ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਹੋਵੇ ਅੰਤਰ-ਰਾਸ਼ਟਰੀ ਜਾਂਚ

ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਹੋਵੇ ਅੰਤਰ-ਰਾਸ਼ਟਰੀ ਜਾਂਚ

ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਦੋ ਦਿਨ ਪਹਿਲਾਂ ਅਮਰੀਕਾ ਵੱਲੋਂ ਕੀਤੇ ਨਵੇਂ ਖੁਲਾਸਿਆਂ ਵਿੱਚ ਭਾਰਤ ਦੀ ਗੁਜਰਾਤ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਭਗੌੜੇ ਗੋਲਡੀ ਬਰਾੜ ਦੇ ਗਰੁੱਪਾਂ ਦਾ ਨਾਂ ਸਾਹਮਣੇ ਆਉਣ ਕਾਰਨ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਗਈ ਹੈ ਕਿ ਭਾਰਤ ਸਰਕਾਰ ਨੇ ਭਾਈ ਹਰਦੀਪ ਸਿੰਘ ਨਿੱਝਰ ਨੂੰ ਨਿਸ਼ਾਨਾ ਬਣਾਉਣ ਲਈ ਅਪਰਾਧਿਕ ਨੈੱਟਵਰਕਾਂ ਅਤੇ ਗੈਂਗਸਟਰਾਂ ਰਾਹੀਂ ਇਹ ਵੱਡੀ ਸਾਜਿਸ਼ ਰਚੀ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਭਾਈ ਨਿੱਝਰ ਦਾ ਕਤਲ ਭਾਰਤ ਸਰਕਾਰ ਨੇ ਕਰਵਾਇਆ ਹੈ ਤੇ ਕੈਨੇਡਾ ਕੋਲ ਇਸ ਗੱਲ ਦੇ ਸਬੂਤ ਹਨ। ਇਸ ਗੱਲ ਦੀ ਚਰਚਾ ਪੂਰੀ ਦੁਨੀਆਂ ਵਿੱਚ ਹੋਈ ਸੀ ਤੇ ਭਾਰਤ ਸਰਕਾਰ ਨੂੰ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ।
ਸਿੱਖ ਆਗੂਆਂ ਨੂੰ ਮਰਵਾਉਣ ਲਈ ਭਾਰਤ ਸਰਕਾਰ ਅੰਤਰ-ਰਾਸ਼ਟਰੀ ਅਪਰਾਧਿਕ ਨੈੱਟਵਰਕਾਂ ਅਤੇ ਭਾੜੇ ਦੇ ਟੱਟੂਆਂ ਨੂੰ ਵਰਤ ਰਹੀ ਹੈ। ਭਾਈ ਹਰਦੀਪ ਸਿੰਘ ਨਿੱਝਰ ਜੋ ਕੈਨੇਡਾ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ (ਸਰੀ-ਡੈਲਟਾ) ਦੇ ਮੁੱਖ ਸੇਵਾਦਾਰ ਅਤੇ ਖ਼ਾਲਿਸਤਾਨੀ ਸੰਘਰਸ਼ ਦੇ ਆਗੂ ਸਨ, ਉਹਨਾਂ ਨੂੰ ਸ਼ਹੀਦ ਕਰਵਾ ਕੇ ਭਾਰਤ ਸਰਕਾਰ ਨੇ ਕੈਨੇਡਾ ਵਿੱਚ ਖ਼ਾਲਿਸਤਾਨੀ ਲਹਿਰ ਨੂੰ ਦਬਾਉਣਾ ਚਾਹਿਆ ਸੀ, ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਅਤੇ ਇੰਗਲੈਂਡ ਵਿੱਚ ਸਾਜ਼ਿਸ਼ੀ ਢੰਗ ਨਾਲ ਭਾਈ ਅਵਤਾਰ ਸਿੰਘ ਖੰਡਾ ਨੂੰ ਵੀ ਭਾਰਤ ਸਰਕਾਰ ਸ਼ਹੀਦ ਕਰਵਾ ਚੁੱਕੀ ਸੀ ਤੇ ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ ਜੋ ਅਮਰੀਕਾ ਸਰਕਾਰ ਨੇ ਨਾਕਾਮ ਕਰ ਦਿੱਤੀ ਸੀ। ਗੈਂਗਸਟਰ ਗਰੁੱਪਾਂ ਦੀ ਖ਼ਾਲਿਸਤਾਨੀ ਜਥੇਬੰਦੀਆਂ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਭਾਰਤ ਸਰਕਾਰ ਵੱਲੋਂ ਖ਼ਾਲਿਸਤਾਨੀ ਆਗੂਆਂ ਨੂੰ ਕਤਲ ਕਰਵਾਉਣ ਲਈ ਗੈਂਗਸਟਰਾਂ ਦਾ ਸਹਾਰਾ ਲਿਆ ਜਾ ਰਿਹਾ ਹੈ।
ਜੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਕੈਨੇਡਾ ਸਰਕਾਰ ਭਾਰਤ ਨੂੰ ਨੰਗਾ ਨਾ ਕਰਦੀ ਤੇ ਅਮਰੀਕਾ ਵੱਲੋਂ ਗੁਰਪਤਵੰਤ ਸਿੰਘ ਪੰਨੂ ਨੂੰ ਭਾਰਤ ਵੱਲੋਂ ਮਾਰਨ ਦੀ ਸਾਜ਼ਿਸ਼ ਨਾਕਾਮ ਕਰਕੇ ਇਸ ਦਾ ਸੱਚ ਦੁਨੀਆਂ ਸਾਹਮਣੇ ਨਾ ਰੱਖਿਆ ਜਾਂਦਾ ਤਾਂ ਹੁਣ ਤਕ ਭਾਰਤ ਸਰਕਾਰ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਅਨੇਕਾਂ ਖ਼ਾਲਿਸਤਾਨੀ ਆਗੂਆਂ ਦੇ ਕਤਲ ਕਰਵਾ ਦੇਣੇ ਸਨ ਤੇ ਖ਼ਾਲਿਸਤਾਨੀ ਸਿੱਖਾਂ ਵਿੱਚ ਦਹਿਸ਼ਤ ਪਾਉਣ ਲਈ ਅਤੇ ਖ਼ਾਲਿਸਤਾਨੀ ਸੰਘਰਸ਼ ਨੂੰ ਖ਼ਤਮ ਕਰਨ ਲਈ ਹਰ ਹਰਬਾ ਵਰਤਣਾ ਸੀ, ਪਰ ਭਾਰਤ ਸਰਕਾਰ ਦੀ ਚਾਲ ਆਪਣੇ ਉੱਤੇ ਹੀ ਪੁੱਠੀ ਪੈ ਗਈ ਤੇ ਦੁਨੀਆ ਵਿੱਚ ਭਾਰਤ ਨੂੰ ਕਾਤਲ ਚਿਹਰੇ ਵਜੋਂ ਵੇਖਿਆ ਜਾਣ ਲੱਗਾ ਤੇ ਖ਼ਾਲਿਸਤਾਨੀ ਸੰਘਰਸ਼ ਨੂੰ ਹੋਰ ਬੁਲੰਦੀ ਹਾਸਲ ਹੋਈ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ। ਜਦੋਂ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ਵਿੱਚ ਕਤਲ ਹੋਇਆ ਸੀ ਤਾਂ ਹਰ ਸਿੱਖ ਨੂੰ ਪਤਾ ਸੀ ਕਿ ਇਹ ਭਾਰਤ ਸਰਕਾਰ ਨੇ ਹੀ ਕਰਵਾਇਆ ਹੈ, ਫਿਰ ਛੇਤੀ ਹੀ ਇਸ ਗੱਲ ਉੱਤੇ ਕੈਨੇਡਾ ਸਰਕਾਰ ਨੇ ਮੋਹਰ ਲਾ ਦਿੱਤੀ ਸੀ ਤੇ ਬਾਕੀ ਦੇਸ਼ਾਂ ਨੇ ਵੀ ਸਿੱਖਾਂ ਦੇ ਹੱਕ ਵਿੱਚ ਭੁਗਤ ਕੇ ਆਵਾਜ਼ ਬੁਲੰਦ ਕੀਤੀ ਸੀ। ਅਮਰੀਕਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਇੱਕ-ਇੱਕ ਗੱਲ ਸਾਹਮਣੇ ਲਿਆ ਕੇ ਸਿੱਖ ਕੌਮ ਨਾਲ ਇਨਸਾਫ਼ ਕਰੇ ਤੇ ਭਾਰਤ ਨੂੰ ਦੋਸ਼ੀਆਂ ਵਾਲੇ ਕਟਹਿਰੇ ਵਿੱਚ ਖੜ੍ਹਾ ਕਰੇ।

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.