ਐ ਸਰਕਾਰੇ! ਸਿੱਖ ਪਰਚਿਆਂ ਅਤੇ ਜੇਲ੍ਹਾਂ ਤੋਂ ਨਹੀਂ ਡਰਦੇ...

ਐ ਸਰਕਾਰੇ! ਸਿੱਖ ਪਰਚਿਆਂ ਅਤੇ ਜੇਲ੍ਹਾਂ ਤੋਂ ਨਹੀਂ ਡਰਦੇ...

ਸਿੱਖਾਂ ਲਈ ਨਾ ਪਰਚੇ ਨਵੇਂ ਨੇ, ਨਾ ਜੇਲ੍ਹਾਂ। ਨਾ ਸਿੱਖ ਪਹਿਲਾਂ ਡਰੇ ਸੀ, ਨਾ ਹੁਣ ਡਰਨਗੇ। ਆਪਣੇ ਹੱਕਾਂ ਲਈ ਸਿੱਖ ਪਹਿਲਾਂ ਵੀ ਲੜਦੇ ਸੀ ਤੇ ਅਗਾਂਹ ਵੀ ਲੜਨਗੇ। ਹਕੂਮਤ ਦੀਆਂ ਕੈਦਾਂ ਵਿੱਚ ਰਹਿਣਾ ਅਸੀਂ ਗੁਰੂ ਨਾਨਕ ਸਾਹਿਬ ਜੀ ਤੋਂ ਸਿੱਖਿਆ ਹੈ ਉਹਨਾਂ ਨੇ ਵੀ ਤਾਂ ਬਾਬਰ ਦੇ ਐਮਨਾਬਾਦ 'ਤੇ ਕੀਤੇ ਹਮਲੇ ਦਾ ਵਿਰੋਧ ਕੀਤਾ ਸੀ, ਬਾਬਰ ਨੂੰ ਜਾਬਰ ਆਖਿਆ ਸੀ ਤੇ ਬਾਬਰ ਦੀ ਕੈਦ ਵਿੱਚ ਚੱਕੀ ਪੀਸੀ ਸੀ। ਗੁਰੂ ਨਾਨਕ ਸਾਹਿਬ ਦੀ ਸਿੰਘ ਗਰਜ ਅਤੇ ਸੰਘਰਸ਼ ਨੂੰ ਬਾਕੀ ਗੁਰੂ ਸਾਹਿਬਾਨਾਂ ਤੇ ਸਿੱਖਾਂ ਨੇ ਹਮੇਸ਼ਾਂ ਜਾਰੀ ਰੱਖਿਆ ਹੈ।

ਪੰਜਵੇਂ ਪਾਤਸ਼ਾਹ ਜੀ ਨੇ ਹਕੂਮਤ ਦੀ ਕੈਦ ਵਿੱਚ ਤੱਤੀ ਤਵੀ 'ਤੇ ਬਹਿ ਕੇ ਸ਼ਹੀਦੀ ਪਾਈ, ਜ਼ਾਲਮ ਉਹਨਾਂ ਦਾ ਸਬਰ ਵੇਖਦਾ ਰਹਿ ਗਿਆ। ਛੇਵੇਂ ਪਾਤਸ਼ਾਹ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਰਹੇ ਤੇ ਜਹਾਂਗੀਰ ਨੂੰ ਉਹਨਾਂ ਅੱਗੇ ਝੁਕਣਾ ਪਿਆ। ਨੌਵੇਂ ਪਾਤਸ਼ਾਹ ਜੀ ਵੀ ਹਕੂਮਤਾਂ ਨਾਲ ਟਕਰਾਉਂਦੇ ਰਹੇ, ਇਹ ਸਲਾਖਾਂ ਅਤੇ ਸ਼ਹੀਦੀਆਂ ਉਹਨਾਂ ਨੂੰ ਅਕੀਦੇ ਤੋਂ ਡੁਲਾ ਨਾ ਸਕੀਆਂ।

ਦਸਵੇਂ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਅੰਮ੍ਰਿਤਧਾਰੀ ਤੇ ਸ਼ਸਤਰਧਾਰੀ ਕਰਕੇ ਸੰਤ-ਸਿਪਾਹੀ ਬਣਾਇਆ ਤੇ ਹਰ ਜਬਰ-ਜ਼ੁਲਮ ਦੇ ਟਾਕਰੇ ਲਈ ਤਿਆਰ-ਬਰ-ਤਿਆਰ ਕੀਤਾ। ਇਸ ਖ਼ਾਲਸੇ ਨੇ ਸਦੀਆਂ ਤੋਂ ਕਾਬਜ਼ ਮੁਗਲ ਹਕੂਮਤ ਦਾ ਤਖ਼ਤਾ ਪਲਟਾਉਣ ਲੱਗਿਆਂ ਦੇਰ ਨਾ ਲਾਈ ਤੇ ਖ਼ਾਲਸਾ ਰਾਜ ਦੇ ਝੰਡੇ ਗੱਡ ਕੇ ਸੱਚੀ ਹਕੂਮਤ ਕਰਕੇ ਵਿਖਾਈ ਤੇ ਹਰ ਇੱਕ ਨਾਲ਼ ਇਨਸਾਫ਼ ਕੀਤਾ।

