ਬਾਦਲ ਦਲ ਦਾ ਭਾਜਪਾ ਨਾਲ ਗੱਠਜੋੜ ਕਿਵੇਂ ਹੋਇਆ ?
ਬਾਦਲ ਦਲ ਦਾ ਭਾਜਪਾ ਨਾਲ ਗੱਠਜੋੜ ਇੱਕ ਕਮੀਨੀ ਸੋਚ ਵਿੱਚੋਂ ਨਿਕਲਿਆ ਹੈ। ਪਹਿਲਾਂ ਇਨ੍ਹਾਂ ਨੇ ਸਿੱਖ ਕੌਮ ਦੀ ਪਿੱਠ ਵਿੱਚ ਛੁਰਾ ਮਾਰਿਆ। ਜਦੋਂ ਸਿੱਖ ਕੌਮ ਇਨ੍ਹਾਂ ਪ੍ਰਤੀ ਨਫ਼ਰਤ ਨਾਲ ਭਰ ਗਈ ਤਾਂ ਆਪਣੀ ਕਰਤੂਤ ਦੀ ਮਾਫ਼ੀ ਮੰਗਣ ਦੀ ਥਾਂ ਇਹ ਉਲਟਾ ਪੰਜਾਬ ਦੇ ਲੋਕਾਂ ਨੂੰ ਦੋਸ਼ੀ ਮੰਨ ਕੇ ਲਾਹਣਤਾਂ ਪਾਉਂਦੇ ਰਹੇ ਕਿ ਤੁਸੀਂ ਬਾਦਲ ਦਲ ਨੂੰ ਵੋਟਾਂ ਪਾਉਣੀਆਂ ਬੰਦ ਕਰ ਕੇ ਬਹੁਤ ਮਾੜਾ ਕਰ ਰਹੇ ਹੋ। ਪਰ ਬਾਦਲਕਿਆਂ ਦੀਆਂ ਸਿੱਖਾਂ ਨੂੰ ਪੁਚਕਾਰਨ, ਘੇਰਨ ਤੇ ਲਲਕਾਰਨ ਦੀਆਂ ਸਾਰੀਆਂ ਵਿਉਂਤਾਂ ਅਸਫ਼ਲ ਹੋ ਗਈਆਂ। ਸਿੱਖ ਬਾਦਲਕਿਆਂ ਦੇ ਕਮੀਨੇ ਤੇ ਸਾਜ਼ਿਸ਼ੀ ਚੁੰਗਲ ਤੋਂ ਬਾਹਰ ਹੀ ਰਹੇ। ਜਦੋਂ ਚਾਰੇ ਬੰਨੇ ਗੱਲ ਨਾ ਬਣੀ ਤਾਂ ਬਾਦਲਕਿਆਂ ਨੇ ਬ੍ਰਾਹਮਣਵਾਦੀ ਭਾਜਪਾ ਨਾਲ ਤਾਰਾਂ ਜੋੜੀਆਂ। ਜਿਸ ਭਾਜਪਾ ਨੂੰ ਬਾਦਲ ਦਲੀਏ ਲਗਾਤਾਰ ਭੰਡਦੇ ਰਹੇ ਸਨ, ਉਸੇ ਨਾਲ ਸਬੰਧ ਬਣਾਉਣਾ ਬੜੀ ਟੇਢੀ ਗੱਲ ਸੀ। ਜਿੰਨੀ ਭਕਾਈ ਸੁਖਬੀਰ ਤੇ ਉਹਦੀ ਜੁੰਡਲੀ ਭਾਜਪਾ ਅਤੇ ਆਰਐੱਸਐੱਸ ਖ਼ਿਲਾਫ਼ ਮਾਰ ਚੁੱਕੀ ਸੀ, ਕਿਸੇ ਨੂੰ ਲੱਗਦਾ ਹੀ ਨਹੀਂ ਸੀ ਕਿ ਭਾਜਪਾ ਫੇਰ ਇਨ੍ਹਾਂ ਨੂੰ ਨੇੜੇ ਲਾ ਲਵੇਗੀ।
ਭਾਜਪਾ ਨੇ ਜਿਵੇਂ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਦੇ ਤਖ਼ਤ ਕਾਬੂ ਕੀਤੇ, ਦਿੱਲੀ ਕਮੇਟੀ ਤੇ ਹਰਿਆਣਾ ਕਮੇਟੀ ਸਮੇਤ ਹੋਰ ਸਿੱਖ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਅਤੇ ਸਿਰਸਾ, ਕਾਲਕਾ, ਬਾਬਾ ਧੁੰਮਾ ਤੇ ਦਾਦੂਵਾਲ ਸਮੇਤ ਬੇਸ਼ੁਮਾਰ ਸਿੱਖਾਂ ਨੂੰ ਆਪਣੇ ਖਾਤੇ ਵਿੱਚ ਭੁਗਤਾਇਆ, ਇਨ੍ਹਾਂ ਤੇ ਅਜਿਹੀਆਂ ਹੋਰ ਹਰਕਤਾਂ ਬਾਰੇ ਬੋਲਣ ਵੇਲੇ ਸੁਖਬੀਰ ਨੇ ਕੋਈ ਕਸਰ ਨਹੀਂ ਸੀ ਛੱਡੀ। ਇੱਥੋਂ ਤੱਕ ਕਿ ਅਕਾਲ ਤਖ਼ਤ ਸਾਹਿਬ ਬਾਰੇ ਵੀ ਸੁਖਬੀਰ ਨੇ ਆਖਿਆ ਸੀ ਕਿ ਹੁਕਮਨਾਮੇ ਆਰਐੱਸਐੱਸ ਵੱਲੋਂ ਭਾਜਪਾ ਰਾਹੀਂ ਜਾਰੀ ਹੋ ਰਹੇ ਹਨ। ਸੁਖਬੀਰ ਨੇ ਅੰਮ੍ਰਿਤਪਾਲ ਸਿੰਘ, ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਬਹੁਤ ਸਾਰਿਆਂ ਨੂੰ ਭਾਜਪਾ, ਆਰਐੱਸਐੱਸ ਅਤੇ ਮੋਦੀ ਸਰਕਾਰ ਦੀਆਂ ਏਜੰਸੀਆਂ ਨਾਲ ਜੋੜ ਕੇ ਭੰਡਿਆ। ਪਿਛਲੇ ਤਿੰਨ ਸਾਲਾਂ ਤੋਂ ਸੁਖਬੀਰ ਤੇ ਉਹਦੀ ਜੁੰਡਲੀ ਮੋਦੀ ਸਰਕਾਰ, ਏਜੰਸੀਆਂ, ਆਰਐੱਸਐੱਸ ਅਤੇ ਭਾਜਪਾ ਨੂੰ ਲਗਾਤਾਰ ਪੰਥ ਤੇ ਪੰਜਾਬ ਦੇ ਦੁਸ਼ਮਣ ਵਜੋਂ ਦਰਸਾਉਂਦੇ ਰਹੇ। ਇਹ ਮਾਹੌਲ ਵੇਖ ਕੇ ਹਰੇਕ ਦਾ ਮਨ ਕਹਿੰਦਾ ਸੀ ਕਿ ਹੁਣ ਕਦੇ ਵੀ ਇਨ੍ਹਾਂ ਦੋਹਾਂ ਵਿੱਚ ਏਕਾ ਨਹੀਂ ਹੋ ਸਕਦਾ।
ਪਰ ਫੇਰ ਇਹ ਗੱਠਜੋੜ ਕਿਵੇਂ ਹੋ ਗਿਆ ? ਹਕੀਕਤ ਇਹ ਹੈ ਕਿ ਭਾਜਪਾ ਨੇ ਕਮਜ਼ੋਰ ਬਾਦਲ ਦਲ ਨੂੰ ਵੇਖ ਕੇ ਇਹ ਅੱਕ ਚੱਬਿਆ ਹੈ, ਕਿਉਂਕਿ ਇਸ ਨੂੰ ਆਪਣੇ ਇਸ਼ਾਰੇ ’ਤੇ ਨਚਾਉਣਾ ਸੌਖਾ ਹੈ। ਅੱਜ ਬਾਦਲ ਦਲ ਕੋਲ 1995–96 ਵਾਲੀ ਤਾਕਤ ਤੇ ਸਮਰੱਥਾ ਬਿਲਕੁਲ ਨਹੀਂ ਰਹੀ। ਉਦੋਂ ਪੰਥ ਤੇ ਪੰਜਾਬ ਬੇਅੰਤ ਬੁੱਚੜ ਅਤੇ ਕਾਂਗਰਸ ਦੇ ਜ਼ੁਲਮਾਂ ਤੋਂ ਦੁਖੀ ਹੋ ਕੇ ਮੱਲੋਮੱਲੀ ਬਾਦਲਕਿਆਂ ਵੱਲ ਭੁਗਤਣ ਲਈ ਤਿਆਰ ਖੜ੍ਹਾ ਸੀ। ਉਸ ਮਾਹੌਲ ਵਿੱਚ ਭਾਜਪਾ ਨਾਲ ਸਾਂਝ ਦੇ ਅਰਥ ਹੋਰ ਸਨ। ਅੱਜ ਇਸ ਸਾਂਝ ਦੇ ਅਰਥ ਬਿਲਕੁਲ ਬਦਲ ਚੁੱਕੇ ਹਨ। ਉਦੋਂ ਬਾਦਲਕਿਆਂ ਕੋਲ ਗਹਿਗੱਡਵਾਂ ਸਮਰਥਨ ਸੀ ਤੇ ਪਾਰਟੀ ਦੀ ਲੀਡਰਸ਼ਿਪ ਭਾਜਪਾ ਮੂਹਰੇ ਆਪਣੀ ਮਰਜ਼ੀ ਦੀਆਂ ਸ਼ਰਤਾਂ ਰੱਖ ਸਕਦੀ ਸੀ। ਅੱਜ ਭਾਜਪਾ ਦੀ ਗੱਲ ਮੰਨਣੀ ਬਾਦਲ ਦਲ ਦੀ ਮਜਬੂਰੀ ਹੈ। ਬਾਦਲ ਦਲ ਨੇ ਤਾਂ ਉਦੋਂ ਵੀ ਪੰਥ ਤੇ ਪੰਜਾਬ ਦੇ ਕਿਸੇ ਮਸਲੇ ਦੇ ਹੱਲ ਲਈ ਕੋਈ ਸ਼ਰਤ ਨਹੀਂ ਸੀ ਰੱਖੀ। ਉਦੋਂ ਵੀ ਸਿਰਫ਼ ਬਾਦਲ ਪਰਿਵਾਰ ਦੇ ਇੱਕ ਮੈਂਬਰ ਨੂੰ ਵਜ਼ਾਰਤ ਵਿੱਚ ਲੈਣ ਦੀ ਗੱਲ ਕੀਤੀ ਸੀ। ਜਿਸ ਬਾਦਲ ਦਲ ਨੇ 1996 ਵਿੱਚ ਪੰਥ ਤੇ ਪੰਜਾਬ ਦਾ ਭਲਾ ਨਹੀਂ ਸੀ ਸੋਚਿਆ, ਉਹ ਅੱਜ ਅਜਿਹੀ ਗੱਲ ਕਰਨ ਜੋਗਾ ਹੀ ਨਹੀਂ।
ਉਦੋਂ ਭਾਜਪਾ ਨੂੰ ਇੱਕ-ਇੱਕ ਮੈਂਬਰ ਪਾਰਲੀਮੈਂਟ ਦੀ ਲੋੜ ਸੀ। ਭਾਰਤ ਦੀਆਂ ਨਿੱਕੀਆਂ-ਨਿੱਕੀਆਂ ਸਿਆਸੀ ਪਾਰਟੀਆਂ ਨੇ ਵੀ ਇਸ ਦਾ ਰੱਜ ਕੇ ਲਾਹਾ ਲਿਆ। ਉਦੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਕੰਧ ਉੱਤੇ ਕਿਸੇ ਨੇ ਕਾਲੇ ਰੰਗ ਨਾਲ ਲਿਖ ਦਿੱਤਾ ਸੀ, “ਬਾਦਲ ਸਾਹਿਬ, ਜੈਲਲਿਤਾ ਤੇ ਮਮਤਾ ਬੈਨਰਜੀ ਤੋਂ ਸਿੱਖੋ ਕਿ ਆਪਣੇ ਸੂਬੇ ਦੇ ਹੱਕ ਕਿਵੇਂ ਲਏ ਜਾਂਦੇ ਹਨ।” ਸੋ ਅੱਜ ਜਦੋਂ ਬਾਦਲਕਿਆਂ ਦੇ ਪੱਲੇ ਹੀ ਕੱਖ ਨਹੀਂ ਤਾਂ ਭਾਜਪਾ ਇਨ੍ਹਾਂ ਦੀ ਕੋਈ ਗੱਲ ਕਿਉਂ ਮੰਨੇਗੀ ? ਇਹ ਗੱਲ ਤਾਂ ਸਭ ਨੂੰ ਪਤਾ ਹੈ ਕਿ ਦੋਵੇਂ ਪਾਰਟੀਆਂ ਲੋਕਾਂ ਵਿੱਚ ਆਪਣਾ ਸਿਆਸੀ ਅਸਰ ਗੁਆ ਚੁੱਕੀਆਂ ਹਨ ਤੇ ਸ਼ਰਮਨਾਕ ਹਾਰ ਤੋਂ ਬਚਣ ਲਈ ਇਕੱਠੀਆਂ ਹੋਈਆਂ ਹਨ। ਅਜਿਹੇ ਮਾਹੌਲ ਵਿੱਚ ਜੇ ਸੁਖਬੀਰ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਵੀ ਕਹਿਣੀ ਪੈ ਜਾਵੇ ਤਾਂ ਭਾਜਪਾ ਨੂੰ ਕੀ ਫ਼ਰਕ ਪੈਂਦਾ ਹੈ ? ਪਰ ਇਸ ਪਿਛੋਕੜ ਵਿੱਚ ਸੁਖਬੀਰ ਤੇ ਉਹਦੀ ਜੁੰਡਲੀ ਦੀ ਅਸਲ ਫ਼ਿਤਰਤ ਦਾ ਮੁਲਾਂਕਣ ਕਰਨਾ ਬਣਦਾ ਹੈ।
ਰੱਬ ਨਾ ਕਰੇ, ਜੇ ਕਦੇ ਕਿਸੇ ਕਾਰਨ ਇਹ ਲੋਕ ਸੱਤਾ ਵਿੱਚ ਆ ਗਏ ਤਾਂ ਗਿਣ-ਗਿਣ ਕੇ ਬਦਲੇ ਲੈਣਗੇ। ਪੰਥ ਤੇ ਪੰਜਾਬ ਦਾ ਬੇੜਾ ਗਰਕ ਕਰਨਗੇ। ਭਾਜਪਾ ਦਾ ਸਿੱਖ ਕੌਮ ਵਿਰੋਧੀ ਏਜੰਡਾ ਪੂਰੀ ਤਰ੍ਹਾਂ ਲਾਗੂ ਹੋਵੇਗਾ। ਬੀਤੇ ਦੌਰ ਵਿੱਚ ਜਿਨ੍ਹਾਂ ਡੇਰਿਆਂ, ਦੇਹਧਾਰੀ ਗੁਰੂਆਂ ਅਤੇ ਪੰਥ ਦੋਖੀ ਤਾਕਤਾਂ ਨਾਲ ਬਾਦਲਕਿਆਂ ਦੀ ਸਾਂਝ ਕਰਕੇ ਸਿੱਖਾਂ ਨੂੰ ਬਹੁਤ ਸੰਤਾਪ ਭੋਗਣਾ ਪਿਆ ਸੀ, ਉਨ੍ਹਾਂ ਸਾਰਿਆਂ ਨੂੰ ਖੁੱਲ੍ਹ ਕੇ ਨੱਚਣ ਦਾ ਮੌਕਾ ਮਿਲੇਗਾ। ਸਪੱਸ਼ਟ ਗੱਲ ਹੈ ਕਿ ਜੇ ਕਦੇ ਭੁੱਲ ਕੇ ਸੁਖਬੀਰ ਬਾਦਲ ਮੁੱਖ ਮੰਤਰੀ ਬਣ ਗਿਆ ਤਾਂ ਪੰਜਾਬ ਦੀ ਧਰਤੀ ਉੱਤੇ ਗੁਰੂ ਸਾਹਿਬਾਨ ਦੀ ਸੋਚ, ਗੁਰੂ ਦੇ ਸਿੱਖਾਂ ਤੇ ਸਿੱਖ ਸੰਸਥਾਵਾਂ ਦਾ ਭੋਗ ਪਵੇਗਾ। ਸੋ ਸਿੱਖੀ ਤੇ ਸਿੱਖਾਂ ਦਾ ਹਰ ਦੁਸ਼ਮਣ ਸੁਖਬੀਰ ਬਾਦਲ ਦੀ ਹਮਾਇਤ ਕਰੇਗਾ।
ਸਰਬਜੀਤ ਸਿੰਘ ਘੁਮਾਣ
(ਖਾਲਿਸਤਾਨੀ ਚਿੰਤਕ)
Leave a Reply