ਪੰਜਾਬ ਨੂੰ ਬਚਾਉਣ ਲਈ ਇਕੱਠੇ ਹੋ ਕੇ ਸੰਘਰਸ਼ ਲੜਨ ਪੰਜਾਬੀ : ਭਾਈ ਗੁਰਪ੍ਰੀਤ ਸਿੰਘ

ਪੰਜਾਬ ਨੂੰ ਬਚਾਉਣ ਲਈ ਇਕੱਠੇ ਹੋ ਕੇ ਸੰਘਰਸ਼ ਲੜਨ ਪੰਜਾਬੀ : ਭਾਈ ਗੁਰਪ੍ਰੀਤ ਸਿੰਘ

ਅੰਮ੍ਰਿਤਸਰ, 24 ਅਗਸਤ (ਚਰਨਜੀਤ ਸਿੰਘ): ਪੰਥਕ ਆਗੂ ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜਿਵੇਂ ਦਿੱਲੀ ਕਿਸਾਨ ਮੋਰਚੇ ਵਿੱਚ ਪੰਜਾਬ ਦੇ ਸਿੱਖ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਸੰਘਰਸ਼ ਨੂੰ ਹਰ ਧਰਮ ਅਤੇ ਹਰ ਵਰਗ ਦੇ ਲੋਕਾਂ ਨੇ ਸਾਥ ਸਹਿਯੋਗ ਦਿੱਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਝੁਕਣਾ ਪਿਆ ਸੀ। ਇਸੇ ਤਰ੍ਹਾਂ ਕੌਮੀ ਇਨਸਾਫ ਮੋਰਚੇ ਵੱਲੋਂ 21 ਅਗਸਤ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸਮੁੱਚੇ ਪੰਜਾਬੀਆਂ ਨੇ ਆਪ ਮੁਹਾਰੇ ਆਪਣੀਆਂ ਦੁਕਾਨਾਂ, ਦਫਤਰ, ਕਾਰਖਾਨੇ, ਮੌਲ, ਏਜੰਸੀਆਂ, ਪੈਟਰੋਲ ਪੰਪ ਤੇ ਹੋਰ ਅਦਾਰੇ ਬੰਦ ਰੱਖ ਕੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਪੰਜਾਬ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗਾ ਤੇ ਬੰਦੀ ਸਿੰਘਾਂ ਦੀ ਰਿਹਾਈ ਇਕੱਲੇ ਸਿੱਖ ਹੀ ਨਹੀਂ ਬਲਕਿ ਹਰੇਕ ਪੰਜਾਬੀ ਅਤੇ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਨ ਵਾਲਾ ਹਰ ਸ਼ਖਸ ਚਾਹੁੰਦਾ ਹੈ‌। ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਸਿੱਖ ਪੰਥ ਅਤੇ ਦੇਸ ਪੰਜਾਬ ਦੇ ਨਾਲ ਭਾਰਤੀ ਹਾਕਮਾਂ ਵੱਲੋਂ 1947 ਤੋਂ ਲਗਾਤਾਰ ਜ਼ੁਲਮ, ਧੱਕੇਸ਼ਾਹੀਆਂ ਅਤੇ ਵਿਤਕਰੇ ਕੀਤੇ ਜਾ ਰਹੇ ਨੇ। ਸਿੱਖਾਂ ਨੇ ਕਦੇ ਪੰਜਾਬੀ ਸੂਬਾ ਮੋਰਚਾ, ਕਦੇ ਐਮਰਜੰਸੀ ਖਿਲਾਫ ਮੋਰਚਾ, ਕਦੇ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਧਰਮ ਯੁੱਧ ਮੋਰਚਾ ਅਤੇ ਫਿਰ ਖਾਲਿਸਤਾਨ ਦੀ ਆਜ਼ਾਦੀ ਲਈ ਹਥਿਆਰਬੰਦ ਸੰਘਰਸ਼, 29 ਅਪ੍ਰੈਲ 1986 ਦਾ ਖਾਲਿਸਤਾਨ ਐਲਾਨਨਾਮਾ ਅਤੇ 1994 ਵਿੱਚ ਅੰਮ੍ਰਿਤਸਰ ਐਲਾਨਨਾਮਾ ਰਾਹੀਂ ਲਗਾਤਾਰ ਠੋਸ ਸੰਘਰਸ਼ ਕੀਤਾ ਹੈ। ਪੰਥ ਅਤੇ ਪੰਜਾਬ ਦੇ ਹੱਕਾਂ ਹਕੂਕਾਂ ਅਤੇ ਆਜ਼ਾਦੀ ਲਈ ਸਿੱਖ ਹਮੇਸ਼ਾਂ ਹੀ ਸੰਘਰਸ਼ਸ਼ੀਲ ਰਹੇ ਹਨ। ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਤੋਂ ਇਲਾਵਾ ਪੰਜਾਬ ਦੇ ਹਿੰਦੂਆਂ, ਮੁਸਲਮਾਨਾਂ, ਇਸਾਈਆਂ ਅਤੇ ਹੋਰ ਧਰਮਾਂ, ਫਿਰਕਿਆਂ ਤੇ ਕਾਮਰੇਡਾਂ ਨੂੰ ਵੀ ਸਿੱਖ ਪੰਥ ਅਤੇ ਪੰਜਾਬ ਵਾਸਤੇ ਸੰਘਰਸ਼ ਵਿੱਚ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਭਾਰਤੀ ਫਿਰਕੂ ਹਿੰਦੂਤਵੀ ਹਾਕਮਾਂ ਵਿਰੁੱਧ ਇਕੱਠੇ ਹੋ ਕੇ ਹੋਰ ਵੀ ਠੋਸ ਸੰਘਰਸ਼ ਲੜਿਆ ਜਾ ਸਕੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.