ਬੁੱਚੜ ਪੁਲੀਸ ਫਿਰ ਓਸੇ ਰਾਹ ਤੁਰ ਪਈ...
- ਅਪਰਾਧ
- 28 Feb, 2026 05:15 PM (Asia/Kolkata)
ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਨਾ, ਥਾਣਿਆਂ ਤੇ ਤਸੀਹਾ ਕੇਂਦਰਾਂ 'ਚ ਰੱਖ ਕੇ ਘੋਰ ਤਸ਼ੱਦਦ ਕਰਨਾ, ਪੰਥ-ਪ੍ਰਸਤ ਸਿੱਖਾਂ ਨੂੰ ਆਨੇ-ਬਹਾਨੇ ਤੰਗ-ਪ੍ਰੇਸ਼ਾਨ ਕਰਨਾ, ਗ਼ੈਰ-ਕਾਨੂੰਨੀ ਗ੍ਰਿਫ਼ਤਾਰੀਆਂ ਕਰਨੀਆਂ, ਝੂਠੇ ਕੇਸ ਪਾਉਣੇ ਇਹ ਸਭ ਕੁਝ ਪੁਲਿਸ ਵਾਲ਼ਿਆਂ ਲਈ ਨਵਾਂ ਨਹੀਂ ਹੈ। ਬਾਦਲ ਰਾਜ ਵਿੱਚ ਬੁੱਚੜ ਪੁਲਿਸ ਵੱਲੋਂ ਸੰਘਰਸ਼ੀ ਯੋਧੇ ਭਾਈ ਦਲਜੀਤ ਸਿੰਘ ਬਿੱਟੂ ਤੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਨੂੰ ਜਲੰਧਰ ਵਿੱਚ ਬਹੁਤ ਜ਼ਲੀਲ ਕੀਤਾ ਗਿਆ ਸੀ। ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਤਸ਼ੱਦਦ ਦੀ ਦਾਸਤਾਨ ਅਜੇ ਪੂਰੀ ਨਸ਼ਰ ਨਹੀਂ ਹੋਈ। ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਸ਼ਹੀਦ ਕਰਨ ਤੋਂ ਪਹਿਲਾਂ ਬੇਕਿਰਕੀ ਨਾਲ਼ ਜ਼ਲੀਲ ਕੀਤਾ ਗਿਆ। ਭਾਈ ਗੁਰਦੇਵ ਸਿੰਘ ਦੇਬੂ ਨੂੰ ਉਬਾਲ਼ਿਆ ਗਿਆ ਸੀ। ਭਾਈ ਕਸ਼ਮੀਰ ਸਿੰਘ ਸ਼ੀਰਾ ਪੱਟੀ ਦੀ ਲੱਤ 'ਚ ਸਰੀਏ ਖੋਭ ਕੇ ਮਾਸ ਪਾੜਿਆ ਗਿਆ ਸੀ। ਹੋਰ ਵੀ ਬੇਅੰਤ ਸਿੱਖਾਂ ਉੱਤੇ ਕਹਿਰ ਹੋਇਆ। 