ਗੁਰਦਾਸ ਨੰਗਲ ਦੀ ਗੜ੍ਹੀ ਦਾ ਘੇਰਾ ਅਤੇ ਦਿੱਲੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਮੂਰਾਂ ਨਾਲ ਨੋਚਣਾ, ਉਹਨਾਂ ਦੇ ਬੱਚੇ ਦਾ ਅੱਖਾਂ ਸਾਹਵੇਂ ਦਿਲ ਕੱਢਣਾ ਉਹਨਾਂ ਨੂੰ ਸਿੱਖੀ ਤੋਂ ਥਿੜਕਾ ਨਾ ਸਕਿਆ। ਇਸੇ ਲਈ ਗੁਰੂ ਸਾਹਿਬਾਨਾਂ ਨੇ ਸਿੰਘਾਂ ਵਿੱਚ ਹਰ ਸਮੇਂ ਸਬਰ ਅਤੇ ਸੂਰਬੀਰਤਾ ਭਰੀ ਸੀ।

ਫ਼ਰੁਖ਼ਸੀਅਰ, ਜ਼ਕਰੀਆ ਖ਼ਾਂ, ਮੀਰ ਮੰਨੂ, ਅਬਦਾਲੀ, ਜਸਪਤ ਰਾਏ, ਲਖਪਤ ਰਾਏ ਅਤੇ ਅੰਗਰੇਜ਼ ਹਾਕਮਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸਿੱਖ, ਸੰਘਰਸ਼ ਕਰਦੇ ਰਹੇ। ਸਿੱਖਾਂ ਦੀ ਧੌਣ ਝੁਕਾਉਣ ਵਿੱਚ ਕੋਈ ਸਫ਼ਲ ਨਾ ਹੋ ਸਕਿਆ। ਸਿੱਖਾਂ ਨੇ ਹਰ ਮੋਰਚੇ ਅਤੇ ਸੰਘਰਸ਼ ਵਿੱਚ ਸਿੱਖੀ ਦੇ ਝੰਡੇ ਬੁਲੰਦ ਕੀਤੇ।

1947 ਤੋਂ ਭਾਰਤੀ-ਹਿੰਦੂ ਹਾਕਮ ਸਿੱਖਾਂ ਉੱਤੇ ਕਹਿਰ ਕਰ ਰਹੇ ਹਨ। 10 ਅਕਤੂਬਰ 1947 ਨੂੰ ਸਿੱਖਾਂ ਨੂੰ 'ਜਰਾਇਮ ਪੇਸ਼ਾ ਕੌਮ' ਕਹਿਣਾ ਵੀ ਸਿੱਖਾਂ ਉੱਤੇ ਇੱਕ ਮੁਕੱਦਮਾ ਹੀ ਸੀ। ਪੰਜਾਬੀ ਸੂਬੇ ਮੋਰਚੇ ਦੇ ਸੰਘਰਸ਼ ਵਿੱਚ ਹਜ਼ਾਰਾਂ ਸਿੱਖ ਜੇਲ੍ਹਾਂ ਵਿੱਚ ਗਏ, ਧਰਮ ਯੁੱਧ ਮੋਰਚੇ ਦੌਰਾਨ ਵੀ ਧਰਮੀ ਸਿੱਖਾਂ ਨੇ ਜੇਲ੍ਹਾਂ ਭਰ ਦਿੱਤੀਆਂ, ਸਿੱਖਾਂ ਨੂੰ ਨਾ ਤਾਂ ਜੇਲ੍ਹਾਂ ਤੋਂ ਡਰ ਲੱਗਦਾ ਹੈ, ਨਾ ਸ਼ਹੀਦੀਆਂ ਤੋਂ। ਜੂਨ 1984 ਵਿੱਚ ਭਾਰਤੀ ਫ਼ੌਜ ਸ੍ਰੀ ਦਰਬਾਰ ਸਾਹਿਬ ਉੱਤੇ ਚੜ੍ਹ ਕੇ ਆਈ ਤਾਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ 'ਚ ਸਿੰਘਾਂ ਨੇ ਆਪਣੇ ਗੁਰਧਾਮਾਂ ਦੀ ਰੱਖਿਆ ਲਈ ਭਾਰਤੀ ਹਕੂਮਤ ਨੂੰ ਲੋਹੇ ਦੇ ਚਣੇ ਚਬਾਉਂਦਿਆਂ ਹੱਸ-ਹੱਸ ਸ਼ਹੀਦੀਆਂ ਪਾਈਆਂ।

