ਬੰਦੀ ਸਿੰਘਾਂ ਦੀ ਰਿਹਾਈ ਲਈ 29 ਅਗਸਤ ਨੂੰ ਅਰਦਾਸ ਸਮਾਗਮਾਂ ਵਿੱਚ ਵੱਡੀ ਗਿਣਤੀ ’ਚ ਸੰਗਤਾਂ ਪੁੱਜਣ—ਵਰਾਣਾ

ਬੰਦੀ ਸਿੰਘਾਂ ਦੀ ਰਿਹਾਈ ਲਈ 29 ਅਗਸਤ ਨੂੰ ਅਰਦਾਸ ਸਮਾਗਮਾਂ ਵਿੱਚ ਵੱਡੀ ਗਿਣਤੀ ’ਚ ਸੰਗਤਾਂ ਪੁੱਜਣ—ਵਰਾਣਾ

ਐਸਜੀਪੀਸੀ ਵੱਲੋਂ ਉਲੀਕੇ ਅਰਦਾਸ ਸਮਾਗਮ ਦੀ ਜਥੇਦਾਰ ਵਰਾਣਾ ਨੇ ਕੀਤੀ ਸ਼ਲਾਘਾ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ, 25 ਅਗਸਤ

ਸ਼੍ਰੋਮਣੀ ਅਕਾਲੀ ਦਲ ਦੀ ਪੀ.ਏ.ਸੀ. ਦੇ ਮੈਂਬਰ ਜਥੇਦਾਰ ਸਿਕੰਦਰ ਸਿੰਘ ਵਰਾਣਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਅਤੇ ਸਮੁੱਚੀ ਐਗਜ਼ੈਕਟਿਵ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ 29 ਅਗਸਤ ਨੂੰ ਇਤਿਹਾਸਿਕ ਗੁਰਦੁਆਰਿਆਂ ਸਮੇਤ ਵੱਖ-ਵੱਖ ਥਾਵਾਂ ’ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅਰਦਾਸ ਸਮਾਗਮ ਕਰਵਾਉਣ ਦਾ ਲਿਆ ਗਿਆ ਫੈਸਲਾ ਸ਼ਲਾਘਾਯੋਗ ਉਪਰਾਲਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਵਰਾਣਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਕਈ ਬੰਦੀ ਸਿੰਘ ਅਜੇ ਵੀ ਜੇਲ੍ਹਾਂ ਵਿੱਚ ਬੰਦ ਹਨ ਅਤੇ ਸਰਕਾਰਾਂ ਵੱਲੋਂ ਉਨ੍ਹਾਂ ਦੀ ਰਿਹਾਈ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਮਾਤਾ ਦੀ ਸਿਹਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਆਪਣੀ ਮਾਤਾ ਨਾਲ ਮੁਲਾਕਾਤ ਲਈ ਪੈਰੋਲ ਦੇਣ ਦੀ ਮੰਗ ਵੀ ਪੂਰੀ ਨਹੀਂ ਹੋਈ।
ਜਥੇਦਾਰ ਵਰਾਣਾ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਕੌਮ ਵੱਲੋਂ ਪਹਿਲਾਂ ਵੀ ਵੱਡੇ ਮਾਰਚ, ਧਰਨੇ ਅਤੇ ਮੋਰਚੇ ਲਗਾਏ ਜਾ ਚੁੱਕੇ ਹਨ, ਪਰ ਸਰਕਾਰਾਂ ਵੱਲੋਂ ਇਸ ਮਸਲੇ ਪ੍ਰਤੀ ਲੋੜੀਂਦੀ ਗੰਭੀਰਤਾ ਨਹੀਂ ਦਿਖਾਈ ਗਈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਸਭ ਤੋਂ ਵੱਡਾ ਹਥਿਆਰ ਗੁਰੂ ਸਾਹਿਬ ਅੱਗੇ ਕੀਤੀ ਜਾਣ ਵਾਲੀ ਅਰਦਾਸ ਹੈ ਅਤੇ ਪੂਰੀ ਆਸ ਹੈ ਕਿ ਗੁਰੂ ਸਾਹਿਬ ਬੰਦੀ ਸਿੰਘਾਂ ਨੂੰ ਜਲਦ ਰਿਹਾਈ ਅਤੇ ਚੜ੍ਹਦੀ ਕਲਾ ਬਖਸ਼ਣਗੇ।
ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ 29 ਅਗਸਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਿਕ ਗੁਰਦੁਆਰਿਆਂ, ਸਕੂਲਾਂ ਅਤੇ ਕਾਲਜਾਂ ਵਿੱਚ ਕਰਵਾਏ ਜਾ ਰਹੇ ਅਰਦਾਸ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰੂ ਸਾਹਿਬ ਅੱਗੇ ਅਰਦਾਸ ਕਰਨ।
ਜਥੇਦਾਰ ਵਰਾਣਾ ਨੇ ਕਿਹਾ ਕਿ ਜਿਨ੍ਹਾਂ ਸਿੰਘਾਂ ਨੇ ਕੌਮ ਲਈ ਆਪਣਾ ਜੀਵਨ ਸਮਰਪਿਤ ਕੀਤਾ ਅਤੇ ਅੱਜ ਵੀ ਜੇਲ੍ਹਾਂ ਵਿੱਚ ਬੰਦ ਹਨ, ਉਨ੍ਹਾਂ ਲਈ ਆਵਾਜ਼ ਬੁਲੰਦ ਕਰਨਾ ਹਰ ਸਿੱਖ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਲੀਕਿਆ ਗਿਆ ਇਹ ਅਰਦਾਸ ਸਮਾਗਮ ਸਮੁੱਚੀ ਸਿੱਖ ਕੌਮ ਨੂੰ ਇਕੱਠੇ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਦਾ ਮੌਕਾ ਪ੍ਰਦਾਨ ਕਰੇਗਾ।
ਉਨ੍ਹਾਂ ਇੱਕ ਵਾਰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਿੱਖ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਅਰਦਾਸ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.