ਸਿੱਖ ਵਿਰੋਧੀ ਕਾਨੂੰਨ ਅਤੇ ਸਿੱਖ ਵਿਰੋਧੀ ਸਰਕਾਰਾਂ...

ਸਿੱਖ ਵਿਰੋਧੀ ਕਾਨੂੰਨ ਅਤੇ ਸਿੱਖ ਵਿਰੋਧੀ ਸਰਕਾਰਾਂ...

1947 ਤੋਂ ਪਹਿਲਾਂ ਹਿੰਦੂ ਹਾਕਮ ਆਖਦੇ ਸਨ ਕਿ 'ਦੇਸ਼ ਦੀ ਅਜ਼ਾਦੀ ਤੋਂ ਬਾਅਦ ਕੋਈ ਵੀ ਅਜਿਹਾ ਕਾਨੂੰਨ ਪਾਸ ਨਹੀਂ ਕਰਾਂਗੇ ਜੋ ਸਿੱਖਾਂ ਨੂੰ ਮਨਜ਼ੂਰ ਨਹੀਂ ਹੋਏਗਾ' ਪਰ ਇਹ ਵਾਅਦੇ ਵਫ਼ਾ ਨਾ ਹੋਏ। ਸਿੱਖਾਂ ਨੂੰ ਕੁਝ ਪੁੱਛਣਾ-ਦੱਸਣਾ ਜਾਂ ਬਣਦੇ ਹੱਕ ਤਾਂ ਕੀ ਦੇਣੇ ਸੀ ਸਗੋਂ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਸਿੱਖਾਂ ਨੂੰ 'ਜ਼ਰਾਇਮ ਪੇਸ਼ਾ ਕੌਮ' ਐਲਾਨਦਿਆਂ ਇਹਨਾਂ ਉੱਤੇ ਕਰੜੀ ਨਿਗ੍ਹਾ ਰੱਖਣ ਲਈ ਕਹਿ ਦਿੱਤਾ। ਹਿੰਦੂ ਹਾਕਮ ਹੋ ਗਏ ਤੇ ਸਿੱਖ ਗ਼ੁਲਾਮ ਹੋ ਗਏ। ਹੁਣ ਤਾਂ ਹਰ ਕਾਨੂੰਨ ਸਿੱਖਾਂ ਵਿਰੁੱਧ ਹੀ ਪਾਸ ਹੁੰਦਾ ਹੈ, ਸਿੱਖਾਂ ਦੇ ਧਾਰਮਿਕ ਮਾਮਲਿਆਂ ਤੇ ਧਰਮ ਅਸਥਾਨਾਂ 'ਚ ਸਰਕਾਰਾਂ ਦੀ ਦਖਲ-ਅੰਦਾਜ਼ੀ ਹੁੰਦੀ ਹੈ, ਸੰਵਿਧਾਨ ਨੇ ਤਾਂ ਸਿੱਖਾਂ ਦੀ ਵੱਖਰੀ ਪਛਾਣ ਉੱਤੇ ਵੀ ਸਵਾਲੀਆ ਚਿੰਨ੍ਹ ਲਾਇਆ ਹੋਇਆ ਹੈ, ਸਿੱਖਾਂ ਦੇ ਜਜ਼ਬਾਤਾਂ ਤੇ ਭਾਵਨਾਵਾਂ ਨੂੰ ਹਰ ਰੋਜ਼ ਦਰੜਿਆ ਜਾਂਦਾ ਹੈ, ਕਾਲ਼ੇ ਕਾਨੂੰਨਾਂ ਰਾਹੀਂ ਸਿੱਖਾਂ ਦੇ ਹੱਕ-ਹਕੂਕ ਖੋਹੇ ਜਾਂਦੇ ਨੇ।
ਭਾਰਤ ਦੀ ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਸਿੱਖਾਂ ਦੇ ਹਿੱਸੇ ਫ਼ਾਂਸੀਆਂ ਦੇ ਰੱਸੇ, ਲੰਬੀਆਂ ਜੇਲ੍ਹਾਂ, ਅਨਮਨੁੱਖੀ ਤਸ਼ੱਦਦ, ਧਰਨੇ-ਮੁਜ਼ਾਹਰੇ, ਭੁੱਖ ਹੜਤਾਲਾਂ, ਮਾਰਚ-ਪ੍ਰਦਰਸ਼ਨ, ਸਰਕਾਰਾਂ ਵਿਰੁੱਧ ਵੱਡੇ-ਛੋਟੇ ਇਕੱਠ-ਰੈਲੀਆਂ, ਬਿਆਨਬਾਜ਼ੀਆਂ ਅਤੇ ਇੱਕ ਤੋਂ ਬਾਅਦ ਦੂਜਾ ਤੇ ਦੂਜੇ ਤੋਂ ਬਾਅਦ ਤੀਜਾ ਸੰਘਰਸ਼ ਹੀ ਸੰਘਰਸ਼ ਹੈ। ਹਰ ਰੋਜ਼ ਸਿੱਖਾਂ ਨੂੰ ਖ਼ੁਆਰੀ, ਨਿਰਾਸ਼ਾ, ਧੱਕੇਸ਼ਾਹੀ, ਬੇਇਨਸਾਫ਼ੀ ਤੇ ਜ਼ੁਲਮ ਝੱਲਣਾ ਪੈਂਦਾ ਹੈ। ਨਿਮਾਣਿਆਂ, ਨਿਤਾਣਿਆਂ ਤੇ ਲਤਾੜੇ ਹੋਏ ਲੋਕਾਂ ਨੂੰ ਖ਼ੁਦ ਇਨਸਾਫ਼ ਦੇਣ ਵਾਲ਼ੀ ਸਿੱਖ ਕੌਮ ਨੂੰ ਹਿੰਦੂਤਵੀਆਂ ਨੇ ਸੰਵਿਧਾਨਿਕ ਤੌਰ 'ਤੇ ਗ਼ੁਲਾਮ ਬਣਾ ਕੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕੀਤਾ ਹੋਇਆ ਹੈ। ਸਿੱਖ ਹੱਕ ਮੰਗਣ, ਸੰਘਰਸ਼ ਕਰਨ ਤਾਂ ਅੱਤਵਾਦੀ, ਦਹਿਸ਼ਤਗਰਦ, ਸ਼ਰਾਰਤੀ ਅਨਸਰ, ਪਾਕਿਸਤਾਨ ਦੇ ਪਿੱਠੂ ਤੇ ਦੇਸ਼ ਦੇ ਦੁਸ਼ਮਣ ਐਲਾਨ ਦਿੱਤੇ ਜਾਂਦੇ ਹਨ। ਸਿੱਖ ਹੋਣਾ ਇਸ ਦੇਸ਼ 'ਚ ਪਾਪ, ਜੁਰਮ, ਗੁਨਾਹ ਤੇ ਵੱਡਾ ਕਸੂਰ ਬਣ ਗਿਆ ਹੈ।
ਹਿੰਦੂਤਵੀ/ਭਾਰਤੀ ਹਾਕਮਾਂ ਦਾ ਸਿੱਧਾ ਜਿਹਾ ਫਾਰਮੂਲਾ ਹੈ ਕਿ ਸਿੱਖ ਸਾਡੀ ਈਨ ਮੰਨਣ, ਅਸੀਂ ਜੋ ਕੁਝ ਵੀ ਕਰਦੇ ਹਾਂ ਉਹ ਸਿੱਖਾਂ ਦੇ ਭਲੇ ਲਈ ਕਰਦੇ ਹਾਂ ਪਰ ਸਿੱਖ ਤਾਂ ਮੂਰਖ ਹਨ ਜੋ ਇਹਨਾਂ ਨੂੰ ਸਮਝ ਹੀ ਨਹੀਂ ਲੱਗਦੀ ਤੇ ਇਹ ਭਾਰਤ ਵਿਰੋਧੀ ਤਾਕਤਾਂ ਦੇ ਪਿੱਛੇ ਲੱਗ ਕੇ ਸਾਡਾ ਵਿਰੋਧ ਕਰਦੇ ਹਨ, ਉਹ ਆਖਦੇ ਹਨ ਕਿ ਤੁਹਾਡੇ ਗੁਰੂ ਵੀ ਹਿੰਦੂ ਸਨ ਤੇ ਤੁਸੀਂ ਵੀ ਕੇਸਾਧਾਰੀ ਹਿੰਦੂ ਹੋ, ਤੁਹਾਡਾ ਕੰਮ ਸਿਰਫ਼ ਹਿੰਦੂਆਂ ਤੇ ਦੇਸ਼ ਦੀ ਰਾਖੀ ਕਰਨਾ ਸੀ ਤੇ ਉਹ ਸਮਾਂ ਨਿਕਲ ਗਿਆ ਹੈ, ਹੁਣ ਤੁਸੀਂ ਸਾਡੇ ਹਿਸਾਬ ਨਾਲ਼ ਚੱਲੋ। ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਡੇ ਲਈ ਕੀ ਚੰਗਾ ਤੇ ਕੀ ਮਾੜਾ ਹੈ, ਤੁਸੀਂ ਕੀ ਖਾਣਾ ਤੇ ਕੀ ਪਹਿਨਣਾ ਹੈ, ਤੁਸੀਂ ਕਿੱਥੇ ਜਾਣਾ ਤੇ ਕਿੱਥੇ ਮਨਾਹੀ ਹੈ, ਤੁਸੀਂ ਕੀਹਨੂੰ ਨਾਇਕ ਤੇ ਕੀਹਨੂੰ ਖਲਨਾਇਕ ਮੰਨਣਾ ਹੈ, ਤੁਸੀਂ ਕੀਹਦੇ ਨਾਲ਼ ਸੰਬੰਧ ਰੱਖਣਾ ਤੇ ਕੀਹਦੇ ਨਾਲ਼ ਤੋੜਨਾ ਹੈ, ਤੁਸੀਂ ਕਦੋਂ ਕਿਰਪਾਨ ਪਾਉਣੀ ਤੇ ਕਦੋਂ ਲਾਹੁਣੀ ਹੈ ਤੇ ਕੀਹਨੂੰ ਪੂਜਣਾ ਤੇ ਕੀਹਨੂੰ ਨਹੀਂ ਮੰਨਣਾ ਹੈ।
ਸਿੱਖਾਂ ਦੇ ਧਰਮ ਸਥਾਨਾਂ ਅਤੇ ਸਿੱਖ ਮਸਲਿਆਂ ਉੱਤੇ ਹਿੰਦੂਤਵੀ ਸਰਕਾਰਾਂ ਖ਼ੁਦ ਹੀ ਆਪਣੀ ਮਨਮਰਜ਼ੀ ਦਾ ਕਾਨੂੰਨ ਥੋਪ ਦਿੰਦੀਆਂ ਹਨ ਤੇ ਸਿੱਖਾਂ ਨੂੰ ਕਹਿਣਾ ਪੈਂਦਾ ਹੈ ਕਿ ਕਾਨੂੰਨ ਏੱਦਾਂ ਨਹੀਂ ਇੱਦਾਂ ਬਣਾਓ, ਆਹ ਰੱਦ ਕਰੋ, ਆਹ ਸੋਧ ਕਰੋ, ਸਿੱਖਾਂ ਨੂੰ ਸੰਘਰਸ਼ ਕਰਕੇ ਸਰਕਾਰਾਂ ਨੂੰ ਫ਼ੈਸਲੇ ਬਦਲਣ ਲਈ ਮਜ਼ਬੂਰ ਕਰਨਾ ਪੈਂਦਾ ਹੈ। ਜੇ ਸਿੱਖਾਂ ਦਾ ਆਪਣਾ ਰਾਜ-ਭਾਗ, ਆਪਣਾ ਮੁਲਕ ਤੇ ਆਪਣੇ ਕੋਲ ਤਾਕਤ ਹੋਵੇ ਤਾਂ ਫਿਰ ਅਜਿਹੀਆਂ ਮੁਸੀਬਤਾਂ ਸਹੇੜਨੀਆਂ ਹੀ ਨਾ ਪੈਣ। ਪਰ ਸਾਡੇ ਬਥੇਰੇ ਧਾਰਮਿਕ ਆਗੂ ਤੇ ਸਿਆਸੀ ਆਗੂ ਇਹਨਾਂ ਫ਼ਿਰਕੂ ਹਿੰਦੂਤਵੀਆਂ ਦੇ ਤਲਵੇ ਚੱਟਦੇ ਫਿਰਦੇ ਹਨ। ਅਜਿਹੇ ਬੇਜ਼ਮੀਰੇ ਆਗੂਆਂ ਨੂੰ ਇਸੇ ਕਰਕੇ ਅਣਖੀਲੇ ਸਿੱਖ ਲਾਹਣਤਾਂ ਪਾਉਂਦੇ ਹਨ। ਦੁਸ਼ਮਣ ਦੇ ਕੁਹਾੜੇ ਦਾ ਦਸਤਾ ਬਣੇ ਅਖੌਤੀ ਸਿੱਖਾਂ ਨੂੰ ਪਤਾ ਨਹੀਂ ਕਦੋਂ ਅਕਲ ਆਵੇਗੀ।
ਸਿੱਖਾਂ ਉੱਤੇ ਯੂ.ਏ.ਪੀ.ਏ., ਐੱਨ.ਐੱਸ.ਏ., ਟੈਰਰ ਫੰਡਿੰਗ, ਹੇਟ ਸਪੀਚ, ਦੇਸ਼ ਧ੍ਰੋਹ, ਦੇਸ਼ ਵਿਰੁੱਧ ਜੰਗ ਛੇੜਨ ਤੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਦੇ ਕੇਸ ਪਾਏ ਜਾਂਦੇ ਹਨ, ਧਾਰਮਿਕ ਕਿਤਾਬਾਂ ਰੱਖਣ ਕਾਰਨ ਹੀ ਉਮਰ ਕੈਦ ਹੋ ਜਾਂਦੀ ਹੈ, ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਉਠਾਉਣ ਕਾਰਨ ਬੰਦੀ ਬਣਾ ਦਿੱਤਾ ਜਾਂਦਾ ਹੈ, ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਨਾਲ ਮਾਰੀ ਜਾ ਰਹੀ ਹੈ, ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰਿਆਂ ਵਿੱਚ ਪੰਜਾਬੀ ਬੋਲੀ ਨੂੰ ਛੁਟਿਆਇਆ ਜਾਂਦਾ ਹੈ, ਕਿਸਾਨੀ ਅਤੇ ਅਧਿਆਪਕ ਸੜਕਾਂ 'ਤੇ ਰੁਲ ਰਹੇ ਨੇ, ਪੰਜਾਬ ਦੀਆਂ ਜਮੀਨਾਂ ਅਤੇ ਕਾਰੋਬਾਰਾਂ 'ਤੇ ਪ੍ਰਵਾਸੀਆਂ ਦਾ ਕਬਜਾ ਹੋ ਰਿਹਾ, ਸਿੱਖ ਹੋਮਲੈਂਡ ਪੰਜਾਬ ਉੱਤੇ ਖਤਰੇ ਦੀ ਘੰਟੀ ਲਗਾਤਾਰ ਵੱਜ ਰਹੀ ਹੈ, ਆਮ ਸਿੱਖ ਅਤੇ ਪੰਥ ਦਰਦੀ ਤਾਂ ਹੱਥ-ਪੈਰ ਮਾਰ ਰਹੇ ਹਨ ਪਰ ਪੰਜਾਬ ਨੂੰ ਧਾਰਮਿਕ ਤੇ ਸਿਆਸੀ ਭੇਖ 'ਚ ਚਿੰਬੜੀਆਂ ਕੁਝ ਜੋਕਾਂ ਕਿਸੇ ਪਾਸੇ ਨਹੀਂ ਲੱਗਣ ਦੇ ਰਹੀਆਂ।
ਪਹਿਲਾਂ ਦਿੱਲੀ ਦੀਆਂ ਬਰੂਹਾਂ 'ਤੇ ਬੈਠ ਕੇ ਕਾਲ਼ੇ ਖੇਤੀ ਕਾਨੂੰਨ ਰੱਦ ਕਰਵਾਏ, ਫਿਰ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਬਚਾਉਣ ਲਈ ਸੰਘਰਸ਼ ਕਰਨਾ ਪਿਆ, ਹੁਣ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਕਾਨੂੰਨ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥਕ ਜਥੇਬੰਦੀਆਂ ਨੂੰ ਜੂਝਣਾ ਪੈ ਰਿਹਾ ਹੈ ਤੇ ਮਹਾਂਰਾਸ਼ਟਰ ਦੀ ਭਾਜਪਾਈ ਸਰਕਾਰ ਵੀ ਨਵਾਂ ਕਾਨੂੰਨ ਲਿਆ ਕੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਉੱਤੇ ਸਿੱਧਾ ਕਬਜਾ ਕਰਨਾ ਚਾਹੁੰਦੀ ਹੈ ਤੇ ਸਰਕਾਰਾਂ ਨੂੰ ਸਿੱਖ ਨੁੰਮਾਇੰਦੇ ਹਾਲ-ਦੋਹਾਈ ਪਾ ਰਹੇ ਨੇ ਕਿ ਸਾਡੇ ਮਾਮਲਿਆਂ 'ਚ ਕਾਨੂੰਨ ਬਣਾਉਣ ਤੋਂ ਪਹਿਲਾਂ ਸਾਡੀ ਸਲਾਹ ਤਾਂ ਲੈ ਲਵੋ ਪਰ ਸਰਕਾਰਾਂ ਫਿਰ ਵੀ ਸਾਜ਼ਿਸ਼ਾਂ ਤੋਂ ਬਾਜ ਨਹੀਂ ਆ ਰਹੀਆਂ। ਰੋਜ਼-ਰੋਜ਼ ਜ਼ਲੀਲ ਹੋਣ ਨਾਲ਼ੋਂ ਸਿੱਖਾਂ ਨੂੰ ਇਕੱਠੇ ਹੋ ਕੇ ਇੱਕ ਪਾਸਾ ਕਰ ਲੈਣਾ ਚਾਹੀਦਾ ਹੈ, ਜਦੋਂ ਤਕ ਸਿੱਖ ਬਾਬਿਆਂ ਤੇ ਸਿੱਖਾਂ ਦੇ ਸਿਆਸੀ ਆਗੂਆਂ ਦੇ ਪੱਲੇ ਇਹ ਗੱਲ ਨਹੀਂ ਪੈਂਦੀ ਓਦੋਂ ਤਕ ਸਿੱਖਾਂ ਨੂੰ ਇਸੇ ਤਰ੍ਹਾਂ ਜ਼ਲਾਲਤ ਝੱਲਣੀ ਪਵੇਗੀ।

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.