ਨਿਖਿਲ ਗੁਪਤਾ ਦੇ ਇਕਬਾਲੀਆ ਬਿਆਨ ਨੇ ਭਾਰਤ ਸਰਕਾਰ ਦਾ ਅੱਤਵਾਦੀ ਚਿਹਰਾ ਨੰਗਾ ਕੀਤਾ: ਵਰਲਡ ਸਿੱਖ ਪਾਰਲੀਮੈਂਟ

ਨਿਖਿਲ ਗੁਪਤਾ ਦੇ ਇਕਬਾਲੀਆ ਬਿਆਨ ਨੇ ਭਾਰਤ ਸਰਕਾਰ ਦਾ ਅੱਤਵਾਦੀ ਚਿਹਰਾ ਨੰਗਾ ਕੀਤਾ: ਵਰਲਡ ਸਿੱਖ ਪਾਰਲੀਮੈਂਟ

ਮੋਦੀ ਸਰਕਾਰ ਦੀ ਸਿੱਖਾਂ ਵਿਰੁੱਧ ‘ਅੰਤਰਰਾਸ਼ਟਰੀ ਦਮਨ’ ਦੀ ਨੀਤੀ ਹੋਈ ਜੱਗ-ਜ਼ਾਹਿਰ
 

ਫਰੈਂਕਫਰਟ 17 ਫਰਵਰੀ (ਨਜ਼ਰਾਨਾ ਟਾਈਮਜ )

 ਵਰਲਡ ਸਿੱਖ ਪਾਰਲੀਮੈਂਟ ਨੇ ਅਮਰੀਕਾ ਦੀ ਅਦਾਲਤ ਵਿੱਚ ਭਾਰਤੀ ਏਜੰਸੀਆਂ ਦੇ ਹੱਥ-ਠੋਕੇ ਨਿਖਿਲ ਗੁਪਤਾ ਵੱਲੋਂ ਰੈਫਰੰਡਮ ਦੀ ਮੁਹਿੰਮ ਚਲਾ ਰਹੇ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਰਚਣ ਦਾ ਜੁਰਮ ਕਬੂਲਣ ‘ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਨਿਖਿਲ ਗੁਪਤਾ ਦਾ ਇਹ ਇਕਬਾਲੀਆ ਬਿਆਨ ਸਾਬਤ ਕਰਦਾ ਹੈ ਕਿ ਭਾਰਤੀ ਏਜੰਸੀਆਂ ਵਿਦੇਸ਼ੀ ਧਰਤੀ ‘ਤੇ ਸਿੱਖਾਂ ਦੇ ਕਤਲਾਂ ਵਿੱਚ ਸ਼ਾਮਲ ਹਨ ਅਤੇ ਆਪਣੇ ਹੱਕਾਂ ਦੀ ਗੱਲ ਕਰ ਰਹੇ ਹੋਰ ਆਗੂਆਂ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਘੜ ਰਹੀਆਂ ਹਨ।
ਵਰਲਡ ਸਿੱਖ ਪਾਰਲੀਮੈਂਟ ਦੇ ਆਗੂ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, , ਭਾਈ ਮਨਬੀਰ ਸਿੰਘ ਕਨੇਡਾ ਭਾਈ ਪਿ੍ਰਤਪਾਲ ਸਿੰਘ ਸਵਿਟਜਲੈਡ , ਭਾਈ ਜਤਿੰਦਰ ਸਿੰਘ ,ਭਾਈ ਸਤਨਾਮ ਸਿੰਘ ਫਰਾਂਸ , ਹਰਜੋਤ ਸਿੰਘ ਹਾਲੈਡ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਕਰਦਿਆਂ ਹੋਇਆਂ ਕਿਹਾ ਕਿ ਨਿਖਿਲ ਗੁਪਤਾ ਦੇ ਇਸ ਬਿਆਨ ਨਾਲ ਭਾਰਤੀ ਖੁਫੀਆ ਏਜੰਸੀ ‘ਰਾਅ’, ਮੋਦੀ ਸਰਕਾਰ ਦੀ ਕੈਬਿਨਟ ਦੇ ਉੱਚ ਅਧਿਕਾਰੀਆਂ ਅਤੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵਰਗਿਆਂ ਵੱਲੋਂ ਚਲਾਈ ਜਾ ਰਹੀ ਸਿੱਖਾਂ ਦੇ ‘ਅੰਤਰਰਾਸ਼ਟਰੀ ਦਮਨ’ ਦੀ ਨੀਤੀ ਦਾ ਭਾਂਡਾ ਚੁਰਾਹੇ ਭੱਜ ਗਿਆ ਹੈ। 
