ਡਾ. ਸੁਰਿੰਦਰ ਕੁਮਾਰ ਸ਼ਰਮਾ 'ਅਜਨਾਤ' ਦੀ ਕਿਤਾਬ 'ਹਿੰਦੂ ਇਤਿਹਾਸ ਹਾਰਾਂ ਦੀ ਦਾਸਤਾਨ' ਦੀ ਪੜਚੋਲ
- ਧਾਰਮਿਕ/ਰਾਜਨੀਤੀ
- 25 May, 2025 01:22 AM (Asia/Kolkata)
ਡਾ. ਸੁਰਿੰਦਰ ਕੁਮਾਰ ਸ਼ਰਮਾ 'ਅਜਨਾਤ' ਦੀ ਕਿਤਾਬ 'ਹਿੰਦੂ ਇਤਿਹਾਸ ਹਾਰਾਂ ਦੀ ਦਾਸਤਾਨ' ਦੀ ਪੜਚੋਲ
ਪਿਛਲੇ ਦਿਨੀਂ ਡਾ. ਸੁਰਿੰਦਰ ਕੁਮਾਰ ਸ਼ਰਮਾ 'ਅਜਨਾਤ' ਦੀ ਕਿਤਾਬ 'ਹਿੰਦੂ ਇਤਿਹਾਸ ਹਾਰਾਂ ਦੀ ਦਾਸਤਾਨ' ਪੜ੍ਹਨ ਦਾ ਮੌਕਾ ਮਿਲਿਆ, ਸੋਚਿਆ ਕਿ ਇਸ ਬਾਰੇ ਸਿੱਖ ਕੌਮ ਨਾਲ ਵੀ ਕੁਝ ਸਾਂਝ ਪਾਈ ਜਾਵੇ, ਨਾਲੇ ਕਿਤਾਬਚੇ ਦਾ 'ਸਿੱਖ ਪੱਖ' ਤੋਂ ਵਿਸ਼ਲੇਸ਼ਣ ਅਤੇ ਪੜਚੋਲ ਵੀ ਕੀਤੀ ਜਾਵੇ।
ਲੇਖਕ 237 ਈਸਾ ਪੂਰਬ ਵਿੱਚ ਪੋਰਸ ਦੀ ਹਾਰ ਤੋਂ ਕਹਾਣੀ ਸ਼ੁਰੂ ਕਰਦਾ ਹੈ ਤੇ ਫੇਰ ਜ਼ਿਆਦਾ ਵਿਸ਼ਲੇਸ਼ਣ ਇਸਲਾਮੀ ਹਮਿਲਾਂ ਬਾਰੇ ਕਰਦਾ ਹੈ| ਜੇ ਆਪਾਂ ਮੁਸਲਮਾਨੀ ਸ਼ਾਸਕਾਂ ਦੀ ਗੱਲ ਕਰਨੀ ਹੋਵੇ ਤਾਂ 712 ਤੋਂ ਮੁਹੰਮਦ ਬਿਨ ਕਾਸਿਮ ਦੇ ਹਮਲਿਆਂ ਤੋਂ ਗੱਲ ਸ਼ੁਰੂ ਹੁੰਦੀਆਂ ਹੈ । ਕਾਸਿਮ ਨੇ ਸਿਰਫ 6000 ਸਿਪਾਹੀਆਂ ਨਾਲ ਰਾਜੇ ਦਾਹਿਰ, ਜਿਸ ਕੋਲ 10 ਹਜ਼ਾਰ ਦੀ ਸਵਾਰ ਫੌਜ ਸੀ ਤੇ 20 ਹਜ਼ਾਰ ਪੈਦਲ ਫੌਜ ਸੀ, ਨੂੰ ਹਰਾ ਦਿੱਤਾ।
ਲੇਖਕ ਇਨ੍ਹਾਂ ਸਾਰੀਆਂ ਹਾਰਾਂ ਲਈ ਹਿੰਦੂ ਧਰਮ ਨੂੰ ਮੁੱਖ ਕਾਰਨ ਮੰਨਦਾ ਹੈ, ਖਾਸ ਕਰਕੇ ਉਸ ਵਰਣ ਵੰਡ ਨੂੰ, ਜਿਸ ਨੇ ਜਨਮ ਅਧਾਰਤ ਮਨੁੱਖਤਾ ਨੂੰ 4 ਹਿੱਸਿਆਂ 'ਚ ਵੰਡ ਦਿੱਤਾ।
