ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਅਤੇ ਗੁਰੂ ਨਾਲ ਜੋੜਨਾ ਮੀਰੀ ਪੀਰੀ ਖਾਲਸਾ ਮਾਰਚ ਦਾ ਮੁੱਖ ਮੰਤਵ- ਗਿਆਨੀ ਕੁਲਦੀਪ ਸਿੰਘ ਗੜਗੱਜ

ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਅਤੇ ਗੁਰੂ ਨਾਲ ਜੋੜਨਾ ਮੀਰੀ ਪੀਰੀ ਖਾਲਸਾ ਮਾਰਚ ਦਾ ਮੁੱਖ ਮੰਤਵ- ਗਿਆਨੀ ਕੁਲਦੀਪ ਸਿੰਘ ਗੜਗੱਜ

ਸੰਗਤਾਂ ਵਿਚ ਮੀਰੀ ਪੀਰੀ ਸਿਧਾਂਤ ਪ੍ਰਤੀ ਚੇਤਨਾ ਅਤੇ ਨੌਜੁਆਨਾਂ ਵਿਚ ਗੁਰੂ ਦੇ ਲੜ ਲੱਗਣ ਦਾ ਉਤਸ਼ਾਹ ਖਾਲਸਾ ਮਾਰਚ ਦੀ ਪ੍ਰਾਪਤੀ- ਐਡਵੋਕੇਟ ਧਾਮੀ

ਮੀਰੀ ਪੀਰੀ ਖਾਲਸਾ ਮਾਰਚ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਫਗਵਾੜਾ ਤੋਂ ਅਗਲੇ ਪੜਾਅ ਲਈ ਜੈਕਾਰਿਆਂ ਦੀ ਗੂੰਜ ’ਚ ਹੋਇਆ ਰਵਾਨਾ

ਫਗਵਾੜਾ/ਅੰਮ੍ਰਿਤਸਰ, 19 ਸਤੰਬਰ-ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ 

ਮੀਰੀ ਪੀਰੀ ਖ਼ਾਲਸਾ ਮਾਰਚ ਤੀਜੇ ਪੜਾਅ ਤਹਿਤ ਅੱਜ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਫਗਵਾੜਾ ਤੋਂ ਖ਼ਾਲਸਈ ਰਵਾਇਤਾਂ ਅਨੁਸਾਰ ਆਪਣੇ ਅਗਲੇ ਪੜਾਅ ਗੁਰਦੁਆਰਾ ਥੰਮ੍ਹ ਜੀ ਸਾਹਿਬ, ਕਰਤਾਰਪੁਰ (ਜਲੰਧਰ) ਲਈ ਰਵਾਨਾ ਹੋਇਆ। ਖ਼ਾਲਸਾ ਮਾਰਚ ਦੀ ਆਰੰਭਤਾ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਸਮੇਤ ਪ੍ਰਮੁੱਖ ਸਖਸ਼ੀਅਤਾਂ ਅਤੇ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ। ਇਸ ਮੌਕੇ ਸਜੇ ਧਾਰਮਿਕ ਦੀਵਾਨ ਸਮੇਂ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਸੰਗਤ ਨਾਲ ਗੁਰ-ਇਤਿਹਾਸ ਦੀ ਸਾਂਝ ਪਾਈ ਅਤੇ ਬਾਣੀ ਬਾਣੇ ਦੇ ਧਾਰਨੀ ਹੋਣ ਦੀ ਪ੍ਰੇਰਣਾ ਕੀਤੀ। 

ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਅਕਾਲ ਪੁਰਖ ਨਾਲ ਜੋੜਨ, ਗੁਰੂ ਸ਼ਬਦ ਦਾ ਮਾਰਗ ਦਿਖਾਉਣ ਅਤੇ ਸਮਾਜ ਅੰਦਰ ਫੈਲੇ ਵਹਿਮਾਂ-ਭਰਮਾਂ ਤੇ ਭੇਦਭਾਵ ਨੂੰ ਦੂਰ ਕਰਨ ਲਈ ਬਿਖੜੇ ਪੈਂਡਿਆਂ ਦੇ ਬਾਵਜੂਦ ਚਾਰ ਉਦਾਸੀਆਂ ਰਾਹੀਂ ਦੂਰ-ਦੁਰਾਡੇ ਇਲਾਕਿਆਂ ਤੱਕ ਜਾ ਕੇ ਲੋਕਾਈ ਨੂੰ ਸੱਚ ਦਾ ਉਪਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਪਾਤਸ਼ਾਹ ਦੇ ਹੁਕਮ ਅਤੇ ਸਿੱਖੀ ਦੇ ਮੂਲ ਸਿਧਾਂਤਾਂ ਨੂੰ ਸੰਗਤ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਮੀਰੀ-ਪੀਰੀ ਖ਼ਾਲਸਾ ਮਾਰਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਾਹਮਣੇ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇਕ ਨਸ਼ਾ ਹੈ। ਪਿੰਡਾਂ ਵਿਚ ਨੌਜਵਾਨਾਂ ਦੇ ਨਸ਼ਿਆਂ ਦੀ ਲਪੇਟ ਵਿਚ ਆਉਣ ਦੀਆਂ ਗੱਲਾਂ ਸੁਣ ਕੇ ਹਰ ਸੰਵੇਦਨਸ਼ੀਲ ਮਨ ਦੁਖੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਦਾ ਸਮਾਜਿਕ ਤੌਰ ’ਤੇ ਬਾਈਕਾਟ ਕਰਨਾ ਚਾਹੀਦਾ ਹੈ ਅਤੇ ਆਪਣੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਪਰਿਵਾਰ, ਸਮਾਜ ਅਤੇ ਪੰਥ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ। 

ਉਨ੍ਹਾਂ ਕਿਹਾ ਕਿ ਪੰਜਾਬ ਗੁਰੂ ਸਾਹਿਬਾਨ ਦੀ ਪਾਵਨ ਧਰਤੀ ਹੈ। ਇਸ ਧਰਤੀ ਨੂੰ ਛੱਡ ਕੇ ਪੱਕੇ ਤੌਰ ’ਤੇ ਬਾਹਰ ਵੱਸਣ ਦਾ ਵਧ ਰਿਹਾ ਰੁਝਾਨ ਚਿੰਤਾ ਦਾ ਵਿਸ਼ਾ ਹੈ। ਪੰਜਾਬ ਸਾਡਾ ਘਰ ਹੈ, ਇਸ ਦੀ ਮਿੱਟੀ ਅਤੇ ਵਿਰਾਸਤ ਨਾਲ ਸਾਡਾ ਡੂੰਘਾ ਨਾਤਾ ਹੈ। ਇਸ ਲਈ ਆਪਣੀ ਧਰਤੀ, ਆਪਣੀ ਬੋਲੀ ਅਤੇ ਆਪਣੀ ਵਿਰਾਸਤ ਦੀ ਸੰਭਾਲ ਲਈ ਸਾਨੂੰ ਸੁਚੇਤ ਹੋ ਕੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਗੁਰਸਿੱਖੀ, ਗੁਰਬਾਣੀ ਅਤੇ ਪੰਜਾਬੀ ਮਾਂ-ਬੋਲੀ ਨਾਲ ਜੋੜਨਾ ਸਮੇਂ ਦੀ ਵੱਡੀ ਲੋੜ ਹੈ। ਗੁਰੂ ਸਾਹਿਬ ਨੇ ਸਾਨੂੰ ਕਕਾਰਾਂ ਦੀ ਅਨਮੋਲ ਦਾਤ ਬਖ਼ਸ਼ੀ ਹੈ। ਬੱਚਿਆਂ ਦੇ ਕੇਸ ਅਤੇ ਕਕਾਰਾਂ ਦੀ ਸੰਭਾਲ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਵਿਦਿਅਕ ਸੰਸਥਾ ਵੱਲੋਂ ਬੱਚਿਆਂ ਨੂੰ ਕੜਾ ਜਾਂ ਕਿਸੇ ਹੋਰ ਕਕਾਰ ਤੋਂ ਵਾਂਝਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸਾਨੂੰ ਸੰਗਠਿਤ ਹੋ ਕੇ ਇਸ ਦਾ ਸੰਵਿਧਾਨਕ ਅਤੇ ਸ਼ਾਂਤਮਈ ਢੰਗ ਨਾਲ ਵਿਰੋਧ ਕਰਨਾ ਚਾਹੀਦਾ ਹੈ। ਸਕੂਲ ਸਾਡੇ ਬੱਚਿਆਂ ਦੀ ਧਾਰਮਿਕ ਪਛਾਣ ਨਾਲ ਸਮਝੌਤਾ ਕਰਨ ਲਈ ਮਜਬੂਰ ਨਹੀਂ ਕਰ ਸਕਦੇ। ਉਨ੍ਹਾਂ ਸੰਗਤਾਂ ਨੂੰ ਪੰਥ ਵਿਰੋਧੀ ਤਾਕਤਾਂ ਦਾ ਇੱਕਜੁੱਟਤਾ ਨਾਲ ਮੁਕਾਬਲਾ ਕਰਨ ਦੀ ਪ੍ਰੇਰਨਾ ਵੀ ਦਿੱਤੀ।

ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੀਰੀ ਪੀਰੀ ਖਾਲਸਾ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ, ਸਿੱਖ ਸਿਧਾਂਤਾਂ ਦੇ ਪ੍ਰਚਾਰ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਕਰਨ ਲਈ ਆਰੰਭ ਹੋਇਆ ਸੀ। ਇਸ ਖਾਲਸਾ ਮਾਰਚ ਦੌਰਾਨ ਹਜ਼ਾਰਾਂ ਸੰਗਤਾਂ ਨੇ ਅੰਮ੍ਰਿਤ ਛਕਣ, ਕੇਸ ਰੱਖਣ, ਬਾਣੀ ਬਾਣੇ ਦੇ ਧਾਰਨੀ ਹੋਣ ਅਤੇ ਗੁਰਬਾਣੀ ਅਨੁਸਾਰ ਜੀਵਨ ਜਿਊਣ ਦਾ ਪ੍ਰੇਰਣਾਦਾਇਕ ਸੰਕਲਪ ਲਿਆ ਹੈ। ਮੀਰੀ-ਪੀਰੀ ਦੇ ਸਿਧਾਂਤ ਨੂੰ ਜੀਵਨ ਦਾ ਆਧਾਰ ਬਣਾਉਣ ਲਈ ਸੰਗਤਾਂ ਵਿਚ ਪੈਦਾ ਹੋ ਰਹੀ ਇਹ ਚੇਤਨਾ ਖਾਲਸਾ ਮਾਰਚ ਦੇ ਮੁੱਖ ਉਦੇਸ਼ਾਂ ਦੀ ਪ੍ਰਾਪਤੀ ਨੂੰ ਦਰਸਾਉਂਦੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਗੰਭੀਰ ਸਮੱਸਿਆ ਬਾਰੇ ਪਿੰਡ-ਪਿੰਡ ਸੰਗਤਾਂ ਵਿੱਚੋਂ ਇੱਕੋ ਆਵਾਜ਼ ਉੱਠ ਰਹੀ ਹੈ ਕਿ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਰੋਕਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ, ਪਰ ਸ਼ਰੇਆਮ ਵਿਕ ਰਿਹਾ ਨਸ਼ਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਹੈ। ਉਨ੍ਹਾਂ ਕਿਹਾ ਕਿ ਖ਼ਾਲਸਾ ਮਾਰਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਅਤੇ ਗੁਰੂ ਦੇ ਲੜ ਲੱਗਣ ਦਾ ਹੋਕਾ ਦੇ ਰਿਹਾ ਹੈ। ਬਹੁਤ ਸਾਰੇ ਨੌਜਵਾਨ ਪ੍ਰਣ ਕਰ ਰਹੇ ਹਨ ਜੋ ਚੰਗਾ ਸੁਨੇਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸੈਂਕੜੇ ਪਿੰਡਾਂ ਵਿੱਚੋਂ ਲੰਘ ਚੁੱਕੇ ਮੀਰੀ-ਪੀਰੀ ਖ਼ਾਲਸਾ ਮਾਰਚ ਨੂੰ ਸੰਗਤ ਵੱਲੋਂ ਮਿਲ ਰਿਹਾ ਬੇਮਿਸਾਲ ਪਿਆਰ ਅਤੇ ਉਤਸ਼ਾਹ ਇਸ ਗੱਲ ਦਾ ਪ੍ਰਮਾਣ ਹੈ ਕਿ ਪੰਜਾਬ ਦੀ ਧਰਤੀ ਅੱਜ ਵੀ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ।

ਇਸ ਮੌਕੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿਚ ਸ਼ੁਸ਼ੋਭਿਤ ਕਰਨ ਦੀ ਸੇਵਾ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਨਿਭਾਈ। ਖ਼ਾਲਸਾ ਮਾਰਚ ਦੌਰਾਨ ਜਿਥੇ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ, ਉਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਸਲਾਮੀ ਦੇ ਕੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ ਗਿਆ। ਵੱਖ-ਵੱਖ ਪੜਾਵਾਂ ’ਤੇ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। 

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ, ਮੈਂਬਰ ਸ. ਪਰਮਜੀਤ ਸਿੰਘ ਰਾਏਪੁਰ, ਬੀਬੀ ਦਵਿੰਦਰ ਕੌਰ ਕਾਲੜਾ, ਸ. ਗੁਰਦਿਆਲ ਸਿੰਘ ਕਾਲੜਾ, ਸਾਬਕਾ ਮੈਂਬਰ ਸ. ਹਰਜਿੰਦਰ ਸਿੰਘ ਲੱਲੀਆਂ, ਸੀਨੀਅਰ ਅਕਾਲੀ ਆਗੂ ਸ. ਜਰਨੈਲ ਸਿੰਘ ਵਾਹਦ, ਹਲਕਾ ਇੰਚਾਰਜ ਸ. ਰਣਜੀਤ ਸਿੰਘ, ਹਲਕਾ ਇੰਚਾਰਜ ਫਲੌਰ ਸ. ਬਲਦੇਵ ਸਿੰਘ ਖਹਿਰਾ, ਵਧੀਕ ਸਕੱਤਰ ਸ. ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਸ. ਸੁਖਬੀਰ ਸਿੰਘ, ਸ. ਜਰਨੈਲ ਸਿੰਘ ਬਹਿਲ, ਸ. ਰਾਜਿੰਦਰ ਸਿੰਘ, ਬਾਬਾ ਅਮਰਜੀਤ ਸਿੰਘ ਹਰਖੋਵਾਲ, ਸ੍ਰੀ ਮੋਹਨ ਲਾਲ ਬੰਗਾ, ਬਾਬਾ ਗੁਰਬਚਨ ਸਿੰਘ ਕੁਟੀਆ ਨਿਰਮਲ ਆਸ਼ਰਮ, ਬਾਬਾ ਬਲਦੇਵ ਸਿੰਘ ਵੱਲ੍ਹਾ, ਬਾਬਾ ਸਤਨਾਮ ਸਿੰਘ ਮਜੀਠਾ ਰੋਡ, ਇੰਚਾਰਜ ਸ. ਰਾਜਵਿੰਦਰ ਸਿੰਘ ਜੋਗਾ, ਸ. ਗੁਰਭਾਗ ਸਿੰਘ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਭਾਈ ਹਰਜੀਤ ਸਿੰਘ, ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਦੇ ਮੈਨੇਜਰ ਸ. ਨਰਿੰਦਰ ਸਿੰਘ, ਸ. ਭੁਪਿੰਦਰ ਸਿੰਘ ਬੁੱਟਰ, ਸ. ਮੋਹਨਦੀਪ ਸਿੰਘ, ਭਾਈ ਬਲਕਾਰ ਸਿੰਘ ਅਤੇ ਸੰਗਤਾਂ ਮੌਜੂਦ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.