ਏਅਰਪੋਰਟ ’ਤੇ ਦਸਤਾਰ ਜਾਂਚ ਸਬੰਧੀ ਮਸਲੇ ‘ਤੇ ਹੋਈ ਅਹਿਮ ਮੀਟਿੰਗ

ਏਅਰਪੋਰਟ ’ਤੇ ਦਸਤਾਰ ਜਾਂਚ ਸਬੰਧੀ ਮਸਲੇ ‘ਤੇ ਹੋਈ ਅਹਿਮ ਮੀਟਿੰਗ

ਸਾਰਥਿਕ ਨਤੀਜੇ ਜਲਦ ਸਾਹਮਣੇ ਆਉਣਗੇ ਭਾਈਚਾਰੇ ਨੂੰ ਸੰਜਮ ਬਣਾਈ ਰੱਖਣ ਦੀ ਅਪੀਲ - ਦਲਜੀਤ ਸਿੰਘ 

ਨਿਊਜ਼ੀਲੈਂਡ, ਆਕਲੈਂਡ ( ਤਰਨਜੋਤ ਸਿੰਘ )

ਬੀਤੇ ਦਿਨੀ ਆਕਲੈਂਡ ਏਅਰਪੋਰਟ ‘ਤੇ ਇਕ ਸਿੱਖ ਦਸਤਾਰਧਾਰੀ ਯਾਤਰੀ ਦੀ ਦਸਤਾਰ ਉਤਾਰ ਕੇ ਅਤੇ ਕੇਸਾਂ ਦੀ ਵੀ ਜਾਂਚ ਕਰਨ ਤੋਂ ਬਾਅਦ ਉਕਤ ਵਿਅਕਤੀ ਵਲੋਂ ਸੋਸ਼ਲ ਮੀਡੀਆ ‘ਤੇ ਇਸ ਮੁੱਦੇ ਨੂੰ ਲਿਆਉਣ ਤੇ ਸਿੱਖ ਸੁਪਰੀਮ ਸੁਸਾਇਟੀ ਦੇ ਆਗੂ ਦਲਜੀਤ ਸਿੰਘ ਨੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਆਪਣੇ ਸੋਸ਼ਲ ਮੀਡੀਆ ਪੇਜ ਤੋਂ ਲਾਈਵ ਹੋ ਕੇ ਇਸ ਮਸਲੇ ਤੇ ਕੀਤੇ ਜਾ ਰਹੇ ਉਪਰਾਲੇ ਸਬੰਧੀ ਜਾਣਕਾਰੀ ਦਿੱਤੀ ਸੀ ।

ਉਸ ਤੋਂ ਬਾਅਦ ਅੱਜ ਐਸੋਸੀਏਸ਼ਨ ਦੇ ਸਕੱਤਰ ਕਰਮਜੀਤ ਸਿੰਘ ਨੇ ਸੋਸ਼ਲ ਮੀਡੀਆ ਤੇ ਜਾਰੀ ਪ੍ਰੈਸ ਬਿਆਨ ਵਿਚ ਦਸਿਆ ਕਿ ਨਿਊਜ਼ੀਲੈਂਡ ਦੇ ਹਵਾਈ ਅੱਡਿਆਂ ’ਤੇ ਸੁਰੱਖਿਆ ਜਾਂਚ ਦੌਰਾਨ ਸਿੱਖ ਯਾਤਰੀਆਂ ਨੂੰ ਦਸਤਾਰ ਉਤਾਰਨ ਸਬੰਧੀ ਆ ਰਹੀ ਮੁਸ਼ਕਲ ਸੰਬੰਧੀ ਅੱਜ Aviation New Zealand ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਅਹਿਮ ਮੀਟਿੰਗ ਵਿੱਚ ਇਸ ਮਸਲੇ ਦਾ ਸਾਰਥਿਕ ਹੱਲ ਹੱਲ ਕੱਢਣ ਲਈ ਸਹਿਮਤੀ ਬਣ ਗਈ ਹੈ।

ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਉਪਰਾਲੇ ਨਾਲ ਡੇਢ ਘੰਟੇ ਦੀ ਮੀਟਿੰਗ ਦੌਰਾਨ ਭਾਈਚਾਰੇ ਵੱਲੋਂ ਪਿਛਲੇ ਸਮੇਂ ਤੋਂ ਸਾਹਮਣੇ ਆ ਰਹੀਆਂ ਮੁਸ਼ਕਲਾਂ ਅਤੇ ਸਿੱਖ ਧਰਮ ਵਿੱਚ ਦਸਤਾਰ ਦੀ ਧਾਰਮਿਕ, ਸੱਭਿਆਚਾਰਕ ਅਤੇ ਅਧਿਆਤਮਿਕ ਮਹੱਤਤਾ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਅਤੇ ਦਸਤਾਰ ਦੀ ਮਹਾਨਤਾ ਨੂੰ ਸਮਝਦਿਆਂ Aviation New Zealand ਦੇ ਸੀਨੀਅਰ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਨਵੀਆਂ ਸੁਰੱਖਿਆ ਜਾਂਚ ਮਸ਼ੀਨਾਂ ਲੱਗਣ ਕਾਰਨ ਪੈਦਾ ਹੋਈ ਇਸ ਸਮੱਸਿਆ ਨੂੰ ਸਿੱਖ ਭਾਈਚਾਰੇ ਨਾਲ ਮਿਲ ਕੇ ਤੁਰੰਤ ਹੱਲ ਕੀਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਸਿੱਖ ਯਾਤਰੀਆਂ ਨੂੰ ਇਸ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਮੀਟਿੰਗ ਵਿੱਚ ਸਿਆਸੀ ਤੌਰ ਤੇ ਸੰਸਦ ਮੈਂਬਰ ਰੀਮਾ ਨਾਕਲੇ ਸਿੱਖ ਵਫ਼ਦ ਦੇ ਨਾਲ ਅਤੇ ਮਾਰਕ ਮਿਚਲ ਅਤੇ Aviation Minister ਜੈਰੇਮੀ ਮੀਗਰ ਵੀ ਫ਼ੋਨ ਰਾਹੀਂ ਸੰਪਰਕ ਵਿੱਚ ਰਹੇ ਅਤੇ ਮਸਲੇ ਦੇ ਸਫਲ ਹੱਲ ਵੱਲ ਵਧਣ ’ਤੇ ਭਾਈਚਾਰੇ ਨੂੰ ਵਧਾਈ ਦਿੱਤੀ।

ਨਿਊਜੀਲੈਡ ਸਿੱਖ ਐਸ਼ੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਅਤੇ ਵਰਪਾਲ ਸਿੰਘ ਨੇ ਸਿੱਖ ਭਾਈਚਾਰੇ ਵੱਲੋਂ ਪਿਛਲੇ ਸਮੇਂ ਦੌਰਾਨ ਦਰਪੇਸ਼ ਮੁਸ਼ਕਲਾਂ, ਤਜਰਬਿਆਂ ਅਤੇ ਮੁੱਖ ਮੰਗਾਂ ਨੂੰ ਵਿਸਥਾਰ ਨਾਲ ਸਾਂਝਾ ਕੀਤਾ ਅਤੇ ਇਸ ਸਬੰਧੀ ਸਬਮਿਸ਼ਨ ਪੇਸ਼ ਕੀਤੇ ।ਇਸ ਡੈਲੀਗੇਸ਼ਨ ਵਿੱਚ ਰੀਮਾ ਨਾਕਲੇ , ਦਲਜੀਤ ਸਿੰਘ ,ਵਰਪਾਲ ਸਿੰਘ , ਬੇਅੰਤ ਸਿੰਘ ਜੈਡੋਰ , ਲਾਲੀ ਰਣਵੀਰ ਸਿੰਘ , ਕਰਮਜੀਤ ਸਿੰਘ ਤਲਵਾਰ ਅਤੇ ਮਨਦੀਪ ਸਿੰਘ , ਰਾਣਾ ਜੱਜ ਅਤੇ ਤੇਜਵੀਰ ਸਿੰਘ ਸ਼ਾਮਲ ਸਨ ।

ਭਾਈਚਾਰੇ ਨੂੰ ਅਪੀਲ ਕਰਦਿਆਂ ਦਲਜੀਤ ਸਿੰਘ ਨੇ ਕਿਹਾ ਕਿ ਨਵੀਂ ਨੀਤੀ ਨੂੰ ਲਾਗੂ ਹੋਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਇਸ ਲਈ ਉਦੋਂ ਤੱਕ ਸੰਗਤ ਏਅਰਪੋਰਟ ’ਤੇ ਦਸਤਾਰ ਸਬੰਧੀ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਬਹਿਸ ਜਾਂ ਟਕਰਾਅ ਤੋਂ ਗੁਰੇਜ਼ ਕਰੇ ਅਤੇ ਸਹਿਯੋਗ ਬਣਾਈ ਰੱਖੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.