ਸਿੱਖਾਂ ਨੂੰ ਸਨਾਤਨੀ ਤੇ ਕੇਸਾਧਾਰੀ ਹਿੰਦੂ ਬਣਾਉਣ ਦੀ ਸਾਜ਼ਿਸ਼
- ਰਾਜਨੀਤੀ
- 24 Mar, 2026 07:43 PM (Asia/Kolkata)
ਸਿੱਖਾਂ ਦੀ ਵੱਖਰੀ ਪਛਾਣ ਖ਼ਤਮ ਕਰਨ ਲਈ ਬੜੇ ਹਮਲੇ ਹੋ ਰਹੇ ਨੇ। ਭਾਰਤ ਸਰਕਾਰ ਅਤੇ ਬ੍ਰਾਹਮਣਵਾਦ ਤਾਂ ਦੋਸ਼ੀ ਹੈ ਹੀ, ਪਰ ਇਸਦੇ ਨਾਲ-ਨਾਲ ਕੁਝ ਭੇਖੀ ਬਾਬੇ ਅਤੇ ਅਖੌਤੀ ਪ੍ਰਚਾਰਕ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਅਜਿਹੇ ਵਿਅਕਤੀ ਜੋ ਸਿੱਖਾਂ ਨੂੰ ਵਹਿਮਾਂ-ਭਰਮਾਂ, ਕਰਮ-ਕਾਂਡਾਂ ਤੇ ਫੋਕਟ ਕਰਮਾਂ ਵਿੱਚ ਉਲਝਾ ਕੇ ਸਿੱਖਾਂ ਤੇ ਹਿੰਦੂਆਂ ਵਿਚਲਾ ਫ਼ਰਕ ਖ਼ਤਮ ਕਰਨਾ ਚਾਹੁੰਦੇ ਨੇ ਜਦ ਕਿ ਸਿੱਖੀ ਮਰਯਾਦਾ ਅਨੁਸਾਰ ਸਿੱਖ ਨੇ ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ-ਦੇਵਤੇ ਦੀ ਉਪਾਸ਼ਨਾ ਨਹੀਂ ਕਰਨੀ। ਪਰ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਵਾਲ਼ੇ ਸਿੱਖਾਂ ਨੂੰ ਕੁਰਾਹੇ ਪਾ ਕੇ ਅਕਾਲ ਪੁਰਖ ਤੋਂ ਬਗੈਰ ਹੋਰਾਂ ਦੀ ਪੂਜਾ ਦੇ ਰਾਹ ਤੋਰਦੇ ਹਨ। ਸਿੱਖੀ ਦਾ ਸਿਧਾਂਤ ਹੈ 'ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦੀਦਾਰ ਖ਼ਾਲਸੇ ਕਾ।' ਪਰ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਵਾਲ਼ੇ ਇਸ ਸਿਧਾਂਤ ਦਾ ਜ਼ਿਕਰ ਹੀ ਨਹੀਂ ਕਰਦੇ। 'ਗੁਰੂ ਮਾਨਿਓ ਗ੍ਰੰਥ' ਦੀ ਥਾਂ ਇਹ ਲੋਕ ਸਿੱਖਾਂ ਨੂੰ ਹੋਰ ਹੀ ਪਾਸੇ ਧੱਕੀ ਜਾਂਦੇ ਹਨ। ਸਿੱਖੀ ਮਰਯਾਦਾ ਵਿੱਚ ਤਾਂ ਦਰਜ਼ ਹੈ ਕਿ ਸਿੱਖ ਨੇ ਆਪਣੀ ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਹੀ ਮੰਨਣਾ ਹੈ। ਦਸ ਗੁਰੂ ਸਾਹਿਬਾਨ ਨੂੰ ਇੱਕੋ ਜੋਤ ਦਾ ਪ੍ਰਕਾਸ਼ ਰੂਪ ਕਰਕੇ ਮੰਨਣਾ ਹੈ। ਪਰ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਵਾਲ਼ੇ ਇਸ ਬਾਰੇ ਭਰਮ ਪਾ ਕੇ ਸਿੱਖਾਂ ਨੂੰ ਆਪਣੇ ਫ਼ਲਸਫ਼ੇ ਤੋਂ ਤੋੜਦੇ ਹਨ। ਸਿੱਖ ਰਹਿਤ ਮਰਿਆਦਾ ਅਨੁਸਾਰ ਸਿੱਖ ਨੇ ਜਾਤ-ਪਾਤ, ਛੂਤ-ਛਾਤ, ਜੰਤ੍ਰ-ਮੰਤ੍ਰ-ਤੰਤ੍ਰ, ਸ਼ਗਨ, ਤਿੱਥ, ਮਹੂਰਤ, ਗ੍ਰਹਿ, ਰਾਸ਼ੀ, ਸ਼ਰਾਧ, ਪਿੱਤਰ, ਹੋਮ, ਯੱਗ, ਭੱਦਣ, ਇਕਾਦਸ਼ੀ-ਪੂਰਨਮਾਸ਼ੀ ਆਦਿ ਦੇ ਵਰਤ, ਤਿਲਕ, ਜੰਝੂ, ਤੁਲਸੀ, ਗੋਰ, ਮੱਠ, ਮੜ੍ਹੀ, ਮੂਰਤੀ ਪੂਜਾ ਆਦਿ ਭਰਮ-ਰੂਪ ਕਰਮਾਂ ਉੱਤੇ ਨਿਸ਼ਚਾ ਨਹੀਂ ਕਰਨਾ। ਗੁਰ-ਅਸਥਾਨ ਤੋੰ ਬਿਨਾਂ ਕਿਸੇ ਅਨ-ਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਅਸਥਾਨ ਨਹੀਂ ਮੰਨਣਾ। ਪੀਰ, ਬ੍ਰਾਹਮਣ, ਪੁੱਛਣਾ, ਸੁੱਖਣਾ, ਕੁਰਾਨ, ਅੰਜੀਲ, ਸ਼ੀਰਨੀ, ਵੇਦ ਸ਼ਾਸਤਰ, ਗਾਇਤ੍ਰੀ, ਗੀਤਾ ਉੱਤੇ ਨਿਸ਼ਚਾ ਨਹੀਂ ਕਰਨਾ। ਪਰ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਵਾਲ਼ੇ ਇਹ ਪ੍ਰਚਾਰ ਨਹੀਂ ਕਰਦੇ। ਜਦ ਸਿੱਖਾਂ ਨੂੰ ਸਿੱਖ ਰਹਿਤ ਮਰਿਆਦਾ ਦੇ ਉਲ਼ਟ ਪਾਠ ਪੜ੍ਹਾਇਆ ਜਾਵੇ, ਜਦ ਸਿੱਖਾਂ ਨੂੰ 'ਗੁਰੂ ਮਾਨਿਓ ਗ੍ਰੰਥ' ਦੇ ਉਲ਼ਟ ਦੇਹਧਾਰੀ ਗੁਰੂਡੰਮ੍ਹ ਤੇ ਡੇਰੇਦਾਰ ਸਾਧਾਂ ਦੇ ਪੈਰੋਕਾਰ ਬਣਾਇਆ ਜਾਵੇ ਤੇ ਸਿੱਖਾਂ ਨੂੰ ਗੁਰਸਿੱਖ ਬਣਾਉਣ ਦੀ ਥਾਂ ਸਨਾਤਨੀ ਸਿੱਖ/ਕੇਸਾਧਾਰੀ ਹਿੰਦੂ ਬਣਾਇਆ ਜਾਵੇ ਤਾਂ ਇਸ ਦਾ ਵਿਰੋਧ ਹੋਣਾ ਸੁਭਾਵਿਕ ਹੈ। ਇਹੋ ਜਿਹੇ ਲੋਕ ਸੋਚਦੇ ਨੇ ਕਿ ਗੁਰਦੁਆਰੇ ਪਲਾਸਟਿਕ ਦਾ ਖਿਡੌਣਾ ਜਹਾਜ਼ ਚੜ੍ਹਾਉਣ ਨਾਲ਼ ਅਸੀਂ ਜਹਾਜ਼ ਚੜ੍ਹ ਕੇ ਵਿਦੇਸ਼ ਜਾ ਸਕਦੇ ਹਾਂ। ਇਸ ਤਰ੍ਹਾਂ ਦੇ ਲੋਕ ਜਿਹੜੇ ਸਿੱਖ ਧਰਮ ਦਾ ਮਖੌਲ ਬਣਾ ਰਹੇ ਨੇ, ਇਹ ਲੋਕ ਸਿੱਖੀ ਵਿੱਚ ਬਿਲਕੁਲ ਓਹੀ ਮਾਡਲ ਲੈ ਆਏ ਹਨ, ਜਿਹੜਾ ਹਿੰਦੂਆਂ ਵਿੱਚ ਲੋਕਾਈ ਦੀ ਲੁੱਟ-ਖਸੁੱਟ ਲਈ ਪੁਜਾਰੀ ਵਰਤਦੇ ਹਨ। ਇਹ ਲੋਕ ਸਿੱਖੀ ਦਾ ਹਿੰਦੂਕਰਨ ਕਰ ਰਹੇ ਹਨ। ਜਿਹੜਾ ਕੁਝ ਹਿੰਦੂਆਂ ਦੇ ਸਾਧ ਹਿੰਦੀ ਵਿੱਚ ਕਹਿੰਦੇ ਨੇ ਇਹ ਲੋਕ ਓਹੀ ਕੁਝ ਸਿੱਖਾਂ ਨੂੰ ਪੰਜਾਬੀ ਵਿੱਚ ਸੁਣਾਈ ਜਾਂਦੇ ਹਨ। ਇਹ ਲੋਕ ਸਿੱਖਾਂ ਨੂੰ ਗੁਰ-ਇਤਿਹਾਸ ਜਾਂ ਸਿੱਖ ਇਤਿਹਾਸ ਨਹੀਂ ਸੁਣਾਉਂਦੇ ਸਗੋਂ ਰਮਾਇਣ, ਮਹਾਂਭਾਰਤ ਤੇ ਹਿੰਦੂ ਦੇਵੀ-ਦੇਵਤਿਆਂ ਦਾ ਇਤਿਹਾਸ ਸੁਣਾਉਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਉਹ ਸਭ ਕੁਝ ਵਖਿਆਉਂਦੇ ਹਨ ਜਿਸ ਨੂੰ ਗੁਰਮਤਿ ਨੇ ਰੱਦ ਕੀਤਾ ਹੋਇਆ ਹੈ। ਇਹਨਾਂ ਨੂੰ ਕੋਈ ਸ਼ਰਮ-ਹਯਾ ਨਹੀਂ ਕਿ ਗੁਰੂ ਸਾਹਿਬ ਨੇ ਕੀ ਪ੍ਰਚਾਰਿਆ ਤੇ ਕੀ ਰੱਦ ਕੀਤਾ। ਇਹ ਮਨਮਤਿ ਦਾ ਪ੍ਰਚਾਰ ਕਰਦੇ ਨੇ ਤੇ ਸੰਗਤਾਂ ਨੂੰ ਵੀ ਕਰਮ-ਕਾਂਡੀ ਬਣਾ ਰਹੇ ਹਨ। ਖ਼ਾਲਸਾ ਸਿਰਜਣਾ ਮੌਕੇ ਕਲਗੀਧਰ ਪਾਤਸ਼ਾਹ ਜੀ ਨੇ ਜੋ ਹੁਕਮ ਦਿੱਤਾ ਸੀ, ਉਸ ਹੁਕਮ ਨੂੰ ਇਹ ਲੋਕ ਭੁਲਾਉਣ ਲਈ ਦਿਨ-ਰਾਤ ਇੱਕ ਕਰੀ ਬੈਠੇ ਹਨ। ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਵਾਲ਼ੇ ਸਿੱਖਾਂ ਨੂੰ ਕੁਰਾਹੇ ਪਾ ਕੇ ਹਿੰਦੂਤਵੀ ਨਜ਼ਰੀਏ ਵਾਲ਼ੀ ਸਿੱਖੀ ਪ੍ਰਚਾਰਦੇ ਹਨ। ਕੀ ਇਹਨਾਂ ਨੂੰ ਇਹ ਕੁਝ ਕਰਨ ਲਈ ਆਰ.ਐੱਸ.ਐੱਸ. ਨੇ ਕਿਹਾ ਹੈ ? ਕੀ ਇਹ ਭਾਰਤੀ ਹਕੂਮਤ ਦੇ ਹਿੰਦੂ ਰਾਸ਼ਟਰ ਵਾਲ਼ੇ ਏਜੰਡੇ ਉੱਤੇ ਚੱਲ ਰਹੇ ਹਨ ? ਕੀ ਇਹ ਸਿੱਖੀ ਦਾ ਭੋਗ ਪਾ ਕੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਲਈ ਭਗਵੇਂ ਏਜੰਡੇ ਵਾਲਿਆਂ ਲਈ ਕੰਮ ਕਰ ਰਹੇ ਹਨ ? ਭਾਜਪਾ ਦੇ ਹਮਾਇਤੀ ਅਤੇ ਹਿੰਦੂ ਕਰਮਕਾਂਡ ਕਰਨ ਵਾਲੇ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਇਹਨਾਂ ਗੱਲਾਂ ਦਾ ਜਵਾਬ ਤਾਂ ਜ਼ਰੂਰ ਦੇਣਾ ਪਵੇਗਾ। ਜਿਹੜੇ ਸਿੱਖਾਂ ਨੂੰ 'ਕੇਸਾਧਾਰੀ ਹਿੰਦੂ ਬਣਾਉਣ ਵਾਲ਼ੇ ਪ੍ਰਚਾਰ ਤੇ ਪ੍ਰਚਾਰਕਾਂ' ਦਾ ਪਤਾ ਹੀ ਨਹੀਂ ਉਹ ਲੋਕ ਵੀ ਇੱਕ ਤਰ੍ਹਾਂ ਇਸ ਸਾਜ਼ਿਸ਼ ਨੂੰ ਕਾਮਯਾਬ ਕਰ ਰਹੇ ਹਨ। ਜੇ ਕੋਈ ਸਿੱਖੀ ਦੇ ਕਿਲ੍ਹੇ ਦੀਆਂ ਬੁਨਿਆਦਾਂ ਪੁੱਟ ਰਿਹਾ ਹੈ ਤਾਂ ਇਸ ਦੀ ਰਾਖੀ ਸਿੱਖਾਂ ਨੇ ਹੀ ਕਰਨੀ ਹੈ। ਜਿਹੜੇ ਸਿੱਖ ਇਸ ਖ਼ਤਰੇ ਬਾਰੇ ਜਾਣਦੇ ਹੀ ਨਹੀਂ, ਉਹ ਲੋਕ ਸਿੱਖ ਕਹਾਉਣ ਦੇ ਲਾਇਕ ਹਨ ? ਸਿੱਖੀ ਦੀ ਰਾਖੀ ਕੌਣ ਕਰੇਗਾ ? ਪਰ ਜਿੱਥੇ ਇਹ ਸਿੱਖੀ ਦਾ ਬ੍ਰਾਹਮਣੀਕਰਨ ਕਰਨ ਵਾਲ਼ੇ ਤੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਵਾਲ਼ੇ ਸਿੱਖੀ ਲਈ ਖ਼ਤਰਾ ਹਨ, ਓਥੇ ਹੀ ਉਹ ਲੋਕ ਵੀ ਖ਼ਤਰਾ ਹਨ ਜਿਹੜੇ ਸਿੱਖਾਂ ਨੂੰ ਤਰਕਸ਼ੀਲ, ਕਾਮਰੇਡ ਤੇ ਨਾਸਤਿਕ ਬਣਾਈ ਜਾ ਰਹੇ ਹਨ। ਸਿੱਖੀ ਸਹਿਜ ਦਾ ਮਾਰਗ ਹੈ। ਪਰ ਇਹ ਲੋਕ ਐਨਾ ਕਿੰਤੂ-ਪ੍ਰੰਤੂ ਕਰਦੇ ਹਨ ਕਿ ਸਿੱਖ ਫਲਸਫੇ ਅਤੇ ਸਿੱਖ ਇਤਿਹਾਸ ਦੀ ਹਰ ਗੱਲ ਨੂੰ ਸ਼ੱਕੀ ਤੇ ਝੂਠੀ ਸਾਬਤ ਕਰੀ ਜਾਂਦੇ ਹਨ। ਇਹ ਲੋਕ ਸਿੱਖਾਂ ਦੀ ਆਪਣੇ ਧਰਮ ਵਿੱਚ ਆਸਥਾ, ਭਰੋਸਾ ਤੇ ਵਿਸ਼ਵਾਸ ਖ਼ਤਮ ਕਰਨ ਵਾਲ਼ਾ ਪ੍ਰਚਾਰ ਕਰਦੇ ਹਨ। ਸੋ ਸਿੱਖੀ ਲਈ ਇਹ ਦੋਵੇਂ ਤਰ੍ਹਾਂ ਦਾ ਪ੍ਰਚਾਰ ਖਤਰਨਾਕ ਹੈ। ਇਹ ਸਿੱਖੀ ਦਾ ਪ੍ਰਚਾਰ ਨਹੀਂ, ਇਹ ਸਿੱਖੀ ਖ਼ਿਲਾਫ਼ ਪ੍ਰਚਾਰ ਹੈ। ਖਾਲਸਾ ਪੰਥ ਨੂੰ ਸੁਚੇਤ ਹੋ ਕੇ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply