ਪੰਥਕ ਆਗੂਓ! ਹੈਂਕੜ ਛੱਡੋ ਤੇ ਇਕੱਠੇ ਹੋਵੋ...
- ਅੰਤਰਰਾਸ਼ਟਰੀ
- (Asia/Kolkata)
ਪੰਥਕ ਧਿਰਾਂ ਵਿਚਾਲੇ ਏਕਤਾ ਦੇ ਸਾਹਮਣੇ ਆ ਰਹੇ ਸੰਕੇਤ ਸਿੱਖ ਪੰਥ ਲਈ ਖ਼ੁਸ਼ੀ ਦੀ ਖ਼ਬਰ ਹਨ। ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਿਚਾਲੇ ਨੇੜਤਾ ਦੀਆਂ ਚਰਚਾਵਾਂ ਹਨ। ਪੁਨਰ ਸੁਰਜੀਤ ਅਤੇ ਯੂਨਾਈਟਿਡ ਅਕਾਲੀ ਦਲ ਵਿਚਾਲੇ ਵੀ ਏਕਤਾ ਦੀਆਂ ਖ਼ਬਰਾਂ ਆ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਵਾਰਿਸ ਪੰਜਾਬ ਦੇ ਵਿਚਾਲੇ ਗੱਲਬਾਤ ਦੀ ਚਰਚਾ ਵੀ ਉਮੀਦ ਜਗਾਉਂਦੀ ਹੈ। ਹੁਣ ਇਹ ਗੱਲਾਂ ਬਿਆਨਾਂ ਤੱਕ ਨਾ ਰਹਿਣ, ਸਗੋਂ ਅਮਲੀ ਏਕਤਾ ਵਿੱਚ ਬਦਲਣ।
ਹਰ ਪੰਥ ਦਰਦੀ ਚਾਹੁੰਦਾ ਹੈ ਕਿ ਸਮੁੱਚੀਆਂ ਪੰਥਕ ਧਿਰਾਂ ਇੱਕ ਮੰਚ ਉੱਤੇ ਇਕੱਠੀਆਂ ਹੋਣ। ਇੰਟਰਨੈਸ਼ਨਲ ਪੰਥਕ ਦਲ, ਮਿਸਲ ਸਤਲੁਜ, ਹੋਰ ਪੰਥਕ ਗਰੁੱਪਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਵੀ ਨਾਲ ਜੋੜਿਆ ਜਾਵੇ। ਪੰਜਾਬ ਦੇ ਹੱਕਾਂ ਲਈ ਲੜਨ ਵਾਲੀਆਂ ਤਾਕਤਾਂ ਸਾਂਝਾ ਪ੍ਰੋਗਰਾਮ ਲੈ ਕੇ ਲੋਕਾਂ ਕੋਲ ਜਾਣ। ਸੁਹਿਰਦ ਏਕਤਾ ਹੋਵੇ ਤਾਂ ਵੱਡੀ ਗਿਣਤੀ ਵਿੱਚ ਸੀਟਾਂ ਜਿੱਤੀਆਂ ਜਾ ਸਕਦੀਆਂ ਹਨ ਅਤੇ ਪੰਥਕ ਧਿਰਾਂ ਸਰਕਾਰ ਬਣਾਉਣ ਦੀ ਸਥਿਤੀ ਤੱਕ ਵੀ ਪੁੱਜ ਸਕਦੀਆਂ ਹਨ।

ਪਰ ਜੇ ਹਰ ਆਗੂ ਆਪਣੀ ਵੱਖਰੀ ਦੁਕਾਨ ਚਲਾਉਣ ਉੱਤੇ ਅੜਿਆ ਰਿਹਾ ਤਾਂ ਨੁਕਸਾਨ ਪੰਥ ਅਤੇ ਪੰਜਾਬ ਦਾ ਹੋਵੇਗਾ। ਇੱਕੋ ਹਲਕੇ ਵਿੱਚ ਇੱਕ-ਦੂਜੇ ਵਿਰੁੱਧ ਉਮੀਦਵਾਰ ਖੜ੍ਹੇ ਕਰਕੇ ਕਿਸ ਦਾ ਭਲਾ ਕਰੋਗੇ ? ਪੰਥਕ ਵੋਟ ਵੀ ਵੰਡੋਗੇ ਅਤੇ ਬਦਲ ਦੀ ਉਡੀਕ ਕਰਦੇ ਆਮ ਪੰਜਾਬੀ ਨੂੰ ਵੀ ਨਿਰਾਸ਼ ਕਰੋਗੇ। ਲੋਕਾਂ ਦਾ ਸਿੱਧਾ ਸਵਾਲ ਹੈ ਕਿ ਜਿਹੜੇ ਆਗੂ ਆਪਸ ਵਿੱਚ ਇਕੱਠੇ ਨਹੀਂ ਬੈਠ ਸਕਦੇ, ਉਹ ਪੰਜਾਬ ਨੂੰ ਕਿਵੇਂ ਸੰਭਾਲਣਗੇ ? ਜਿੱਤ ਦਾ ਰਾਹ ਏਕਤਾ ਵਿੱਚ ਪਿਆ ਹੈ, ਆਪਸੀ ਖਿੱਚੋਤਾਣ ਵਿੱਚ ਹਾਰ ਹੀ ਹੱਥ ਆਵੇਗੀ।
ਭਾਈ ਅੰਮ੍ਰਿਤਪਾਲ ਸਿੰਘ, ਬਾਪੂ ਤਰਸੇਮ ਸਿੰਘ, ਸ. ਸਿਮਰਨਜੀਤ ਸਿੰਘ ਮਾਨ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਭਾਈ ਮੋਹਕਮ ਸਿੰਘ, ਸ. ਗੁਰਦੀਪ ਸਿੰਘ ਬਠਿੰਡਾ, ਸ. ਅਜੈਪਾਲ ਸਿੰਘ ਬਰਾੜ, ਸ. ਬੂਟਾ ਸਿੰਘ ਰਣਸ਼ੀਂਹ ਅਤੇ ਹੋਰ ਪੰਥਕ ਆਗੂਆਂ ਨੂੰ ਲੋਕਾਂ ਦੀ ਇਹ ਭਾਵਨਾ ਸਮਝਣੀ ਚਾਹੀਦੀ ਹੈ। ਪ੍ਰਧਾਨਗੀਆਂ ਅਤੇ ਸੀਟਾਂ ਲਈ ਅੜਨ ਤੋਂ ਪਹਿਲਾਂ ਪੰਜਾਬ ਦੀ ਹਾਲਤ ਵੇਖੋ। ਪੰਥ ਦੀ ਸੇਵਾ ਦਾ ਦਾਅਵਾ ਕਰਦੇ ਹੋ ਤਾਂ ਪੰਥ ਲਈ ਆਪਣੀ ਜ਼ਿੱਦ ਛੱਡਣ ਦਾ ਹੌਸਲਾ ਵੀ ਵਿਖਾਓ।
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਚੋਣਾਂ ਵਿੱਚ ਹਮੇਸ਼ਾਂ ਪੰਥਕ ਧਿਰਾਂ ਦੀ ਡਟ ਕੇ ਹਮਾਇਤ ਕੀਤੀ ਹੈ ਅਤੇ ਪੰਥਕ ਸਿਧਾਂਤਾਂ 'ਤੇ ਪਹਿਰਾ ਦਿੰਦਿਆਂ ਉਨ੍ਹਾਂ ਨੂੰ ਸਿਧਾਂਤਕ ਸੇਧ ਵੀ ਦਿੱਤੀ ਹੈ। ਅਸੀਂ ਆਪ ਚੋਣਾਂ ਨਹੀਂ ਲੜਨੀਆਂ ਪਰ ਪੰਥਕ ਧਿਰਾਂ ਨੂੰ ਇੱਕ ਮੰਚ 'ਤੇ ਇਕੱਠਾ ਅਤੇ ਜੇਤੂ ਵੇਖਣਾ ਚਾਹੁੰਦੇ ਹਾਂ। ਚੋਣਾਂ ਦਾ ਬਾਈਕਾਟ ਕਰਨ ਵਾਲੀਆਂ ਧਿਰਾਂ ਦਲ ਖ਼ਾਲਸਾ ਅਤੇ ਭਾਈ ਦਲਜੀਤ ਸਿੰਘ ਬਿੱਟੂ ਵੀ ਇਹੋ ਚਾਹੁੰਦੇ ਹਨ ਕਿ ਚੋਣਾਂ ਲੜਨ ਵਾਲੀਆਂ ਸਮੁੱਚੀਆਂ ਪੰਥਕ ਧਿਰਾਂ ਇੱਕ ਮੰਚ ਉੱਤੇ ਇਕੱਠੀਆਂ ਹੋਣ, ਆਪਣੀ ਵੋਟ ਵੰਡ ਕੇ ਇੱਕ-ਦੂਜੇ ਨੂੰ ਹਰਾਉਣ ਦੀ ਥਾਂ ਇਕਮੁੱਠ ਹੋ ਕੇ ਚੋਣ ਲੜਨ। ਚੋਣ ਮੈਦਾਨ ਦਿੱਲੀ ਦੀਆਂ ਰਾਸ਼ਟਰੀ ਪਾਰਟੀਆਂ ਲਈ ਖ਼ਾਲੀ ਨਾ ਛੱਡਿਆ ਜਾਵੇ ਅਤੇ ਪੰਜਾਬ ਦੇ ਲੋਕਾਂ ਅੱਗੇ ਇੱਕ ਮਜ਼ਬੂਤ ਪੰਥਕ ਬਦਲ ਪੇਸ਼ ਕੀਤਾ ਜਾਵੇ।
