ਭਾਈ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਸਮਾਗਮ ਮੌਕੇ ਕੀਤੀ ਫੌਜੀ ਹਮਲੇ ਅਤੇ ਝੂਠੇ ਮੁਕਾਬਲਿਆਂ ਦੀਆਂ ਫਾਈਲਾਂ ਜਨਤਕ ਕਰਨ ਦੀ ਮੰਗ-

ਭਾਈ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਸਮਾਗਮ ਮੌਕੇ ਕੀਤੀ ਫੌਜੀ ਹਮਲੇ ਅਤੇ ਝੂਠੇ ਮੁਕਾਬਲਿਆਂ ਦੀਆਂ ਫਾਈਲਾਂ ਜਨਤਕ ਕਰਨ ਦੀ ਮੰਗ-

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ‘ਤੇ ਅਧਾਰਤ ਬਣਨ ਪੰਜਾਬ, ਦੇਸ਼ ਤੇ ਦੁਨੀਆਂ ਦੇ ਸੰਵਿਧਾਨ- ਜੰਗਲ ਰਾਜ ਦਾ ਖਾਤਮਾ ਹਲੇਮੀ ਰਾਜ ਦੀ ਸਥਾਪਨਾ ਚਾਹੁੰਦਾ ਹੈ ਗੁਰਾਂ ਦਾ ਪੰਜਾਬ- ਖਾਲੜਾ ਮਿਸ਼ਨ 

ਅੰਮ੍ਰਿਤਸਰ, ਸੁਰਜੀਤ ਸਿੰਘ ਖ਼ਾਲਸਾ 
ਅੱਜ ਕਬੀਰ ਪਾਰਕ ਦੇ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਵਿਖੇ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਸਹਿਜ ਪਾਠ ਦੇ ਭੋਗ ਅਤੇ ਕੀਰਤਨ ਉਪਰੰਤ ਸ਼ਹੀਦੀ ਸਮਾਗਮ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਹਾਜ਼ਰੀ ਲਵਾਈ, ਸਮਾਗਮ ਦੌਰਾਨ ਜਿੱਥੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਂਜ਼ਲੀ ਦਿੱਤੀ ਗਈ, ਉੱਥੇ 25 ਹਜ਼ਾਰ ਲਵਾਰਿਸ ਕਰਾਰ ਦੇ ਕੇ ਸਾੜੇ ਗਏ ਅਤੇ ਦਰਿਆਵਾ-ਨਹਿਰਾਂ ਵਿੱਚ ਰੋੜੇ ਜਾਣ ਵਾਲਿਆਂ ਨੂੰ ਸ਼ਰਧਾਂਜ਼ਲੀ ਦਿੱਤੀ ਗਈ। ਸਮਾਗਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਝੂਠੇ-ਸੱਚੇ ਮੁਕਾਬਲਿਆਂ ਵਿੱਚ ਸ਼ਹੀਦੀ ਪਾਉਣ ਵਾਲੇ ਸਿੱਖ ਨੌਜਵਾਨਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈਆਂ ਜਾਣ। ਸਮਾਗਮ ਦੌਰਾਨ ਪਾਸ ਮਤੇ ਵਿੱਚ ਸ਼੍ਰੀ ਦਰਬਾਰ ਸਾਹਿਬ ਉੱਪਰ ਮੰਨੂਵਾਦੀ ਧਿਰਾਂ ਤੇ ਉਨ੍ਹਾਂ ਦੇ ਕੈਟਾਂ ਵੱਲੋਂ ਕੀਤੇ ਫੌਜੀ ਹਮਲੇ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਗਿਆ। ਸਮਾਗਮ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਕਿ ਫੌਜੀ ਹਮਲੇ ਅਤੇ ਝੂਠੇ ਮੁਕਾਬਲਿਆਂ ਦੀ ਪੜ੍ਹਤਾਲ ਲਈ ਕਮਿਸ਼ਨ ਬਣਨ ਤਾਂ ਕਿ ਮਨੁੱਖਤਾ ਦੇ ਕਾਤਲਾਂ ਦੇ ਚਿਹਰੇ ਬੇਨਕਾਬ ਹੋ ਸਕਣ। ਸਮਾਗਮ ਨੇ ਭਾਈ ਦਿਲਾਵਰ ਸਿੰਘ ਬੱਬਰ ਨੂੰ ਸ਼ਰਧਾਂਜ਼ਲੀਆਂ ਭੇਂਟ ਕਰਦਿਆਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਕਰਕੇ ਰਿਹਾਈ ਦੀ ਮੰਗ ਕੀਤੀ। ਇਹ ਵੀ ਮੰਗ ਕੀਤੀ ਕਿ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖੈੜਾ, ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਤੁਰੰਤ ਰਿਹਾਅ ਕੀਤੇ ਜਾਣ। ਸਮਾਗਮ ਨੇ ਖਡੂਰ ਸਾਹਿਬ ਤੋਂ ਚੁਣੇ ਐਮ.ਪੀ. ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਸਮੁੱਚੇ ਸਿੱਖ ਨਜ਼ਰਬੰਦ ਤੁਰੰਤ ਰਿਹਾਅ ਕੀਤੇ ਜਾਣ। ਸਮਾਗਮ ਨੇ ਰਾਜ ਕਰਦੀਆਂ ਰਹੀਆਂ ਪਾਰਟੀਆਂ ਦੇ ਆਗੂਆਂ ਦੀਆਂ ਜਾਇਦਾਦਾਂ ਦੀ ਤੁਰੰਤ ਪੜ੍ਹਤਾਲ ਲਈ ਨਿਰਪੱਖ ਕਮਿਸ਼ਨ ਬਣਾਏ ਜਾਣ ਦੀ ਮੰਗ ਕੀਤੀ। ਸਮਾਗਮ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਕਾਂਗਰਸ, ਭਾਜਪਾ, ਬਾਦਲਕੇ, ਆਮ ਪਾਰਟੀ ਦਾ ਸਮਾਜਿਕ ਬਾਈਕਾਟ ਹੋਵੇ, ਕਿਉਂ ਕਿ ਇੰਨ੍ਹਾਂ ਧਿਰਾਂ ਨੇ ਸਿੱਖਾਂ ਦੀ ਕੁਲਨਾਸ਼ ਕਰਵਾਈ ਅਤੇ ਪਰਦਾ ਪਾਇਆ ਅਤੇ ਆਮ ਪਾਰਟੀ ਨੇ ਖਾਲੜਾ ਸਾਹਿਬ ਦੇ ਕਾਤਲਾਂ ਨੂੰ ਚੋਰ ਮੋਰੀ ਰਾਂਹੀ ਅਜ਼ਾਦ ਕੀਤਾ। ਇਹ ਪਾਰਟੀਆਂ ਸਿੱਖਾਂ ਦੇ ਕਾਤਲਾਂ ਤੇ ਲੁਟੇਰਿਆਂ ਨਾਲ ਖੜੀਆਂ ਹਨ। ਸਮਾਗਮ ਨੇ ਅੰਤ ਵਿੱਚ ਪਾਸ ਮਤੇ ਰਾਂਹੀ ਕਿਹਾ ਕਿ ਰੂਸੀ, ਚੀਨੀ, ਅਮਰੀਕੀ, ਇਜ਼ਰਾਇਲੀ, ਦਿੱਲੀ-ਨਾਗਪੁਰ ਸਭ ਮਾਡਲ ਫੇਲ੍ਹ ਹੋ ਚੁੱਕੇ ਹਨ, ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ‘ਤੇ ਅਧਾਰਿਤ ਬਣੇ ਸੰਵਿਧਾਨ ਹੀ ਸਰਬੱਤ ਦਾ ਭਲਾ ਕਰ ਸਕਦੇ ਹਨ। ਕਿਹਾ ਗਿਆ ਕਿ ਕਰਤਾਰਪੁਰ ਸਾਹਿਬ ਮਾਡਲ ਹੀ ਪੰਜਾਬ, ਦੇਸ਼ ਤੇ ਦੁਨੀਆਂ ਵਿੱਚੋਂ ਜੰਗਲ ਰਾਜ ਦਾ ਖਾਤਮਾ ਕਰਕੇ ਹਲੇਮੀ ਰਾਜ ਕਾਇਮ ਕਰ ਸਕਦਾ ਹੈ। ਸਮਾਗਮ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਸ੍ਰ. ਤਰਸੇਮ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਲਾ-ਮਿਸਾਲ ਹੈ। ਸ਼੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦਾ ਹਲੇਮੀ ਰਾਜ ਦਾ ਸੰਦੇਸ਼ ਹੀ ਸਮੁੱਚੀ ਮਾਨਵਤਾ ਦੇ ਭਲੇ ਵਿੱਚ ਹੈ। ਉਨ੍ਹਾਂ ਕਿਹਾ ਕਿ ਖਾਲੜਾ ਮਿਸ਼ਨ ਦੀ ਟੀਮ ਜਿੱਥੇ ਵਧਾਈ ਦੀ ਪਾਤਰ ਹੈ, ਉੱਥੇ ਬੀਬੀ ਪਰਮਜੀਤ ਕੌਰ ਖਾਲੜਾ ਦੀ ਵੱਡੀ ਕੁਰਬਾਨੀ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਆਗੂ ਤੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰ. ਜਸਵੰਤ ਸਿੰਘ ਖਾਲੜਾ ਨੂੰ ਦੁਸ਼ਮਣ ਖਤਮ ਕਰਨਾ ਚਾਹੁੰਦੇ ਸਨ, ਪਰ ਉਹ ਸਦਾ ਵਾਸਤੇ ਅਮਰ ਹੋ ਗਏ। ਉਨ੍ਹਾਂ ਦੀ ਤਸਵੀਰ ਹਰ ਗੁਰੂ ਘਰ ਵਿੱਚ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਅਜੇ ਤਾਂ ਲਵਾਰਿਸ ਕਰਾਰ ਦੇ ਕੇ ਸਾੜਨ ਵਾਲਿਆਂ ਦੀ ਗੱਲ ਚੱਲ ਰਹੀ ਹੈ, ਪਰ ਜੋ ਦਰਿਆਵਾਂ-ਨਹਿਰਾਂ ਵਿੱਚ ਰੋੜੇ ਗਏ ਉਨ੍ਹਾਂ ਬਾਰੇ ਘੱਟ ਜਾਣਕਾਰੀ ਸਾਹਮਣੇ ਆਈ ਹੈ, ਉਨ੍ਹਾਂ ਕਿਹਾ ਕਿ ਲਵਾਰਿਸ ਕਰਾਰ ਦੇ ਕੇ ਸਾੜਨ ਵਾਲਿਆਂ ਦਾ ਅੰਕੜਾ 17 ਹਜ਼ਾਰ ਤੱਕ ਪਹੁੰਚ ਚੁੱਕਾ ਹੈ, ਇਸ ਬਾਰੇ ਹਾਈ ਕੋਰਟ ਵਿੱਚ ਰਿੱਟ ਵੀ ਪਾਈ ਗਈ ਹੈ। ਸਮਾਗਮ ਨੂੰ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਕਬਾਲ ਸਿੰਘ ਲਾਲਪੁਰਾ (ਸਾਬਕਾ ਪੁਲਿਸ ਅਫਸਰ) ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਅਵਾਰਡ ਵਾਪਿਸ ਲਿਆ ਜਾਵੇ, ਉਨ੍ਹਾਂ ਕਿਹਾ ਕਿ ਲੋਕ ਕਮਿਸ਼ਨ ਸਮੁੱਚੇ ਪੰਥ ਤੇ ਪੰਜਾਬ ਦੀ ਲੋੜ ਹੈ ਤਾਂ ਕਿ ਝੂਠੇ ਮੁਕਾਬਲਿਆਂ ਦਾ ਸੱਚ ਸਾਹਮਣੇ ਆ ਸਕੇ। ਸਮਾਗਮ ਨੂੰ ਸਰਬਜੀਤ ਸਿੰਘ ਘੁਮਾਣ, ਭਾਈ ਨਰਾਇਣ ਸਿੰਘ ਚੌੜਾ, ਭਾਈ ਵਿਰਸਾ ਸਿੰਘ ਬਹਿਲਾ, ਭਾਈ ਸਤਵੰਤ ਸਿੰਘ ਮਾਣਕ, ਹਰਦਿਆਲ ਸਿੰਘ ਘਰਿਆਲਾ, ਹਵਾਰਾ ਕਮੇਟੀ ਵਲੋਂ ਪ੍ਰੋਫੈਸਰ ਬਲਜਿੰਦਰ ਸਿੰਘ, ਬੇਟੀ ਦਲਜਿੰਦਰ ਕੌਰ, ਭਾਈ ਜਸਬੀਰ ਸਿੰਘ ਘੁੰਮਣ, ਬਾਬਾ ਦਰਸ਼ਨ ਸਿੰਘ, ਭਾਈ ਹਰਮਨਦੀਪ ਸਿੰਘ ਸਰਹਾਲੀ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਕਵੀਸ਼ਰ ਭਾਈ ਨਿਸ਼ਾਨ ਸਿੰਘ ਝਬਾਲ ਨੇ ਵੀ ਹਾਜ਼ਰੀ ਲਵਾਈ। ਸਮਗਮ ਵਿੱਚ ਹਾਜ਼ਰੀ ਭਰਨ ਵਾਲਿਆਂ ਵਿੱਚ ਸੁਖਵਿੰਦਰ ਸਿੰਘ ਤਰਨ ਤਾਰਨ, ਬਾਬਾ ਗੁਰਦੀਪ ਸਿੰਘ, ਬਾਬਾ ਨਿਰਮਲ ਸਿੰਘ, ਬਲਰਾਜ ਸਿੰਘ ਫੌਜੀ, ਬਲਵਿੰਦਰ ਸਿੰਘ ਪਲਾਸੌਰ, ਯਾਦਵਿੰਦਰ ਸਿੰਘ, ਜੈਦੀਪ ਸਿੰਘ, ਦਲਬੀਰ ਸਿੰਘ ਭੀਲੋਵਾਲ, ਜਸਬੀਰ ਸਿੰਘ ਨੌਸ਼ਿਹਰਾ ਪੰਨੂਆਂ, ਜਸਪਾਲ ਸਿੰਘ ਨੌਸ਼ਿਹਰਾ ਪੰਨੂਆਂ, ਵਿੱਕੀ ਜੋਧਪੁਰ, ਗੋਪਾਲ ਸਿੰਘ ਖਾਲੜਾ, ਜਸਬਰੀ ਸਿੰਘ ਪੱਟੀ, ਬਲਦੇਵ ਸਿੰਘ ਸਾਂਘਣਾ, ਸਤਵਿੰਦਰ ਸਿੰਘ ਪਲਾਸੌਰ, ਗੁਰਜੀਤ ਸਿੰਘ ਤਰਸਿੱਕਾ, ਤਰਸੇਮ ਸਿੰਘ ਤਾਰਪੁਰਾ, ਮਾਤਾ ਵੀਰ ਕੌਰ ਢੋਟੀਆਂ, ਬੀਬੀ ਕਮਲਜੀਤ ਕੌਰ, ਬੀਬੀ ਸਵਿੰਦਰ ਕੌਰ ਡੇਰੀਵਾਲ, ਸੁਖਬੀਰ ਸਿੰਘ ਵਲਟੋਹਾ, ਸੁਰਜੀਤ ਸਿੰਘ ਭੂਰਾ, ਬੌਬੀ ਕੁਮਾਰ, ਮੰਗਲ ਸਿੰਘ ਕੋਟ ਹਯਾਤ, ਬੀਬੀ ਮਨਜੀਤ ਕੌਰ, ਜਥੇਦਾਰ ਅੰਗਰੇਜ ਸਿੰਘ ਖਿਦੋਵਾਲੀ, ਬੀਬੀ ਬਲਵਿੰਦਰ ਕੌਰ ਡੇਰੀਵਾਲ, ਬੀਬੀ ਸ਼ਿੰਦਰ ਕੌਰ ਗੁਰਦਾਸਪੁਰ, ਭਾਈ ਅਮਰਜੀਤ ਸਿੰਘ ਵਨਚੜੀ, ਬੀਬੀ ਨਿਰਮਲ ਕੌਰ ਖਡੂਰ ਸਾਹਿਬ, ਭਾਈ ਕੁਲਵੰਤ ਸਿੰਘ ਕੋਟਲਾ ਗੁਜਰਾਂ, ਭਾਈ ਬਲਜੀਤ ਸਿੰਘ ਖਾਲਸਾ, ਬੀਬੀ ਜਸਬੀਰ ਕੌਰ ਜੰਡੋਕੇ, ਬੀਬੀ ਰਾਮ ਪਿਆਰੀ ਹਰੀਕੇ, ਭਾਈ ਜਸਵੰਤ ਸਿੰਘ ਖਾਲੜਾ ਦੇ ਸਾਥੀ ਜਸਪਾਲ ਸਿੰਘ ਢਿੱਲੋਂ, ਸੁਖਰਾਜ ਸਿੰਘ ਸੋਹਲ, ਸੁਖਚੈਨ ਸਿੰਘ ਬਹਿਲਾ, ਜਸਵਿੰਦਰ ਸਿੰਘ ਗਿੱਲ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਗੁਰਮਹਾਂਬੀਰ ਸਿੰਘ ਸਰਹਾਲੀ, ਮਨਜੀਤ ਸਿੰਘ ਭੋਮਾ, ਪੀ.ਐਚ.ਆਰ.ਓ. ਆਗੂ ਐਡਵੋਕੇਟ ਸਰਬਜੀਤ ਸਿੰਘ ਵੇਰਕਾ, ਪਰਮਜੀਤ ਸਿੰਘ ਮਾਲੂਵਾਲ, ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੰਜੀਆਂ ਆਦਿ ਨੇ ਹਾਜ਼ਰੀ ਭਰੀ। ਇਸ ਮੌਕੇ ਤੇ ਸ਼ਹੀਦ ਪਰਿਵਾਰਾਂ ਅਤੇ ਖਾਲੜਾ ਕੇਸ ਦੇ ਗਵਾਹ ਕਿਰਪਾਲ ਸਿੰਘ ਰੰਧਾਵਾ ਦੀ ਧਰਮ ਪਤਨੀ ਬੀਬੀ ਲਖਵਿੰਦਰ ਕੌਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.