ਜਥੇਦਾਰ ਹਵਾਰੇ ਦਾ ਬੰਦੀ ਸਿੰਘਾਂ ਲਈ ਦੀਪ ਸਿੱਧੂ ਨੂੰ ਸੁਨੇਹਾ

ਜਥੇਦਾਰ ਹਵਾਰੇ ਦਾ ਬੰਦੀ ਸਿੰਘਾਂ ਲਈ ਦੀਪ ਸਿੱਧੂ ਨੂੰ ਸੁਨੇਹਾ

ਕੌਮੀ ਯੋਧੇ ਭਾਈ ਸੰਦੀਪ ਸਿੰਘ 'ਦੀਪ ਸਿੱਧੂ' ਨਾਲ਼ ਮੇਰੀ ਛੇਵੀਂ ਅਤੇ ਆਖ਼ਰੀ ਮੁਲਾਕਾਤ 11 ਜਨਵਰੀ 2022 ਨੂੰ ‘ਬੰਦੀ ਸਿੰਘ ਰਿਹਾਈ ਮਾਰਚ' ਦੌਰਾਨ ਮੋਹਾਲੀ (ਚੰਡੀਗੜ੍ਹ) ਵਿਖੇ ਹੋਈ। ਇਹ ਮਾਰਚ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ, ਅਕਾਲ ਯੂਥ ਤੇ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਚੰਡੀਗੜ੍ਹ ਗਵਰਨਰ ਹਾਊਸ ਤਕ ਕੱਢਿਆ ਗਿਆ ਸੀ ਜਿਸ ਵਿੱਚ ਨੌਜਵਾਨਾਂ ਦਾ ਬੇਤਹਾਸ਼ਾ ਅਤੇ ਰਿਕਾਰਡ ਤੋੜ ਭਰਵਾਂ ਇਕੱਠ ਸੀ। ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਚਾਹੁੰਦੇ ਸਨ ਕਿ ਇਸ ਮਾਰਚ ਵਿੱਚ ਦੀਪ ਸਿੱਧੂ ਵੀ ਜ਼ਰੂਰ ਆਵੇ ਕਿਉਂਕਿ ਨੌਜਵਾਨੀ ਉਸ ਨੂੰ ਆਪਣਾ ਰੋਲ ਮਾਡਲ ਮੰਨਦੀ ਹੈ। ਸੋ, ਜਥੇਦਾਰ ਹਵਾਰਾ ਜੀ ਦੇ ਸੱਦੇ 'ਤੇ ਉਹਨਾਂ ਦੇ ਮੂੰਹ-ਬੋਲੇ ਪਿਤਾ ਬਾਪੂ ਗੁਰਚਰਨ ਸਿੰਘ ਪਟਿਆਲਾ ਨੇ 'ਦੀਪ ਸਿੱਧੂ' ਨੂੰ ਇਸ ਮਾਰਚ 'ਚ ਸ਼ਾਮਲ ਹੋਣ ਲਈ ਸੁਨੇਹਾ ਲਾਇਆ ਸੀ ਤੇ 'ਦੀਪ ਸਿੱਧੂ' ਉਸ ਦਿਨ ਆਪਣੇ ਸਾਰੇ ਰੁਝੇਵੇਂ ਛੱਡ ਕੇ ਬੰਬੇ ਤੋਂ ਚੰਡੀਗੜ੍ਹ, ਮਾਰਚ ਵਿੱਚ ਪਹੁੰਚਿਆ ਸੀ। ਜਦ ਬੰਦੀ ਸਿੰਘਾਂ ਦੀ ਰਿਹਾਈ ਲਈ ਅਵਾਜ਼ ਬੁਲੰਦ ਕਰਦਾ ਇਹ ਮਾਰਚ ਮੋਹਾਲੀ ਦੇ ਗੁਰਦੁਆਰਾ ਸ਼ਹੀਦਾਂ ਸੋਹਾਣਾ ਕੋਲ਼ ਪਹੁੰਚਿਆ ਤਾਂ ਓਥੇ 'ਦੀਪ ਸਿੱਧੂ' ਵੀ ਪਹੁੰਚ ਚੁੱਕਾ ਸੀ। ਮਾਰਚ ਵਿੱਚ ਸਿੱਖ ਨੌਜਵਾਨਾਂ ਦੇ ਭਾਰੀ ਇਤਿਹਾਸਕ ਇਕੱਠ ਨੂੰ ਵੇਖ ਕੇ ਦੀਪ ਸਿੱਧੂ ਬਹੁਤ ਖੁਸ਼ ਹੋਇਆ। 'ਦੀਪ ਸਿੱਧੂ' ਨੂੰ ਵੇਖ ਕੇ ਨੌਜਵਾਨਾਂ 'ਚ ਹੋਰ ਵੀ ਉਤਸ਼ਾਹ ਵੱਧ ਗਿਆ ਤੇ ਨੌਜਵਾਨ ਉਸ ਨਾਲ਼ ਖੁਸ਼ੀ-ਖੁਸ਼ੀ ਫ਼ੋਟੋਆਂ ਖਿਚਵਾ ਰਹੇ ਸਨ ਤੇ 'ਬੰਦੀ ਸਿੰਘ ਰਿਹਾਅ ਕਰੋ' ਦੇ ਨਾਹਰੇ ਲਾ ਰਹੇ ਸਨ। ਇਸ ਦੌਰਾਨ ਅਸੀਂ ਵੀ ਗੱਡੀ ਦੇ 'ਸੰਨਰੂਫ਼' ਥਾਣੀਂ ਬਾਹਰ ਨਿਕਲ ਕੇ ਮੀਡੀਆ ਨਾਲ ਗੱਲ ਕਰ ਰਹੇ ਸੀ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਰਿਹਾਅ ਕਰੋ, ਬੰਦੀ ਸਿੰਘ ਰਿਹਾਅ ਕਰੋ ਆਦਿਕ ਨਾਹਰੇ ਲਾ ਰਹੇ ਸੀ। ਜਦ ਦੀਪ ਸਿੱਧੂ ਸਾਡੀ ਗੱਡੀ ਕੋਲ਼ ਆ ਕੇ ਸਾਨੂੰ ਮਿਲਿਆ ਤਾਂ ਮੈਂ ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਮਨਪ੍ਰੀਤ ਸਿੰਘ ਮੰਨਾ ਤੇ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਾਉਣੇ ਸ਼ੁਰੂ ਕਰ ਦਿੱਤੇ। ਦੀਪ ਨੇ ਸਾਡੇ ਨਾਲ਼ ਹੱਥ ਮਿਲਾਇਆ ਤੇ ਹੱਸ ਕੇ ਕਹਿੰਦਾ "ਜ਼ਿੰਦਾਬਾਦ ਬਾਈ ਜ਼ਿੰਦਾਬਾਦ, ਖਿੱਚ ਕੇ ਰੱਖੋ ਕੰਮ।” ਫਿਰ ਜਦ ਮਾਰਚ ਨੂੰ ਅਗਲੇ ਪਾਸੇ ਪੁਲਿਸ ਵੱਲੋਂ ਬੈਰੀਕੇਟ ਲਗਾ ਕੇ ਰੋਕ ਲਿਆ ਗਿਆ ਤਾਂ ਮਾਰਚ ਦੇ ਪ੍ਰਬੰਧਕਾਂ ਵੱਲੋਂ ਗਵਰਨਰ ਕੋਲ ਜਾਣ ਲਈ ਜੋ ਮੈਂਬਰ ਚੁਣੇ ਗਏ ਉਸ ਵਿੱਚ ਬਾਪੂ ਗੁਰਚਰਨ ਸਿੰਘ ਪਟਿਆਲਾ ਵੱਲੋਂ 'ਦੀਪ ਸਿੱਧੂ' ਨੂੰ ਵੀ ਸ਼ਾਮਲ ਕੀਤਾ ਗਿਆ। ਜਦ ਸਿੱਖ ਆਗੂ, ਗਵਰਨਰ ਹਾਊਸ ਦੇ ਮੇਨ ਗੇਟ 'ਤੇ ਗਏ ਤਾਂ ਓਥੇ ਉਹਨਾਂ ਨੂੰ ਰੋਕ ਲਿਆ ਗਿਆ, ਇੱਕ ਘੰਟਾ ਬਹਿਸ ਵੀ ਹੋਈ। ਪ੍ਰਸ਼ਾਸਨ ਨੇ ਗਵਰਨਰ ਨੂੰ ਮਿਲਾਉਣ ਤੋਂ ਨਾਂਹ ਕਰ ਦਿੱਤੀ ਅਖੇ 'ਤੁਸੀਂ ਇੱਥੇ ਹੀ ਐੱਸ.ਡੀ.ਐੱਮ. ਨੂੰ ਦੇ ਜਾਓ ਮੈਮੋਰੰਡਮ, ਅਸੀਂ ਗਵਰਨਰ ਤਕ ਆਪੇ ਪਹੁੰਚਾ ਦੇਵਾਂਗੇ।' ਫਿਰ 'ਦੀਪ ਸਿੱਧੂ' ਨੇ ਪ੍ਰਸ਼ਾਸਨ ਨਾਲ਼ ਅਜਿਹੀਆਂ ਗੱਲਾਂ ਕੀਤੀਆਂ ਕਿ ਪ੍ਰਸ਼ਾਸਨ ਨੂੰ ਕੋਈ ਜਵਾਬ ਨਾ ਆਇਆ। ਫਿਰ ਚਾਰ ਜਣਿਆਂ ਨੂੰ ਅੰਦਰ ਜਾਣ ਦੀ ਇਜਾਜ਼ਤ ਮਿਲ਼ੀ ਜਿਨ੍ਹਾਂ 'ਚ ਦੀਪ ਸਿੱਧੂ, ਬਾਪੂ ਗੁਰਚਰਨ ਸਿੰਘ ਪਟਿਆਲਾ, ਵਕੀਲ ਅਮਰ ਸਿੰਘ ਚਾਹਲ ਤੇ ਪ੍ਰੋਫੈਸਰ ਬਲਜਿੰਦਰ ਸਿੰਘ ਸਨ। ਅੰਦਰ ਏ.