ਜ਼ੁਲਮ ਦੇ ਖ਼ਾਤਮੇ ਲਈ ਭਾਈ ਦਿਲਾਵਰ ਸਿੰਘ ਤਾਂ ਖ਼ੁਦ ਆਪਣੇ ਸਰੀਰ ਨਾਲ ਬੰਬ ਬੰਨ੍ਹ ਕੇ ਮੁੱਖ ਮੰਤਰੀ ਬਿਅੰਤੇ ਬੁੱਚੜ ਨੂੰ ਚੀਥੜੇ-ਚੀਥੜੇ ਕਰ ਗਏ ਤੇ ਜੇਕਰ ਅੱਜ ਭਾਰਤੀ ਹਾਕਮਾਂ ਨੂੰ ਲੱਗਦਾ ਹੈ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਗੁਰਮੀਤ ਸਿੰਘ ਇੰਜੀਨੀਅਰ, ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ ਸ਼ਮਸ਼ੇਰ ਸਿੰਘ, ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਗੁਰਦੀਪ ਸਿੰਘ ਖੈੜਾ ਨੂੰ ਉਹ ਝੁਕਾ ਲੈਣਗੇ ਤਾਂ ਇਹ ਉਹਨਾਂ ਦਾ ਭੁਲੇਖਾ ਹੈ।

ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਦੇ ਸਿੱਖ ਆਗੂਆਂ 'ਤੇ ਪਰਚੇ ਦਰਜ ਕਰਕੇ ਅਤੇ ਉਹਨਾਂ ਨੂੰ ਜੇਲ੍ਹਾਂ ਵਿੱਚ ਤੁੰਨ ਕੇ ਸਰਕਾਰ ਨੂੰ ਲੱਗਦਾ ਹੈ ਕਿ ਉਹ ਸੰਘਰਸ਼ ਨੂੰ ਦਬਾ ਲੈਣਗੇ, ਸਿੱਖਾਂ ਨੂੰ ਡਰਾ ਲੈਣਗੇ ਤਾਂ ਇਹ ਉਹਨਾਂ ਦਾ ਵਹਿਮ ਹੈ। ਹੱਕ, ਸੱਚ, ਇਨਸਾਫ਼ ਅਤੇ ਅਜ਼ਾਦੀ ਦੀ ਆਵਾਜ਼ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ, ਪੰਥ ਦੀ ਚੜ੍ਹਦੀ ਕਲਾ, ਬਾਣੀ-ਬਾਣੇ ਦੀ ਸਲਾਮਤੀ, ਬੰਦੀ ਸਿੰਘਾਂ ਦੀ ਰਿਹਾਈ, ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਅਤੇ ਕੌਮੀ ਘਰ ਖ਼ਾਲਿਸਤਾਨ ਦੀ ਅਜ਼ਾਦੀ ਲਈ ਤਾਂ ਭਾਰਤੀ ਹਕੂਮਤ ਦੀਆਂ ਗੋਲ਼ੀਆਂ ਅੱਗੇ ਸਿੱਖ ਆਪਣੇ ਸੀਨੇ ਵੀ ਚੌੜੇ ਕਰ ਦੇਣਗੇ। ਭਾਰਤੀ ਹਕੂਮਤ ਤਾਂ ਕੀ, ਦੁਨੀਆਂ ਦੀ ਕੋਈ ਵੀ ਤਾਕਤ ਸਿੱਖਾਂ ਨੂੰ ਦਬਾਅ, ਝੁਕਾਅ ਅਤੇ ਡਰਾ ਨਹੀਂ ਸਕਦੀ।

ਅੱਜ ਭਾਰਤੀ ਹਾਕਮਾਂ ਵੱਲੋਂ ਲੋਕਾਂ ਉੱਤੇ ਕੀਤੇ ਜਾ ਰਹੇ ਜ਼ੁਲਮਾਂ ਅਤੇ ਧੱਕੇਸ਼ਾਹੀਆਂ ਅੱਗੇ ਸਾਰਾ ਭਾਰਤ ਸੁੱਤਾ ਪਿਆ ਹੈ ਪਰ ਪੰਜਾਬ ਉਬਲਦਾ, ਖੌਲਦਾ, ਜੂਝਦਾ ਅਤੇ ਗਰਜਦਾ ਪਿਆ ਹੈ, ਹਰ ਰੋਜ਼ ਹਕੂਮਤ ਨੂੰ ਵੰਗਾਰਦਾ ਹੈ। ਹਰ ਰੋਜ਼ ਵੱਖਰੇ-ਵੱਖਰੇ ਮੁੱਦਿਆਂ ਅਤੇ ਫ਼ੈਸਲਿਆਂ ਉੱਤੇ ਧਰਨੇ, ਮੁਜ਼ਾਹਰੇ ਤੇ ਸੰਘਰਸ਼ ਜਾਰੀ ਹਨ। ਏਹੀ ਸਾਡੀ ਵੱਖਰੀ ਪਛਾਣ ਹੈ। ਅਸੀਂ ਬਾਗ਼ੀਆਂ ਦੇ ਵਾਰਿਸ ਹਾਂ। ਬਾਗ਼ੀ ਜਾਂ ਬਾਦਸ਼ਾਹ ਸਾਡਾ ਸਿਧਾਂਤ ਹੈ।

 ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.