ਪਹਿਲਾਂ ਘਰ ਤੇ ਚੱਲੀ ਗੋਲੀ, ਫਿਰ ਕੈਨੇਡਾ ਦੇ ਨੰਬਰ ਤੋਂ ਆਇਆ ਫੋਨ , ਦਿੱਤੀ ਜਾਨੋਂ ਮਾਰਨ ਦੀ ਧਮਕੀ

ਪਹਿਲਾਂ ਘਰ ਤੇ ਚੱਲੀ ਗੋਲੀ, ਫਿਰ ਕੈਨੇਡਾ ਦੇ ਨੰਬਰ  ਤੋਂ ਆਇਆ ਫੋਨ , ਦਿੱਤੀ ਜਾਨੋਂ ਮਾਰਨ ਦੀ ਧਮਕੀ

ਖਮਾਣੋਂ 11 ਮਾਰਚ ,ਨਜ਼ਰਾਨਾ ਟਾਈਮਜ ਬਿਊਰੋ

ਪਿੰਡ ਠੀਕਰੀਵਾਲ ਵਿਖੇ ਚੰਡੀਗੜ੍ਹ ਕਲੱਬਾਂ 'ਚ ਕੰਮ ਕਰ ਰਹੇ ਨੌਜਵਾਨ ਦੇ ਘਰ ’ਤੇ ਦੋ ਕਾਰ ਸਵਾਰ ਵਿਅਕਤੀਆਂ ਨੇ ਰਾਤ 9 ਵਜੇ ਦੇ ਕਰੀਬ ਗੋਲੀਆਂ ਚਲਾ ਦਿੱਤੀਆਂ। ਅਮਨਪ੍ਰੀਤ ਸਿੰਘ ਉਰਫ਼ ਹਨੀ ਪੁੱਤਰ ਗੁਰਮੇਲ ਸਿੰਘ ਨੇ ਦੱਸਿਆ ਕਿ ਇਕ ਗੋਲੀ ਉਨ੍ਹਾਂ ਦੇ ਤਾਏ ਦੇ ਘਰ ਦੇ ਗੇਟ ’ਤੇ ਵੱਜੀ, ਜਿਨ੍ਹਾਂ ਦਾ ਪਰਿਵਾਰ ਪਿਛਲੇ 20 ਸਾਲਾਂ ਤੋਂ ਇਟਲੀ ਰਹਿ ਰਿਹਾ ਹੈ ਤੇ ਦੂਜੀ ਗੋਲੀ ਉਸ ਥਾਂ ’ਤੇ ਕੰਧ ’ਚ ਲੱਗੀ, ਜਿੱਥੇ ਅਮਨਪ੍ਰੀਤ ਸਿੰਘ ਸੁੱਤਾ ਪਿਆ ਸੀ। ਉਸ ਵਕਤ ਅਮਨਪ੍ਰੀਤ ਸਿੰਘ ਤੇ ਉਸ ਦੀ ਮਾਂ ਦੋਵੇਂ ਘਰ ’ਚ ਮੌਜੂਦ ਸਨ ਪਰ ਦੂਜੀ ਗੋਲੀ ਕੰਧ ਦੀ ਬਜਾਏ ਜੇ ਖਿੜਕੀ ’ਚ ਲੱਗ ਜਾਂਦੀ ਤਾਂ ਉਹ ਅਮਨਪ੍ਰੀਤ ਸਿੰਘ ਦੇ ਲੱਗ ਸਕਦੀ ਸੀ।

ਇਸ ਸਾਰੀ ਘਟਨਾ ਬਾਰੇ ਅਮਨਪ੍ਰੀਤ ਸਿੰਘ ਨੇ ਤੁਰੰਤ ਥਾਣਾ ਖਮਾਣੋਂ ਨੂੰ ਸੂਚਿਤ ਕੀਤਾ, ਜਿੱਥੇ ਥਾਣਾ ਖਮਾਣੋਂ ਦੇ ਮੁੱਖ ਅਫ਼ਸਰ ਬਲਵੀਰ ਸਿੰਘ ਸਮੇਤ ਪੁਲਸ ਪਾਰਟੀ ਘਟਨਾ ਸਥਾਨ ’ਤੇ ਪਹੁੰਚੇ ਤੇ ਆ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਉਕਤ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਚੁੱਕੀ ਹੈ। ਇਸ ਘਟਨਾ ਨਾਲ ਪਿੰਡ ਠੀਕਰੀਵਾਲ ਤੇ ਇਲਾਕੇ ’ਚ ਸਹਿਮ ਦਾ ਮਾਹੌਲ ਵੇਖਣ ਨੂੰ ਮਿਲਿਆ ਕਿਉਂਕਿ ਇਸ ਤੋਂ ਪਹਿਲਾਂ ਪਿੰਡ ਜਟਾਣਾ ਉੱਚਾ ਵੀ ਇਸੇ ਤਰ੍ਹਾਂ ਗੋਲੀ ਚਲਾ ਕੇ ਤਿੰਨ ਵਿਅਕਤੀ ਫ਼ਰਾਰ ਹੋ ਗਏ ਸਨ।

ਇਸ ਘਟਨਾ ਸਬੰਧੀ ਅਮਨਪ੍ਰੀਤ ਸਿੰਘ ਉਰਫ਼ ਹਨੀ ਨੇ ਦੱਸਿਆ ਕਿ ਗੋਲੀ ਚੱਲਣ ਤੋਂ 15 ਮਿੰਟ ਬਾਅਦ ਉਸ ਨੂੰ ਕੈਨੇਡਾ ਤੋਂ ਇਕ ਪ੍ਰਿੰਸ ਨਾਂ ਦੇ ਨੌਜਵਾਨ ਦਾ ਫੋਨ ਆਇਆ, ਜਿਸ ’ਚ ਫੋਨ ਕਰਨ ਵਾਲੇ ਵਿਅਕਤੀ ਨੇ ਅਮਨਪ੍ਰੀਤ ਸਿੰਘ ਨੂੰ ਕੈਨੇਡਾ ਦੇ ਨੰਬਰ ਤੋਂ ਧਮਕੀ ਦਿੱਤੀ ਕਿ ਅੱਜ ਤਾਂ ਤੂੰ ਬਚ ਗਿਆ, ਕੱਲ੍ਹ ਸਵੇਰੇ 9 ਵਜੇ ਤੇਰੇ ਘਰ ’ਤੇ ਫਿਰ ਗੋਲੀ ਚੱਲ ਸਕਦੀ ਹੈ। ਧਮਕੀ ਦੇਣ ਵਾਲੇ ਨੇ ਮੁੜ ਕਿਹਾ ਕਿ ਤੈਨੂੰ ਇਕ ਹਫ਼ਤੇ ’ਚ ਮਾਰ ਦਿੱਤਾ ਜਾਵੇਗਾ। ਉਸ ਨੇ ਪੁਲਸ ਨੂੰ ਅਪੀਲ ਕੀਤੀ ਕਿ ਉਸ ਦੀ ਜਾਨ ਦੀ ਰਾਖੀ ਕੀਤੀ ਜਾਵੇ ਕਿਉਂਕਿ ਹਮਲਾਵਰ ਕਿਸੇ ਵੀ ਸਮੇਂ ਉਸ ’ਤੇ ਹਮਲਾ ਕਰ ਸਕਦੇ ਹਨ।

ਦੋ ਮਹੀਨੇ ਪਹਿਲਾਂ ਵੀ ਚੱਲੀ ਸੀ ਗੋਲੀ

ਦੋ ਮਹੀਨੇ ਪਹਿਲਾਂ ਵੀ ਨੇੜਲੇ ਪਿੰਡ ’ਚ ਗੋਲੀ ਚੱਲੀ ਸੀ ਪਰ ਹਮਲਾਵਰ ਅੱਜ ਤੱਕ ਪੁਲਸ ਦੀ ਗ੍ਰਿਫ਼ਤਾਰੀ ਤੋਂ ਦੂਰ ਰਹੇ। ਪੁਲਸ ਇਸ ਮਾਮਲੇ ਦੀ ਜਾਂਚ ਕਰਨ ’ਚ ਜੁਟੀ ਹੋਈ ਹੈ ਕਿਉਂਕਿ ਇਸ ਮਸਲੇ ਨੂੰ ਹੱਲ ਕਰਨ ਲਈ ਪੁਲਸ ਨੇ ਕਈ ਟੀਮਾਂ ਨਿਯੁਕਤ ਕੀਤੀਆਂ ਸਨ। ਜਦੋਂ ਇਸ ਸਬੰਧੀ ਉਪ ਪੁਲਸ ਕਪਤਾਨ ਰਮਿੰਦਰ ਸਿੰਘ ਕਾਹਲੋਂ ਤੋਂ ਉਨ੍ਹਾਂ ਦਾ ਪੱਖ ਲੈਣ ਲਈ ਫੋਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਦੋਸ਼ੀ ਚਾਹੇ ਕੋਈ ਵੀ ਹੋਵੇ, ਬਖ਼ਸ਼ਿਆ ਨਹੀਂ ਜਾਵੇਗਾ।