ਸ਼ੂਦਰਾਂ ਨੂੰ ਗੁਲਾਮ ਬਣਾ ਦਿੱਤਾ ਤੇ ਲੜਨ ਦਾ ਸਾਰਾ ਜ਼ਿੰਮਾ ਖੱਤਰੀਆਂ ਦੇ ਸਿਰ 'ਤੇ ਪਾ ਦਿੱਤਾ, ਜਿਨ੍ਹਾਂ ਦੀ ਗਿਣਤੀ ਅਬਾਦੀ ਦਾ ਅੱਠਵਾਂ ਹਿੱਸਾ ਸੀ। ਧਾਰਮਿਕ ਯੱਗਾਂ ਦੇ ਅਨੁਸਾਰ ਯੁੱਧ ਸਮੱਗਰੀ ਬਣਾਉਣ ਵਾਲਿਆਂ ਦੀ ਬਲੀ ਦਿੱਤੀ ਜਾਂਦੀ ਰਹੀ, ਤਾਂ ਇਥੇ ਮੌਕੇ ਦੇ ਹਥਿਆਰ ਕਦੇ ਬਣੇ ਹੀ ਨਹੀਂ। (ਪੰਨਾ 19, ਹਿੰਦੂ ਇਤਿਹਾਸ ਹਾਰਾਂ ਦੀ ਦਾਸਤਾਨ)
ਸ਼ੂਦਰਾਂ ਦੀ ਗਿਣਤੀ ਬਹੁਤ ਵੱਧ ਸੀ, ਉਨ੍ਹਾਂ ਨੇ ਵੀ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਕੀਤਾ ਤੇ ਬ੍ਰਾਹਮਣਵਾਦ ਦੀ ਇਸ ਗੁਲਾਮੀ ਨੂੰ ਸਦੀਆਂ ਤੱਕ ਪ੍ਰਵਾਨ ਕੀਤਾ।
ਬ੍ਰਾਹਮਣ ਦੀ ਜਨਮ ਅਧਾਰਤ ਵੰਡ ਨੇ ਇਸ ਖਿੱਤੇ ਦਾ ਵੱਡਾ ਨੁਕਸਾਨ ਕੀਤਾ।
ਇਹ ਕਿਤਾਬਚਾ ਪੜ੍ਹ ਕੇ ਇੱਕ ਗੱਲ ਦੀ ਸਮਝ ਤੇ ਆਉਂਦੀ ਹੈ ਕਿ ਹਿੰਦੂਆਂ ਦੇ ਇਤਿਹਾਸ ਵਿੱਚ ਵੱਡੀਆਂ ਹਾਰਾਂ ਦਾ ਸਾਹਮਣਾ ਕੀਤਾ ਹੈ ਤੇ ਉਹ ਆਪਣੇ ਇਸ ਇਤਿਹਾਸ ਨੂੰ ਲੁਕੋ ਕੇ ਅੱਗੇ ਵਧਣਾ ਚਾਹੁੰਦੇ ਹਨ। ਲੇਖਕ ਦੇ ਅਨੁਸਾਰ ਉਹ ਕਾਲੇ ਭੂਤਕਾਲ ਨੂੰ ਚੂਨੇ ਨਾਲ ਪੋਚ ਕੇ ਚਿੱਟੇ ਰੂਪ ਵਿੱਚ ਪੇਸ਼ ਕਰਦੇ ਹਨ ਅਤੇ ਆਸ ਕਰਦੇ ਹਨ ਕਿ ਇਸੇ ਤਰ੍ਹਾਂ ਹੀ ਸਵੀਕਾਰ ਕੀਤਾ ਜਾਵੇ। (ਪੰਨਾ 5, ਹਿੰਦੂ ਇਤਿਹਾਸ ਹਾਰਾਂ ਦੀ ਦਾਸਤਾਨ)
ਜੇ ਅਜੋਕੇ ਸਮੇਂ ਦੇ ਨਾਲ ਜੋੜ ਕੇ ਦੇਖਣਾ ਹੋਵੇ ਤਾਂ ਵੱਡੇ ਪ੍ਰੋਜੈਕਟ ਅਧੀਨ ਨਕਲੀ ਇਤਿਹਾਸ ਨੂੰ ਅਸਲੀ ਕਰਕੇ ਪੇਸ਼ ਕੀਤਾ ਜਾ ਰਿਹਾ ਹੈ। ਪ੍ਰਿਥਵੀਰਾਜ ਚੌਹਾਨ, ਜੋ ਕਿ ਮੁਹੰਮਦ ਗੌਰੀ ਦੇ ਹੱਥੋਂ ਜੰਗ ਵਿੱਚ ਮਾਰਿਆ ਗਿਆ ਸੀ, ਉਸ ਨੂੰ ਇੱਕ ਕਾਲਪਨਿਕ ਕਾਵਿ ਸੰਗ੍ਰਹਿ 'ਪ੍ਰਿਥਵੀਰਾਜ ਰਾਸੋ' ਵਿੱਚ ਬਹੁਤ ਵੱਡਾ ਸੂਰਮਾ ਲਿਖਿਆ ਗਿਆ। ਅਜੋਕੇ ਸਮੇਂ ਵਿੱਚ ਵੀ ਇਸ 'ਤੇ ਅਧਾਰਤ ਬਾਲੀਵੁੱਡ ਦੀ ਫਿਲਮ ਅਕਸ਼ੈ ਕੁਮਾਰ ਨੂੰ ਮੁੱਖ ਭੂਮਿਕਾ ਵਿੱਚ ਰੱਖ ਕੇ ਬਣਾਈ ਗਈ ਤੇ ਉਸ ਵਿੱਚ ਇਹ ਦੱਸਿਆ ਗਿਆ ਕਿ ਪ੍ਰਿਥਵੀਰਾਜ ਨੇ ਮੁਹੰਮਦ ਗੌਰੀ ਨੂੰ ਮਾਰ ਦਿੱਤਾ ਸੀ। ਇਥੇ ਲੇਖਕ ਦੀ ਗੱਲ ਸਹੀ ਲੱਗਦੀ ਹੈ ਕਿ ਕਿਵੇਂ ਭੂਤਕਾਲ ਨੂੰ ਚੂਨੇ ਨਾਲ ਪੋਚ ਕੇ ਚਿੱਟੇ ਰੂਪ ਵਿੱਚ ਪੇਸ਼ ਕੀਤਾ ਗਿਆ।
ਤੈਮੂਰ ਨੇ 1398 ਵਿੱਚ ਇਸ ਖਿੱਤੇ 'ਤੇ ਹਮਲਾ ਕੀਤਾ ਤੇ ਬਹੁ-ਗਿਣਤੀ ਹਿੰਦੂ ਸੈਨਾ ਤੇ ਲੋਕ ਅੱਗੇ ਲੱਗ ਕੇ ਭੱਜ ਤੁਰੇ। ਭਗਵਤ ਸ਼ਰਨ ਉਪਾਧਿਆਏ ਲਿਖਦੇ ਹਨ ਕਿ "ਜੇਕਰ ਭੱਜ ਰਹੇ ਇੰਨੇ ਲੋਕ ਤੈਮੂਰ ਦੀ ਫੌਜ 'ਤੇ ਡਿੱਗ ਪੈਂਦੇ ਤਾਂ ਉਹ ਪੀਹ ਹੋ ਗਈ ਹੁੰਦੀ।" ਤੈਮੂਰ ਨੇ ਇੱਕ ਲੱਖ ਹਿੰਦੂਆਂ ਨੂੰ ਬੰਦੀ ਬਣਾਇਆ ਤੇ ਫਿਰ ਮਾਰ ਦਿੱਤਾ। ਲੇਖਕ ਉਨ੍ਹਾਂ ਨੂੰ 1 ਲੱਖ ਭਾਰਤੀ ਮੂਰਤੀਆਂ ਕਹਿ ਕੇ ਸੰਬੋਧਨ ਕਰਦਾ ਹੈ।