ਵਰਲਡ ਸਿੱਖ ਪਾਰਲੀਮੈਂਟ ਦਾ ਮੰਨਣਾ ਹੈ ਕਿ ਸਿੱਖਾਂ ਉੱਤੇ ਹਮਲੇ ਕਰਕੇ ਉਨ੍ਹਾਂ ਨੂੰ ਚੁੱਪ ਕਰਾਉਣ ਦੀ ਇਹ ਕਾਰਵਾਈ ਸਿਰਫ਼ ਇੱਕ ਨਿਖਿਲ ਗੁਪਤਾ ਜਾਂ ਰਾਅ ਅਧਿਕਾਰੀ ਵਿਕਾਸ ਯਾਦਵ ਤੱਕ ਸੀਮਿਤ ਨਹੀਂ ਹੈ, ਬਲਕਿ ਇਸ ਪਿੱਛੇ ਭਾਰਤ ਦੀ ਉੱਚ ਲੀਡਰਸ਼ਿਪ ਦਾ ਹੱਥ ਹੈ। ਕੌਮਾਂਤਰੀ ਮੀਡੀਏ ਵਿੱਚ ਇਹ ਗੱਲ ਵਾਰ-ਵਾਰ ਸਾਹਮਣੇ ਆ ਚੁੱਕੀ ਹੈ ਕਿ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਪਿੱਛੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਹੇਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੁਰੱਖਿਆ ਸਲਾਹਕਾਰ ਤੇ ਆਰ ਐਸ ਐਸ ਦੇ ਨਜ਼ਦੀਕੀ ਅਜੀਤ ਡੋਵਾਲ ਦੀ ਸਿੱਧੀ ਸ਼ਮੂਲੀਅਤ ਹੈ।
ਅਮਰੀਕੀ ਜਾਂਚ ਏਜੰਸੀ ਐਫ.ਬੀ.ਆਈ. ਦੇ ਵਧੀਕ ਡਾਇਰੈਕਟਰ ਨੇ ਵੀ ਸਪੱਸ਼ਟ ਕੀਤਾ ਹੈ ਕਿ ਇੱਕ ਅਮਰੀਕੀ ਨਾਗਰਿਕ ਨੂੰ ਸਿਰਫ਼ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ ਵਰਤਣ ਕਰਕੇ ਅੰਤਰਰਾਸ਼ਟਰੀ ਦਮਨ ਦਾ ਨਿਸ਼ਾਨਾ ਬਣਾਇਆ ਗਿਆ ਹੈ। ਇਹ ਬਿਆਨ ਭਾਰਤ ਵੱਲੋਂ ਖਾਲਿਸਤਾਨ ਸੰਘਰਸ਼ ਨੂੰ ਬਦਨਾਮ ਕਰਨ ਲਈ ਸਿਰਜੇ ਝੂਠੇ ਬ੍ਰਿਤਾਂਤ ਨੂੰ ਪੂਰੀ ਤਰ੍ਹਾਂ ਨਕਾਰਦਾ ਹੈ।
ਵਰਲਡ ਸਿੱਖ ਪਾਰਲੀਮੈਂਟ ਨੇ ਅਜ਼ਾਦੀ ਪਸੰਦ ਸਿੱਖਾਂ ਦੀ ਵਿਦੇਸ਼ਾਂ ਵਿੱਚ ਸੁਰੱਖਿਆ ਬਾਰੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹਰਦੀਪ ਸਿੰਘ ਨਿੱਝਰ ਦਾ ਕਤਲ ਅਤੇ ਅਵਤਾਰ ਸਿੰਘ ਖੰਡਾ ਦੀ ਸ਼ੱਕੀ ਮੌਤ ਵਰਗੇ ਮਾਮਲੇ ਇਸੇ ਸਾਜਿਸ਼ ਦਾ ਹਿੱਸਾ ਹਨ। ਭਾਰਤ ਸਰਕਾਰ ਨੇ ਹੁਣ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦਾ ਢੰਗ ਬਦਲ ਲਿਆ ਹੈ ਅਤੇ ਸਿੱਖਾਂ ਨੂੰ ਖਤਮ ਕਰਨ ਲਈ ਗੈਂਗਸਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜਨਵਰੀ 2026 ਵਿੱਚ ਕੈਨੇਡਾ ਦੀ ਪੁਲਿਸ ਨੇ ਵੀ ਖੁਲਾਸਾ ਕੀਤਾ ਸੀ ਕਿ ਭਾਰਤ ਸਰਕਾਰ ਬਿਸ਼ਨੋਈ ਗੈਂਗ ਰਾਹੀਂ ਵਿਦੇਸ਼ਾਂ ਵਿੱਚ ਕਤਲ, ਫਿਰੌਤੀਆਂ ਅਤੇ ਹਿੰਸਕ ਕਾਰਵਾਈਆਂ ਕਰਵਾ ਰਹੀ ਹੈ।
ਵਰਲਡ ਸਿੱਖ ਪਾਰਲੀਮੈਂਟ ਨੇ ਅਮਰੀਕਾ ਅਤੇ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਭਾਰਤ ਨਾਲ ਵਪਾਰਕ ਸਮਝੌਤਿਆਂ ਨੂੰ ਮਨੁੱਖੀ ਤੋਂ ਤਰਜੀਹ ਨਾ ਦੇਣ ਬਲਕਿ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਇਸ ਸਾਜਿਸ਼ ਵਿੱਚ ਸ਼ਾਮਲ ਸਿਆਸੀ ਆਗੂਆਂ, ਭਾਰਤੀ ਏਜੰਸੀਆਂ ਅਤੇ ਸਰਕਾਰੀ ਅਧਿਕਾਰੀਆਂ ਦੀ ਵੀ ਨਿਖਿਲ ਗੁਪਤਾ ਵਾਂਗ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਉਨ੍ਹਾਂ ‘ਤੇ ਮੁਕਦਮੇ ਚਲਾਏ ਜਾਣ।
ਅਖੀਰ ਵਿੱਚ ਵਰਲਡ ਸਿੱਖ ਪਾਰਲੀਮੈਂਟ ਨੇ ਸਮੂਹ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਸਰਕਾਰ ਦੀ ਇਸ ਕਾਤਲ ਮੁਹਿੰਮ ਦਾ ਜਵਾਬ ਆਪਸੀ ਵਖਰੇਵੇਂ ਭੁਲਾ ਕੇ, ਖਾਲਿਸਤਾਨ ਦੀ ਅਵਾਜ਼ ਨੂੰ ਹੋਰ ਜ਼ੋਰ ਨਾਲ ਬੁਲੰਦ ਕਰਕੇ ਦੇਣ; ਇਹ ਹੀ ਭਾਰਤ ਸਰਕਾਰ ਦੇ ਇਸ ਜ਼ਬਰ ਦਾ ਮੂੰਹ ਤੋੜ ਜਵਾਬ ਹੋਵੇਗਾ। ਆਗੂਆਂ ਨੇ ਕਿਹਾ ਕਿ ਭਾਰਤ ਸਰਕਾਰ ਇਹ ਭੁਲੇਖਾ ਕੱਢ ਦੇਵੇ ਕਿ ਉਹ ਡਰਾ-ਧਮਕਾ ਕੇ ਸਾਨੂੰ ਸਾਡੇ ਨਿਸ਼ਾਨੇ, ਸਾਡੇ ਅਜ਼ਾਦ ਘਰ ਖਾਲਿਸਤਾਨ ਤੋਂ ਥਿੜਕਾ ਲਵੇਗੀ। ਅਸੀਂ ਆਪਣੀ ਜ਼ਿੰਦਗੀ ਦੇ ਆਖਰੀ ਦਮ ਤੱਕ ਸੰਘਰਸ਼ ਜਾਰੀ ਰੱਖਾਂਗੇ ਅਤੇ ਅੰਤ ਨੂੰ ਜ਼ਾਲਮ ਸਰਕਾਰ ਨੂੰ ਮੂੰਹ ਦੀ ਖਾਣੀ ਪਵੇਗੀ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.