ਡੀ.ਸੀ. ਨੇ ਦੋ ਬੰਦਿਆਂ ਨੂੰ ਗਵਰਨਰ ਕੋਲ਼ ਜਾਣ ਲਈ ਕਿਹਾ। ਜਿਸ ਮਗਰੋਂ 'ਦੀਪ ਸਿੱਧੂ' ਤੇ ਵਕੀਲ ਅਮਰ ਸਿੰਘ ਚਾਹਲ ਨੇ ਗਵਰਨਰ ਨਾਲ਼ ਮੁਲਾਕਾਤ ਕਰ ਕੇ ਮੈਮੋਰੰਡਮ ਸੌਂਪਿਆ। 'ਦੀਪ ਸਿੱਧੂ' ਨੇ ਗਵਰਨਰ ਨਾਲ਼ ਏਨੇ ਪ੍ਰਭਾਵਸ਼ਾਲੀ, ਕਨੂੰਨੀ ਪੱਖ ਤੋਂ ਅਤੇ ਸੂਝ-ਬੂਝ ਨਾਲ਼ ਗੱਲ ਕੀਤੀ ਕਿ ਗਵਰਨਰ ਵੀ ਹੈਰਾਨ ਰਹਿ ਗਿਆ ਤੇ ਉਸ ਨੂੰ ਕਹਿਣਾ ਪਿਆ ਕਿ "ਜਿਹੜੇ ਬੰਦੀ ਸਿੰਘ 25 ਸਾਲ ਤੋਂ ਉੱਪਰ ਕੈਦ ਕੱਟ ਚੁੱਕੇ ਨੇ ਮੈਂ ਉਹਨਾਂ ਨੂੰ ਜਲਦ ਰਿਹਾਅ ਕਰਾਵਾਂਗਾ, ਮੇਰੇ ਕੋਲ਼ ਪਾਵਰ ਹੈ, ਪੰਜਾਬ ਵਾਲ਼ੇ ਮੈਂ ਖੁਦ ਰਿਹਾਅ ਕਰਾਂਗਾ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਨ੍ਹਾਂ ਦਾ ਕੇਸ ਦਿੱਲੀ 'ਚ ਅਤੇ ਭਾਈ ਗੁਰਦੀਪ ਸਿੰਘ ਖੈੜਾ ਦਾ ਕੇਸ ਕਰਨਾਟਕਾ ਦਾ ਹੈ, ਮੈਂ ਉਹਨਾਂ ਦੀ ਰਿਹਾਈ ਲਈ ਵੀ ਸਿਫ਼ਾਰਸ਼ ਕਰਾਂਗਾ।” ਇਸ ਦਿਨ 'ਦੀਪ ਸਿੱਧੂ' ਨੂੰ ਮੈਂ ਆਖ਼ਰੀ ਵਾਰ ਵੇਖਿਆ ਸੀ, ਇਹ ਨਹੀਂ ਸੀ ਪਤਾ ਕਿ ਹੁਣ ਉਹਨੇ ਕਦੇ ਨਹੀਂ ਮਿਲ਼ਣਾ। ਇੱਕ ਮਹੀਨੇ ਮਗਰੋਂ 15 ਫਰਵਰੀ ਨੂੰ 'ਦੀਪ ਸਿੱਧੂ' ਗੁਰੂ ਚਰਨਾਂ ਨੂੰ ਪਿਆਰਾ ਹੋ ਗਿਆ। ਇਸ ਸਿਆਣੇ-ਸੂਝਵਾਨ, ਪੜ੍ਹੇ-ਲਿਖੇ, ਸੰਘਰਸ਼ਸ਼ੀਲ ਆਗੂ, ਉੱਚ ਕੋਟੀ ਦੇ ਵਕੀਲ, ਦੂਰਦਰਸ਼ੀ ਸੋਚ ਦੇ ਮਾਲਕ ਤੇ ਜੁਝਾਰੂ ਨੌਜਵਾਨ ਦੀ ਘਾਟ ਹਮੇਸ਼ਾਂ ਰੜਕਦੀ ਰਹੇਗੀ। ਦੀਪ ਸਿੱਧੂ ਦੀ ਰੂਹ ਬੜੀ ਨਿਰਮਲ ਅਤੇ ਵੈਰ ਰਹਿਤ ਸੀ, ਉਹ ਬਹੁਤ ਪਿਆਰਾ-ਨਿਆਰਾ ਤੇ ਪਵਿੱਤਰ ਸੀ। 
 

      ਰਣਜੀਤ ਸਿੰਘ ਦਮਦਮੀ ਟਕਸਾਲ 
 (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
           ਮੋ: 8872293883.

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.