ਜਿਸ ਖੱਡ 'ਚ ਬਾਦਲ-ਕੈਪਟਨ ਡਿੱਗੇ, ਉਸੇ 'ਚ ਹੁਣ ਭਗਵੰਤ ਮਾਨ ਡਿੱਗੇਗਾ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
- ਰਾਜਨੀਤੀ
- (Asia/Kolkata)
ਮਾਨਸਾ ਮੋਰਚੇ 'ਚ ਪਹਿਰੇਦਾਰ ਦੇ ਕਾਰਜਕਾਰੀ ਸੰਪਾਦਕ ਨੇ ਕੀਤਾ ਸੰਬੋਧਨ
ਮਾਨਸਾ, 2 ਨਵੰਬਰ (ਅਨਿਲ ਵਰਮਾ) ਕੌਮੀ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟੇ ਦੇ ਇਨਸਾਫ਼ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਮਾਨਸਾ ਵਿਖੇ ਚੱਲ ਰਹੇ ਮੋਰਚੇ 'ਚ ਅੱਜ ਪਹਿਰੇਦਾਰ ਅਖ਼ਬਾਰ ਦੇ ਕਾਰਜਕਾਰੀ ਸੰਪਾਦਕ, ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਆਪਣੇ ਸਾਥੀਆਂ ਸਮੇਤ ਹਾਜ਼ਰੀ ਭਰੀ। ਉਨ੍ਹਾਂ ਨਾਲ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਮਲਕੀਤ ਸਿੰਘ ਖ਼ਾਲਸਾ ਅਤੇ ਭਾਈ ਸੁਰਿੰਦਰ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਨੇ ਭਾਈ ਪਰਵਿੰਦਰ ਸਿੰਘ ਝੋਟੇ ਦੇ ਪਿਤਾ ਸ. ਭੀਮ ਸਿੰਘ ਅਤੇ ਸੁਪਤਨੀ ਬੀਬੀ ਮਨਪ੍ਰੀਤ ਕੌਰ ਨਾਲ ਮੋਰਚੇ ਸਬੰਧੀ ਵਿਚਾਰਾਂ ਦੀ ਸਾਂਝ ਪਾਈ। ਉਨ੍ਹਾਂ ਵੱਲੋਂ ਦੋਵਾਂ ਨੂੰ ਸਿਰੋਪੇ, ਦੁਸ਼ਾਲੇ ਅਤੇ ਕਿਤਾਬਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਮੰਚ ਤੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ, “ਜਿਸ ਖੱਡ ਵਿੱਚ ਬਾਦਲ-ਕੈਪਟਨ ਡਿੱਗੇ ਸਨ, ਉਸੇ ਵਿੱਚ ਹੁਣ ਭਗਵੰਤ ਮਾਨ ਡਿੱਗੇਗਾ।” ਉਨ੍ਹਾਂ ਕਿਹਾ ਕਿ ਭਾਈ ਪਰਵਿੰਦਰ ਸਿੰਘ ਝੋਟੇ ਨੂੰ ਸ਼ਹੀਦ ਕਰਵਾ ਕੇ ਹਕੂਮਤੀ ਸਿਸਟਮ ਨੇ ਪੰਜਾਬ ਦੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਜੇ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਓਗੇ ਤਾਂ ਇਸੇ ਤਰ੍ਹਾਂ ਮਾਰੇ ਜਾਓਗੇ। ਸਰਕਾਰ ਨੇ ਪੰਜਾਬ ਵਿੱਚੋਂ ਨਸ਼ਾ ਖ਼ਤਮ ਨਹੀਂ ਕਰਨਾ, ਸਗੋਂ ਪੰਜਾਬ ਦੇ ਪੁੱਤ ਖ਼ਤਮ ਕਰਨੇ ਹਨ। ਪਰ ਸਰਕਾਰ ਇਹ ਗੱਲ ਯਾਦ ਰੱਖੇ ਕਿ ਖਾੜਕੂਵਾਦ ਵੇਲੇ ਵੀ ਜਦੋਂ ਇੱਕ ਸਿੰਘ ਮਰਦਾ ਸੀ ਤਾਂ ਚਾਰ ਹੋਰ ਸ਼ਹੀਦ ਹੋਣ ਲਈ ਉੱਠ ਖੜ੍ਹਦੇ ਸਨ। ਪੰਜਾਬ ਦੇ ਲੋਕਾਂ ਅਤੇ ਜਵਾਨੀ ਨੇ ਚੁੱਪ ਕਰਕੇ ਨਹੀਂ ਬੈਠਣਾ; ਸੰਘਰਸ਼ ਜਾਰੀ ਰਹਿਣਾ ਹੈ। ਉਨ੍ਹਾਂ ਕਿਹਾ ਕਿ ਝੋਟੇ ਦਾ ਕਤਲ ਸਿਰਫ਼ ਅਸ਼ਵਨੀ ਕੁਮਾਰ ਨੇ ਨਹੀਂ, ਸਗੋਂ ਭਗਵੰਤ ਮਾਨ ਦੀ ਗੰਧਲੀ ਸਰਕਾਰ ਨੇ ਕੀਤਾ ਹੈ। ਪੰਜਾਬ ਦੇ ਲੋਕ ਇਸ ਦਾ ਬਦਲਾ ਜ਼ਰੂਰ ਲੈਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਹੀ ਅਸਤੀਫ਼ਾ ਦੇ ਦੇਵੇ, ਨਹੀਂ ਤਾਂ 2027 ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ ਉਸ ਨੂੰ ਮੂਧੇ ਮੂੰਹ ਸੁੱਟਣਗੇ। ਉਨ੍ਹਾਂ ਕਿਹਾ ਕਿ ਇਕੱਲਾ ਮੁੱਖ ਮੰਤਰੀ ਹੀ ਨਹੀਂ, ਬਲਕਿ ਪੂਰਾ ਸਿਸਟਮ ਬਦਲਣ ਦੀ ਲੋੜ ਹੈ। ਭਾਈ ਪਰਵਿੰਦਰ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਵਾਈਏ ਅਤੇ ਗ਼ੁਲਾਮੀ ਗਲੋਂ ਲਾਹ ਕੇ ਆਜ਼ਾਦ ਹੋਈਏ।
ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸਿੱਖ ਕੌਮ ਦੀ ਆਜ਼ਾਦੀ ਲਈ ਹਥਿਆਰਬੰਦ ਸੰਘਰਸ਼ ਲੜਨ ਵਾਲੇ ਜੁਝਾਰੂ ਸਿੰਘਾਂ ਨੇ ਪੰਜਾਬ ਵਿੱਚ ਰੱਤੀ ਭਰ ਨਸ਼ਾ ਨਹੀਂ ਸੀ ਵਿਕਣ ਦਿੱਤਾ ਅਤੇ ਸਮੱਗਲਰਾਂ ਨੂੰ ਚੁਣ-ਚੁਣ ਕੇ ਸੋਧਿਆ ਸੀ, ਪਰ ਸਰਕਾਰਾਂ ਨੇ ਜੁਝਾਰੂ ਸਿੰਘਾਂ ਨੂੰ ਅੱਤਵਾਦੀ ਕਹਿ ਕੇ ਪੂਰੀ ਤਾਕਤ ਝੋਕ ਕੇ ਮਾਰ ਦਿੱਤਾ। ਉਨ੍ਹਾਂ ਕਿਹਾ ਕਿ ਫਿਰ ਦਿੱਲੀ ਦਰਬਾਰ ਦੇ ਹੁਕਮ ਉੱਤੇ ਬੁੱਚੜ ਕੇ.ਪੀ.ਐੱਸ. ਗਿੱਲ ਨੇ ਅਖੌਤੀ ਸੱਭਿਆਚਾਰ ਦੇ ਨਾਂ ’ਤੇ ਮੇਲੇ ਲਗਵਾਏ, ਗੰਦੇ ਗੀਤ ਗਵਾਏ ਅਤੇ ਸ਼ਰਾਬ ਤੇ ਨਸ਼ਿਆਂ ਦੇ ਦੌਰ ਚਲਾਏ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦਾ ਫੈਲਾਅ ਪੰਜਾਬ ਨੂੰ ਮਾਰਨ ਲਈ ਦਿੱਲੀ ਹਕੂਮਤ ਦੇ ਏਜੰਡੇ ਦਾ ਹਿੱਸਾ ਹੈ ਅਤੇ ਸਿਆਸੀ ਸਰਪ੍ਰਸਤੀ ਤੇ ਪੁਲਿਸ ਦੀ ਮਿਲੀਭੁਗਤ ਨਾਲ ਪੰਜਾਬ ਦੀ ਜੁਝਾਰੂ ਤਾਕਤ ਨੂੰ ਨਸ਼ਿਆਂ ਰਾਹੀਂ ਤੋੜਿਆ ਜਾ ਰਿਹਾ ਹੈ। ਪਹਿਲਾਂ ਹਥਿਆਰਾਂ ਦੀਆਂ ਗੋਲੀਆਂ ਨਾਲ ਸੱਥਰ ਵਿਛੇ ਤੇ ਹੁਣ ਨਸ਼ਿਆਂ ਕਾਰਨ ਵਿਛ ਰਹੇ ਹਨ। ਸਰਕਾਰਾਂ ਹੀ ਪੰਜਾਬ ਦੀ ਤਬਾਹੀ ਲਈ ਜ਼ਿੰਮੇਵਾਰ ਹਨ।
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਪਿਛਲੇ ਦਿਨੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ "ਨਸ਼ੇ ਦਾ ਵਪਾਰ ਦੁਸ਼ਮਣ ਦੇਸ਼ਾਂ ਦੇ ਅੱਤਵਾਦੀ ਏਜੰਡੇ ਦਾ ਹਿੱਸਾ ਹੈ।" ਫਿਰ ਪੰਜਾਬੀਆਂ ਨੂੰ ਇਹ ਪੁੱਛਣ ਦਾ ਹੱਕ ਹੈ ਕਿ ਇਸ ਏਜੰਡੇ ਨੂੰ ਕਾਮਯਾਬ ਹੋਣ ਦੇਣ ਵਾਲੇ ਕੌਣ ਹਨ ? ਸਰਹੱਦਾਂ, ਪੁਲਿਸ ਅਤੇ ਖ਼ੁਫ਼ੀਆ ਮਹਿਕਮੇ ਸਰਕਾਰਾਂ ਦੇ ਹੱਥ ਹਨ। ਫਿਰ ਨਸ਼ਾ ਘਰਾਂ ਤਕ ਕਿਵੇਂ ਪਹੁੰਚਦਾ ਹੈ ? ਬਾਹਰਲੇ ਦੁਸ਼ਮਣ ਦਾ ਨਾਂ ਲੈ ਕੇ ਅੰਦਰਲੀ ਮਿਲੀਭੁਗਤ, ਭ੍ਰਿਸ਼ਟਾਚਾਰ ਅਤੇ ਸਰਕਾਰੀ ਨਾਕਾਮੀ ਉੱਤੇ ਪਰਦਾ ਨਹੀਂ ਪਾਇਆ ਜਾ ਸਕਦਾ। ਹਾਕਮ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਜਾਗਰੂਕ ਸਿੱਖ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਹਨ ਕਿ ਸਿੱਖ ਕੌਮ ਅਤੇ ਦੇਸ ਪੰਜਾਬ ਨੂੰ ਤਬਾਹ ਕਰਨ ਲਈ ਪੰਜਾਬ ਵਿੱਚ ਨਸ਼ਾ ਫੈਲਾਉਣਾ ਭਾਰਤੀ-ਹਿੰਦੂਤਵੀ ਸਰਕਾਰ ਦੇ ਖਤਰਨਾਕ ਏਜੰਡੇ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਅਜੋਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਹੁਣ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ, ਪੰਜਾਬ ਦੇ ਲੋਕਾਂ ਨੇ ਜਿਵੇਂ ਇਸ ਨੂੰ ਗੱਦੀ ਉੱਤੇ ਬਿਠਾਇਆ ਸੀ ਓਵੇਂ ਹੀ ਲਾਹੁਣਗੇ। ਅਖੀਰ ਵਿੱਚ ਉਹਨਾਂ ਨੇ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟੇ ਦੇ ਪਿਤਾ ਅਤੇ ਸਿੰਘਣੀ ਦੇ ਸਿੱਖੀ ਸਿਦਕ ਨੂੰ ਵੀ ਪ੍ਰਣਾਮ ਕੀਤਾ।
Leave a Reply