ਸ਼੍ਰੀ ਰਾਮ ਮੰਦਿਰ ਵਿਖੇ ਭਗਵਾਨ ਗਣੇਸ਼ ਜੀ ਨੂੰ ਕੀਤਾ ਗਿਆ ਸਥਾਪਿਤ
- ਰਾਸ਼ਟਰੀ
- (Asia/Kolkata)
ਪ੍ਰਧਾਨ ਜਤਿੰਦਰ ਛਾਬੜਾ ਦੀ ਦੇਖ-ਰੇਖ ਹੇਠ ਸ਼ਰਧਾ ਤੇ ਉਤਸ਼ਾਹ ਨਾਲ ਚੱਲ ਰਿਹਾ ਸ਼ਾਨਦਾਰ ਧਾਰਮਿਕ ਸਮਾਗਮ
ਕਪੂਰਥਲਾ 15 ਸਤੰਬਰ ਗੌਰਵ ਮੜੀਆ
ਸ਼੍ਰੀ ਰਾਮ ਮੰਦਿਰ,ਮਾਰਕਫੈੱਡ ਰੋਡ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਗਣੇਸ਼ ਚਤੁਰਥੀ ਦਾ ਤਿਉਹਾਰ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਭਗਵਾਨ ਸ਼੍ਰੀ ਗਣੇਸ਼ ਜੀ ਦਾ ਸਵਰੂਪ ਮੰਦਿਰ ਵਿਖੇ ਵਿਧੀ-ਵਿਧਾਨ ਅਤੇ ਧਾਰਮਿਕ ਰਸਮਾਂ ਅਨੁਸਾਰ ਸਥਾਪਿਤ ਕੀਤਾ ਗਿਆ।
ਮੰਦਿਰ ਕਮੇਟੀ ਦੇ ਪ੍ਰਧਾਨ ਜਤਿੰਦਰ ਛਾਬੜਾ ਦੀ ਦੇਖ-ਰੇਖ ਹੇਠ ਚੱਲ ਰਹੇ ਇਸ ਧਾਰਮਿਕ ਸਮਾਗਮ ਦੌਰਾਨ ਕਮੇਟੀ ਮੈਂਬਰਾਂ ਵੱਲੋਂ ਦਿਨ-ਰਾਤ ਭਗਵਾਨ ਸ਼੍ਰੀ ਗਣੇਸ਼ ਜੀ ਦੀ ਪੂਰੀ ਸ਼ਰਧਾ ਨਾਲ ਪੂਜਾ-ਅਰਚਨਾ ਕੀਤੀ ਜਾ ਰਹੀ ਹੈ। ਮੰਦਿਰ ਵਿੱਚ ਸਵੇਰੇ, ਦੁਪਹਿਰ ਅਤੇ ਸ਼ਾਮ ਤਿੰਨੋਂ ਸਮੇਂ ਵੱਖ-ਵੱਖ ਤਰ੍ਹਾਂ ਦੇ ਸੁਆਦਲੇ ਵਿਅੰਜਨਾਂ ਦਾ ਭੋਗ ਲਗਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਸ਼ਰਧਾਲੂ ਵੀ ਆਪਣੇ ਘਰਾਂ ਵਿੱਚ ਸ਼ਰਧਾ ਨਾਲ ਤਿਆਰ ਕੀਤਾ ਭੋਜਨ ਲੈ ਕੇ ਮੰਦਿਰ ਪਹੁੰਚ ਰਹੇ ਹਨ ਅਤੇ ਭਗਵਾਨ ਸ਼੍ਰੀ ਗਣੇਸ਼ ਜੀ ਨੂੰ ਭੋਗ ਲਗਵਾ ਕੇ ਆਪਣੀ ਸ਼ਰਧਾ ਪ੍ਰਗਟ ਕਰ ਰਹੇ ਹਨ। ਮੰਦਿਰ ਵਿੱਚ ਦਰਸ਼ਨਾਂ ਲਈ ਦੂਰ-ਦੂਰ ਤੋਂ ਸ਼ਰਧਾਲੂ ਪਹੁੰਚ ਰਹੇ ਹਨ, ਜਿਸ ਕਾਰਨ ਪੂਰਾ ਮੰਦਿਰ ਗਣਪਤੀ ਬੱਪਾ ਦੇ ਜੈਕਾਰਿਆਂ ਅਤੇ ਭਗਤੀਮਈ ਮਾਹੌਲ ਨਾਲ ਗੂੰਜ ਰਿਹਾ ਹੈ।

ਇਸ ਮੌਕੇ ਜਤਿੰਦਰ ਛਾਬੜਾ ਅਤੇ ਜਯੋਤੀ ਪ੍ਰਕਾਸ਼ ਸ਼ਰਮਾ ਨੇ ਕਿਹਾ ਕਿ ਭਗਵਾਨ ਸ਼੍ਰੀ ਗਣੇਸ਼ ਜੀ ਦੀ ਮਹਿਮਾ ਅਪਰੰਪਾਰ ਹੈ। ਉਨ੍ਹਾਂ ਕਿਹਾ ਕਿ ਭਗਵਾਨ ਗਣੇਸ਼ ਜੀ ਨੂੰ ਵਿਘਨਹਰਤਾ ਅਤੇ ਮੰਗਲਕਰਤਾ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਕਿਰਪਾ ਨਾਲ ਜੀਵਨ ਵਿੱਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਆਉਂਦੀ ਹੈ।
ਉਨ੍ਹਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਗਣੇਸ਼ ਉਤਸਵ ਮੁੱਖ ਤੌਰ ’ਤੇ ਮਹਾਰਾਸ਼ਟਰ ਵਿੱਚ ਹੀ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਸੀ, ਪਰ ਅੱਜ ਇਹ ਤਿਉਹਾਰ ਉੱਤਰ ਭਾਰਤ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ਼੍ਰੀ ਰਾਮ ਮੰਦਿਰ ਵਿਖੇ ਵੀ ਹਰ ਸਾਲ ਇਸ ਪਵਿੱਤਰ ਤਿਉਹਾਰ ਨੂੰ ਸ਼ਰਧਾਲੂਆਂ ਦੇ ਸਹਿਯੋਗ ਨਾਲ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਇਸ ਮੌਕੇ ਬਲਰਾਮ ਬਾਵਾ, ਵਿਨੋਦ ਲੂੰਬਾ, ਗੋਪਾਲ ਗਰਗ, ਰਿੰਕੂ ਛਾਬੜਾ, ਜਸਪਾਲ ਸਿੰਘ, ਸੁਰਿੰਦਰ ਬਬਲੀ, ਰੀਆਨ ਛਾਬੜਾ, ਪਰਮਜੀਤ ਵਰਮਾ, ਦੀਪਕ ਲੂੰਬਾ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਮੰਦਿਰ ਕਮੇਟੀ ਦੇ ਮੈਂਬਰ ਹਾਜ਼ਰ ਸਨ।
Leave a Reply