ਸਿੰਘੋ! ਖ਼ਾਲਸਾ ਰਾਜ ਬਿਨਾਂ ਨਹੀਂ ਸਰਨਾ...
- ਅੰਤਰਰਾਸ਼ਟਰੀ
- 16 Mar, 2026 01:09 PM (Asia/Kolkata)
ਸਮਾਣੇ ਵਿਖੇ ਟਾਵਰ ਮੋਰਚੇ 'ਤੇ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਭਾਈ ਇਮਾਨ ਸਿੰਘ ਮਾਨ (ਸਪੁੱਤਰ ਸਰਦਾਰ ਸਿਮਰਨਜੀਤ ਸਿੰਘ ਮਾਨ) ਨਾਲ ਹੋਇਆ ਉਹ ਬੇਹੱਦ ਮੰਦਭਾਗਾ ਹੈ। ਸਾਨੂੰ ਹਰ ਇੱਕ ਦੀਆਂ ਭਾਵਨਾਵਾਂ-ਜਜਬਾਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਨਾ ਤਾਂ ਉਹਨਾਂ ਨੇ ਉੱਥੇ ਕਿਸੇ ਨੂੰ ਮਾਰਨ ਦੀ ਗੱਲ ਕੀਤੀ, ਨਾ ਕੋਈ ਹਥਿਆਰਾਂ ਦੀ ਗੱਲ ਕੀਤੀ, ਆਪਣੇ ਖਾਲਸੇ ਰਾਜ ਖਾਲਿਸਤਾਨ ਦੀ ਗੱਲ ਕੀਤੀ।ਗੁਰੂ ਗ੍ਰੰਥ ਤੇ ਪੰਥ ਦੀ ਗੱਲ ਕੀਤੀ।ਫਿਰ ਉਹਨਾਂ ਦਾ ਵਿਰੋਧ ਕਿਉਂ। ਪਰ ਭਾਈ ਇਮਾਨ ਸਿੰਘ ਜੀ ਨੇ ਬਹੁਤ ਹੀ ਨਿਮਰਤਾ ਅਤੇ ਸੁਚੱਜੇ ਢੰਗ ਨਾਲ ਜਵਾਬ ਦਿੱਤਾ।
ਜਿਸ ਖ਼ਾਲਿਸਤਾਨ ਦੇ ਸੰਘਰਸ਼ ਲਈ ਅਨੇਕਾਂ ਸ਼ਹਾਦਤਾਂ ਹੋਈਆਂ ਖੂਨ ਡੁੱਲ੍ਹਿਆ,ਨੌਜਵਾਨੀ ਜੇਲਾਂ ਵਿੱਚ ਰੁਲੀ,ਝੂਠੇ ਮੁਕਾਬਲੇ ਹੋਏ। ਘਰ ਤੱਕ ਖੰਡਰ ਬਣ ਗਏ। ਅਤੇ ਜਿਨ੍ਹਾਂ ਨੇ ਇਹ ਸੰਘਰਸ਼ ਲੜਿਆ ਆਪਣੀਆਂ ਜਾਨਾਂ ਵਾਰੀਆਂ ਆਪਣਾ ਸਾਰਾ ਕੁਝ ਗਵਾ ਕੇ ਅਸੀਂ ਕਹੀਏ ਕਿ ਇਸ ਜਗ੍ਹਾ ਤੇ ਖਾਲਿਸਤਾਨ ਦੀ ਗੱਲ ਨਹੀਂ ਕਰਨੀ ਫਿਰ ਤਾਂ ਰੱਬ ਹੀ ਰਾਖਾ।
