ਸਰਬੱਤ ਦਾ ਭਲਾ ਟਰੱਸਟ ਵੱਲੋਂ ਅੰਮ੍ਰਿਤਸਰ 'ਚ ਇੱਕ ਹੋਰ ਲੈਬ ਅਤੇ ਡਾਇਗਨੋਸਟਿਕ ਸੈਂਟਰ ਸਥਾਪਿਤ
- ਸਮਾਜ ਸੇਵਾ
- 07 Mar, 2026 01:44 PM (Asia/Kolkata)
ਡਾ.ਐਸ.ਪੀ.ਸਿੰਘ ਉਬਰਾਏ ਨੇ ਕੀਤਾ ਉਦਘਾਟਨ
ਟਰੱਸਟ ਦੀਆਂ ਲੈਬਾਰਟਰੀਆਂ ਤੋਂ ਪਿਛਲੇ ਸਾਲ 27 ਲੱਖ ਤੋਂ ਵਧੇਰੇ ਲੋਕਾਂ ਨੇ ਕਰਵਾਏ ਟੈਸਟ :ਡਾ.ਉਬਰਾਏ
ਰਾਕੇਸ਼ ਨਈਅਰ ਚੋਹਲਾ
ਅੰਮ੍ਰਿਤਸਰ, 7 ਮਾਰਚ
ਆਪਣੀ ਜੇਬ੍ਹ 'ਚੋਂ ਹੀ ਕਰੋੜਾਂ ਰੁਪਏ ਸੇਵਾ ਕਾਰਜਾਂ 'ਤੇ ਖ਼ਰਚ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐੱਸ.ਪੀ.ਸਿੰਘ ਉਬਰਾਏ ਵੱਲੋਂ ਅੱਜ ਅੰਮ੍ਰਿਤਸਰ ਦੇ ਈਸਟ ਮੋਹਨ ਨਗਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੋਲ੍ਹੇ ਗਏ 'ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ' ਦਾ ਉਦਘਾਟਨ ਕੀਤਾ ਗਿਆ।ਜਿਸ ਦੌਰਾਨ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਵੀ ਮੌਜ਼ੂਦ ਸਨ।ਮਹਾਰਾਜਾ ਜੱਸਾ ਸਿੰਘ ਰਾਮਗੜੀਆ ਹਾਲ ਵਿਖੇ ਭਾਈ ਬੰਦੀ (ਰਜਿ.) ਦੇ ਵੱਡੇ ਸਹਿਯੋਗ ਨਾਲ ਖੋਲ੍ਹੀ ਗਈ ਇਸ ਲੈਬਾਰਟਰੀ ਦੇ ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ.ਐੱਸ.ਪੀ.ਸਿੰਘ ਉਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਸਥਾਪਤ ਕੀਤੀ ਗਈ ਬਹੁਤ ਹੀ ਘੱਟ ਖ਼ਰਚੇ ਵਾਲੀ ਇਸ ਲੈਬਾਰਟਰੀ ਨਾਲ ਇਸ ਖੇਤਰ ਤੋਂ ਇਲਾਵਾ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਵੀ ਵੱਡੀ ਸਹੂਲਤ ਮਿਲੇਗੀ।

ਡਾ.ਐਸ.ਪੀ. ਸਿੰਘ ਉਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ 200 ਲੈਬੋਰਟਰੀਆਂ ਖੋਲ੍ਹਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਹੁਣ ਤੱਕ ਪੰਜਾਬ ਤੇ ਹਰਿਆਣਾ ਸਮੇਤ ਹੋਰਨਾਂ ਸੂਬਿਆਂ 'ਚ 150 ਤੋਂ ਵਧੇਰੇ ਲੈਬਾਰਟਰੀਆਂ ਖੋਲ੍ਹੀਆਂ ਜਾ ਚੁੱਕੀਆਂ ਹਨ,ਜਿਨ੍ਹਾਂ ਅੰਦਰ ਪਿਛਲੇ ਸਾਲ ਲਗਭਗ 27 ਲੱਖ ਤੋਂ ਵਧੇਰੇ ਲੋਕਾਂ ਨੇ ਕੇਵਲ ਲਾਗਤ ਦਰਾਂ 'ਤੇ ਆਪਣੇ ਟੈਸਟ ਕਰਵਾ ਕੇ ਲਾਭ ਲਿਆ ਹੈ।ਡਾ.ਉਬਰਾਏ ਨੇ ਭਾਈ ਬੰਦੀ ਦੇ ਪ੍ਰਧਾਨ ਮਨਜੀਤ ਸਿੰਘ ਸੌਂਦ ਤੇ ਸਕੱਤਰ ਸੁਖਵਿੰਦਰ ਸਿੰਘ ਘਟੋੜੇ ਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਲਾਕੇ ਦੀ ਲੋੜ ਮੁਤਾਬਿਕ ਬਹੁਤ ਹੀ ਜਲਦ ਟਰੱਸਟ ਵੱਲੋਂ ਇੱਥੇ ਇੱਕ ਆਧੁਨਿਕ ਡੈਂਟਲ ਕਲੀਨਿਕ ਅਤੇ ਫਿਜ਼ਿਓਥਰੈਪੀ ਸੈਂਟਰ ਵੀ ਖੋਲ੍ਹਿਆ ਜਾਵੇਗਾ।ਇਸ ਦੌਰਾਨ ਭਾਈ ਬੰਦੀ,ਆਲ ਇੰਡੀਆ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ,ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਅਤੇ ਭੈਣ ਬੰਦੀ ਵੱਲੋਂ ਡਾ.ਉਬਰਾਏ ਤੇ ਉਨ੍ਹਾਂ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਟਰੱਸਟ ਦੇ ਜ਼ਿਲ੍ਹਾ ਜਨਰਲ ਸਕੱਤਰ ਮਨਪ੍ਰੀਤ ਸੰਧੂ,ਵਿੱਤ ਸਕੱਤਰ ਨਵਜੀਤ ਸਿੰਘ ਘਈ,ਮਨਪ੍ਰੀਤ ਸਿੰਘ ਕੰਬੋਜ ਤੋਂ ਇਲਾਵਾ ਪ੍ਰੀਤਮ ਸਿੰਘ ਕਲਸੀ, ਅਮਰਦੀਪ ਸਿੰਘ ਰਾਜੇਵਾਲ,ਨਾਨਕ ਸਿੰਘ ਕੇਸਰ,ਅਜੀਤ ਸਿੰਘ ਭੁੱਲਰ,ਜਰਨੈਲ ਸਿੰਘ ਭੂਈ,ਜਸਵਿੰਦਰ ਸਿੰਘ ਜੱਸੀ, ਸ਼ਰਨਜੀਤ ਸਿੰਘ,ਜਸਪਾਲ ਸਿੰਘ ਪਦਮ,ਗਿਆਨ ਸਿੰਘ ਸੱਗੂ,ਜਸਪਾਲ ਸਿੰਘ, ਕੁਲਵੰਤ ਸਿੰਘ ਸਹਿਮੀ,ਸੰਤੋਖ ਸਿੰਘ ਕਲਸੀ ਆਦਿ ਵੀ ਹਾਜ਼ਰ ਸਨ।
Leave a Reply