ਆਸ ਦੀ ਕਿਰਨ ਕਿਤੋਂ ਨਜ਼ਰੀਂ ਨਹੀਂ ਪੈਂਦੀ, ਕਿਸਾਨੀ ਵੀ ਸੜਕਾਂ ਉੱਤੇ ਰੁਲ ਰਹੀ ਹੈ। ਇਹਨਾਂ ਹਲਾਤਾਂ ਵਿੱਚ ਪੰਥ ਅਤੇ ਪੰਜਾਬ ਨੂੰ ਬਚਾਉਣ ਲਈ ਸਮੁੱਚੀਆਂ ਪੰਥਕ ਧਿਰਾਂ ਅਤੇ ਪੰਜਾਬ-ਪ੍ਰਸਤ ਸੰਸਥਾਵਾਂ ਨੂੰ ਛੇਤੀ ਹੀ ਏਕਤਾ ਕਰ ਲੈਣੀ ਚਾਹੀਦੀ ਹੈ ਤਾਂ ਜੋ 2027 ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਖ਼ੁਦ ਪੰਜਾਬ ਨੂੰ ਸੰਭਾਲਿਆ ਜਾਵੇ। 

ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.