ਕੀ ਲੋੜ ਸੀ ਇੰਨੀਆਂ ਕੁਰਬਾਨੀਆਂ ਕਰਨ ਦੀ ਅਗਲੇ ਸਾਡਾ ਘਰ ਤੱਕ ਢਾਹ ਗਏ। ਅਸੀਂ ਫਿਰ ਵੀ ਚੁੱਪ ਰਹੀਏ। ਕੀ ਅਸੀਂ ਉਹਨਾਂ ਸ਼ਹੀਦਾਂ ਦੇ ਵਾਰਸ ਕਹਾਉਣ ਦੇ ਹੱਕਦਾਰ ਹਾਂ? ਅਸੀਂ ਉਹਨਾਂ ਨੂੰ ਜਵਾਬਦੇਹ ਹਾਂ? ਇਸ ਸੰਘਰਸ਼ ਵਿੱਚ ਸ਼ਹਾਦਤਾਂ ਹੀ ਗੁਰੂ ਗ੍ਰੰਥ ਅਤੇ ਗੁਰੂ ਪੰਥ ਲਈ ਹੋਈਆਂ। ਅੱਜ ਤੱਕ ਹਿੰਦੁਸਤਾਨ ਦੇ ਵਿੱਚ ਕੋਈ ਵੀ ਕਾਨੂੰਨ ਨਹੀਂ ਬਣਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਲਈ। ਇਹ ਸਾਨੂੰ ਸੰਘਰਸ਼ ਆਪ ਹੀ ਕਰਨਾ ਪੈਣਾ।
ਕਾਹਦਾ ਡਰ ਆ ਸਾਡੇ ਮਨਾਂ ਵਿੱਚ। ਅਸੀਂ ਮੋਰਚਿਆਂ ਦੇ ਉੱਤੇ ਖ਼ਾਲਸਾ ਰਾਜ ਖਾਲਿਸਤਾਨ ਦੀ ਗੱਲ ਨਹੀਂ ਕਰਨੀ। ਸੰਗਤ ਵਿੱਚ ਗੱਲ ਨਹੀਂ ਕਰਨੀ ਤਾਂ ਕਿੱਥੇ ਕਰਾਂਗੇ। ਇਸ ਸੰਘਰਸ਼ ਲਈ ਸਾਡੇ ਬੰਦੀ ਸਿੰਘ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਨੇ। ਅਸੀਂ ਉਹਨਾਂ ਵੱਲ ਹੀ ਵੇਖ ਲਈਏ ਤਾਂ ਉਨਾਂ ਨੇ ਵੀ ਭਾਰਤੀ ਹਕੂਮਤ ਦੀ ਈਨ ਨਹੀਂ ਮੰਨੀ। ਉਹ ਅੱਜ ਵੀ ਆਪਣੇ ਨਿਸ਼ਾਨੇ ਤੇ ਕਾਇਮ ਹਨ। ਚੜ੍ਹਦੀ ਕਲਾ ਵਿੱਚ ਹਨ। ਫਿਰ ਅਸੀਂ ਕਿਉਂ ਡੋਲ ਰਹੇ ਹਾਂ।
ਇਹ ਇਕੱਲਾ ਇਮਾਨ ਸਿੰਘ ਜੀ ਨਾਲ ਨਹੀਂ ਹੋਇਆ ਮੇਰੇ ਨਾਲ ਵੀ ਹੋਇਆ ਸੀ। ਮੈਂ ਉਨਾਂ ਬੰਦਿਆਂ ਦੇ ਨਾਮ ਨਹੀਂ ਲੈਣੇ ਕਿਉਂਕਿ ਉਹ ਨਾਮੀ ਪਰਿਵਾਰਾਂ ਵਿੱਚੋਂ ਹਨ। ਇੱਕ ਵਾਰ ਤਾਂ ਮੈਂ ਖਾਲਿਸਤਾਨ ਦਾ ਨਾਅਰਾ ਲਾਇਆ ਸੀ 2024 ਇਲੈਕਸ਼ਨ ਵਿੱਚ ਤਾਂ ਮੈਨੂੰ ਰੋਕ ਦਿੱਤਾ ਗਿਆ ਕਿ ਕਾਕਾ ਇੱਥੇ ਇਹ ਕੰਮ ਨਹੀਂ ਕਰਨਾ। ਫਿਰ ਅਸੀਂ ਇੱਕ ਸਮਾਗਮ ਵਿੱਚ ਬੈਠੇ ਹੋਏ ਸੀ। ਉੱਥੇ ਕੁਝ ਵੱਡੀਆਂ ਸ਼ਖਸੀਅਤਾਂ ਵੀ ਪਹੁੰਚੀਆਂ ਹੋਈਆਂ ਸਨ। ਉਨਾਂ ਨੇ ਮੈਨੂੰ ਕਿਹਾ ਕਿ ਤੂੰ ਕਿਹੜੇ ਪਾਸੇ ਤੁਰਿਆ ਫਿਰਦਾ। ਕੀ ਕਰਨਾ ਖਾਲਿਸਤਾਨ। ਹਜੇ ਕਿ ਉਹ ਬਹੁਤ ਵੱਡੇ ਸ਼ਹੀਦ ਪਰਿਵਾਰ ਵਿੱਚੋਂ ਨੇ। ਸੰਗਤ ਨੇ ਕੋਈ ਕਮੀ ਨਹੀਂ ਰਹਿਣ ਦਿੱਤੀ ਉਹਨਾਂ ਨੂੰ ਕਿਸੇ ਪਾਸਿਓਂ ਵੀ। ਸ਼ਹੀਦ ਤਾਂ ਸਾਰੇ ਬਰਾਬਰ ਹੀ ਨੇ ਪਰ ਬਾਕੀ ਕੁਝ ਅਣਗੋਲੇ ਨੇ। ਪਰ ਜਦੋਂ ਮੈਂ ਉਹਨਾਂ ਦੇ ਮੂੰਹੋਂ ਇਹ ਸ਼ਬਦ ਸੁਣੇ ਤਾਂ ਇੱਕ ਵਾਰ ਤਾਂ ਮੈਂ ਟੁੱਟ ਗਿਆ ਸੀ। ਕਿ ਜੇ ਇਹ ਆਪ ਹੀ ਇਹ ਗੱਲ ਕਹਿ ਰਹੇ ਹਨ ਤਾਂ ਸਾਡਾ ਕੀ ਵਜੂਦ ਹੈ।
ਇਹ ਗੱਲ ਮੈਂ ਆਪਣੇ ਵੱਡੇ ਵੀਰ ਭਾਈ ਰਣਜੀਤ ਸਿੰਘ ਜੀ ਦਮਦਮੀ ਟਕਸਾਲ (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) ਨੂੰ ਦੱਸੀ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਵੀ ਪਹਿਲਾਂ ਬਹੁਤ ਵਾਰ ਹੋ ਚੁੱਕਿਆ ਹੈ। ਗੱਲ ਇੱਥੇ ਨਹੀਂ ਖਤਮ ਹੋਈ ਹਜੇ ਤੱਕ ਵੀ ਮੈਨੂੰ ਬਹੁਤ ਲੋਕ ਕਹਿੰਦੇ ਆ ਕਿ ਛੱਡੋ ਇਸ ਲਾਈਨ ਵਿੱਚ ਕੁਝ ਨਹੀਂ ਰੱਖਿਆ ਆਪਣੇ ਪਰਿਵਾਰ ਵੇਖੋ। ਕੀ ਉਹਨਾਂ ਦੇ ਪਰਿਵਾਰ ਨਹੀਂ ਸਨ ਜਿਨ੍ਹਾਂ ਨੇ ਸੰਘਰਸ਼ ਕੀਤਾ। ਜਿਨਾਂ ਦੇ ਪਰਿਵਾਰਾਂ ਨੂੰ ਸ਼ਹੀਦ ਕੀਤਾ ਗਿਆ। ਅੱਜ ਵੀ ਉਹ ਪਰਿਵਾਰ ਚੜ੍ਹਦੀ ਕਲਾ ਵਿੱਚ ਹਨ। ਅਤੇ ਉਹਨਾਂ ਵੱਲ ਵੇਖ ਕੇ ਹੀ ਅਸੀਂ ਸੰਘਰਸ਼ ਕਰ ਰਹੇ ਹਾਂ।
