ਸਿੱਖ ਸੰਘਰਸ਼ ਦੇ ਸ਼ਹੀਦਾਂ ਅਤੇ ਇਤਿਹਾਸਕ ਘਟਨਾਵਾਂ ਦਾ ਪ੍ਰਮਾਣਿਕ ਰਿਕਾਰਡ ਤੁਰੰਤ ਇਕੱਠਾ ਕਰੇ ਸ਼੍ਰੋਮਣੀ ਕਮੇਟੀ ਤੇ ਜਥੇਦਾਰ: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
- ਰਾਜਨੀਤੀ
- 20 Jul, 2026 02:00 PM (Asia/Kolkata)
ਫੈਡਰੇਸ਼ਨ ਭਿੰਡਰਾਂਵਾਲਾ ਅਤੇ ਖ਼ਾਲਸਾ ਫਤਹਿਨਾਮਾ ਨੇ ਸ਼ਹੀਦਾਂ ਦਾ ਇਤਿਹਾਸ ਸੰਭਾਲਣ ਵਿੱਚ ਵੱਡੀ ਜ਼ਿੰਮੇਵਾਰੀ ਨਿਭਾਈ ਹੈ
ਅੰਮ੍ਰਿਤਸਰ, 20 ਜੁਲਾਈ (ਚਰਨਜੀਤ ਸਿੰਘ): ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਅਸੀਂ ਆਪਣੀ ਜਥੇਬੰਦੀ ਅਤੇ ਅਦਾਰਾ ਖ਼ਾਲਸਾ ਫ਼ਤਹਿਨਾਮਾ ਵੱਲੋਂ ਮੌਜੂਦਾ ਸਿੱਖ ਸੰਘਰਸ਼ ਦੇ ਸ਼ਹੀਦਾਂ ਦਾ ਇਤਿਹਾਸ ਸੰਭਾਲਣ ਵਿੱਚ ਆਪਣੀ ਸਮਰੱਥਾ ਨਾਲੋਂ ਵੱਧ ਕੇ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਤੇ ਹੁਣ ਸ਼੍ਰੋਮਣੀ ਕਮੇਟੀ ਨੂੰ ਵੀ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਦੀ ਗਿਣਤੀ ਅਤੇ ਹੋਰ ਇਤਿਹਾਸਕ ਘਟਨਾਵਾਂ ਦੇ ਵੇਰਵੇ ਛੇਤੀ ਇਕੱਠੇ ਕਰਨ ਦੀ ਸ਼ੁਰੂਆਤ ਕਰ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ 14 ਜੁਲਾਈ 2026 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਸੀ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਸਮੂਹ ਸ਼ਹੀਦਾਂ ਦੀ ਹਰੀਕੇ ਵਿਖੇ ਯਾਦਗਾਰ ਬਣਾਈ ਜਾਏ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼ਹੀਦਾਂ ਦੀ ਗਿਣਤੀ ਅਤੇ ਹੋਰ ਵੇਰਵੇ ਇਕੱਠੇ ਕੀਤੇ ਜਾਣਗੇ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਹੁਣ ਲੋੜ ਹੈ ਕਿ ਜਥੇਦਾਰ ਦੀ ਟੀਮ ਅਤੇ ਸ਼੍ਰੋਮਣੀ ਕਮੇਟੀ ਇਹਨਾਂ ਐਲਾਨਾਂ ਨੂੰ ਸਿਰੇ ਚੜ੍ਹਾਉਣ ਲਈ ਅਗਲੇ ਕਾਰਜ ਤੇਜ਼ੀ ਨਾਲ ਸ਼ੁਰੂ ਕਰ ਦੇਵੇ, ਪਿੰਡਾਂ-ਸ਼ਹਿਰਾਂ ਵਿੱਚ ਇੱਕ ਮੁਹਿੰਮ ਵਿੱਢ ਕੇ ਅਗਲੇ ਸਾਲ ਤਕ ਸਮੂਹ ਸ਼ਹੀਦਾਂ ਦੀ ਗਿਣਤੀ ਅਤੇ ਵੇਰਵੇ ਇਕੱਤਰ ਕਰਕੇ ਖ਼ਾਲਸਾ ਪੰਥ ਦੀ ਝੋਲੀ ਵਿੱਚ ਪਾਵੇ। ਸੰਨ 1982 ਤੋਂ 1995 ਤਕ ਜਿੰਨੇ ਵੀ ਸਿੰਘਾਂ-ਸਿੰਘਣੀਆਂ ਦੇ ਝੂਠੇ ਅਤੇ ਅਸਲ ਪੁਲਿਸ ਮੁਕਾਬਲੇ ਬਣਾਏ ਗਏ ਹਨ, ਜਿਨ੍ਹਾਂ ਨੂੰ ਅਗਵਾ ਕਰਕੇ ਲਾਪਤਾ ਕੀਤਾ ਹੈ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਲਾਵਾਰਸ ਕਹਿ ਕੇ ਸਾੜ ਦਿੱਤਾ, ਜਿਨ੍ਹਾਂ ਦੀਆਂ ਸ਼ਹੀਦੀ ਦੇਹਾਂ ਦਰਿਆਵਾਂ ਅਤੇ ਨਹਿਰਾਂ ਵਿੱਚ ਰੋੜ੍ਹ ਦਿੱਤੀਆਂ, ਜਿਨ੍ਹਾਂ ਨੂੰ ਕਿਤੇ ਮਾਰ-ਖਪਾ ਅਤੇ ਦੱਬ ਦਿੱਤਾ ਗਿਆ, ਜਿਨ੍ਹਾਂ ਦੀਆਂ ਲਾਸ਼ਾਂ ਪਰਿਵਾਰਾਂ ਅਤੇ ਸੰਗਤਾਂ ਨੇ ਪੁਲਿਸ ਕੋਲ ਖੋਹ ਕੇ ਖ਼ੁਦ ਸਸਕਾਰ ਕੀਤੇ, ਜਿਨ੍ਹਾਂ ਬਾਰੇ ਕੁਝ ਪਤਾ ਹੀ ਨਾ ਲੱਗ ਸਕਿਆ ਕਿ ਉਹਨਾਂ ਨਾਲ ਕੀ ਬੀਤੀ ਅਤੇ ਹੋਰ ਕਈ ਵੱਖ-ਵੱਖ ਕੇਸਾਂ ਅਤੇ ਘਟਨਾਵਾਂ ਵਿੱਚ ਸਰਕਾਰ ਦੀ ਦਰਿੰਦਗੀ ਦਾ ਸ਼ਿਕਾਰ ਬਣੇ ਲੋਕਾਂ ਦੇ ਪਰਿਵਾਰਾਂ, ਵਾਰਸਾਂ, ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਤਕ ਪਹੁੰਚ ਕਰਕੇ ਤਸਵੀਰਾਂ, ਨਾਮ, ਪਤੇ ਅਤੇ ਹੋਰ ਜਾਣਕਾਰੀ ਨੂੰ ਦਸਤਾਵੇਜ਼ ਕੀਤਾ ਜਾਵੇ। ਜੇ ਸ਼੍ਰੋਮਣੀ ਕਮੇਟੀ ਇਮਾਨਦਾਰੀ ਨਾਲ ਕੰਮ ਕਰੇ ਤਾਂ ਸੱਚਮੁੱਚ ਇਹ ਕਾਰਜ ਇੱਕ ਸਾਲ ਵਿੱਚ ਹੀ ਪੂਰਾ ਕੀਤਾ ਜਾ ਸਕਦਾ ਹੈ।
Leave a Reply