ਸਿੱਖਾਂ ਵਿੱਚ ਬਾਦਸ਼ਾਹੀ ਦੀ ਤਾਂਘ ਮੁੜ ਜਗਾਉਣ ਦੀ ਲੋੜ

ਸਿੱਖਾਂ ਵਿੱਚ ਬਾਦਸ਼ਾਹੀ ਦੀ ਤਾਂਘ ਮੁੜ ਜਗਾਉਣ ਦੀ ਲੋੜ

'ਰਾਜ ਕਰਨਾ ਜਾਂ ਲੜ ਮਰਨਾ' ਦੇ ਸਿਧਾਂਤ ਨੇ ਹਮੇਸ਼ਾਂ ਹੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖਿਆ ਸੀ ਪਰ ਜਦੋਂ ਦਾ ਸਿੱਖ ਕੌਮ ਦੇ ਵੱਡੇ ਹਿੱਸੇ ਨੇ ਹਿੰਦੁਸਤਾਨ ਦੀ ਗ਼ੁਲਾਮੀ ਕਬੂਲ ਕੇ ਤੇ ਅਣਖ਼ ਮਾਰ ਕੇ ਜਿਊਣਾ ਸ਼ੁਰੂ ਕੀਤਾ ਹੈ ਤਾਂ ਸਿੱਖ ਕੌਮ ਦੇ ਪੱਲੇ ਖ਼ੁਆਰੀ ਹੀ ਪੈ ਰਹੀ ਹੈ। ਉਹ ਸਿੱਖ ਕਿੰਨੇ ਬੇ-ਜ਼ਮੀਰੇ ਹਨ ਜਿਹੜੇ ਹਰ ਰੋਜ਼ ਬੇਇਨਸਾਫ਼ੀ ਅਤੇ ਜ਼ਲਾਲਤ ਝੱਲ ਕੇ ਵੀ ਅਜ਼ਾਦੀ ਦੇ ਰਾਹ ਨਹੀਂ ਪੈ ਰਹੇ। ਉਹਨਾਂ ਨੂੰ ਗ਼ੁਲਾਮੀ ਦੇ ਵਿੱਚ ਹੀ ਸਵਾਦ ਆਉਣ ਲੱਗ ਪਿਆ ਹੈ ਤੇ ਉਹ ਗ਼ੁਲਾਮੀ ਨੂੰ ਹੀ ਜ਼ਿੰਦਗੀ ਸਮਝੀ ਬੈਠੇ ਨੇ, ਸ਼ਾਇਦ ਉਹਨਾਂ ਦੀ ਹਾਲਤ ਖੂਹ ਵਿਚਲੇ ਡੱਡੂ ਵਾਲ਼ੀ ਹੋ ਗਈ ਹੈ। ਉਹਨਾਂ ਨੂੰ ਅਜ਼ਾਦੀ ਦੀ ਅਹਿਮੀਅਤ ਹੀ ਨਹੀਂ ਪਤਾ। ਉਹ ਸਿੱਖੀ ਮਾਰਗ ਤੇ ਸਿੱਖ ਸੰਘਰਸ਼ ਤੋਂ ਭੁੱਲੇ-ਭਟਕੇ ਫਿਰਦੇ ਹਨ। 
ਉਹ ਤਾਂ 'ਰਾਜ ਕਰੇਗਾ ਖ਼ਾਲਸਾ' ਦੇ ਦੋਹਰੇ ਦਾ ਵੀ ਗ਼ਲਤ ਹੀ ਅਰਥ ਕੱਢੀ ਫਿਰਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਖ਼ਾਲਸੇ ਦੇ ਰਾਜ ਦਾ ਮਤਲਬ ਸਿੱਖਾਂ ਦਾ ਰਾਜ ਨਹੀਂ ਬਲਕਿ ਚੰਗੇ, ਵਧੀਆ ਅਤੇ ਸ਼ੁੱਧ ਲੋਕਾਂ ਦਾ ਰਾਜ ਹੈ ਤੇ ਇਹ ਰਾਜ ਪੰਜਾਬ ਜਾਂ ਧਰਤੀ ਦੇ ਕਿਸੇ ਹੋਰ ਟੁਕੜੇ 'ਤੇ ਨਹੀਂ ਬਲਕਿ ਲੋਕਾਂ ਦੇ ਮਨਾਂ ਵਿੱਚ ਕਰਨਾ ਹੈ। ਅਜਿਹੇ ਲੋਕਾਂ ਨੂੰ ਕਦੋਂ ਸਮਝ ਆਵੇਗੀ ਕਿ ਖ਼ਾਲਸੇ ਤੋਂ ਚੰਗਾ, ਵਧੀਆ ਅਤੇ ਸ਼ੁੱਧ ਹੋਰ ਕੌਣ ਹੋ ਸਕਦਾ ਹੈ ? ਖ਼ਾਲਸਾ ਤਾਂ ਗੁਰੂ ਸਰੂਪ ਹੈ "ਖ਼ਾਲਸਾ ਮੇਰੋ ਰੂਪ ਹੈ ਖ਼ਾਸ। ਖ਼ਾਲਸੇ ਮੈ ਹਉਂ ਕਰਉਂ ਨਿਵਾਸ।" 
ਕਲਗੀਧਰ ਪਾਤਸ਼ਾਹ ਨੇ ਆਪਣੇ ਖ਼ਾਲਸੇ ਪੁੱਤਰਾਂ ਨੂੰ ਹੀ ਰਾਜ ਕਰਨ ਦਾ ਵਚਨ ਦਿੱਤਾ ਹੈ। "ਇਨ ਗਰੀਬ ਸਿੱਖਨ ਕੋ ਦੇਊਂ ਪਾਤਸ਼ਾਹੀ। ਏ ਯਾਦ ਰਖੇ ਹਮਰੀ ਗੁਰਿਆਈ।" ਇਸੇ ਖ਼ਾਲਸੇ ਨੇ ਹੀ ਕਦੇ ਬਾਬਾ ਬੰਦਾ ਸਿੰਘ ਬਹਾਦਰ ਬਣ ਕੇ, ਕਦੇ ਸਿੱਖ ਮਿਸਲਾਂ ਦੇ ਸਰਦਾਰਾਂ ਤੇ ਕਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਰਾਜ ਕੀਤਾ ਸੀ ਤੇ ਇਸੇ ਖ਼ਾਲਸੇ ਨੇ ਦੇਸ ਪੰਜਾਬ ਦੀ ਧਰਤੀ 'ਤੇ ਮੁੜ ਖ਼ਾਲਸਾ ਰਾਜ ਦੇ ਝੰਡੇ ਗੱਡਣੇ ਹਨ। ਇਸੇ ਰਾਜ ਦੀ ਪ੍ਰਾਪਤੀ ਲਈ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਅਜ਼ਾਦੀ ਦਾ ਬਿਗਲ ਵਜਾਇਆ ਸੀ ਤੇ ਹਜ਼ਾਰਾਂ ਸਿੰਘਾਂ-ਸੂਰਮਿਆਂ ਨੇ ਸੀਸ ਤਲੀ 'ਤੇ ਧਰ ਕੇ ਸ਼ਹਾਦਤਾਂ ਦਿੱਤੀਆਂ ਹਨ। 
ਦਸਮੇਸ਼ ਪਿਤਾ ਦੇ ਬਿੰਦੀ ਪੁੱਤਰ (ਚਾਰ ਸਾਹਿਬਜ਼ਾਦੇ) ਵੀ ਧਰਮ ਦੀ ਖ਼ਾਤਰ ਤੇ ਖ਼ਾਲਸਾ ਰਾਜ ਦੀ ਸਿਰਜਣਾ ਲਈ ਚਮਕੌਰ ਦੀ ਗੜ੍ਹੀ ਤੇ ਸਰਹੰਦ ਦੀਆਂ ਨੀਹਾਂ ਵਿੱਚ ਸ਼ਹਾਦਤਾਂ ਦੇ ਗਏ ਸਨ ਤੇ ਨਾਦੀ ਪੁੱਤਰਾਂ ਭਾਵ ਖ਼ਾਲਸੇ ਨੇ ਵੀ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖ਼ਾਲਿਸਤਾਨ ਦੀ ਸਥਾਪਤੀ ਲਈ ਲਹੂ ਡੋਲ੍ਹਵਾਂ ਸੰਘਰਸ਼ ਕੀਤਾ ਅਤੇ ਕਰ ਰਹੇ ਹਨ। ਇਹਨਾਂ ਅਖੌਤੀ ਸਿੱਖਾਂ ਨੂੰ ਕੌਣ ਸਮਝਾਵੇ ਕਿ 'ਰਾਜ ਕਰੇਗਾ ਖ਼ਾਲਸਾ' ਵਿੱਚ ਉਸੇ ਖ਼ਾਲਸੇ ਦੀ ਗੱਲ ਕੀਤੀ ਹੈ ਜੋ ਦਸਮੇਸ਼ ਪਿਤਾ ਨੇ ਵਿਸਾਖੀ ਦੇ ਦਿਹਾੜੇ 'ਤੇ ਖ਼ਾਲਸੇ ਨੂੰ ਪ੍ਰਗਟ ਕਰਕੇ ਕਿਹਾ ਸੀ ਕਿ "ਖ਼ਾਲਸਾ ਅਕਾਲ ਪੁਰਖ ਕੀ ਫ਼ੌਜ। ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ।"
ਸਰਬ ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਲਈ ਗੁਰੂ ਸਾਹਿਬ ਨੇ ਸਾਨੂੰ 'ਰਾਜ ਕਰੇਗਾ ਖ਼ਾਲਸਾ' ਦਾ ਸੰਕਲਪ ਬਖ਼ਸ਼ਿਸ਼ ਕੀਤਾ ਹੈ। ਤਾਂ ਜੋ ਇਸ ਖ਼ਾਲਸੇ ਦੇ ਰਾਜ ਵਿੱਚ ਹਰ ਕੋਈ ਸੁਖੀ ਵੱਸ ਸਕੇ। "ਬੇਗਮਪੁਰਾ ਸਹਰ ਕੋ ਨਾਉ।। ਦੂਖੁ ਅੰਦੋਹੁ ਨਹੀ ਤਿਹਿ ਠਾਉ।।" ਜਿਸ ਬੇਗਮਪੁਰੇ ਦੀ ਗੱਲ ਭਗਤ ਸਾਹਿਬਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੀਤੀ ਉਸ ਨੂੰ ਖ਼ਾਲਸੇ ਨੇ ਹੀ ਸਾਕਾਰ ਕਰਨਾ ਹੈ। ਇਹ ਅਜ਼ਾਦ ਖ਼ਾਲਸਾ ਰਾਜ ਦਾ ਸੰਕਲਪ ਤੇ ਨਿਸ਼ਾਨਾ ਬਹੁਤ ਮਹਾਨ, ਉੱਤਮ ਅਤੇ ਪਵਿੱਤਰ ਹੈ। ਦਿੱਲੀ ਦਰਬਾਰ ਦੇ ਅਧੀਨ ਹੋ ਕੇ ਕਿਸੇ ਧਿਰ ਵੱਲੋਂ ਪੰਜਾਬ ਵਿੱਚ ਵੋਟਾਂ ਰਾਹੀਂ ਸਰਕਾਰ ਬਣਾ ਲੈਣੀ, ਮੁੱਖ ਮੰਤਰੀ ਬਣ ਜਾਣਾ ਤੇ ਭਾਰਤੀ ਸੰਵਿਧਾਨ ਅਤੇ ਬਿਪਰਵਾਦੀ ਨੀਤੀਆਂ ਨੂੰ ਹੀ ਲਾਗੂ ਕਰ ਦੇਣਾ ਖ਼ਾਲਸਾ ਰਾਜ ਨਹੀਂ ਹੈ। ਖ਼ਾਲਸੇ ਦਾ ਰਾਜ ਤਾਂ ਪੂਰਨ ਪ੍ਰਭੂਸੱਤਾ ਸੰਪੰਨ ਅਜ਼ਾਦੀ ਵਿੱਚ ਹੀ ਨਜ਼ਰੀਂ ਆਏਗਾ। ਖ਼ਾਲਸਾ ਰਾਜ ਦਾ ਸੰਕਲਪ ਅਤੇ ਸਿਧਾਂਤ ਸਰਹੱਦਾਂ ਵਿੱਚ ਵੀ ਹੈ, ਸਰਹੱਦਾਂ ਤੋਂ ਬਾਹਰੀ ਵੀ ਹੈ ਤੇ ਬ੍ਰਹਿਮੰਡੀ ਵੀ ਹੈ। ਇਸ ਨੂੰ ਪੰਜਾਬ ਤੋਂ ਇਲਾਵਾ ਖ਼ਾਲਸਾ ਆਪਣੀ ਤਾਕਤ ਅਤੇ ਲੋਕਾਂ ਦੇ ਸਹਿਯੋਗ ਨਾਲ਼ ਹੋਰ ਰਾਜਾਂ ਤੇ ਦੇਸਾਂ ਵਿੱਚ ਵੀ ਲਾਗੂ ਕਰ ਸਕਦਾ ਹੈ। 
ਸੰਸਾਰ ਦੇ ਸਾਰੇ ਸ਼ਾਸਕਾਂ ਵਿੱਚੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਸਭ ਰਾਜਾਂ ਵਿੱਚੋਂ ਖ਼ਾਲਸਾ ਰਾਜ ਸਭ ਤੋਂ ਪਹਿਲੇ ਨੰਬਰ 'ਤੇ ਹੈ ਇਹ ਗੱਲ ਦੁਨੀਆਂ ਭਰ ਦੇ ਇਤਿਹਾਸਕਾਰ ਅਤੇ ਵਿਦਵਾਨ ਮੰਨਦੇ ਹਨ ਤੇ ਖ਼ਾਲਸਾ ਰਾਜ ਦੀਆਂ ਸਿਫ਼ਤਾਂ ਕਰਦੇ ਲੋਕ ਅੱਜ-ਤਕ ਨਹੀਂ ਥੱਕਦੇ। ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਬਘੇਲ ਸਿੰਘ, ਨਵਾਬ ਕਪੂਰ ਸਿੰਘ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਜਥੇਦਾਰ ਅਕਾਲੀ ਫੂਲਾ ਸਿੰਘ, ਜਰਨੈਲ ਹਰੀ ਸਿੰਘ ਨਲੂਆ, ਭਾਈ ਮਹਾਰਾਜ ਸਿੰਘ, ਸਰਦਾਰ ਸ਼ਾਮ ਸਿੰਘ ਅਟਾਰੀ, ਮਹਾਰਾਜਾ ਰਣਜੀਤ ਸਿੰਘ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਖ਼ਾਲਸਾ ਰਾਜ ਦੇ ਮਹਾਂਨਾਇਕ ਹਨ। ਇਹ ਪੰਜਾਬ ਸਿੱਖਾਂ ਦਾ ਹੈ ਤੇ ਸਿੱਖ ਪੰਜਾਬ ਦੇ ਹਨ। ਪੰਜਾਬ ਸਿੱਖਾਂ ਦਾ ਕੌਮੀ ਘਰ ਹੈ। ਅੱਜ ਸਿੱਖ ਮਾਨਸਿਕਤਾ ਨੂੰ ਹੁਲਾਰਾ ਦੇ ਕੇ ਮੁੜ ਬਾਦਸ਼ਾਹੀ ਦੀ ਤਾਂਘ ਜਗਾਉਣ ਦੀ ਲੋੜ ਹੈ ਤਾਂ ਜੋ ਖ਼ਾਲਸਾ ਰਾਜ ਮੁੜ ਸਿਰਜਿਆ ਜਾਏ। 

- ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.