ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਕ੍ਰਿਸ਼ਨਾ ਮਾਰਕੀਟ ਸੈਕਟਰ- 41-ਏ 'ਚ ਸਮਾਰਟ ਜਨਤਕ ਪਖਾਨੇ ਦਾ ਕੀਤਾ ਉਦਘਾਟਨ...
- ਰਾਜਨੀਤੀ
- 10 Jul, 2026 02:41 PM (Asia/Kolkata)
ਚੰਡੀਗੜ੍ਹ, 10 ਜੁਲਾਈ (ਮੰਗਤ ਸਿੰਘ ਸੈਦਪੁਰ) : ਨਗਰ ਨਿਗਮ ਦੇ ਵਾਰਡ ਨੰਬਰ 30 ਤੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੱਲੋਂ ਆਪਣੇ ਵਾਰਡ ਅਧੀਨ ਸੈਕਟਰ 41-ਏ ਸਥਿਤ ਕ੍ਰਿਸ਼ਨਾ ਮਾਰਕੀਟ ਵਿਖੇ ਸਮਾਰਟ ਜਨਤਕ ਪਖਾਨਿਆਂ ਦਾ ਉਦਘਾਟਨ ਕਰਕੇ ਦੁਕਾਨਦਾਰਾਂ ਅਤੇ ਆਮ ਜਨਤਾ ਦੇ ਲਈ ਖੋਲ੍ਹ ਦਿੱਤੇ ਗਏ। ਉਦਘਾਟਨ ਕਰਨ ਉਪਰੰਤ ਦੁਕਾਨਦਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਹਰਦੀਪ ਸਿੰਘ ਨੇ ਦੱਸਿਆ ਕਿ ਇਹਨਾਂ ਪਖਾਨਿਆਂ ਨੂੰ ਬਹੁਤ ਹੀ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਪਖਾਨੇ ਵਿੱਚ ਸੋਲਰ ਪੈਨਲ ਇਨਵਰਟਰ ਲਗਾਇਆ ਗਿਆ ਹੈ ਤਾਂ ਕਿ ਬਿਜਲੀ ਦੀ ਸਮੱਸਿਆ ਨਾ ਆ ਸਕੇ। ਇਸ ਤੋਂ ਇਲਾਵਾ ਵਿਸ਼ੇਸ਼ ਅਲਾਰਮ ਵੀ ਲਗਾਇਆ ਗਿਆ ਹੈ ਤਾਂ ਕਿ ਕੋਈ ਵੀ ਵਿਅਕਤੀ ਪਖਾਨੇ ਦੇ ਅੰਦਰ ਬੰਦ ਹੋਣ ਦੌਰਾਨ ਐਮਰਜੈਂਸੀ ਸਥਿਤੀ ਵਿੱਚ ਅਲਾਰਮ ਦਾ ਬਟਨ ਦਬਾ ਸਕੇ। ਇਸ ਤੋਂ ਇਲਾਵਾ ਔਰਤਾਂ ਦੇ ਸੈਨੀਟਰੀ ਪੈਡ ਨਸ਼ਟ ਕਰਨ ਦੀ ਸੁਵਿਧਾ ਵੀ ਦਿੱਤੀ ਗਈ ਹੈ। ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ ਵਾਰਡ ਵਾਸੀਆਂ ਅਤੇ ਵਾਰਡ ਅਧੀਨ ਖੇਤਰ ਦੀਆਂ ਮਾਰਕੀਟਾਂ ਦੇ ਦੁਕਾਨਦਾਰਾਂ ਦੀਆਂ ਹਰ ਸੁੱਖ-ਸੁਵਿਧਾ ਲਈ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਇਹਨਾਂ ਪਖਾਨਿਆਂ ਨੂੰ ਸਾਫ ਸੁਥਰਾ ਰੱਖਣ ਵੱਲ ਜ਼ਰੂਰ ਧਿਆਨ ਦੇਣ। ਕ੍ਰਿਸ਼ਨਾ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਓਮ ਪ੍ਰਕਾਸ਼ ਕਾਕਾ, ਸਕੱਤਰ ਈਸ਼ਵਰ ਚੰਦ ਗੋਇਲ, ਕੈਸ਼ੀਅਰ ਸੁਸ਼ੀਲ ਰਾਣਾ, ਚੇਅਰਮੈਨ ਸਿਕੰਦਰ ਸਚਦੇਵਾ ਸਮੇਤ ਹੋਰਨਾਂ ਦੁਕਾਨਦਾਰਾਂ ਵਿੱਚ ਸੰਤੋਸ਼ ਕੁਮਾਰ, ਲਿਆਕਤ ਅਲੀ, ਦੀਪਕ ਸੇਠੀ, ਰਾਜੂ ਅਰੋੜਾ ਆਦਿ ਵੀ ਹਾਜ਼ਰ ਸਨ ਜਿਨ੍ਹਾਂ ਨੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਦਾ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਹੱਲ ਕਰਨ ਅਤੇ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਧੰਨਵਾਦ ਕੀਤਾ।
Leave a Reply