ਅਜੋਕੇ ਸਮੇਂ ਵਿੱਚ ਮੁਗਲਾਂ ਨੂੰ ਅਧਾਰ ਬਣਾ ਕੇ ਮੁਸਲਮਾਨਾਂ ਨੂੰ ਨਿਸ਼ਾਨੇ 'ਤੇ ਲਿਆ ਜਾਂਦਾ ਹੈ, ਪਰ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਪਹਿਲੇ ਮੁਗਲ ਬਾਦਸ਼ਾਹ ਬਾਬਰ ਨੂੰ ਰਾਣਾ ਸਾਂਘਾ ਨੇ ਆਪ ਸੱਦਾ ਦੇ ਕੇ ਦਿੱਲੀ 'ਤੇ ਹਮਲਾ ਕਰਨ ਲਈ ਬੁਲਾਇਆ ਤੇ ਫਿਰ ਇਸ ਖਿੱਤੇ ਵਿੱਚ ਮੁਗਲਾਂ ਦਾ ਰਾਜ ਸ਼ੁਰੂ ਹੋਇਆ, ਜਿਸ ਨੇ ਬੇ-ਇੰਤਿਹਾ ਜ਼ੁਲਮ ਕੀਤੇ। 1526 'ਚ ਇਬਰਾਹੀਮ ਲੋਧੀ ਨਾਲ ਪਾਣੀਪਤ ਦੀ ਪਹਿਲੀ ਲੜਾਈ ਹੋਈ, ਜਿਸ ਵਿੱਚ ਲੋਧੀ ਦੀ ਬੁਰੀ ਤਰ੍ਹਾਂ ਹਾਰ ਹੋਈ। (ਸਵਾਲ ਇਹ ਉੱਠਦਾ ਹੈ ਕਿ ਅਸਲ ਗੱਦਾਰ ਕੌਣ?)
ਲੇਖਕ ਪੰਨਾ 20-21 'ਤੇ ਅਸ਼ਮੇਧ ਯੱਗ ਅਤੇ ਮਹਾਭਾਰਤ 'ਤੇ ਵੀ ਸਖ਼ਤ ਟਿੱਪਣੀਆਂ ਕਰਦਾ ਹੈ ਕਿ ਕਿਵੇਂ ਯੱਗ ਕਰਕੇ ਆਪਸੀ ਦੁਸ਼ਮਣੀ ਵਧੀ ਤੇ ਮਹਾਭਾਰਤ ਵਿੱਚ ਕਲਪਿਤ ਹਥਿਆਰਾਂ ਨੂੰ ਪ੍ਰਚਾਰਿਆ ਗਿਆ। "ਵਿਆਲਾਸਤਰ ਦੇ ਬਾਰੇ ਇਹ ਪ੍ਰਚਲਿਤ ਹੈ ਕਿ ਇਸ ਦੇ ਚਲਾਏ ਜਾਣ ਨਾਲ ਦੁਸ਼ਮਣ ਦੀ ਫੌਜ 'ਤੇ ਸੱਪਾਂ ਦੀ ਬਰਸਾਤ ਹੋਣ ਲੱਗ ਜਾਂਦੀ ਸੀ।" ਪੰਨਾ 21
ਅੱਜਕੱਲ੍ਹ ਵੀ ਅਸੀਂ ਕਾਫੀ ਸਾਰੇ ਹਿੰਦੀ ਭਾਸ਼ਾ ਦੇ ਪੋਡਕਾਸਟਾਂ ਨੂੰ ਸੁਣਦੇ ਹਾਂ ਤੇ ਉਸ ਵਿੱਚ ਵੀ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵਿਗਿਆਨ ਬਾਰੇ ਬਾਕੀ ਦੇ ਦੇਸ਼, ਜਿਹੜੇ ਸ਼ਸਤਰਾਂ ਜਾਂ ਆਧੁਨਿਕਤਾ ਬਾਰੇ ਅੱਜ ਖੋਜਾਂ ਕਰਦੇ ਹਨ, ਉਹ ਤਾਂ ਮਹਾਭਾਰਤ ਜਾਂ ਉਸ ਤੋਂ ਵੀ ਪਹਿਲਾਂ ਹੀ ਹੋ ਚੁੱਕੀਆਂ ਸਨ। ਸੁਣਨ ਨੂੰ ਇਹ ਗੱਲਾਂ ਬੜੀਆਂ ਵਧੀਆ ਲੱਗਦੀਆਂ ਹਨ, ਪਰ ਇਹ ਕਿਤਾਬ ਪੜ੍ਹ ਕੇ ਪਤਾ ਲੱਗਦਾ ਹੈ ਕਿ ਇਹ ਕਿਸੇ ਨੀਤੀ ਦੇ ਤਹਿਤ ਹੋ ਰਿਹਾ ਹੈ।
ਜਦੋਂ ਅਸੀਂ ਇਸ ਨੂੰ ਸਿੱਖ ਫ਼ਲਸਫ਼ੇ ਤੋਂ ਦੇਖਣਾ ਹੋਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਮੀਲਾਂ ਦੂਰ ਤੋਂ ਨਿਸ਼ਾਨਾ ਵਿੱਢ ਕੇ ਮੁਗਲ ਜਰਨੈਲਾਂ ਵੱਲ ਤੀਰ ਮਾਰਦੇ ਹਨ ਜੋ ਉਨ੍ਹਾਂ ਦੀ ਕੁਰਸੀ ਦੇ ਪਾਵਿਆਂ 'ਤੇ ਲੱਗਦਾ ਹੈ| ਗੁਰੂ ਸਾਹਿਬ ਏ ਸੁਨੇਹਾ ਦਿੰਦੇ ਹਨ, "ਇਹ ਕੋਈ ਕਰਾਮਾਤ ਨਹੀਂ, ਮੇਰਾ ਅਭਿਆਸ ਹੈ।"
ਲੇਖਕ ਹਿੰਦੂ ਧਰਮ ਨੂੰ ਹੀ ਬ੍ਰਾਹਮਣਵਾਦ ਦੱਸਦਾ ਹੈ ਤੇ ਇਹ ਵੀ ਦਾਅਵਾ ਕਰਦਾ ਹੈ ਕਿ ਇਨ੍ਹਾਂ ਨੇ ਦੇਸ਼ ਦੀ ਸੁਰੱਖਿਆ ਨੂੰ ਭਾਰੀ ਸੱਟ ਮਾਰੀ ਹੈ।
ਲੇਖਕ ਅੱਗੇ ਜਾ ਕੇ ਇਹ ਵੀ ਲਿਖਦਾ ਹੈ ਕਿ ਹਿੰਦੂ ਧਰਮ ਸੰਖੇਪ ਸਿੰਘ ਬ੍ਰਾਹਮਣਵਾਦ ਹੈ, ਜੇ ਗੱਲ ਹੋਰ ਅੱਗੇ ਲੈ ਕੇ ਜਾਣੀ ਹੋਵੇ ਤਾਂ ਬ੍ਰਾਹਮਣਵਾਦ ਹੀ ਮੌਜੂਦਾ ਰਾਸ਼ਟਰਵਾਦ ਹੈ, ਜਿਸ ਵਿੱਚ ਸਿਰਫ ਬਹੁ-ਗਿਣਤੀ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਕੀਤੇ ਜਾਂਦੇ ਹਨ।
ਲੇਖਕ ਅੱਗੇ ਜਾ ਕੇ ਇਨ੍ਹਾਂ ਹਾਰਾਂ ਲਈ ਸ਼ਗਨਾਂ ਅਤੇ ਬਦਸ਼ਗਨਾਂ ਨੂੰ ਜ਼ਿੰਮੇਵਾਰ ਮੰਨਦਾ ਹੈ, ਜਿਵੇਂ ਮਹਾਭਾਰਤ ਅਨੁਸਾਰ ਯੁੱਧ ਖੇਤਰ ਵਿੱਚ ਪਹੁੰਚਣ ਤੋਂ ਪਹਿਲਾਂ ਜੇਕਰ ਘੋੜੇ-ਹਾਥੀ ਉਤੇਜਿਤ ਨਾ ਹੋਣ ਤਾਂ ਈਸ਼ਵਰ ਦੀ ਕਰੋਪੀ ਹੈ। (ਪੰਨਾ 24, ਹਿੰਦੂ ਇਤਿਹਾਸ ਹਾਰਾਂ ਦੀ ਦਾਸਤਾਨ)
ਮਾਸਾਹਾਰੀ ਪੰਛੀਆਂ ਦਾ ਖ਼ਤਰਨਾਕ ਅਵਾਜ਼ਾਂ ਕੱਢਣਾ, ਯੋਧੇ ਦੀ ਖੱਬੀ ਬਾਂਹ ਦਾ ਫ਼ਰਕਣਾ ਬਦਸ਼ਗੁਣ ਹੈ।
ਦੂਜੇ ਬੰਨੇ ਸਿੱਖ ਇਤਿਹਾਸ ਦੇ ਕਿੱਸੇ ਸੁਣ ਕੇ ਦੋਨੋਂ ਫ਼ਲਸਫ਼ਿਆਂ ਵਿੱਚ ਜ਼ਮੀਨ-ਅਸਮਾਨ ਦਾ ਫ਼ਰਕ ਲੱਗਦਾ ਹੈ, ਸਿੱਖ ਇਤਿਹਾਸ ਵਿੱਚ ਖਾਲਸੇ ਦੇ ਡੌਲੇ ਦੁਸ਼ਮਣਾਂ ਨਾਲ ਜੂਝਣ ਲਈ ਫ਼ੜਕਦੇ ਹਨ।
ਇੱਕ ਵਾਰ ਜਦੋਂ ਨਸ਼ਹਿਰੇ ਦੀ ਜੰਗ ਵੇਲੇ ਅਕਾਲੀ ਫੁੱਲਾ ਸਿੰਘ ਗੁਰੂ ਅੱਗੇ ਅਰਦਾਸ ਕਰ ਲੈਂਦੇ ਹਨ ਤੇ ਫਿਰ ਸ਼ੇਰੇ ਪੰਜਾਬ ਦੇ ਕਹਿਣ 'ਤੇ ਵੀ ਨਹੀਂ ਰੁਕਦੇ। ਸ਼ੇਰੇ ਪੰਜਾਬ ਦੀ ਨੀਤੀ ਦੁਨਿਆਵੀ ਨੀਤੀ 'ਤੇ ਅਧਾਰਿਤ ਸੀ ਕਿ ਦੁਸ਼ਮਣ ਉਚਾਈ ਤੇ ਹੈ ਅਤੇ ਬਿਨਾ ਤੋਪਖਾਨੇ ਅੱਗੇ ਜਾਣਾ ਸਹੀ ਨਹੀਂ। ਕਿਸੇ ਵਜ੍ਹਾ ਕਰਕੇ ਤੋਪਖਾਨੇ ਨੂੰ ਦੇਰ ਹੋ ਗਈ। ਦੂਜੇ ਬੰਨੇ ਅਕਾਲੀ ਫੁੱਲਾ ਸਿੰਘ ਲਈ ਗੁਰੂ ਦੀ ਅਰਦਾਸ ਸਭ ਤੋਂ ਉਪਰ ਹੈ, ਜਿਸ ਨੂੰ ਸੋਧ ਕੇ ਸ਼ਹੀਦੀ ਵੀ ਦਿੱਤੀ ਗਈ ਤੇ ਜੰਗ ਵੀ ਜਿੱਤੀ ਗਈ।
