ਕੇ. ਐੱਮ. ਐੱਮ. ਦੇ ਐਲਾਨ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੋਡਵੇਜ਼ ਮੁਲਾਜ਼ਮਾਂ ਦੇ ਸੰਘਰਸ਼ ਵਿੱਚ ਵੱਡੀ ਸ਼ਮੂਲੀਅਤ,
- ਰਾਜਨੀਤੀ
- 29 Nov, 2025 08:23 PM (Asia/Kolkata)
ਨਿੱਜੀਕਰਨ ਦੀ ਨੀਤੀ ਵਾਪਿਸ ਲਵੇ ਸਰਕਾਰ
ਟਾਂਗਰਾ , ਸੁਰਜੀਤ ਸਿੰਘ ਖ਼ਾਲਸਾ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਦਿੱਤੇ ਗਏ ਪ੍ਰੋਗਰਾਮ ਤਹਿਤ ਰੋਡਵੇਜ਼ ਬੱਸ ਮੁਲਾਜ਼ਮਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ ਦੀ ਅਗਵਾਈ ਵਿੱਚ ਵੱਖ ਵੱਖ ਡੀਪੂਆਂ ਤੇ ਚਲਦੇ ਧਰਨਿਆ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਆਗੂਆਂ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਜਨਤਕ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਨੀਤੀ ਤੇ ਕੰਮ ਕਰ ਰਹੀ ਹੈ ਭਾਵੇਂ ਉਹ ਬਿਜਲੀ ਸੋਧ ਬਿੱਲ ਖ਼ਿਲਾਫ਼ ਚੁੱਪ ਹੋਵੇ ਜਾਂ ਅੱਜ ਪੰਜਾਬ ਰੋਡਵੇਜ਼ ਮਹਿਕਮੇ ਵਿੱਚ ਪ੍ਰਾਈਵੇਟ ਖਿਡਾਰੀਆਂ ਲਈ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਹੋਵੇ । ਉਹਨਾਂ ਕਿਹਾ ਕਿ ਇਹੀ ਭਗਵੰਤ ਮਾਨ ਜਦੋਂ ਮੁੱਖ ਮੰਤਰੀ ਨਹੀਂ ਸਨ ਤਾਂ ਇਹਨਾਂ ਦੇ ਬਿਆਨ ਅੱਜ ਵੀ ਮੀਡੀਆ ਵਿੱਚ ਮੌਜੂਦ ਹਨ ਜਦੋਂ ਉਹ ਕਹਿੰਦੇ ਸੀ ਕਿ ਸਾਰੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ ਪਰ ਅੱਜ ਕੰਮ ਬਿਲਕੁਲ ਉਲਟ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਨੂੰ ਸੰਘਰਸ਼ ਤੋਂ ਬਾਅਦ ਲੈਂਡ ਪੂਲਿੰਗ ਪਾਲਸੀ ਵਾਪਿਸ ਲੈਣੀ ਪਈ ਸੀ ਇਸੇ ਤਰ੍ਹਾਂ ਇਹ ਫੈਸਲਾ ਵੀ ਵਾਪਿਸ ਲੈਣਾ ਪਵੇਗਾ। ਉਹਨਾਂ ਕਿਹਾ ਸਰਕਾਰ ਕਿਲੋਮੀਟਰ ਸਕੀਮ ਵਾਪਿਸ ਲਈ ਜਾਵੇ, ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਸਮੇਤ ਸਾਰੀਆਂ ਮੰਗਾਂ ਮੰਨੀਆਂ ਜਾਣ। ਉਹਨਾਂ ਕੱਚੇ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਬਿਕਰਮ ਸਿੰਘ ਦੀਆਂ ਸੇਵਾਵਾਂ ਖ਼ਤਮ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਉਹਨਾਂ ਦੀਆਂ ਸੇਵਾਵਾਂ ਬਹਾਲ ਕੀਤੀਆਂ ਜਾਣ। ਉਹਨਾਂ ਕਿਹਾ ਕਿ ਸਰਕਾਰ ਸਮਝ ਲਵੇ ਕਿ ਮੁਲਾਜ਼ਮਾਂ ਦਾ ਸੰਘਰਸ਼ ਜਿੰਨਾ ਵੀ ਲੰਬਾ ਸੰਘਰਸ਼ ਕਰਨ ਦੀ ਜਰੂਰਤ ਮਹਿਸੂਸ ਕੀਤੀ ਜਾਵੇਗੀ ਓਨਾ ਲੰਬਾ ਸਾਥ ਦਿੱਤਾ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਅਦਾਰਾ ਜਨਤਾ ਦਾ ਹੈ ਸੋ ਇਹ ਸਿਰਫ ਮੁਲਾਜ਼ਮਾਂ ਦੀ ਲੜਾਈ ਨਹੀਂ ਸੋ ਆਮ ਲੋਕਾਂ ਨੂੰ ਇਸ ਸੰਘਰਸ਼ ਦਾ ਸਾਥ ਦੇਣਾ ਚਾਹੀਦਾ ਹੈ।
Leave a Reply