ਜੇਕਰ ਅਸੀਂ ਮੋਰਚੇ ਤੇ ਇਸੇ ਤਰ੍ਹਾਂ ਹੀ ਇੱਕ ਦੂਜੇ ਦਾ ਵਿਰੋਧ ਕਰਦੇ ਰਹੇ ਤਾਂ ਸਫਲਤਾ ਨਹੀਂ ਮਿਲੇਗੀ। ਇਸ ਖਾਲਿਸਤਾਨ ਦੇ ਸੰਘਰਸ਼ ਵਿੱਚ ਉਹ ਰੂਹਾਂ ਨਾਮ ਬਾਣੀ ਬੰਦਗੀ ਵਾਲੀਆਂ ਸ਼ਹੀਦ ਹੋਈਆਂ ਜਿਨ੍ਹਾਂ ਨੇ ਆਪਣਾ ਆਪ ਸਾਰਾ ਸੰਘਰਸ਼ ਦੇ ਲੇਖੇ ਲਾਇਆ। ਅੱਜ ਅਸੀਂ ਉਹਨਾਂ ਨੂੰ ਭੁੱਲ ਗਏ ਹਾਂ। ਅੱਜ ਇਸ ਸੰਘਰਸ਼ ਦੀ ਬਦੌਲਤ ਹੀ ਅਸੀਂ ਹਕੂਮਤ ਨਾਲ ਮੱਥਾ ਲਾਉਂਦੇ ਹਾਂ। ਇਹ ਮੋਰਚੇ ਲਾਉਂਦੇ ਹਾਂ। ਇਨ੍ਹਾਂ ਸ਼ਹੀਦੀ ਰੂਹਾਂ ਵੱਲ ਵੇਖ ਕੇ ਹੀ ਸਾਨੂੰ ਸੰਘਰਸ਼ ਕਰਨ ਦਾ ਬਲ ਮਿਲਦਾ ਹੈ।
ਜਦੋਂ ਅਸੀਂ ਇਹ ਸਭ ਵੇਖਦੇ ਹਾਂ ਤਾਂ ਸਾਡੇ ਮਨ ਨੂੰ ਬਹੁਤ ਠੇਸ ਪੁੱਜਦੀ ਹੈ। ਜੇ ਸਾਡੇ ਅਹੁਦੇਦਾਰ ਹੀ ਮੋਰਚਿਆਂ ਵਾਲੇ ਇਸ ਤੋਂ ਭਗੋੜੇ ਹੋ ਗਏ ਤਾਂ ਅਸੀਂ ਨੌਜਵਾਨਾ ਨੂੰ ਕੀ ਸੇਧ ਦਵਾਂਗੇ।
ਹਿੰਦੂ ਕਦੇ ਵੀ ਹਿੰਦੂ ਰਾਸ਼ਟਰ ਦੀ ਵਿਰੋਧਤਾ ਨਹੀਂ ਕਰਦੇ ਅਤੇ ਉਹਨਾਂ ਦੇ ਕਿਸੇ ਆਗੂ ਨੇ ਅੱਜ ਤੱਕ ਜਾਂ ਕਿਸੇ ਹਿੰਦੂ ਨੇ ਹਿੰਦੂ ਰਾਸ਼ਟਰ ਦਾ ਵਿਰੋਧ ਨਹੀਂ ਕੀਤਾ। ਪਰ ਸਾਡੇ ਬਹੁਤ ਸਿੱਖ ਚਿਹਰੇ ਸਾਡੇ ਆਪਣੇ ਹੀ ਖਾਲਿਸਤਾਨ ਦਾ ਵਿਰੋਧ ਕਰਦੇ ਨੇ ਉਹ ਲੋਕ ਜੋ ਸਰਕਾਰ ਦੀ ਗੁਲਾਮੀ ਚਾਕਰੀ ਕਰਦੇ ਹਨ ਉਹ ਤਾਂ ਸੰਤੁਸ਼ਟ ਗੁਲਾਮਾਂ ਵਾਲੀ ਜਿੰਦਗੀ ਜਿਓ ਰਹੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਪੈਸਾ ਹੀ ਸ਼ੋਹਰਤ ਹੀ ਜ਼ਿੰਦਗੀ ਹੈ। ਇਹਨਾਂ ਲੋਕਾਂ ਨੂੰ ਉਸ ਦਿਨ ਅਕਲ ਆਏਗੀ ਜਿਸ ਦਿਨ ਇਹਨਾਂ ਨੂੰ ਹਕੂਮਤ ਕੋਲੋਂ ਮਾਰ ਪਈ। ਸਮਾਂ ਹੈ ਹਜੇ ਵੀ ਸੰਭਲ ਜਾਓ।
ਗਗਨਦੀਪ ਸਿੰਘ ਸੁਲਤਾਨਵਿੰਡ
(ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)