ਮੋਹਾਲੀ ਸ਼ਹਿਰ 'ਚ ਕਹਿਰ ਦੀ ਗਰਮੀ ਦੌਰਾਨ ਬਿਜਲੀ ਸਪਲਾਈ ਨੁਕਸ ਪੈਣ 'ਤੇ ਜਲਦੀ ਮੁਰੰਮਤ ਨਾ ਹੋਣ 'ਤੇ ਲੋਕਾਂ ਤੰਗ ਪਰੇਸ਼ਾਨ : ਕੌਂਸਲਰ ਪਰਮਜੀਤ ਸਿੰਘ ਕਾਹਲੋਂ
- ਰਾਜਨੀਤੀ
- 17 Jun, 2026 04:26 PM (Asia/Kolkata)
ਸਾਹਿਬਜ਼ਾਦਾ ਅਜੀਤ ਸਿੰਘ ਨਗਰ 17 ਜੂਨ (ਮੰਗਤ ਸਿੰਘ ਸੈਦਪੁਰ) : ਮੋਹਾਲੀ ਸ਼ਹਿਰ ਵਿੱਚ ਬਿਜਲੀ ਸਪਲਾਈ 'ਚ ਜਦੋਂ ਕੋਈ ਨੁਕਸ ਪੈਂਦਾ ਹੈ ਤਾਂ ਲੋਕਾਂ ਨੂੰ ਕਈ ਕਈ ਘੰਟੇ ਬਿਜਲੀ ਸਪਲਾਈ ਤੋਂ ਵਾਂਝੇ ਰਹਿਣਾ ਪੈਂਦਾ ਹੈ ਕਿਉਂਕਿ ਮੋਹਾਲੀ ਸ਼ਹਿਰ ਵਿੱਚ ਫੀਲਡ ਵਰਕਰ ਬਹੁਤ ਘੱਟ ਹਨ ਜੋ ਤੁਰੰਤ ਬਿਜਲੀ ਸਪਲਾਈ ਵਿੱਚ ਪੈ ਰਹੇ ਨੁਕਸ ਨੂੰ ਠੀਕ ਕਰ ਸਕਣ ਅਤੇ ਲੋਕਾਂ ਨੂੰ ਕਹਿਰ ਦੀ ਗਰਮੀ ਦੌਰਾਨ ਬਿਜਲੀ ਸਪਲਾਈ ਸਹੀ ਢੰਗ ਨਾਲ ਮਿਲ ਸਕੇ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਇੱਕ ਛੋਟਾ ਜਿਹਾ ਨੁਕਸ ਹੋਣ 'ਤੇ ਵੀ ਕਈ ਕਈ ਘੰਟੇ ਬਿਜਲੀ ਸਪਲਾਈ ਬੰਦ ਰਹਿੰਦੀ ਹੈ ਅਤੇ ਲੋਕਾਂ ਨੂੰ ਬਹੁਤ ਪਰੇਸ਼ਾਨ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਕ ਫਿਊਜ ਵੀ ਉਡ ਜਾਂਦਾ ਹੈ ਉਸ ਨੂੰ ਲਾਉਣ ਦੀ ਵੀ ਚਾਰ ਪੰਜ ਘੰਟੇ ਫੀਲਡ ਵਰਕਰ ਦੀ ਉਡੀਕ ਕਰਨੀ ਪੈਂਦੀ ਹੈ। ਉਹਨਾਂ ਕਿਹਾ ਕਿ ਕਹਿਰ ਦੀ ਗਰਮੀ 'ਚ ਲੋਕਾਂ ਨੂੰ ਬਿਜਲੀ ਸਪਲਾਈ ਵਧੀਆ ਦੇਣੀ ਬਣਦੀ ਹੈ ਕਿਉਂਕਿ ਬੱਚੇ, ਬੁੱਢੇ ਅਤੇ ਹੋਰ ਆਮ ਪਬਲਿਕ ਨੂੰ ਬਿਜਲੀ ਸਪਲਾਈ ਵਿੱਚ ਨੁਕਸ ਪੈਣ ਕਰਕੇ ਗਰਮੀ ਕਾਰਨ ਤੰਗ ਪਰੇਸ਼ਾਨ ਰਹਿਣਾ ਪੈਂਦਾ ਹੈ। ਉਹਨਾਂ ਕਿਹਾ ਕਿ ਕਈ ਵਾਰ ਤਾਂ ਬਿਜਲੀ ਸਪਲਾਈ ਵਿੱਚ ਨੁਕਸ ਪੈਣ ਕਰਕੇ ਸਾਰੀ ਰਾਤ ਲੋਕਾਂ ਨੂੰ ਬਿਜਲੀ ਸਪਲਾਈ ਠੀਕ ਹੋਣ ਦੀ ਉਡੀਕ ਕਰਨੀ ਪੈਂਦੀ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਐਕਸੀਅਨ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਹੈ। ਫਿਲਹਾਲ ਉਸ ਉੱਤੇ ਕੋਈ ਕਾਰਵਾਈ ਨਹੀਂ ਹੋਈ ਪ੍ਰੰਤੂ ਉਹਨਾਂ ਨੂੰ ਉਮੀਦ ਹੈ ਕਿ ਜਲਦੀ ਹੀ ਉਚ ਅਧਿਕਰੀ ਮੋਹਾਲੀ ਵਿੱਚ ਫੀਲਡ ਵਰਕਰਾਂ ਦੀ ਗਿਣਤੀ ਵਧਾ ਦੇਣਗੇ ਅਤੇ ਗਰਮੀ ਦੇ ਮੌਸਮ ਵਿੱਚ ਬਿਜਲੀ ਸਪਲਾਈ ਵਿੱਚ ਨੁਕਸ ਪੈਣ ਕਾਰਨ ਦਿਨ ਅਤੇ ਰਾਤ ਨੂੰ ਆਉਣ ਵਾਲੀ ਸਮੱਸਿਆਵਾਂ ਨੂੰ ਕੰਟਰੋਲ ਕੀਤਾ ਜਾਵੇ ਅਤੇ ਕਹਿਰ ਦੀ ਗਰਮੀ ਵਿੱਚ ਬਿਜਲੀ ਸਪਲਾਈ ਰੁਕਣ ਕਾਰਨ ਲੋਕਾਂ ਨੂੰ ਆ ਰਹੀਆਂ ਤੰਗੀਆਂ ਪਰੇਸ਼ਾਨੀਆਂ ਤੋਂ ਮੁਕਤੀ ਮਿਲ ਸਕੇ। ਉਹਨਾਂ ਕਿਹਾ ਕਿ ਸਬੰਧਤ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮੋਹਾਲੀ ਸ਼ਹਿਰ ਵਿੱਚ ਫੀਲਡ ਵਰਕਰਾਂ ਦੀ ਗਿਣਤੀ ਵਿੱਚ ਤੁਰੰਤ ਵਾਧਾ ਕੀਤਾ ਜਾਵੇ ਤਾਂ ਕਿ ਬਿਜਲੀ ਸਪਲਾਈ ਵਿੱਚ ਹੋਣ ਵਾਲੇ ਨੁਕਸਾ ਨੂੰ ਤੁਰੰਤ ਕਰਕੇ ਮੋਹਾਲੀ ਸ਼ਹਿਰ ਵਾਸੀਆਂ ਨੂੰ ਵਧੀਆ ਅਤੇ ਸਹੀ ਢੰਗ ਨਾਲ ਬਿਜਲੀ ਸਪਲਾਈ ਮਿਲ ਸਕੇ।