ਲੱਖ ਹੋਵੇ ਮੌਤ ਸਰੀਰਾਂ ਦੀ, ਨਹੀਂ ਬੁਝਦੀ ਜੋਤ ਜ਼ਮੀਰਾਂ ਦੀ
- ਅੰਤਰਰਾਸ਼ਟਰੀ
- 15 Feb, 2026 08:28 PM (Asia/Kolkata)
ਇੱਕ ਅਮੋੜ ਲਹਿਰ ਦਾ ਅਜਿਹਾ ਜਾਣਿਆ - ਪਛਾਣਿਆ ਸਿਰਨਾਵਾਂ ਸੀ 'ਦੀਪ “ ਜੋ ਕਿ ਖੁਦ ਭਾਵੇਂ ਸਿੱਖੀ ਸਰੂਪ ਵਿੱਚ ਨਹੀਂ ਸੀ, ਪਰ ਇਸ ਦੇ ਬਾਵਜੂਦ ਸਿੱਖੀ ਜਜ਼ਬਾਤਾਂ ਦਾ, ਸਿੱਖੀ ਸਿਧਾਂਤਾਂ ਦਾ ਤੇ ਸਿੱਖੀ ਭਾਵਨਾਵਾਂ ਦਾ ਕਦਰਦਾਨ ਸੀ ' ਦੀਪ ਸਿੱਧੂ '। ਸ਼ਾਇਦ ਇਹੀ ਕਾਰਨ ਸੀ ਕਿ ਉਹ ਬੇਬਾਕ ਹੋ ਕੇ ਸਿੱਖ ਪੰਥ ਦੇ ਹਿੱਤਾਂ ਦੀ ਗੱਲ ਕਰਦਾ ਸੀ, ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਕਰਦਾ ਸੀ, ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦਾ ਸੀ। ਇਹ ' ਦੀਪ ਸਿੱਧੂ ' ਦੇ ਮਨ ਵਿੱਚ ਪੰਥ ਲਈ ਕੌਮ ਦਾ ਦਰਦ ਹੀ ਤਾਂ ਸੀ ਜੋ ਉਸ ਨੇ ਤੇ ਜੁਗਰਾਜ ਸਿੰਘ ਨੇ 26 ਜਨਵਰੀ 2021 ਨੂੰ ਬੇਖੌਫ ਹੋ ਕੇ ਦਿੱਲੀ ਦੇ ਲਾਲ ਕਿਲ੍ਹੇ 'ਤੇ ਖਾਲਸਾਈ ਨਿਸ਼ਾਨ ਸਾਹਿਬ ਲਹਿਰਾ ਕੇ ਕੌਮ ਦੇ ਸਿਰ ਚੜ੍ਹੀ ਭਾਜੀ ਮੋੜ ਦਿੱਤੀ ਸੀ, ਜੋ ਵਕਤ ਦੇ ਸਰਕਾਰੀ ਸਿਸਟਮ ਨੇ ਜੂਨ 1984 ਨੂੰ ਸਾਡੇ ਪਵਿੱਤਰ ਗੁਰਧਾਮਾਂ 'ਤੇ ਕਬਜ਼ਾ ਕਰੀ ਬੈਠੇ ਧਿਆਨ ਸਿਹੁੰ ਡੋਗਰੇ ਦੇ ਵਾਰਸਾਂ ਦੀ ਸ਼ਹਿ 'ਤੇ ਭਾਰਤੀ ਫੌਜਾਂ ਵੱਲੋਂ ਪਵਿੱਤਰ ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਦਰਸ਼ਨੀ ਡਿਊੜੀ 'ਤੇ ਤਿਰੰਗਾ ਲਹਿਰਾ ਕੇ ਚਾੜ੍ਹੀ ਸੀ , ਅਤੇ ਦੱਸ ਦਿੱਤਾ ਸੀ ਕਿ ਵਕਤ ਦੀ ਹਕੂਮਤ ਨੂੰ ਸ. ਬਗੇਲ ਸਿੰਘ , ਸ. ਜੱਸਾ ਸਿੰਘ ਆਹਲੂਵਾਲੀਆ ਦੇ ਵਾਰਸ ਅੱਜ ਵੀ ਮੌਜੂਦ ਨੇ ਕੌਮ ਅੰਦਰ , ਜੋ 21 ਦੀ ਥਾਂ 51 ਪਾ ਕੇ ਛੇਤੀ ਹੀ ਆਪਣੇ ਸਿਰ ਚੜ੍ਹੀ ਭਾਜੀ ਮੋੜਨ ਦੀ ਸਮਰੱਥਾ ਰੱਖਦੇ ਹਨ, ਅਤੇ ਸਿੱਧ ਕਰ ਦਿੱਤਾ ਕਿ :-
" ਅਸੀਂ ਬਾਗੀ ਹਾਂ, ਘਸਿਆਰੇ ਨਹੀਂ।
ਸੱਚ ਦੇ ਸ਼ਾਹ ਸਵਾਰ ਹਾਂ,
ਵਕਤ ਦੇ ਮਾਰੇ ਨਹੀਂ।"
ਆਪਣੇ ਕੌਮੀ ਘਰ ਦੀ ਪ੍ਰਾਪਤੀ ਲਈ ਹਿੱਕ ਡਾਹ ਕੇ ਜੂਝਣ ਵਾਲਾ ਇੱਕ ਹੋਰ ਮਜ਼ਬੂਤ ਥੰਮ੍ਹ ' ਦੀਪ ਸਿੱਧੂ ' ਭਾਰਤ ਦੀ ਹਿੰਦੂਤਵੀ ਸੋਚ ਦੇ ਸਰਕਾਰੀ - ਤੰਤਰ ਦਾ ਸ਼ਿਕਾਰ ਹੋ ਗਿਆ ਹੈ। ਹੋਣੀ ਨੇ ਕੌਮ ਦਾ ਇੱਕ ਹੋਰ ਰੋਸ਼ਨ ਚਿਰਾਗ ਸਾਥੋਂ ਹਮੇਸ਼ਾ ਲਈ ਖੋਹ ਲਿਆ ਹੈ, ਜਿਸ ਨੇ ਸਮੂਹ ਸਿੱਖ ਜਗਤ ਨੂੰ, ਪੰਥ ਪ੍ਰੇਮੀਆਂ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ। ਆਪਣੇ ਕੌਮੀ ਘਰ ਦੀ ਪ੍ਰਾਪਤੀ ਲਈ ਆਪਣੀ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਸੰਘਰਸ਼ ਕਰਨ ਵਾਲਾ ਅਤੇ ਪੰਜਾਬ ਵਿੱਚ ਹੋ ਰਹੀਆਂ ਅਸੈਂਬਲੀ ਚੋਣਾਂ ਦੇ ਉਸ ਨਾਜੁਕ ਦੌਰ ਦੇ ਵਿੱਚ ਸਿੱਖ ਪੰਥ ਦੀ ਆਨ - ਸ਼ਾਨ ਸਮਝੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਵਾਲੇ 'ਦੀਪ ਸਿੱਧੂ ' ਨਾਂ ਦੇ ਇਸ ਅਣਮੋਲ ਹੀਰੇ ਨੂੰ ਭਾਰਤ ਦੇ ਗੰਦੇ ਸਰਕਾਰੀ ਸਿਸਟਮ ਵੱਲੋਂ ਜਿਸ ਢੰਗ - ਤਰੀਕੇ ਨਾਲ ਇੱਕ ਫਰਜ਼ੀ ਰੋਡ ਐਕਸੀਡੈਂਟ ਸ਼ੋਅ ਕਰਕੇ , ਉਸ ਦੀ ਮੌਤ ਨੂੰ ਅੰਜ਼ਾਮ ਦਿੱਤਾ ਗਿਆ, ਇਹ ਸੱਚਮੁੱਚ ਹੀ ਬਹੁਤ ਨਿੰਦਨਯੋਗ ਹੈ। ਮੈਂ ਇੱਥੇ ਫਰਜ਼ੀ ਐਕਸੀਡੈਂਟ ਦਾ ਜ਼ਿਕਰ ਇਸ ਲਈ ਕੀਤਾ ਹੈ, ਕਿਉਂਕਿ ਇਹ ਕੋਈ ਅਚਾਨਕ ਵਾਪਰਿਆ ਹਾਦਸਾ ਨਹੀਂ ਸੀ, ਸਗੋਂ ਇੱਕ ਸੋਚੀ - ਸਮਝੀ ਸਾਜਿਸ਼ ਤਹਿਤ ਕਰਵਾਇਆ ਗਿਆ ਸਰਕਾਰੀ ਤੰਤਰ ਵੱਲੋਂ ਕਤਲ ਹੈ। ਇੱਕ ਬਹੁਤ ਹੀ ਡੂੰਘੀ ਸਾਜਿਸ਼ ਰਚੀ ਗਈ ਹੈ ਵਿਰੋਧੀਆਂ ਵੱਲੋਂ ਦੀਪ ਸਿੱਧੂ ਨੂੰ ਆਪਣੇ ਰਸਤੇ ਵਿੱਚੋਂ ਹਟਾਉਣ ਦੇ ਲਈ। ਆਪਣੇ ਵਿਰੋਧੀਆਂ ਦੇ ਰਾਹ ਦਾ ਰੋੜਾ ਹੀ ਤਾਂ ਸੀ, ' ਦੀਪ ਸਿੱਧੂ' । ਕਿਉਂਕਿ ਦੀਪ ਹਮੇਸ਼ਾਂ ਹੱਕ, ਸੱਚ ਤੇ ਧਰਮ ਦੀ ਗੱਲ ਕਰਦਾ ਸੀ। ਸਿੱਖੀ ਸਿਧਾਂਤਾਂ ' ਤੇ ਪਹਿਰਾ ਦੇਣ ਦੀ ਗੱਲ ਕਰਦਾ ਸੀ।
ਵੈਸੇ ਇਹ ਕੋਈ ਨਵੀਂ ਗੱਲ ਨਹੀਂ ਕਿ ਸਮੇਂ ਦੀਆਂ ਸਰਕਾਰਾਂ ਜਾਂ ਉਹਨਾਂ ਦੇ ਗੰਦੇ ਸਿਸਟਮ ਦੇ ਵੱਲੋਂ ਆਪਣੇ ਵਿਰੋਧੀ ਦੀ ਹਰਮਨ - ਪਿਆਰਤਾ ਜਾਂ ਚੜ੍ਹਦੀ ਕਲਾ ਨੂੰ ਦੇਖ ਕੇ, ਉਸ ਨੂੰ ਰਸਤੇ 'ਚੋਂ ਹਟਾਉਣ ਦੇ ਲਈ ਇਸ ਤਰ੍ਹਾਂ ਦੀ ਕੋਈ ਘਿਨਾਉਣੀ ਸਾਜਿਸ਼ ਰਚੀ ਗਈ ਹੋਵੇ। ਸਗੋਂ ਜਦੋਂ ਵੀ ਕੋਈ ਵਧੀਆ ਪੜ੍ਹਿਆ - ਲਿਖਿਆ ਜਾਂ ਸਿਆਸੀ ਸੂਝ - ਬੂਝ ਰੱਖਣ ਵਾਲਾ ਕੋਈ ਵਧੀਆ ਬੁਲਾਰਾ, ਸੱਚਾਈ ਦੇ ਰਾਹ 'ਤੇ ਚੱਲ ਕੇ ਪੰਥ ਦੀ ਸਹੀ ਤੇ ਯੋਗ ਅਗਵਾਈ ਕਰਨ ਵਾਲਾ ਕੋਈ ਯੋਧਾ ਮੈਦਾਨ ਵਿੱਚ ਨਿਤਰਿਆ ਹੈ, ਉਹ ਇਸੇ ਤਰ੍ਹਾਂ ਹੀ ਆਪਣੇ ਵਿਰੋਧੀਆਂ ਦੀ ਕੋਝੀ ਚਾਲ ਦਾ ਸ਼ਿਕਾਰ ਹੁੰਦਾ ਆਇਆ ਹੈ। ਇਸ ਤੋਂ ਪਹਿਲਾਂ ਇਸੇ ਤਰ੍ਹਾਂ ਹੀ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਅਤੇ ਭਾਈ ਜੋਗਾ ਸਿੰਘ ਖਾਲਿਸਤਾਨੀ ਨੂੰ ਇੱਕ ਸਾਜਿਸ਼ ਤਹਿਤ ਖ਼ਤਮ ਕਰਵਾਇਆ ਗਿਆ ਸੀ। ਸੋ ਇਹ ਕੋਈ ਨਵੀਂ ਗੱਲ ਨਹੀਂ। ਇੰਝ ਹੁੰਦਾ ਹੀ ਆਇਆ ਹੈ ਤੇ ਹੁੰਦਾ ਵੀ ਰਹੇਗਾ। ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਦੁਸ਼ਮਣ ਕਿਸੇ ਵੀ ਹੱਦ ਤੱਕ ਡਿੱਗ ਸਕਦਾ ਹੈ।
ਜੂਨ 1984 ਤੋਂ ਲੈ ਕੇ 1991 - 92 ਤੱਕ ਜੋ ਵੀ ਪੰਜਾਬ ਵਿੱਚ ਵਾਪਰਿਆ, ਕਿਸੇ ਤੋਂ ਭੁੱਲਿਆ ਨਹੀਂ। ਸਮਾਂ ਹੁਣ ਵੀ ਉਹੀ ਹੈ, ਜੇ ਕੁਝ ਬਦਲਿਆ ਹੈ ਤਾਂ ਸਿਰਫ਼ ਸਾਡੇ 'ਤੇ ਤਸ਼ੱਦਦ ਕਰਨ ਤੇ ਉਸ ਤੋਂ ਬਾਅਦ ਮਾਰ ਮੁਕਾਉਣ ਦਾ ਢੰਗ - ਤਰੀਕਾ ਹੀ ਬਦਲਿਆ ਹੈ। ਸਾਡੇ ਸਿੱਖਾਂ ਲਈ ਨਫਰਤ ਭਰੀ ਸੋਚ ਅੱਜ ਵੀ ਉਹੀ ਹੈ ਹਕੂਮਤ ਦੇ ਮਨਾਂ ਵਿੱਚ। ਪਹਿਲ਼ਾਂ ਫਰਜ਼ੀ ਪੁਲਿਸ ਮੁਕਾਬਲੇ ਹੁੰਦੇ ਸਨ ਤੇ ਹੁਣ ਅੱਜ ਦੇ ਸਮੇਂ ਫਰਜ਼ੀ ਸੜਕ ਹਾਦਸੇ ਹੋ ਜਾਂਦੇ ਹਨ। ਇਹ ਸਭ ਕੁਝ ਉਦੋਂ ਤੱਕ ਹੁੰਦਾ ਰਹੇਗਾ ਸਾਡੇ ਨਾਲ, ਸਾਡੇ ਯੋਧਿਆਂ ਨਾਲ, ਜਦੋਂ ਤੱਕ ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕ ਕੇਸਰੀ ਨਿਸ਼ਾਨ ਸਾਹਿਬ ਹੇਠ ਇਕੱਠੇ ਹੋ ਕੇ ਆਪਣਿਆਂ ਗਲਾਂ 'ਚੋਂ ਗੁਲਾਮੀ ਦੇ ਸੰਗਲ ਲਾਹ ਕੇ ਇੱਕ ਆਜ਼ਾਦ ਹਸਤੀ ਦੇ ਮਾਲਕ ਨਹੀਂ ਬਣ ਜਾਂਦੇ। ਆਪਣਾ ਕੌਮੀ ਘਰ ਖਾਲਿਸਤਾਨ ਨਹੀਂ ਉਸਾਰ ਲੈਂਦੇ।
ਹਿੰਦੁਸਤਾਨ ਦੇ ਹਿੰਦੂਤਵੀ ਭਾਰਤੀ ਸਿਸਟਮ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਦੂਰ ਅੰਦੇਸ਼ੀ ਸੋਚ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਲਿਆ ਸੀ। ਹਿੰਦੂ ਸਿਸਟਮ ਨੂੰ ਸਮਝ ਆ ਗਈ ਸੀ ਇਸ ਗੱਲ ਦੀ ਕਿ ਸੰਤ ਜਰਨੈਲ ਸਿੰਘ ਜੀ ਦੇ ਵਿੱਚ ਉਹ ਸਾਰੇ ਗੁਣ ਹਨ ਜੋ ਕਿਸੇ ਵਿਅਕਤੀ ਵਿਸ਼ੇਸ਼ ਵਿੱਚ ਕਿਸੇ ਕੌਮ ਦੀ ਜਾਂ ਸੰਸਥਾ ਦੀ ਅਗਵਾਈ ਕਰਨ ਵਾਲੇ ਕਿਸੇ ਇਮਾਨਦਾਰ ਲੀਡਰ ਵਿੱਚ ਹੋਣੇ ਚਾਹੀਦੇ ਹਨ। ਇਸ ਦੇ ਨਾਲ ਭਾਰਤੀ ਹਿੰਦੂਤਵੀ ਸਿਸਟਮ ਇਸ ਗੱਲ ਤੋਂ ਵੀ ਭਲੀ - ਭਾਂਤ ਜਾਣੂੰ ਹੋ ਗਿਆ ਸੀ ਕਿ ਸਿੱਖ ਪੰਥ ਦੇ ਅਖੌਤੀ ਪੰਥਕ ਲੀਡਰ ਬਾਦਲ ਅਤੇ ਲੌਂਗੋਵਾਲ ਆਦਿ ਆਪਣੀ ਕੁਰਸੀ ਦੀ ਭੁੱਖ ਖ਼ਾਤਰ ਅਤੇ ਆਪਣੀ ਰਾਜਨੀਤੀ ਚਮਕਾਉਣ ਦੇ ਲਈ ਆਪਣੀ ਅਣਖ ਅਤੇ ਗੈਰਤ ਨੂੰ ਵੇਚ ਕੇ ਆਪਣੇ ਧਰਮ ਨੂੰ ਵੀ ਦਾਅ 'ਤੇ ਲਾਉਣ ਤੋਂ ਗੁਰੇਜ ਨਹੀਂ ਕਰਨਗੇ। ਸ਼ਾਇਦ ਏਸੇ ਕਰਕੇ ਭਾਰਤੀ ਸਿਸਟਮ ਦੇ ਇਹਨਾਂ ਅਖੌਤੀ ਪੰਥਕ ਲੀਡਰਾਂ ਨੂੰ ਪੈਸੇ ਅਤੇ ਕੁਰਸੀ ਦਾ ਲਾਲਚ ਦੇ ਕੇ ਖਰੀਦ ਲਿਆ ਸੀ ਅਤੇ ਉਹਨਾਂ ਨੂੰ ਭਰੋਸੇ ਵਿੱਚ ਲੈ ਕੇ, ਇੱਕ ਗਿਣੀ - ਮਿਥੀ ਸਾਜ਼ਿਸ਼ ਦੇ ਤਹਿਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਹਮਲਾ ਕਰਨ ਦੀ ਵਿਉਂਤ ਘੜ ਲਈ ਸੀ।
ਹੁਣ ਜੇ ਗੱਲ ਕਰਾਂ ਦੀਪ ਦੀ, ਤਾਂ ਜਿੱਥੇ ਉਹ ਇੱਕ ਤੇਜ ਬੁੱਧੀ ਵਾਲਾ ਅਤੇ ਇੱਕ ਪੜ੍ਹਿਆ - ਲਿਖਿਆ ਟੌਪ ਦਾ ਵਕੀਲ ਸੀ, ਉਥੇ ਹੀ ਉਹ ਇੱਕ ਅਣਖੀਲਾ, ਗੈਰਤਮੰਦ ਅਤੇ ਸੰਤਾਂ ਦੀ ਸੋਚ 'ਤੇ ਪਹਿਰਾ ਦੇਣ ਵਾਲਾ ਸੂਰਬੀਰ ਯੋਧਾ ਸੀ, ਜਿਸ ਨੇ ਆਪਣਾ ਅਮੀਰੀ ਵਾਲਾ ਠਾਠ - ਬਾਠ ਅਤੇ ਆਪਣੀ ਲਗਜ਼ਰੀ ਜ਼ਿੰਦਗੀ ਨੂੰ ਤਿਆਗ ਕੇ, ਇੱਕ ਆਮ ਤੇ ਸਾਧਾਰਣ ਜ਼ਿੰਦਗੀ ਜੀਅ ਕੇ ਸਿੱਖਾਂ ਦੇ ਕੌਮੀ ਤੇ ਪੰਜਾਬ ਦੇ ਸਿਆਸੀ ਹੱਕਾਂ ਲਈ ਮੈਦਾਨ ਵਿੱਚ ਜੂਝਣ ਦਾ ਮਨ ਬਣਾ ਲਿਆ ਸੀ। ਪਰ ਬ੍ਰਾਹਮਣਵਾਦ ਦੀ ਮਨੂੰ - ਸਿਮਰਤੀ ਸੋਚ ਦੇ ਧਾਰਨੀਆਂ ਜਿਵੇਂ ਕਿ ਆਰ. ਐਸ. ਐਸ. , ਬੀਜੇਪੀ, ਆਪ, ਕਾਂਗਰਸ, ਸ਼ਿਵ ਸੈਨਾ, ਅਕਾਲੀ ਦਲ ਭਾਵ ਬਾਦਲਕੇ ਤੇ ਕਾਮਰੇਡੀ ਲਾਣੇ ਵਰਗੇ ਪੰਥ ਦੋਖੀਆਂ ਦੀ ਹਿੱਕ 'ਤੇ ਤਾਂ ਉਦੋਂ ਹੀ ਸੱਪ ਲੇਟਣ ਲੱਗ ਪਿਆ ਸੀ ਜਦੋਂ ਤੋਂ ਦੀਪ ਨੇ ਆਪਣੀ ਐਸ਼ੋ - ਆਰਾਮ ਵਾਲੀ ਜ਼ਿੰਦਗੀ ਛੱਡ ਕੇ ਸਿੱਖ ਕੌਮ ਦੀ ਆਜ਼ਾਦ ਹਸਤੀ ਲਈ ਦਿਨ ਰਾਤ ਇੱਕ ਕਰ ਦੇਣ ਤੇ ਖ਼ਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਕਾਨੂੰਨੀ ਸਲਾਹਕਾਰ ਬਣ ਜਾਣ ਦਾ ਮਨ ਬਣਾ ਲਿਆ ਸੀ ਤੇ ਆਪਣੇ ਆਪ ਨੂੰ ਹਰ ਤਰ੍ਹਾਂ ਨਾਲ ਪੰਥ ਦੇ ਹੀ ਸਮਰਪਿਤ ਕਰ ਦਿੱਤਾ ਸੀ।
ਹੁਣ ਜੇਕਰ ਗੱਲ ਕਰਾਂ ਕਿਸਾਨੀ ਮੋਰਚੇ ਦੀ, ਤਾਂ ਜਿਵੇਂ ਹੀ ਦੀਪ ਦੀ ਇਸ ਵਿੱਚ ਐਂਟਰੀ ਹੋਈ ਤਾਂ ਸਭ ਤੋਂ ਜਿਆਦਾ ਤਕਲੀਫ ਹੋਈ ਕਾਮਰੇਡੀ ਲਾਣੇ ਨੂੰ। ਇਸ ਲਾਣੇ ਨੂੰ ਫਿਕਰ ਪੈ ਗਿਆ ਸੀ, ਸਰਕਾਰਾਂ ਨਾਲ ਹੋਈ ਸੌਦੇਬਾਜੀ ਦਾ। ਮੋਰਚੇ ਦੇ ਨਾਂ ਤੇ ਵਿਦੇਸ਼ਾਂ ਤੋਂ ਆਏ ਕਰੋੜਾਂ ਰੁਪਏ ਦੇ ਹਿਸਾਬ - ਕਿਤਾਬ ਦਾ। ਹੁਣ ਦੀਪ ਦੀ ਦੂਰ - ਅੰਦੇਸ਼ੀ ਸੋਚ ਨੇ ਭਾਂਪ ਲਿਆ ਸੀ ਕਿ ਮੋਰਚੇ ਦੀ ਅਗਵਾਈ ਕਰਨ ਵਾਲਾ ਇਹ ਕਾਮਰੇਡੀ ਲਾਣਾ ਸਰਕਾਰ ਦੀ ਮਿਲੀ - ਭੁਗਤ ਨਾਲ ਇਸ ਕਿਸਾਨੀ ਘੋਲ ਨੂੰ ਕਿਸੇ ਪਾਸੇ ਨਹੀਂ ਸੀ ਲੱਗਣ ਦੇ ਰਿਹਾ, ਕਿਉਂਕਿ ਇਹ ਸੰਘਰਸ਼ ਤਾਂ ਕਾਮਰੇਡੀ ਲਾਣੇ ਲਈ ਆਪਣੀ ਸਿਆਸਤ ਚਮਕਾਉਣ ਦਾ ਇੱਕ ਸਾਧਨ ਸੀ, ਪੈਸੇ ਦੀ ਖਾਨ ਸੀ ਉਹਨਾਂ ਲਈ।
ਦੀਪ ਕਹਿੰਦਾ ਸੀ ਇਸ ਸੰਘਰਸ਼ ਦੀ ਅਗਵਾਈ ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਕਰ ਰਹੇ ਹਨ, ਇਸ ਲਈ ਸਾਰਿਆਂ ਨੂੰ ਇੱਕ ਕੇਸਰੀ ਨਿਸ਼ਾਨ ਸਾਹਿਬ ਹੇਠ ਇਕੱਠੇ ਹੋ ਕੇ ਇਹ ਜੰਗ ਲੜਨੀ ਚਾਹੀਦੀ ਹੈ। ਬੜਾ ਰੌਲਾ ਪਾਇਆ ਏਸ ਲਾਣੇ ਨੇ ਕਿ ਮੋਰਚੇ ਨੂੰ ਧਾਰਮਿਕ ਰੰਗਤ ਨਾ ਦਿੱਤੀ ਜਾਵੇ। ਪਰ ਦੀਪ ਨੇ ਤਾਂ ਸਪਸ਼ਟ ਕਰ ਦਿੱਤਾ ਸੀ :-
" ਮਸਲਾ ਇਕੱਲਾ ਜ਼ਮੀਨਾਂ ਦਾ ਨਹੀਂ, ਜ਼ਮੀਰਾਂ ਦਾ ਵੀ ਹੈ।
ਮਸਲਾ ਇਕੱਲਾ ਫਸਲਾਂ ਦਾ ਨਹੀਂ,
ਨਸਲਾਂ ਦਾ ਵੀ ਹੈ।
ਲੜਾਈ ਇਕੱਲੀ ਕਿਸਾਨੀ ਦੀ ਨਹੀਂ,
ਲੜਾਈ ਹੋਂਦ ਦੀ ਵੀ ਹੈ।"
ਕੀ ਹੁਣ ਸਾਡੀ ਹੋਂਦ, ਵਿਸ਼ਵ ਭਰ ਵਿੱਚ ਸਾਡੀ ਇੱਕ ਵੱਖਰੀ ਪਛਾਣ ਦੀ ਲੜਾਈ ਮੁੱਕ ਗਈ ? ਨਹੀਂ, ਬਿਲਕੁਲ ਨਹੀਂ। ਇਹ ਜੰਗ ਜਾਰੀ ਹੈ। ਹੁਣ ਜਦੋਂ ਅਸੀਂ ਆਪਣੀ ਹੋਂਦ ਨੂੰ ਇਤਿਹਾਸ ਦੇ ਨਾਲ ਜੋੜ ਕੇ ਵੇਖਦੇ ਹਾਂ ਤਾਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ :-
" ਰਾਜ ਬਿਨਾ ਨਾ ਧਰਮ ਚਲੇ ਹੈ,
ਧਰਮ ਬਿਨਾਂ ਸਭ ਦਲੇ ਮਲੇ ਹੈ। "
ਇਹ ਧਰਮ ਹੀ ਹੈ ਜੋ ਸਾਨੂੰ ਸਾਰਿਆਂ ਨੂੰ ਇੱਕ ਨਿਯਮਿਤ ਡਿਸਪਲਨ 'ਚ ਰਹਿਣ ਲਈ ਪ੍ਰੇਰਿਤ ਕਰਦਾ ਹੈ
26 ਜਨਵਰੀ 2021 ਨੂੰ ਜਦੋਂ ਕੁਝ ਜਾਗਦੀ ਜ਼ਮੀਰ ਵਾਲੇ ਨੌਜਵਾਨਾਂ ਵੱਲੋਂ ਦਿੱਲੀ ਦੇ ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ ਗਿਆ ਤਾਂ ਕਾਮਰੇਡਾਂ ਦੀਆਂ ਤਾਂ ਚੀਕਾਂ ਹੀ ਨਿਕਲ ਗਈਆਂ। ਆਪਣੇ ਹੱਥਾਂ ਚੋਂ ਮੋਰਚੇ ਦੀ ਵਾਗਡੋਰ ਨਿਕਲਦੀ ਵੇਖ ਕੇ ਇਹਨਾਂ ਨੇ ਤਾਂ ਦੀਪ ਵਰਗੇ ਕੋਹਿਨੂਰ ਹੀਰੇ ਨੂੰ ' ਗ਼ੱਦਾਰ, ਸਰਕਾਰ ਦਾ ਏਜੰਟ, ਆਦਿ ਦੀ ਉਪਾਧੀ ਨਾਲ ਨਿਵਾਜਣਾ ਸ਼ੁਰੂ ਕਰ ਦਿੱਤਾ। ਹੁਣ ਇਹ ਦੀਪ ਸਿੱਧੂ ਦੀ ਸਹਿਣਸ਼ੀਲਤਾ ਹੀ ਸੀ ਕਿ ਉਸ ਦੇ ਸਾਫ਼ - ਸੁੱਥਰੇ ਅਕਸ 'ਤੇ ਗ਼ੱਦਾਰੀ ਦੇ, ਸਿਆਸੀ ਲਾਭ ਲੈਣ ਦੇ, ਬੀਜੇਪੀ ਅਤੇ ਆਰਐਸਐਸ ਦਾ ਏਜੰਟ ਆਦਿ ਹੋਣ ਦੇ ਧੱਬੇ ਵੀ ਲੱਗਦੇ ਰਹੇ, ਪਰ ਉਹ ਫੇਰ ਵੀ ਹਾਈਪਰ ਨਹੀਂ ਹੋਇਆ। ਸਗੋਂ ਬੜੀ ਹਲੀਮੀ ਨਾਲ ਇਹੀ ਕਹਿੰਦਾ ਰਿਹਾ ਕਿ ਸਮਾਂ ਆਉਣ 'ਤੇ ਆਪ ਹੀ ਸਪਸ਼ਟ ਹੋ ਜਾਵੇਗਾ ਕਿ ਉਹ ਕੀ ਹੈ, ਉਸ ਦੀ ਸੋਚ ਕੀ ਹੈ.... ਤੇ ਅਖੀਰ ਆਪਣੀ ਜਾਨ ਦੀ ਬਾਜ਼ੀ ਲਾ ਕੇ ਉਸ ਨੇ ਇਹ ਵੀ ਸਪਸ਼ਟ ਕਰਕੇ ਦਿਖਾ ਦਿੱਤਾ।
ਹੁਣ ਜੇ ਗੱਲ ਕਰਾਂ ਦਿੱਲੀ ਦੇ ਦੱਲੇ ਕੇਜਰੀਵਾਲ ਦੀ ਤਾਂ ਉਹ ਵੀ ਦੀਪ ਦੇ ਵੱਡੇ ਦੂਸ਼ਮਣਾਂ ਵਿੱਚੋਂ ਇੱਕ ਸੀ। ਦੀਪ ਵਿੱਚ ਦੁਸ਼ਮਣ ਦੀ ਪਹਿਚਾਣ ਕਰਨ ਦੀ ਸੋਝੀ ਸੀ ਜੋ ਕਿ ਸਮੇਂ ਦੀ ਲੋੜ ਸੀ ਅਤੇ ਹੈ ਵੀ। ਕੇਜਰੀਵਾਲ ਤਾਂ ਬੜਾ ਖੁਸ਼ ਹੁੰਦਾ ਸੀ, ਜਦੋਂ ਉਹ ਸਿੱਖੀ ਭੇਸ ਵਿੱਚ ਛਿਪੇ ਕੁਝ ਦਿੱਲੀ ਦੇ ਦਲਿਆਂ ਨੂੰ ਪੰਜਾਬ 'ਚ ਪ੍ਰਚਾਰ ਕਰਦਾ ਦੇਖਦਾ ਸੀ ਕਿ ਪੰਜਾਬ ਵਿੱਚ ਤੀਜਾ ਫਰੰਟ ਲਿਆਉਣ ਲਈ ਆਮ ਆਦਮੀ ਪਾਰਟੀ, ਜਿਸ ਦਾ ਚੋਣ ਨਿਸ਼ਾਨ ਝਾੜੂ ਸੀ, ਦਾ ਪ੍ਰਚਾਰ ਕਰਦੇ ਸਨ। ਪਰ ਦੀਪ ਅਜਿਹੇ ਸਿੱਖਾਂ ਨੂੰ ਬਾਰ - ਬਾਰ ਉਹਨਾਂ ਦੀ ਇੱਕ ਵੱਖਰੀ ਹੋਂਦ ਅਤੇ ਪਹਿਚਾਣ ਬਾਰੇ ਜਾਗਰੂਕ ਕਰਦਾ ਤੇ ਸਮਝਾਉਂਦਾ ਕਿ ਸਾਡੇ ਗੁਰੂ ਦਸਮੇਸ਼ ਪਿਤਾ ਨੇ ਸਾਨੂੰ ' ਆਮ ' ਨਹੀਂ ਸਗੋਂ ਖਾਸ ਬਣਾਇਆ ਹੈ ਅਤੇ ਸਾਡੇ ਗੁਰੂ ਨੇ ਸਾਡੇ ਹੱਥਾਂ ਵਿੱਚ ਝਾੜੂ ਨਹੀਂ, ਸਗੋਂ ਸ਼ਮਸ਼ੀਰ ਫੜਾਈ ਹੈ, ਜੋ ਕਿ ਸਾਡੀ ਇੱਕ ਵੱਖਰੀ ਹੋਂਦ, ਵੱਖਰੀ ਪਹਿਚਾਨ ਤੇ ਬਹਾਦਰੀ ਦਾ ਪ੍ਰਤੀਕ ਹੈ।
ਕੁਝ ਵੀ ਹੈ, ਪੰਜਾਬੀਆਂ ਦੀ ਸ਼ਾਨ, ਕਿਸਾਨੀ ਸੰਘਰਸ਼ ਦੀ ਰੀੜ੍ਹ ਦੀ ਹੱਡੀ ਸੇ ਦੀਪ। ਗੁਣਾਂ ਦੀ ਗੁਥਲੀ, ਸੱਚ ਦਾ ਪਰਵਾਨਾ ਤੇ ਕੋਈ ਅਨੋਖੀ ਰੂਹ ਸੀ ਦੀਪ। ਪੰਥ ਦੀ ਆਨ, ਸ਼ਾਨ ਤੇ ਮਾਣ ਸ. ਸਿਮਰਨਜੀਤ ਸਿੰਘ ਮਾਨ ਦੇ ਨਾਲ ਮੋਢੇ ਨਾਲ ਮੋਢੇ ਜੋੜ ਕੇ ਪੰਥਕ ਹਿੱਤਾਂ ਲਈ ਲੜਾਈ ਲੜਨ ਵਾਲਾ ਇੱਕ ਅਹਿਮ ਜਰਨੈਲ ਸੀ ਦੀਪ। ਪੰਜਾਬੀਆਂ ਨੂੰ, ਖਾਸ ਕਰਕੇ ਸਿੱਖਾਂ ਨੂੰ ਕਾਲੀਆਂ ਬਦਲੀਆਂ ਤੇ ਹਨੇਰਿਆਂ ਦੇ ਸਾਏ ਹੇਠੋਂ ਕੱਢ ਕੇ, ਇੱਕ ਨਵੀਂ ਰੋਸ਼ਨੀ ਪ੍ਰਦਾਨ ਕਰਨ ਵਾਲਾ ਹੀਰਾ ਸੀ ਦੀਪ।
ਹੁਣ, ' ਦੀਪ ਸਿੱਧੂ ' ਵਰਗਾ ਹੀਰਾ ਕੀ ਖੋਇਆ ਰੱਬ ਨੇ ਸਾਡੇ ਤੋਂ, ਲੱਗਦਾ ਜਿਵੇਂ ਪੰਜਾਬ ਦਾ ਅਸਲ ਵਾਰਿਸ ਹੀ ਖੋਹ ਲਿਆ ਹੋਵੇ। ਪਰ ਕੀ ਕਰੀਏ, ਮਜਬੂਰ ਹਾਂ ਅਸੀਂ। ਵੈਸੇ ਜੇ ਅਸੀਂ ਇਤਿਹਾਸ ਦੇ ਪੰਨੇ ਫਰੋਲ ਕੇ ਦੇਖੀਏ, ਤਾਂ ਪਤਾ ਲੱਗਦੈ ਕਿ ਦੀਪ ਵਰਗੇ ਆਜ਼ਾਦੀ ਦੇ ਪਰਵਾਨਿਆਂ ਦੀਆਂ ਉਮਰਾਂ ਬਹੁਤ ਘੱਟ ਲਿਖੀਆਂ ਹੁੰਦੀਆਂ ਹਨ ਕੁਦਰਤ ਵੱਲੋਂ ਹੀ। ' ਦੀਪ ਸਿੱਧੂ ' ਵਰਗਾ ਅਨਮੋਲ ਹੀਰਾ, ਬੇਸ਼ੱਕ ਕੁਦਰਤ ਨੇ ਸਾਥੋਂ ਬਹੁਤ ਛੋਟੀ ਉਮਰੇ ਖੋਹ ਲਿਆ, ਪਰ ਜਾਂਦਾ ਹੋਇਆ ਵੀ ਇਹ ਇੱਕ ਇਤਿਹਾਸ ਸਿਰਜ ਕੇ ਗਿਆ। ਮੋਹਰੇ ਹੋ ਕੇ ਹਿੱਕ ਡਾਹਕੇ ਲੜਿਆ, ਜ਼ਿੰਦਗੀ ਦੇ ਆਖਰੀ ਸਾਹ ਤੱਕ ਨਾ ਤਾਂ ਉਹ ਸਰਕਾਰ ਅੱਗੇ, ਅਤੇ ਨਾ ਹੀ ਕਾਮਰੇਡੀ ਸੋਚ ਅੱਗੇ ਝੁਕਿਆ ਜਾਂ ਵਿਕਿਆ ਸੀ। ਦੂਜਿਆਂ ਨੂੰ ਗੂੜੀ ਨੀਂਦ ਤੋਂ ਜਗਾਉਣ ਵਾਲਾ, ਪਤਾ ਨਹੀਂ ਆਪ ਸਦਾ ਦੀ ਨੀਂਦ ਕਿਵੇਂ ਸੌ ਗਿਆ।
ਹੁਣ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਤੇ ਦੀਪ ਲਈ ਸਾਡੀ ਸੱਚੀ - ਸੁੱਚੀ ਸ਼ਰਧਾਂਜਲੀ ਇਹੀ ਹੈ ਕਿ ਆਪਾਂ ਸਾਰੇ ਮਿਲ ਕੇ ਉਸ ਦੇ ਅਧੂਰੇ ਰਹਿ ਗਏ ਕੰਮਾਂ ਨੂੰ ਇੱਕ ਜੁੱਟ ਹੋ ਕੇ ਸਾਕਾਰ ਕਰਨ ਦੀ ਕੋਸ਼ਿਸ਼ ਕਰੀਏ।

Leave a Reply