ਮੋਗਾ ਵਿੱਚ ਹੋਣ ਵਾਲੀ ਭਾਜਪਾ ਦੀ “ਬਦਲਾਅ ਰੈਲੀ” ਨੂੰ ਲੈ ਕੇ ਤਰਨਤਾਰਨ ਵਿੱਚ ਅਹਿਮ ਬੈਠਕ-ਤਿਆਰੀਆਂ ਦਾ ਲਿਆ ਜਾਇਜ਼ਾ

ਮੋਗਾ ਵਿੱਚ ਹੋਣ ਵਾਲੀ ਭਾਜਪਾ ਦੀ “ਬਦਲਾਅ ਰੈਲੀ” ਨੂੰ ਲੈ ਕੇ ਤਰਨਤਾਰਨ ਵਿੱਚ ਅਹਿਮ ਬੈਠਕ-ਤਿਆਰੀਆਂ ਦਾ ਲਿਆ ਜਾਇਜ਼ਾ

ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,7 ਮਾਰਚ

ਆਉਣ ਵਾਲੀ 14 ਮਾਰਚ 2026 ਨੂੰ ਮੋਗਾ ਵਿਖੇ ਹੋਣ ਜਾ ਰਹੀ ਭਾਰਤੀ ਜਨਤਾ ਪਾਰਟੀ ਦੀ ਵਿਸ਼ਾਲ “ਬਦਲਾਅ ਰੈਲੀ” ਨੂੰ ਸਫਲ ਅਤੇ ਇਤਿਹਾਸਕ ਬਣਾਉਣ ਲਈ ਭਾਜਪਾ ਵੱਲੋਂ ਜ਼ਿਲ੍ਹਾ ਤਰਨਤਾਰਨ ਵਿਖੇ ਇਕ ਮਹੱਤਵਪੂਰਨ ਸੰਗਠਨਾਤਮਿਕ ਬੈਠਕ ਦਾ ਆਯੋਜਨ ਕੀਤਾ ਗਿਆ।ਇਹ ਬੈਠਕ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ,ਜਿਸ ਵਿੱਚ ਪਾਰਟੀ ਦੇ ਸੂਬਾਈ,ਜ਼ਿਲ੍ਹਾ ਅਤੇ ਮੰਡਲ ਪੱਧਰ ਦੇ ਅਹੁਦੇਦਾਰਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।ਇਸ ਬੈਠਕ ਵਿੱਚ ਵਿਸ਼ੇਸ਼ ਤੌਰ ‘ਤੇ ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਮੂਲੀਅਤ ਕਰਦੇ ਹੋਏ ਪਾਰਟੀ ਦੇ ਆਗੂਆਂ ਅਤੇ ਕਾਰਕੁਨਾਂ ਨੂੰ ਸੰਬੋਧਨ ਕੀਤਾ।

ਉਨ੍ਹਾਂ ਕਿਹਾ ਕਿ 14 ਮਾਰਚ ਨੂੰ ਮੋਗਾ ਵਿਖੇ ਹੋਣ ਵਾਲੀ ਇਹ ਵਿਸ਼ਾਲ ਰੈਲੀ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਸਾਬਤ ਹੋਵੇਗੀ।ਇਸ ਰੈਲੀ ਨੂੰ ਸੰਬੋਧਨ ਕਰਨ ਲਈ ਦੇਸ਼ ਦੇ ਮਾਨਯੋਗ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਵਿਸ਼ੇਸ ਤੌਰ ‘ਤੇ ਪਹੁੰਚ ਰਹੇ ਹਨ,ਜਿਸ ਕਾਰਨ ਭਾਜਪਾ ਦੇ ਕਾਰਕੁਨਾਂ ਵਿੱਚ ਵੱਡਾ ਉਤਸ਼ਾਹ ਹੈ।ਮੀਟਿੰਗ ਦੌਰਾਨ ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜ਼ਿਲ੍ਹਾ ਮੰਡਲ ਅਤੇ ਵੱਖ-ਵੱਖ ਮੋਰਚਿਆਂ ਦੇ ਅਹੁਦੇਦਾਰਾਂ ਨਾਲ ਵਿਸਥਾਰ ਨਾਲ ਚਰਚਾ ਕਰਦੇ ਹੋਏ ਮੋਗਾ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।ਉਨ੍ਹਾਂ ਕਾਰਕੁਨਾਂ ਨੂੰ ਅਪੀਲ ਕੀਤੀ ਕਿ ਉਹ ਪੂਰੇ ਜੋਸ਼ ਅਤੇ ਸਮਰਪਣ ਨਾਲ ਰੈਲੀ ਦੀਆਂ ਤਿਆਰੀਆਂ ਵਿੱਚ ਜੁਟ ਜਾਣ ਤਾਂ ਜੋ ਇਹ ਰੈਲੀ ਇਤਿਹਾਸਕ ਬਣ ਸਕੇ।ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾਂ ਲੋਕਾਂ ਦੇ ਮੁੱਦਿਆਂ ਲਈ ਲੜਦੀ ਆਈ ਹੈ ਅਤੇ ਇਹ ਰੈਲੀ ਵੀ ਪੰਜਾਬ ਦੇ ਭਵਿੱਖ ਅਤੇ ਵਿਕਾਸ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾ ਰਹੀ ਹੈ।ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿੱਚ ਭਾਜਪਾ ਦੇ ਕਾਰਕੁਨ ਅਤੇ ਸਮਰਥਕ ਮੋਗਾ ਰੈਲੀ ਵਿੱਚ ਸ਼ਿਰਕਤ ਕਰਨਗੇ।ਉਨ੍ਹਾਂ ਕਿਹਾ ਕਿ ਇਸ ਰੈਲੀ ਨੂੰ ਕਾਮਯਾਬ ਬਣਾਉਣ ਲਈ ਜ਼ਿਲ੍ਹੇ ਦੇ ਹਰ ਮੰਡਲ ਅਤੇ ਹਰ ਬੂਥ ਪੱਧਰ ਤੱਕ ਕਾਰਕੁਨਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਸਮੂਹ ਆਗੂ ਅਤੇ ਕਾਰਕੁਨ ਪੂਰੀ ਤਾਕਤ ਨਾਲ ਇਸ ਰੈਲੀ ਨੂੰ ਸਫਲ ਬਣਾਉਣ ਲਈ ਮੈਦਾਨ ਵਿੱਚ ਉਤਰਣਗੇ।

ਇਸ ਮੀਟਿੰਗ ਵਿੱਚ ਭਾਜਪਾ ਸੂਬਾ ਜਨਰਲ ਸਕੱਤਰ ਸ਼੍ਰੀ ਜਗਮੋਹਨ ਸਿੰਘ ਰਾਜੂ ,ਭਾਜਪਾ ਸੂਬਾ ਸਕੱਤਰ ਸ਼੍ਰੀ ਸੂਰਜ ਭਾਰਦਵਾਜ,ਜ਼ਿਲ੍ਹਾ ਪ੍ਰਬਾਰੀ ਸ਼੍ਰੀ ਨਰੇਸ਼ ਸ਼ਰਮਾ, ਰੈਲੀ ਪ੍ਰਬਾਰੀ ਸ਼੍ਰੀ ਰਾਜੇਸ਼ ਹਨੀ,ਸਮੂਹ ਜ਼ਿਲ੍ਹਾ ਅਹੁਦੇਦਾਰ, ਜ਼ਿਲ੍ਹਾ ਟੀਮ ਦੇ ਮੈਂਬਰ ਅਤੇ ਵੱਖ-ਵੱਖ ਮੰਡਲਾਂ ਦੇ ਪ੍ਰਧਾਨ ਵੀ ਮੌਜੂਦ ਸਨ।ਮੀਟਿੰਗ ਦੌਰਾਨ ਰੈਲੀ ਦੀ ਸਫਲਤਾ ਲਈ ਵੱਖ-ਵੱਖ ਅਹੁਦੇਦਾਰਾਂ ਅਤੇ ਕਾਰਕੁਨਾਂ ਨੂੰ ਅਲੱਗ-ਅਲੱਗ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਅਤੇ ਸਾਰੇ ਆਗੂਆਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਲੋਕਾਂ ਨਾਲ ਸੰਪਰਕ ਵਧਾ ਕੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਮੋਗਾ ਰੈਲੀ ਵਿੱਚ ਲੈ ਕੇ ਆਉਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਗਈ।
ਆਗੂਆਂ ਨੇ ਕਿਹਾ ਕਿ ਆਉਣ ਵਾਲੀ “ਬਦਲਾਅ ਰੈਲੀ” ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਲਿਆਵੇਗੀ ਅਤੇ ਪੰਜਾਬ ਦੇ ਵਿਕਾਸ,ਨਸ਼ੇ ਅਤੇ ਗੈਂਗਸਟਰਵਾਦ ਵਰਗੇ ਗੰਭੀਰ ਮੁੱਦਿਆਂ ‘ਤੇ ਮਜ਼ਬੂਤ ਸੁਨੇਹਾ ਦੇਵੇਗੀ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ ਅਤੇ ਭਾਜਪਾ ਹੀ ਉਹ ਪਾਰਟੀ ਹੈ ਜੋ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ‘ਤੇ ਲੈ ਜਾ ਸਕਦੀ ਹੈ।ਇਸ ਮੌਕੇ ਸਾਰੇ ਆਗੂਆਂ ਅਤੇ ਕਾਰਕੁਨਾਂ ਨੇ ਇਕਜੁੱਟ ਹੋ ਕੇ ਮੋਗਾ ਰੈਲੀ ਨੂੰ ਕਾਮਯਾਬ ਬਣਾਉਣ ਦਾ ਸੰਕਲਪ ਵੀ ਕੀਤਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.