ਲਿਖਾਰੀ ਮੈਗਸਥਨੀਜ਼ ਲਿਖਦਾ ਹੈ ਕਿ ਜਦੋਂ ਸਿਕੰਦਰ ਦਾ ਹਮਲਾ ਹੁੰਦਾ ਹੈ ਤਾਂ ਖੱਤਰੀ ਤੇ ਲੜ ਰਹੇ ਹੁੰਦੇ ਹਨ, ਪਰ ਬਾਕੀ ਵਰਗਾਂ ਦੇ ਲੋਕ ਆਪਣੇ-ਆਪਣੇ ਕੰਮਾਂ (ਜਿਵੇਂ ਖੇਤੀ ਆਦਿ) ਵਿੱਚ ਮਸਰੂਫ ਸਨ।
ਹਿੰਦੂ ਧਰਮ ਦੇ ਮੁਤਾਬਕ ਗਿਆਨ ਦੀ ਗੱਠ ਬ੍ਰਾਹਮਣ ਦੇ ਕੋਲ ਸੀ, ਪਰ ਉਸ ਅੰਦਰ ਯੁੱਧ ਵਿੱਦਿਆ ਦਾ ਗਿਆਨ ਨਹੀਂ ਸੀ। ਖੱਤਰੀ ਨੂੰ ਥੋੜ੍ਹਾ-ਬਹੁਤ ਗਿਆਨ ਤਾਂ ਸੀ, ਪਰ ਮੁੱਢਲੇ ਕਦਮਾਂ ਕਰਕੇ ਰੁਕਿਆ ਰਿਹਾ।
ਹਿੰਦੂਆਂ ਦੀ ਰਣਨੀਤੀ ਹਮੇਸ਼ਾ ਇੱਕੋ ਜਿਹੀ ਤੇ ਗੈਰ-ਪ੍ਰਗਤੀਸ਼ੀਲ ਰਹੀ। ਗੁਆਂਢੀ ਦੇਸ਼ਾਂ ਦੇ ਲੋਕ ਕੀ ਕਰ ਰਹੇ ਸਨ, ਇਸ ਵਿਸ਼ੇ 'ਤੇ ਹਿੰਦੂ ਕੋਰੇ ਸਨ। (ਪੰਨਾ 30, ਹਿੰਦੂ ਇਤਿਹਾਸ ਹਾਰਾਂ ਦੀ ਦਾਸਤਾਨ)
ਇਸ ਗੱਲ ਤੋਂ ਅਜੋਕੇ ਪੰਜਾਬ ਦੇ ਸਿੱਖਾਂ ਦੇ ਹਾਲਾਤਾਂ 'ਤੇ ਵੀ ਪੂਰੀ ਢੁੱਕਦੀ ਹੈ, ਇੱਕ ਬੰਨੇ ਦੁਨੀਆ ਦੀ Geopolitics (ਜੀਓ-ਪਾਲਿਟਿਕਸ) ਵਿੱਚ ਵੱਡੇ ਬਦਲਾਅ ਆਉਣ ਦੀ ਸੰਭਾਵਨਾ ਹੈ। 2% ਹੋਣ ਦੇ ਬਾਵਜੂਦ ਵੀ ਭਾਰਤ ਦੀ ਵਿਦੇਸ਼ ਨੀਤੀ 'ਚ ਸਿੱਖ ਮਸਲਾ ਚਰਚਾ ਵਿੱਚ ਰਿਹਾ, ਪਰ ਸਿੱਖਾਂ ਦੇ ਆਪਣੇ ਘਰ ਪੰਜਾਬ ਦਾ ਸਿੱਖ ਇਸ ਤੋਂ ਜਾਣੂ ਨਹੀਂ ਤੇ ਆਪਣੇ ਛੋਟੇ-ਛੋਟੇ ਮਸਲਿਆਂ ਤੇ ਆਪਸੀ ਜਥੇਬੰਦਕ ਲੜਾਈਆਂ ਵਿੱਚ ਹੀ ਉਲਝ ਰਹੇ ਹਨ।
ਸਿੱਖਾਂ ਨੇ ਦੇਖਣਾ ਹੈ ਕਿ ਉਨ੍ਹਾਂ ਨੇ ਇਤਿਹਾਸ ਤੋਂ ਕੀ ਸੇਧ ਲੈਣੀ ਹੈ?