1984 ਤੋਂ ਲਗਾਤਾਰ ਪੁਲੀਸ ਨੇ ਹਰ ਸਿੱਖ ਨੂੰ ਜ਼ਲੀਲ ਕੀਤਾ। ਤਸ਼ੱਦਦ ਕਰਨ ਮੌਕੇ ਇਹ ਪੁਲੀਸ ਵਾਲ਼ੇ ਤਾਹਨੇ-ਮਿਹਣੇ ਮਾਰਨ, ਨੀਵਾਂ ਵਿਖਾਉਣ, ਨਗਨ ਕਰ ਕੇ ਹੇਠੀ ਕਰਨ ਤੋਂ ਵੀ ਬਹੁਤ ਅੱਗੇ ਤਕ ਜਾਂਦੇ ਨੇ। ਇਹਨਾਂ ਦੇ ਤਸ਼ੱਦਦ ਨਾਲ਼ੋਂ ਇਹਨਾਂ ਦੀ ਦਿੱਤੀ ਜ਼ਲਾਲਤ ਬਹੁਤਾ ਤੰਗ ਕਰਦੀ ਹੈ। ਕਈ ਪੁਲੀਸ ਵਾਲ਼ਿਆਂ ਵਾਸਤੇ ਸੋਸ਼ਲ ਮੀਡੀਆ ਉੱਤੇ ਕੁਝ ਲੋਕ ਲਿਖਦੇ ਨੇ ਕਿ ਉਹ ਵਧੀਆ ਹੈ। ਪਰ ਕੁਝ ਸਿੰਘਾਂ ਨੇ ਤਾਂ ਓਸ ਅਫ਼ਸਰ ਦਾ ਵੀ ਨਿਘਰਿਆ ਰੂਪ ਵੇਖਿਆ ਸੀ ਜੀਹਨੂੰ 'ਗੁਰਸਿੱਖ ਅਫ਼ਸਰ' ਕਹਿ ਕੇ ਲੋਕ ਚੇਤੇ ਕਰਦੇ ਨੇ। ਹਕੀਕਤ ਇਹ ਹੈ ਕਿ ਕੋਈ ਇੱਕ ਅੱਧ ਹੀ ਬਚਿਆ ਹੈ ਬਾਕੀ ਤਾਂ ਸਭ ਲਿਬੜੇ ਹੋਏ ਨੇ। ਇਹਨਾਂ ਵਿੱਚੋਂ ਗੋਬਿੰਦ ਰਾਮ ਬਾਰੇ ਤਾਂ ਖੁਦ ਰਾਜਪਾਲ ਰੇਅ ਨੇ ਮੰਨਿਆ ਸੀ ਕਿ ਓਹ ਲੋਕਾਂ ਉੱਤੇ ਜ਼ੁਲਮ ਕਰ ਕੇ ਸਵਾਦ ਲੈਣ ਵਾਲ਼ਾ ਸੈਡਿਸਟ ਹੈ। ਇਸ ਮਾਨਸਿਕਤਾ ਵਾਲ਼ੇ ਹਰ ਪੁਲਸੀਏ ਨੂੰ, ਹਰ ਸਿੱਖ ਨੂੰ ਤਸੀਹੇ ਦੇ ਕੇ ਤੇ ਜ਼ਲੀਲ ਕਰ ਕੇ ਸੰਤੁਸ਼ਟੀ ਮਿਲ਼ਦੀ ਹੈ। ਇਹਨਾਂ ਪੁਲੀਸ ਵਾਲ਼ਿਆਂ ਨੂੰ ਪਤਾ ਹੈ ਕਿ ਸਿੱਖ ਸਾਨੂੰ 'ਮੀਰ ਮੰਨੂ' ਤੇ 'ਮੱਸੇ ਰੰਘੜ' ਵਾਂਗ ਮੰਨਦੇ ਨੇ ਤੇ ਇਸ ਕਰਕੇ ਇਹ ਪੁਲੀਸ ਵਾਲ਼ੇ ਕਾਬੂ ਆਏ ਸਿੱਖ ਨੂੰ ਝੁਕਿਆ ਵੇਖਣ ਲਈ ਹਰ ਹੱਦ ਪਾਰ ਕਰਨ ਨੂੰ ਤਿਆਰ ਰਹਿੰਦੇ ਨੇ। ਜਦ ਬੇਦੋਸ਼ਾ ਸਿੱਖ ਅੜਦਾ ਹੈ ਤਾਂ ਇਹ ਆਪਣੇ ਸਾਥੀ ਪੁਲਸੀਆਂ ਸਾਹਮਣੇ ਹੇਠੀ ਮੰਨਦੇ ਨੇ ਤੇ ਆਪਣੇ ਆਪ ਨੂੰ ਘੈਂਟ ਦਰਸਾਉਣ ਲਈ ਅੰਦਰਲੇ ਬੰਦੇ ਨੂੰ ਕਤਲ ਕਰ ਕੇ ਹੈਵਾਨ ਬਣ ਜਾਂਦੇ ਨੇ। ਜੀਹਦਾ ਇਹਨਾਂ ਨਾਲ਼ ਵਾਹ ਨਹੀਂ ਪਿਆ, ਓਹੀ ਇਹਨਾਂ ਨੂੰ ਵਡਿਆਉਂਦਾ ਹੈ। ਇਹ ਕਹਿਣਗੇ ਕਿ ਉੱਪਰੋਂ ਹੁਕਮ ਸੀ ਜਦਕਿ ਇਹ ਅਸਲ ਵਿੱਚ ਇਹਨਾਂ ਦੀ ਹੀਣਤਾ ਇਹਨਾਂ ਨੂੰ ਘੈਂਟ ਦਰਸਾਉਣ ਲਈ ਇਹਨਾਂ ਤੋਂ ਅਜਿਹੇ ਕੰਮ ਕਰਵਾਉਂਦੀ ਹੈ। ਕਦੇ ਅਦਾਲਤ ਵਿੱਚ ਜਾਇਓ ਤੇ ਉਹਨਾਂ ਬੁੱਚੜ ਪੁਲਸੀਆਂ ਨੂੰ ਮਿਲਿਓ ਜਿਨ੍ਹਾਂ ਨੂੰ ਖਾੜਕੂਵਾਦ ਦੌਰਾਨ ਬੇਦੋਸ਼ੇ ਸਿੱਖਾਂ ਦੇ ਕਤਲਾਂ ਵਿੱਚ ਸਜ਼ਾ ਸੁਣਾਈ ਜਾ ਰਹੀ ਹੋਵੇ। ਓਹ ਆਪਣੀ ਕਰਤੂਤ ਨੂੰ ਜਾਇਜ਼ ਦਰਸਾਉਣ ਲਈ ਟਿੱਲ ਦਾ ਜ਼ੋਰ ਲਾਉਣਗੇ। ਉਹਨਾਂ ਨੂੰ ਆਪਣੇ ਪੁੱਤ ਦੀ ਪੈਰਵਾਈ ਕਰਨ ਵਾਲ਼ੇ ਬਿਰਧ ਮਾਪਿਆਂ ਉੱਤੇ ਕਹਿਰ ਚੜ੍ਹਿਆ ਹੁੰਦਾ। ਉਹਨਾਂ ਦੇ ਹਾਵ-ਭਾਵ ਵੇਖ ਕੇ ਸਹਿਜੇ ਹੀ ਸਮਝ ਲਗ ਜਾਂਦੀ ਹੈ ਕਿ ਜੇ ਹੁਣ ਵੀ ਮੌਕਾ ਮਿਲੇ ਇਹ ਕਤਲ ਕੀਤੇ ਬੇਦੋਸ਼ੇ ਸਿੱਖ ਨੌਜਵਾਨ ਦੇ ਘਰ ਦਾ ਹਰ ਜੀਅ ਭੁੰਨ ਦੇਣ। ਖਾੜਕੂਵਾਦ ਦੌਰਾਨ ਤਾਂ ਲੋਕ ਇਹਨਾਂ ਹੱਥੋਂ ਝੂਠੇ ਮੁਕਾਬਲੇ ਵਿੱਚ ਕਤਲ ਹੋਣ ਤੋਂ ਬਚਣ ਲਈ ਝੂਠੇ ਕੇਸ ਪਵਾਉਣ ਲਈ ਵੀ ਲੱਖਾਂ ਰੁਪਈਏ ਦਿੰਦੇ ਰਹੇ ਹਨ। ਜਿਹੜੇ ਸਿੱਖ ਨੌਜਵਾਨ ਝੂਠੇ ਕੇਸਾਂ ਵਿੱਚ ਫਸਾਏ ਜਾਂਦੇ ਨੇ, ਉਹਨਾਂ ਨੂੰ ਫਸਾਉਣ ਵਾਲ਼ੇ ਜੋ ਮਰਜੀ ਸਫਾਈ ਦੇਣ, ਪਰ ਇਹ ਹਰਾਮੀਪੁਣਾ ਹਜ਼ਾਰਾਂ ਜ਼ਿੰਦਗੀਆਂ ਬਰਬਾਦ ਕਰ ਚੁੱਕਾ ਹੈ। ਜੀਹਨੂੰ ਮਰਜੀ ਫੜ ਕੇ ਜੋ ਮਰਜੀ ਦੋਸ਼ ਲਾ ਕੇ ਮੁਕੱਦਮੇ ਵਿੱਚ ਉਲ਼ਝਾ ਕੇ ਪੰਜ-ਦਸ ਸਾਲ ਦੀ ਜੇਲ੍ਹ ਯਾਤਰਾ ਦਾ ਜੁਗਾੜ ਕਰਨ ਵਾਲ਼ੇ ਇਹਨਾਂ ਪੁਲੀਸ ਵਾਲ਼ਿਆਂ ਦੀਆਂ ਔਲਾਦਾਂ, ਘਰਵਾਲ਼ਿਆਂ ਤੇ ਮਾਪੇ ਬਰਾਬਰ ਦੋਸ਼ੀ ਨੇ। ਬਹੁਤੇ ਪੁਲੀਸ ਵਾਲ਼ਿਆਂ ਦੀ ਔਲਾਦ ਕੁਰਾਹੇ ਪੈ ਜਾਂਦੀ ਹੈ ਤੇ ਉਹ ਸੰਤਾਪ ਭੋਗਦੇ ਨੇ। ਬੇਦੋਸ਼ੇ ਸਿੱਖਾਂ ਉੱਤੇ ਜ਼ੁਲਮ ਕਰਨ ਵਾਲ਼ੇ ਪੁਲੀਸ ਵਾਲ਼ਿਆਂ ਦਾ ਆਪਣਾ ਰਿਟਾਇਰ ਹੋਣ ਤੋਂ ਬਾਅਦ ਦਾ ਬੁਰਾ ਹਾਲ ਵੇਖਣ ਵਾਲ਼ਾ ਹੁੰਦਾ ਹੈ। ਨਰਕ ਭੋਗਦੇ ਨੇ। ਭਗਵੰਤ ਮਾਨ, ਕੈਪਟਨ, ਸੁਖਬੀਰ ਜਾਂ ਹੋਰ ਜਿਹੜਾ ਮਰਜੀ ਹਾਕਮ ਹੋਵੇ, ਇਹਨਾਂ ਨੂੰ ਖੁੱਲ੍ਹ ਦੇਵੇ ਸਹੀ, ਇਹ ਲਾਂਬੂ ਲਾ ਦੇਣਗੇ। ਬਦਕਿਸਮਤੀ ਹੈ ਕਿ ਹੁਣ ਫਿਰ ਪੁਲੀਸ ਓਸੇ ਰਾਹ ਤੋਰੀ ਜਾ ਰਹੀ ਹੈ। ਪੁਲੀਸ ਦੇ ਇਹ ਜ਼ੁਲਮ ਨੌਜਵਾਨ ਪੀੜ੍ਹੀ ਨੂੰ ਭਗੌੜਾ ਕਰਨਗੇ। ਇਹੀ ਪੁਲਿਸ ਤੇ ਸਰਕਾਰ ਚਾਹੁੰਦੀ ਹੈ ਕਿ ਹਾਲਾਤ ਵਿਗੜਨ ਤੇ ਸਾਨੂੰ ਖੁੱਲ੍ਹ ਮਿਲੇ।

Leave a Reply