ਪੰਜਾਬੀਆਂ ਨੇ ਬਾਦਲ-ਭਾਜਪਾ ਗਠਜੋੜ ਦੀਆਂ ਸਰਕਾਰਾਂ ਵੀ ਵੇਖ ਲਈਆਂ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਵੀ। ਇਨ੍ਹਾਂ ਤੋਂ ਅੱਕ ਕੇ ਆਮ ਆਦਮੀ ਪਾਰਟੀ ਨੂੰ ਵੱਡਾ ਬਹੁਮਤ ਦਿੱਤਾ ਅਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ। ਪਰ ਪੰਜਾਬ ਦੇ ਬੁਨਿਆਦੀ ਮਸਲੇ ਅੱਜ ਵੀ ਖੜ੍ਹੇ ਹਨ। ਭਾਜਪਾ ਵੀ ਪੰਜਾਬ ਵਿੱਚ ਪੈਰ ਜਮਾਉਣਾ ਚਾਹੁੰਦੀ ਹੈ। ਅਜਿਹੇ ਵੇਲੇ ਪੰਥਕ ਧਿਰਾਂ ਦੀ ਫੁੱਟ ਦੂਜਿਆਂ ਦਾ ਰਾਹ ਹੀ ਸੌਖਾ ਕਰੇਗੀ। ਪੰਜਾਬ ਨੂੰ ਆਪਣੇ ਹੱਕਾਂ ਲਈ ਖੇਤਰੀ ਪੰਥਕ ਤਾਕਤ ਚਾਹੀਦੀ ਹੈ।
ਚੋਣਾਂ ਜਿੱਤ ਕੇ ਭਾਵੇਂ ਸਾਰੇ ਮਸਲੇ ਇੱਕੋ ਦਿਨ ਹੱਲ ਨਹੀਂ ਹੋਣੇ, ਪਰ ਪੰਜਾਬ ਦੇ ਅਨੇਕਾਂ ਕੰਮ ਸੰਵਾਰੇ ਜਾ ਸਕਦੇ ਹਨ। ਵਿਧਾਨ ਸਭਾ ਚੋਣਾਂ 2027 ਲਈ ਹੁਣੇ ਸਾਂਝੀ ਤਿਆਰੀ ਕਰੋ। ਸੀਟਾਂ ਦੀ ਵੰਡ ਲੋਕਾਂ ਵਿੱਚ ਆਧਾਰ ਮੁਤਾਬਿਕ ਹੋਵੇ ਅਤੇ ਸਾਂਝੇ ਪ੍ਰੋਗਰਾਮ ਵਿੱਚ ਪੰਥਕ ਮਸਲਿਆਂ, ਬੇਅਦਬੀ, ਬੰਦੀ ਸਿੰਘਾਂ, ਕਿਸਾਨੀ, ਨਸ਼ਿਆਂ, ਬੇਰੁਜ਼ਗਾਰੀ ਅਤੇ ਪੰਜਾਬ ਦੇ ਹੱਕਾਂ ਨੂੰ ਪਹਿਲ ਮਿਲੇ।
ਅਦਾਰਾ ‘ਪਹਿਰੇਦਾਰ’ ਵੱਲੋਂ ਅਸੀਂ ਵਾਰ-ਵਾਰ ਏਕਤਾ ਦਾ ਹੋਕਾ ਦਿੱਤਾ ਹੈ। ਸੰਗਤਾਂ ਦੇ ਫ਼ੋਨ ਅਤੇ ਸੁਨੇਹੇ ਇਸ ਸੱਦੇ ਦੀ ਹਮਾਇਤ ਕਰਦੇ ਹਨ। ਏਕਤਾ ਵੱਲ ਵੱਧਦੇ ਕਦਮਾਂ ਦਾ ਸਵਾਗਤ ਹੈ। ਹੁਣ ਆਗੂ ਲੋਕਾਂ ਦੀ ਆਸ ਨਾਲ ਖੇਡਣ ਦੀ ਗ਼ਲਤੀ ਨਾ ਕਰਨ। ਹੈਂਕੜ ਛੱਡੋ, ਤਿਆਗ ਵਿਖਾਓ ਅਤੇ ਇਕੱਠੇ ਹੋਵੋ। ਪੰਜਾਬ ਦਾ ਭਵਿੱਖ ਬਚਾਉਣਾ ਤੇ ਰੁਸ਼ਨਾਉਣਾ ਤੁਹਾਡੀਆਂ ਪ੍ਰਧਾਨਗੀਆਂ ਨਾਲੋਂ ਵੱਧ ਜ਼ਰੂਰੀ ਹੈ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply