ਧੰਨ ਗੁਰੂ ਰਾਮ ਦਾਸ ਜੀ, ਦੀਨਾਂ ਦੇ ਸਹਾਰੇ
- ਕਵਿਤਾ
- (Asia/Kolkata)
ਧੰਨ ਗੁਰੂ ਰਾਮ ਦਾਸ ਜੀ, ਦੀਨਾਂ ਦੇ ਸਹਾਰੇ
ਧੰਨ ਗੁਰੂ ਰਾਮ ਦਾਸ ਜੀ, ਦੀਨਾਂ ਦੇ ਸਹਾਰੇ।
ਦੁਖੀਆਂ ਦੇ ਦੁੱਖ ਹਰਦੇ, ਸਭ ਦੇ ਕਾਜ ਸਵਾਰੇ।
ਅੰਮ੍ਰਿਤਸਰ ਦੀ ਪਾਵਨ ਧਰਤੀ, ਆਪ ਜੀ ਨੇ ਵਸਾਈ।
ਆਪ ਜੀ ਦੇ ਚਰਨਾਂ ਅੰਦਰ, ਸੀਸ ਝੁਕਾਵੇ ਲੋਕਾਈ।
ਨਿਮਰਤਾ ਦੇ ਪੁੰਜ ਸਤਿਗੁਰੂ, ਸੇਵਾ ਦਾ ਰਾਹ ਵਿਖਾਇਆ।
ਉੱਚੇ-ਨੀਵੇਂ ਦਾ ਭੇਦ ਮਿਟਾ ਕੇ, ਸਭ ਨੂੰ ਗਲ ਨਾਲ ਲਾਇਆ।
ਆਪ ਜੀ ਦੇ ਦਰ ਤੋਂ ਦਾਤਾ, ਖ਼ਾਲੀ ਕੋਈ ਨਾ ਜਾਵੇ।
ਟੁੱਟੇ ਹੋਏ ਦਿਲ ਦਾ ਬੰਦਾ, ਆ ਕੇ ਧੀਰਜ ਪਾਵੇ।
ਆਪ ਜੀ ਦੀ ਮਿੱਠੀ ਬਾਣੀ, ਮਨ ਦੀ ਪਿਆਸ ਬੁਝਾਵੇ।
ਮੋਹ ਦੇ ਅੰਦਰ ਭਟਕੇ ਜੀਅ ਨੂੰ, ਨਾਮ ਦੇ ਨਾਲ ਮਿਲਾਵੇ।
ਚਾਰ ਲਾਵਾਂ ਦੀ ਬਖ਼ਸ਼ੀ ਦਾਤ, ਜੀਵਨ ਰਾਹ ਰੁਸ਼ਨਾਏ।
ਸ਼ਬਦ ਗੁਰੂ ਦਾ ਆਸਰਾ ਲੈ ਕੇ, ਮਨ ਹਰਿ ਚਰਨੀਂ ਲਾਏ।
ਆਪ ਜੀ ਦੇ ਦਰ ਦੀ ਰੌਣਕ, ਜੱਗ ਤੋਂ ਨਿਆਰੀ ਲੱਗੇ।
ਸੇਵਾ ਕਰਦਿਆਂ ਸੰਗਤ ਅੰਦਰ, ਪਿਆਰ ਦੀ ਜੋਤ ਜੱਗੇ।
ਸਰੋਵਰ ਦੇ ਨਿਰਮਲ ਜਲ ਵਾਂਗੂੰ, ਮਨ ਵੀ ਨਿਰਮਲ ਹੋਵੇ।
ਗੁਰਬਾਣੀ ਨੂੰ ਹਿਰਦੇ ਵਸਾ ਕੇ, ਹਉਮੈ ਦੀ ਮੈਲ ਧੋਵੇ।
ਮਿਹਰ ਕਰੋ ਹੇ ਸੱਚੇ ਪਾਤਸ਼ਾਹ, ਨਾਮ ਦਾ ਦਾਨ ਬਖ਼ਸ਼ੋ।
ਸੇਵਾ, ਸਿਮਰਨ, ਸੱਚ ਦੇ ਰਸਤੇ, ਚੱਲਣ ਦਾ ਬਲ ਬਖ਼ਸ਼ੋ।
ਆਪ ਜੀ ਦੇ ਦਰ ਦਾ ਬਣ ਕੇ, ਨਿਮਾਣਾ ਸੇਵਕ ਰਹੀਏ।
ਹਰ ਸੁਆਸ ਨਾਲ ਗੁਰੂ ਰਾਮ ਦਾਸ ਜੀ, ਧੰਨ ਧੰਨ ਮੁੱਖੋਂ ਕਹੀਏ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply