ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ...

ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ...

ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ...
ਸਿੱਖੀ ਨਾਂ ਹੈ ਕੁਰਬਾਨੀਆਂ ਦਾ, ਸ਼ਹਾਦਤਾਂ ਦਾ, ਤਿਆਗ ਦਾ, ਅਣਖ਼-ਦਲੇਰੀ ਦਾ। ਜਬਰ-ਜ਼ੁਲਮ ਦੇ ਖ਼ਿਲਾਫ਼ ਜੂਝਣਾ ਹੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖੀ ਹੈ। ਪਹਿਲੇ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਆਖ ਵੰਗਾਰਿਆ। ਦੂਜੇ ਪਾਤਸ਼ਾਹ ਨੇ ਹੁਮਾਯੂੰ ਬਾਦਸ਼ਾਹ ਨੂੰ ਵੰਗਾਰਦਿਆਂ ਕਿਹਾ ਕਿ “ਅੱਜ ਜਿਹੜੀ ਤਲਵਾਰ ਫ਼ਕੀਰ ’ਤੇ ਚੁੱਕਣ ਲੱਗਾ ਹੈਂ, ਇਹ ਸ਼ੇਰ ਸ਼ਾਹ ਸੂਰੀ ਦੇ ਅੱਗੇ ਖੁੰਡੀ ਕਿਉਂ ਹੋ ਗਈ ਸੀ।” ਤੀਜੇ ਪਾਤਸ਼ਾਹ ਨੇ ਜਾਤ-ਪਾਤ, ਸਤੀ ਪ੍ਰਥਾ ਅਤੇ ਘੁੰਡ ਕੱਢਣ ਦਾ ਡਟ ਕੇ ਵਿਰੋਧ ਕੀਤਾ। ਚੌਥੇ ਪਾਤਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਖੁਦਾਈ ਅਤੇ ਲਾਵਾਂ ਦੀ ਬਾਣੀ ਰਚ ਕੇ ਸਿੱਖਾਂ ਦਾ ਬ੍ਰਾਹਮਣੀ ਕਰਮ-ਕਾਂਡਾਂ ਤੋਂ ਖਹਿੜਾ ਛੁਡਵਾਇਆ। ਪੰਜਵੇਂ ਪਾਤਸ਼ਾਹ ਨੇ ਮੁਗਲ ਹਕੂਮਤ ਦੀ ਈਨ ਨਹੀਂ ਮੰਨੀ ਤੇ ਸ਼ਾਂਤਮਈ ਸ਼ਹਾਦਤ ਦਿੱਤੀ। ਜਿਸ ਉਪਰੰਤ ਛੇਵੇਂ ਪਾਤਸ਼ਾਹ ਜੀ ਨੇ ਮੀਰੀ-ਪੀਰੀ ਦੀਆਂ ਕਿਰਪਾਨਾਂ ਪਹਿਨੀਆਂ, ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦਾ ਹੁਕਮ ਦਿੱਤਾ, ਚਾਰ ਜੰਗ ਲੜੇ ਤੇ ਫ਼ਤਹਿ ਕੀਤੇ। ਸਤਵੇਂ ਅਤੇ ਅਠਵੇਂ ਪਾਤਸ਼ਾਹ ਵੀ ਘੋੜ ਸਵਾਰ ਫ਼ੌਜਾਂ ਰੱਖਦੇ ਰਹੇ। ਨੌਵੇਂ ਪਾਤਸ਼ਾਹ ਨੇ ਧਾਰਮਿਕ ਅਜ਼ਾਦੀ ਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਅਨੋਖੀ ਸ਼ਹਾਦਤ ਦਿੱਤੀ। ਜਿਸ ਤੋਂ ਬਾਅਦ ਦਸਵੇਂ ਪਾਤਸ਼ਾਹ ਨੇ ਸਿੱਖਾਂ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ, ਪੰਜਾਂ ਸਿਰਾਂ ਦੀ ਮੰਗ ਕਰਕੇ ਸਿੱਖਾਂ ਨੂੰ ਮੌਤ ਅਤੇ ਭੈਅ ਤੋਂ ਮੁਕਤ ਕਰ ਦਿੱਤਾ, ਸਿੱਖਾਂ ਨੂੰ ਖੰਡੇ-ਬਾਟੇ ਦੇ ਅੰਮ੍ਰਿਤ ਦੀ ਦਾਤ ਬਖ਼ਸ਼ੀ, ਪੰਜ ਕਕਾਰਾਂ ਵਿੱਚ ਕਿਰਪਾਨ ਨੂੰ ਸ਼ਾਮਲ ਕੀਤਾ।
ਦਸਮੇਸ਼ ਪਿਤਾ ਨੇ ਖ਼ੁਦ 14 ਜੰਗਾਂ ਲੜੀਆਂ ਤੇ ਫ਼ਤਹਿ ਕੀਤੀਆਂ। ਉਹਨਾਂ ਨੇ ਖ਼ਾਲਸੇ ਨੂੰ ਸੰਤ ਅਤੇ ਸਿਪਾਹੀ ਬਣਾਇਆ। ਦੇਗ-ਤੇਗ, ਸ਼ਸਤਰ-ਸ਼ਾਸਤਰ, ਬਾਣੀ ਅਤੇ ਬਾਣਾ ਦਾ ਨਿਵੇਕਲਾ ਸਿਧਾਂਤ ਬਖ਼ਸ਼ਿਆ। ਕਲਗੀਆਂ ਵਾਲ਼ੇ ਸਤਿਗੁਰੂ ਦੇ ਦੋ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੇ ਚਮਕੌਰ ਦੀ ਗੜ੍ਹੀ ਵਿੱਚ ਹਜ਼ਾਰਾਂ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹਾਦਤਾਂ ਪਾਈਆਂ। ਇਹ ਗੁਰਬਾਣੀ ਅਤੇ ਖੰਡੇ-ਬਾਟੇ ਦੇ ਅੰਮ੍ਰਿਤ ਦੀ ਹੀ ਸ਼ਕਤੀ ਵਰਤ ਰਹੀ ਸੀ। ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਜਦੋਂ ਸੂਬਾ ਵਜ਼ੀਰ ਖ਼ਾਂ ਦੀ ਕਚਹਿਰੀ ’ਚ ਕਿਹਾ ਗਿਆ ਕਿ “ਤੁਸੀਂ ਮਾਫ਼ੀ ਮੰਗ ਲਵੋ, ਆਪਣਾ ਧਰਮ ਛੱਡ ਕੇ ਇਸਲਾਮ ਕਬੂਲ ਕਰ ਲਵੋ, ਤੁਹਾਨੂੰ ਸ਼ਹਿਜ਼ਾਦਿਆਂ ਵਾਂਗ ਰੱਖਿਆ ਜਾਏਗਾ, ਹੀਰੇ-ਜਵਾਹਰਾਤਾਂ ਨਾਲ਼ ਤੋਲਿਆ ਜਾਏਗਾ, ਤੁਹਾਡੀ ਹਰ ਮੰਗ ਪੂਰੀ ਕੀਤੀ ਜਾਏਗੀ, ਤੁਹਾਨੂੰ ਮਹਿਲਾਂ ਦੇ ਮਾਲਕ ਬਣਾਇਆ ਜਾਏਗਾ।” ਤਾਂ ਸਾਹਿਬਜ਼ਾਦਿਆਂ ਨੇ ਕਿਹਾ ਕਿ ਅਸੀਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਪੁੱਤਰ ਹਾਂ, ਅਸੀਂ ਖ਼ਾਲਸੇ ਹਾਂ, ਖ਼ਾਲਸਾ ਨਾ ਤਾਂ ਕਿਸੇ ਅੱਗੇ ਝੁਕਦਾ ਹੈ, ਨਾ ਵਿਕਦਾ ਹੈ, ਨਾ ਡਰਦਾ ਹੈ, ਸਾਨੂੰ ਦੁਨੀਆਂ ਦੀ ਕੋਈ ਤਾਕਤ ਆਪਣੇ ਅਕੀਦੇ ਤੋਂ ਦੂਰ ਨਹੀਂ ਕਰ ਸਕਦੀ, ਅਸੀਂ ਪੂਰੇ ਦ੍ਰਿੜ ਹਾਂ।”
ਫਿਰ ਦੀਵਾਨ ਸੁੱਚਾ ਨੰਦ ਨੇ ਪੁੱਛਿਆ “ਬੱਚਿਓ! ਜੇਕਰ ਤੁਹਾਨੂੰ ਛੱਡ ਦਿਆਂਗੇ ਤਾਂ ਤੁਸੀਂ ਕੀ ਕਰੋਗੇ ?” ਤਾਂ ਸਾਹਿਬਜ਼ਾਦਿਆਂ ਨੇ ਗੱਜ ਕੇ ਕਿਹਾ “ਅਸੀਂ ਜੰਗਲਾਂ ਵਿੱਚ ਜਾਵਾਂਗੇ, ਖਿੰਡੇ-ਪੁੰਡੇ ਸਿੰਘਾਂ ਨੂੰ ਇਕੱਠੇ ਕਰਾਂਗੇ, ਸ਼ਸਤਰਾਂ ਦਾ ਅਭਿਆਸ ਕਰਾਂਗੇ ਤੇ ਤੁਹਾਡੇ ਵਿਰੁੱਧ ਆ ਕੇ ਜੰਗ ਕਰਾਂਗੇ ਤੇ ਤੁਹਾਡੇ ਜ਼ੁਲਮ ਰਾਜ ਦੀਆਂ ਜੜ੍ਹਾਂ ਪੁੱਟ ਦਿਆਂਗੇ।” ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਤਾਂ ਦੇ ਦਿੱਤੀਆਂ ਪਰ ਉਹ ਡੋਲੇ ਨਹੀਂ, ਤਾਂ ਹੀ ਤਾਂ ਅੱਜ ਉਹਨਾਂ ਨੂੰ ‘ਮਹਾਨ ਬਾਬੇ’ ਕਹਿ ਕੇ ਯਾਦ ਕਰਦੇ ਹਾਂ, ਉਹਨਾਂ ਦੀਆਂ ਸ਼ਹਾਦਤਾਂ ਸਿੱਖ ਕੌਮ ਲਈ ਪ੍ਰੇਰਨਾਸ੍ਰੋਤ ਹਨ, ਉਹਨਾਂ ਸਾਨੂੰ ਸਿਖਾਇਆ ਕਿ ਹਕੂਮਤ ਕਿੰਨੀ ਵੀ ਜ਼ਾਲਮ ਕਿਉਂ ਨਾ ਹੋਵੇ, ਉਸ ਦੇ ਜ਼ੁਲਮ ਅੱਗੇ ਸਿੱਖ ਨੇ ਭੇਡਾਂ-ਬੱਕਰੀਆਂ ਨਹੀਂ ਬਣਨਾ, ਸਗੋਂ ਬੱਬਰ ਸ਼ੇਰਾਂ ਵਾਂਗ ਮੁਕਾਬਲਾ ਕਰਨਾ ਹੈ। ਜਿਸ ਮਗਰੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਖ਼ਾਲਸਾ ਫ਼ੌਜਾਂ ਨੂੰ ਨਾਲ਼ ਲੈ ਕੇ ਮੁਗਲ ਹਕੂਮਤ ਦੀ ਜੜ੍ਹ ਪੁੱਟ ਦਿੱਤੀ ਤੇ ਪੰਜਾਬ ਦੀ ਧਰਤੀ ’ਤੇ ਖ਼ਾਲਸਾ ਰਾਜ ਸਥਾਪਿਤ ਕੀਤਾ। ਜਦ ਸੰਨ 1716 ਵਿੱਚ ਬਾਬਾ ਜੀ ਫੜੇ ਗਏ ਤਾਂ ਉਹਨਾਂ ਮੁਗਲਾਂ ਦੀ ਈਨ ਨਾ ਮੰਨੀ, ਉਹਨਾਂ ਦਾ ਮਾਸ ਜ਼ਮੂਰਾਂ ਨਾਲ਼ ਨੋਚਿਆ ਗਿਆ, ਪੁੱਤਰ ਅਜੇ ਸਿੰਘ ਦਾ ਦਿਲ ਕੱਢ ਕੇ ਉਹਨਾਂ ਦੇ ਮੂੰਹ ਵਿੱਚ ਪਾਇਆ ਗਿਆ ਉਹ ਫਿਰ ਵੀ ਅਡੋਲ ਰਹੇ।
ਇਤਿਹਾਸ ਗਵਾਹ ਹੈ ਕਿ ਸਿੰਘਾਂ ਨੇ ਬੰਦ-ਬੰਦ ਤਾਂ ਕਟਵਾ ਲਏ, ਖੋਪੜ ਲੁਹਾ ਲਏ, ਚਰਖੜ੍ਹੀਆਂ ’ਤੇ ਚੜ੍ਹ ਗਏ, ਪੁੱਠੀਆਂ ਖੱਲਾਂ ਲੁਹਾ ਲਈਆਂ, ਰੂੰ ਵਿੱਚ ਲਪੇਟ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲ਼ੇ ਗਏ, ਆਰਿਆਂ ਨਾਲ਼ ਚੀਰ ਦਿੱਤੇ ਗਏ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਗਏ, ਪੱਤਾ ਪੱਤਾ ਸਿੰਘਾਂ ਦਾ ਵੈਰੀ ਬਣ ਗਿਆ, ਪਰ ਗੁਰੂ ਕੇ ਸਿੱਖਾਂ ਨੇ ਆਪਣਾ ਧਰਮ ਨਾ ਤਿਆਗਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ, ਸਿੱਖੀ ਸਿਦਕ ’ਚ ਪੂਰੇ ਉੱਤਰੇ, ਅਕਹਿ ਤੇ ਅਸਹਿ ਤਸੀਹੇ ਝੱਲਦੇ ਰਹੇ, ਦੁੱਖਾਂ-ਤਕਲੀਫ਼ਾਂ ’ਚ ਇੱਕ ਰਸ ਬਾਣੀ ਪੜ੍ਹਦੇ ਰਹੇ, ਜ਼ਾਲਮ ਨੂੰ ਵੰਗਾਰਦੇ ਰਹੇ, ਉਹ ਝੁਕੇ-ਲਿਫ਼ੇ ਨਹੀਂ, ਮਾਣ ਨਾਲ਼ ਕਹਿੰਦੇ ਰਹੇ ਕਿ ਅਸੀਂ ਸਿੱਖ ਹਾਂ, ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ। ਬਾਬਾ ਦੀਪ ਸਿੰਘ ਜੀ, ਨਵਾਬ ਕਪੂਰ ਸਿੰਘ, ਜਥੇਦਾਰ ਜੱਸਾ ਸਿੰਘ ਆਹਲੂਵਾਲ਼ੀਆ, ਜਰਨੈਲ ਜੱਸਾ ਸਿੰਘ ਰਾਮਗੜ੍ਹੀਆ, ਬਾਬਾ ਬਘੇਲ ਸਿੰਘ, ਮਹਾਰਾਜਾ ਰਣਜੀਤ ਸਿੰਘ, ਸਰਦਾਰ ਹਰੀ ਸਿੰਘ ਨਲੂਆ, ਸਰਦਾਰ ਸ਼ਾਮ ਸਿੰਘ ਅਟਾਰੀ, ਅਕਾਲੀ ਫੂਲਾ ਸਿੰਘ, ਬਾਬਾ ਬੀਰ ਸਿੰਘ ਨੌਰੰਗਾਬਾਦ ਅਤੇ ਬਾਬਾ ਮਹਾਰਾਜ ਸਿੰਘ ਦਾ ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ‘ਬਾਗ਼ੀ ਜਾਂ ਬਾਦਸ਼ਾਹ’ ਅਤੇ ‘ਕੈ ਰਾਜ ਕਰਹਿੰ, ਕੈ ਲੜ ਮਰਹਿੰ’ ਦਾ ਸਿਧਾਂਤ ਹੀ ਅਪਣਾਇਆ।
ਜੇਕਰ ਵੀਹਵੀਂ ਸਦੀ ਦੇ ਅਖ਼ੀਰਲੇ ਦੋ ਦਹਾਕਿਆਂ ਦੇ ਸੰਘਰਸ਼ ਦੀ ਗੱਲ ਕਰੀਏ ਤਾਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਜੋ ਸੰਤਾਂ ਦੇ ਸੰਤ ਅਤੇ ਜਰਨੈਲਾਂ ਦੇ ਜਰਨੈਲ ਹੋ ਨਿੱਬੜੇ। ਉਹਨਾਂ ਹਿੰਦ ਹਕੂਮਤ ਦੇ ਲਾਲਚਾਂ ਅਤੇ ਡਰਾਵਿਆਂ ਨੂੰ ਠੋਕਰ ਮਾਰੀ ਤੇ ਸਰਕਾਰ ਨੂੰ ਹਿਲ਼ਾ ਕੇ ਰੱਖ ਦਿੱਤਾ। ਚਮਕੌਰ ਦੀ ਗੜ੍ਹੀ ਵਾਂਗ ਉਹਨਾਂ ਸ਼ਾਨਾਮੱਤਾ ਇਤਿਹਾਸ ਸਿਰਜਿਆ ਤੇ ਭਾਰਤੀ ਫ਼ੌਜਾਂ ਦੇ ਸੱਥਰ ਵਿਛਾ ਦਿੱਤੇ। ਭਾਈ ਸਾਹਿਬ ਭਾਈ ਅਮਰੀਕ ਸਿੰਘ ਅਤੇ ਮੇਜਰ ਜਨਰਲ ਸ਼ਾਬੇਗ ਸਿੰਘ ਜਿਹੇ ਸੂਰਮੇ ਉਹਨਾਂ ਦੀਆਂ ਬਾਂਹਵਾਂ ਸਨ। ਫਿਰ ਜਦੋਂ ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਨੇ ਭਾਈ ਕੇਹਰ ਸਿੰਘ ਦੀ ਪ੍ਰੇਰਨਾ ਸਦਕਾ ਪਾਪਣ ਇੰਦਰਾ ਗਾਂਧੀ ਨੂੰ ਸੋਧ ਦਿੱਤਾ ਤਾਂ ਸਤਵੰਤ ਸਿੰਘ ਨੇ ਅਦਾਲਤ ਵਿੱਚ ਗੱਜ-ਵੱਜ ਕੇ ਕਿਹਾ ਕਿ “ਸਾਨੂੰ ਆਪਣੇ ਕੀਤੇ ’ਤੇ ਕੋਈ ਪਛਤਾਵਾ ਨਹੀਂ, ਅਸੀਂ ਇੰਦਰਾ ਨੂੰ ਮਾਰਿਆ ਹੈ, ਉਸ ਦੇ ਪਾਪਾਂ ਦੀ ਸਜ਼ਾ ਦਿੱਤੀ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੋਈ ਬੇਅਦਬੀ ਦਾ ਬਦਲਾ ਲਿਆ ਹੈ। ਮੈਨੂੰ ਵਾਰ-ਵਾਰ ਸਿੱਖਾਂ ਦੇ ਘਰ ਜਨਮ ਮਿਲ਼ੇ ਤੇ ਮੈਂ ਅਜਿਹੇ ਜ਼ਾਲਮਾਂ ਨੂੰ ਸੋਧਦਾ ਰਹਾਂ।”
ਜਦੋਂ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਜਨਰਲ ਸ੍ਰੀਧਰ ਵੈਦਿਆ ਨੂੰ ਪੂਨੇ ’ਚ ਗੋਲ਼ੀਆਂ ਮਾਰ ਕੇ ਛਲ਼ਣੀ-ਛਲ਼ਣੀ ਕੀਤਾ ਤਾਂ ਉਹਨਾਂ ਫੜੇ ਜਾਣ ਤੋਂ ਬਾਅਦ ਅਦਾਲਤ ’ਚ ਕਿਹਾ ਕਿ “ਭਾਵੇਂ ਇਸ ਕੇਸ ’ਚ ਅਦਾਲਤ ਸਾਨੂੰ ਦੋਸ਼ੀ ਸਾਬਤ ਨਹੀਂ ਕਰ ਸਕੀ ਪਰ ਅਸੀਂ ਖ਼ੁਦ ਹੀ ਕਬੂਲ ਕਰਦੇ ਹਾਂ ਕਿ ਵੈਦਿਆ ਨੂੰ ਅਸੀਂ ਮਾਰਿਆ ਹੈ, ਅਸੀਂ ਦਰਬਾਰ ਸਾਹਿਬ ’ਤੇ ਹਮਲਾ ਕਰਨ ਵਾਲ਼ੇ ਜ਼ਾਲਮ ਨੂੰ ਹਰਗਿਜ਼ ਜਿਉਂਦਾ ਨਹੀਂ ਛੱਡਾਂਗੇ, ਅਸੀਂ ਖ਼ਾਲਿਸਤਾਨ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਹਾਂ, ਅਸੀਂ ਹੱਸ-ਹੱਸ ਕੇ ਫ਼ਾਂਸੀ ਚੜ੍ਹਨ ਨੂੰ ਤਿਆਰ ਹਾਂ, ਅਸੀਂ ਆਪਣੀ ਕੌਮ ਦੀ ਆਨ-ਸ਼ਾਨ ਲਈ ਜੂਝਦੇ ਰਹਾਂਗੇ।”
ਹੁਣ ਗੱਲ ਕਰਦੇ ਹਾਂ ਬੁੱਚੜ ਮੁੱਖ ਮੰਤਰੀ ਬੇਅੰਤ ਸਿਹੁੰ ਨੂੰ ਮਨੁੱਖੀ ਬੰਬ ਨਾਲ਼ ਤੂੰਬਾ-ਤੂੰਬਾ ਕਰਕੇ ਸੋਧਣ ਵਾਲ਼ੇ ਜੁਝਾਰੂ ਜਰਨੈਲਾਂ ਦੀ, ਜਿਨ੍ਹਾਂ ਉੱਤੇ ਕੌਮ ਨੂੰ ਸਦਾ ਹੀ ਮਾਣ ਰਹੇਗਾ। ਸ਼ੇਰ-ਏ-ਪੰਥ ਭਾਈ ਦਿਲਾਵਰ ਸਿੰਘ ਤਾਂ ਉਸੇ ਦਿਨ ਸ਼ਹਾਦਤ ਪਾ ਗਏ ਸਨ। ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਅੱਜ ਵੀ ਗੱਜ-ਵੱਜ ਕੇ ਕਹਿ ਰਹੇ ਹਨ ਕਿ ਸਾਨੂੰ ਆਪਣੇ ਕੀਤੇ ਉੱਤੇ ਕੋਈ ਪਛਤਾਵਾ ਨਹੀਂ, ਅਸੀਂ ਜੋ ਕੀਤਾ ਸਹੀ ਕੀਤਾ, ਸਾਨੂੰ ਮਾਣ ਹੈ ਕਿ ਸਾਡੀਆਂ ਜ਼ਿੰਦੜੀਆਂ ਕੌਮ ਦੇ ਲੇਖੇ ਲੱਗੀਆਂ ਹਨ, ਅਸੀਂ ਮਾਫ਼ੀ ਨਹੀਂ ਮੰਗਾਂਗੇ, ਅਸੀਂ ਕੁਝ ਗ਼ਲਤ ਨਹੀਂ ਕੀਤਾ, ਅਸੀਂ ਜ਼ਾਲਮ ਬੇਅੰਤ ਸਿਹੁੰ ਨੂੰ ਮਾਰ ਕੇ ਪੰਜਾਬ ’ਚ ਸ਼ਾਂਤੀ ਲਿਆਂਦੀ ਹੈ, ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਹੋਣੋਂ ਰੋਕੀ ਹੈ, ਝੂਠੇ ਪੁਲਿਸ ਮੁਕਾਬਲੇ ਬੰਦ ਕਰਵਾਏ ਹਨ, ਅਸੀਂ ਜ਼ਾਲਮ ਸਰਕਾਰ ਦੇ ਜ਼ੁਲਮੀ ਰਾਜ ਦਾ ਅੰਤ ਕੀਤਾ ਹੈ। ਇਹ ਕਹਿ ਕੇ ਇਹਨਾਂ ਸੂਰਮਿਆਂ ਨੇ ਖ਼ਾਲਸਾਈ ਜੁਝਾਰੂ ਪ੍ਰੰਪਰਾਵਾਂ ’ਤੇ ਪਹਿਰਾ ਦਿੱਤਾ ਹੈ, ਇਹਨਾਂ ਬਹਾਦਰ ਸੂਰਮਿਆਂ ਦੇ ਇਹ ਬਿਆਨ ਕੌਮੀ ਘਰ ਖ਼ਾਲਿਸਤਾਨ ਦੇ ਸ਼ਾਨਾਮੱਤੇ ਇਤਿਹਾਸ ਦਾ ਸੁਨਹਿਰੀ ਪੰਨਾ ਹੈ, ਇਹਨਾਂ ਸੂਰਮਿਆਂ ਤੋਂ ਵਾਰੇ-ਵਾਰੇ ਜਾਣ ਨੂੰ ਦਿਲ ਕਰਦਾ ਹੈ। ਇਹਨਾਂ ਬੱਬਰ ਸ਼ੇਰਾਂ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੰਗਾਰਦਿਆਂ ਇਹ ਵੀ ਕਿਹਾ ਕਿ ਤੁਸੀਂ ਮਾਫ਼ੀ ਜਾਂ ਪਛਤਾਵੇ ਦੀ ਗੱਲ ਕਰਦੇ ਹੋ, ਇਹ ਤੁਹਾਡਾ ਭੁਲੇਖਾ ਹੈ, ਖ਼ਾਲਸਾ ਝੁਕਦਾ ਨਹੀਂ, ਸਾਨੂੰ ਰਿਹਾਈ ਮਿਲ਼ੇ ਜਾਂ ਨਾ ਮਿਲ਼ੇ ਸਾਡੀ ਕੌਮ ਆਜ਼ਾਦ ਹੋਣੀ ਚਾਹੀਦੀ ਹੈ, ਖ਼ਾਲਿਸਤਾਨ ਦੀ ਅਜ਼ਾਦੀ ਹੀ ਸਾਡੀ ਮੰਜ਼ਲ ਹੈ। ਖ਼ਾਲਸਾ ਪੰਥ ਅਤੇ ਦੇਸ ਪੰਜਾਬ ਦੇ ਇਹਨਾਂ ਯੋਧਿਆਂ ਨੂੰ ਸਿਰ ਝੁਕਾ ਕੇ ਪ੍ਰਣਾਮ। 
ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.