ਪੰਜਾਬ ਦੀ ਮਿਨੀ ਰਾਜਧਾਨੀ ਮੋਹਾਲੀ ਸ਼ਹਿਰ 'ਚ ਦਰੱਖਤਾਂ ਦੀ ਕਟਾਈ ਖ਼ਿਲਾਫ਼ ਵਾਤਾਵਰਨ ਪ੍ਰੇਮੀ ਹੋਏ ਇੱਕ ਮੰਚ 'ਤੇ ਇਕੱਤਰ
- ਰਾਜਨੀਤੀ
- (Asia/Kolkata)
ਪੁੱਡਾ-ਗਮਾਡਾ ਨੂੰ ਦਿੱਤੀ ਲਿਖਤੀ ਸ਼ਿਕਾਇਤ : ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ
ਫਿਨਿਕਸ ਮਾਲ ਵੱਲੋਂ ਗੁਰਦੁਆਰਾ ਅੰਬ ਸਾਹਿਬ ਦੇ ਇਤਿਹਾਸਕ ਅੰਬਾਂ ਦੇ ਦਰੱਖਤਾਂ ਨੂੰ ਕੱਟਣ ਮਗਰੋਂ ਨੇਚਰ ਪਾਰਕ 'ਚ ਦਰੱਖਤਾਂ ਦੀ ਕਟਾਈ, ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼ ਦਾ ਮਾਮਲਾ ਆਇਆ ਸਾਹਮਣੇ : ਐਡਵੋਕੇਟ ਮਨਜੀਤ ਸਿੰਘ ਝੁਲਬੱਟੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 2 ਸਤੰਬਰ (ਮੰਗਤ ਸਿੰਘ ਸੈਦਪੁਰ) : ਵਾਤਾਵਰਨ ਅਤੇ ਕੁਦਰਤ ਪ੍ਰੇਮੀਆਂ ਵੱਲੋਂ ਮੋਹਾਲੀ ਵਿੱਚ ਦਰੱਖਤਾਂ ਦੀ ਕਥਿਤ ਤੌਰ ’ਤੇ ਹੋ ਰਹੀ ਕਟਾਈ ਅਤੇ ਕੁਦਰਤੀ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਦੇ ਵਿਰੋਧ ਵਿੱਚ ਇੱਕ ਮੰਚ ’ਤੇ ਇਕੱਠੇ ਹੋ ਕੇ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਵਾਤਾਵਰਨ ਪ੍ਰੇਮੀਆਂ ਵੱਲੋਂ ਪੁੱਡਾ-ਗਮਾਡਾ ਦੇ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦੇ ਕੇ ਦਰੱਖਤਾਂ ਦੀ ਸੁਰੱਖਿਆ ਅਤੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਐੱਸ.ਸੀ./ਬੀ.ਸੀ. ਮਹਾਪੰਚਾਇਤ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਫੇਜ਼-8 ਵਿੱਚ ਬਣ ਰਹੇ ਫਿਨਿਕਸ ਮਾਲ ਦੇ ਮਾਲਕਾਂ ਵੱਲੋਂ ਗੁਰਦੁਆਰਾ ਅੰਬ ਸਾਹਿਬ ਦੇ ਨੇੜੇ ਸਥਿਤ ਇਤਿਹਾਸਕ ਅੰਬਾਂ ਦੇ ਦਰੱਖਤਾਂ ਨੂੰ ਕਥਿਤ ਤੌਰ ’ਤੇ ਬੇਰਹਿਮੀ ਨਾਲ ਕੱਟਿਆ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਹਿਲਾਂ ਵੀ ਸੰਬੰਧਿਤ ਵਿਭਾਗਾਂ ਅਤੇ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ, ਪਰ ਉਨ੍ਹਾਂ ਦੇ ਅਨੁਸਾਰ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਾ ਹੋਣ ਕਾਰਨ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਲੈ ਕੇ ਜਾਣਾ ਪਿਆ। ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਕਰਦਿਆਂ ਮਾਣਯੋਗ ਅਦਾਲਤ ਵੱਲੋਂ 21 ਨਵੰਬਰ 2025 ਨੂੰ ਪੰਜਾਬ ਵਿੱਚ ਦਰੱਖਤਾਂ ਦੀ ਕਟਾਈ ਸਬੰਧੀ ਸਟੇਅ ਦੇ ਹੁਕਮ ਜਾਰੀ ਕੀਤੇ ਗਏ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਦੇ ਬਾਵਜੂਦ ਦਰੱਖਤਾਂ ਅਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਦੀਆਂ ਕਾਰਵਾਈਆਂ ਜਾਰੀ ਹਨ ਅਤੇ ਅੱਜ ਤੱਕ ਸਬੰਧਿਤ ਮਾਲਕਾਂ ਜਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਦਰੱਖਤਾਂ ਅਤੇ ਵਾਤਾਵਰਨ ਦੀ ਰੱਖਿਆ ਲਈ ਸੰਘਰਸ਼ ਜਾਰੀ ਰਹੇਗਾ। ਬਲਵਿੰਦਰ ਸਿੰਘ ਕੁੰਭੜਾ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਅਦਾਲਤੀ ਹੁਕਮਾਂ ਦੀ ਪਾਲਣਾ ਯਕੀਨੀ ਨਹੀਂ ਬਣਾਈ ਜਾਂਦੀ ਤਾਂ ਕੰਟੈਂਪਟ ਆਫ਼ ਕੋਰਟ (ਅਦਾਲਤੀ ਹੁਕਮਾਂ ਦੀ ਉਲੰਘਣਾ) ਦੀ ਕਾਰਵਾਈ ਸ਼ੁਰੂ ਕਰਨ ਲਈ ਕਾਨੂੰਨੀ ਕਦਮ ਚੁੱਕੇ ਜਾਣਗੇ। ਇਸ ਮੌਕੇ ਐਡਵੋਕੇਟ ਮਨਜੀਤ ਸਿੰਘ ਝੁਲਬੱਟੀ ਨੇ ਕਿਹਾ ਕਿ ਮੋਹਾਲੀ ਦੇ ਨੇਚਰ ਪਾਰਕ ਵਿੱਚ ਵੱਡੀ ਗਿਣਤੀ ਵਿੱਚ ਲੋਕ ਰੋਜ਼ਾਨਾ ਸੈਰ ਕਰਨ ਲਈ ਆਉਂਦੇ ਹਨ। ਨੇਚਰ ਪਾਰਕ ਵਿੱਚ ਕਥਿਤ ਤੌਰ ’ਤੇ ਦਰੱਖਤਾਂ ਦੀ ਕਟਾਈ ਅਤੇ ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼ ਸਬੰਧੀ ਮਾਮਲਾ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਫਿਨਿਕਸ ਮਾਲ ਦੇ ਮਾਲਕਾਂ ਅਤੇ ਠੇਕੇਦਾਰ ਵੱਲੋਂ ਨੇਚਰ ਪਾਰਕ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕਥਿਤ ਕੋਸ਼ਿਸ਼ ਕੀਤੀ ਗਈ ਅਤੇ ਇਸ ਦੌਰਾਨ ਕਈ ਦਰੱਖਤ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਸੈਰ ਕਰਨ ਵਾਲੇ ਲੋਕਾਂ ਵੱਲੋਂ ਪੁੱਡਾ-ਗਮਾਡਾ ਦੇ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਰੱਖਿਆ ਅਤੇ ਕੁਦਰਤੀ ਸਰੋਤਾਂ ਨੂੰ ਬਚਾਉਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਐੱਸ.ਸੀ./ਬੀ.ਸੀ. ਮਹਾਪੰਚਾਇਤ ਦੇ ਚੱਲ ਰਹੇ ਮੋਰਚੇ ਦੀ ਹਮਾਇਤ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਜੇਕਰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਜਾਂ ਕਾਨੂੰਨੀ ਖ਼ਰਚੇ ਦੀ ਲੋੜ ਪੈਂਦੀ ਹੈ ਤਾਂ ਉਹ ਮੋਰਚੇ ਦੇ ਨਾਲ ਖੜ੍ਹੇ ਰਹਿਣਗੇ। ਵਾਤਾਵਰਨ ਪ੍ਰੇਮੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦਰੱਖਤਾਂ ਦੀ ਕਟਾਈ ਅਤੇ ਕੁਦਰਤੀ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਸਬੰਧੀ ਸ਼ਿਕਾਇਤਾਂ ਦੀ ਨਿਰਪੱਖ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ਅਤੇ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ। ਇਸ ਮੌਕੇ ਮੋਰਚੇ ਤੇ ਸੀਨੀਅਰ ਆਗੂ ਕਰਮ ਸਿੰਘ ਕੁਰੜੀ, ਮਾਸਟਰ ਬਨਵਾਰੀ ਲਾਲ, ਗੁਰਵਿੰਦਰ ਸਿੰਘ, ਬੱਬਲ ਚੋਪੜਾ, ਨਿਹੰਗ ਸਿੰਘ ਬਾਪੂ ਲਾਭ ਸਿੰਘ ਮਟਕ ਚੌਂਕ, ਬੀਬੀ ਪਰਮਜੀਤ ਕੌਰ, ਸੁਰਿੰਦਰ ਸਿੰਘ, ਮਲਕੀਤ ਸਿੰਘ ਅਤੇ ਰਾਜੂ ਸਮੇਤ ਹੋਰ ਵਾਤਾਵਰਨ ਪ੍ਰੇਮੀ ਅਤੇ ਸਮਾਜਿਕ ਕਾਰਕੁਨ ਹਾਜ਼ਰ ਸਨ।
Leave a Reply