ਇਸ ਕਿਤਾਬਚੇ ਵਿੱਚ ਲੇਖਕ ਦਾ ਸਿੱਖਾਂ ਪ੍ਰਤੀ ਨਜ਼ਰੀਆ ਬਹੁਤ ਤੰਗਦਿਲੀ ਵਾਲਾ ਹੈ, ਉਹ ਪਿਛਲੇ 500 ਸਾਲਾਂ ਦੇ ਇਤਿਹਾਸ ਦੀਆਂ ਅਹਿਮ ਘਟਨਾਵਾਂ ਦਾ ਜ਼ਿਕਰ ਤਾਂ ਕਰਦਾ ਹੈ, ਪੰਨਾ 80 'ਤੇ ਮੇਜਰ ਗੌਤਮ ਸ਼ਰਮਾ ਦੇ ਹਵਾਲੇ ਨਾਲ ਇਹ ਵੀ ਲਿਖਦਾ ਹੈ ਕਿ "ਜੇ ਉੱਤਰੀ ਭਾਰਤ ਦੇ ਸ਼ਾਸਕਾਂ ਵਿੱਚ ਦੂਰ-ਅੰਦੇਸ਼ੀ ਹੁੰਦੀ ਤਾਂ ਉਨ੍ਹਾਂ ਹਮਲਾਵਰਾਂ ਨੂੰ ਸਿੰਦੂ ਨਦੀ ਦੇ ਕੋਲ ਪਹੁੰਚਣ ਤੋਂ ਬਹੁਤ ਪਿੱਛੇ ਰੋਕਿਆ ਜਾ ਸਕਦਾ ਸੀ।" ਅੱਗੇ ਇਹ ਵੀ ਲਿਖਦਾ ਹੈ ਕਿ ਜੇਕਰ ਚੀਨ ਦੀ ਮਹਾਨ ਕੰਧ ਵਰਗੀ ਕੋਈ ਕੰਧ ਨਹੀਂ ਸੀ ਬਣਾਈ ਜਾ ਸਕਦੀ ਤਾਂ ਘੱਟੋ-ਘੱਟ ਇੰਨੇ ਦਰਿਆਵਾਂ ਦੇ ਨਾਲ ਕਿਲਾਬੰਦੀ ਤਾਂ ਕੀਤੀ ਜਾ ਸਕਦੀ ਸੀ। ਪਰ ਬੜੀ ਹੈਰਾਨੀ ਹੁੰਦੀ ਹੈ ਕਿ ਜਿਹੜੇ ਖਾਲਸੇ ਨੇ ਇਹ ਰਾਹ ਰੋਕੇ, ਉਨ੍ਹਾਂ ਲਈ 2 ਸ਼ਬਦ ਵੀ ਨਹੀਂ ਲਿਖਦਾ। 18ਵੀਂ ਸਦੀ ਵਿੱਚ ਖਾਲਸੇ ਨੇ ਇਸ ਪਾਸਿਓਂ ਆਏ ਕਿਸੇ ਵੀ ਹਮਲਾਵਰ ਨੂੰ ਸੁੱਕਾ ਨਹੀਂ ਜਾਣ ਦਿੱਤਾ। ਜਿਹੜੇ ਗਜ਼ਨੀ ਦੇ ਬਜ਼ਾਰਾਂ 'ਚ ਹਿੰਦੂਆਂ ਦੀਆਂ ਬਹੂ-ਬੇਟੀਆਂ ਦੀ ਇੱਜ਼ਤ ਨਿਲਾਮ ਹੁੰਦੀ ਸੀ, ਉਸ ਗਜ਼ਨੀ ਦੇ ਬਜ਼ਾਰਾਂ 'ਚ ਖਾਲਸੇ ਦੇ ਘੋੜਿਆਂ ਦੀਆਂ ਟਾਪਾਂ ਤੋਂ ਦੁਸ਼ਮਣ ਥਰ-ਥਰ ਕੰਬਦੇ ਸੀ।
ਜਰਨੈਲ ਹਰੀ ਸਿੰਘ ਨਲਵੇ ਨੇ ਬਕਾਇਦਾ ਇਨ੍ਹਾਂ ਸਰਹੱਦਾਂ 'ਤੇ ਕਿਲ੍ਹੇ ਬਣਾਏ ਤੇ ਧਾੜਵੀਆਂ ਲਈ ਇਹ ਰਸਤਾ ਸਦਾ ਲਈ ਬੰਦ ਕਰ ਦਿੱਤਾ, ਉਸ ਦਾ ਕੋਈ ਜ਼ਿਕਰ ਨਹੀਂ, ਸ਼ਾਇਦ ਏ ਵਡਿਆਈ ਸਿੱਖਾਂ ਨੂੰ ਨਹੀਂ ਦੇਣਾ ਚਾਹੁੰਦਾ।
ਔਰੰਗਜ਼ੇਬ ਦੀ ਮੌਤ ਦਾ ਜ਼ਿਕਰ ਕਰਦਾ ਹੈ, ਪਰ ਉਸ ਸ਼ਿਕਸਤਨਾਮੇ ਦਾ ਜ਼ਿਕਰ ਨਹੀਂ ਕਰਦਾ, ਜਿਹੜਾ ਉਸ ਨੇ ਗੁਰੂ ਗੋਬਿੰਦ ਸਿੰਘ ਵੱਲੋਂ ਪੜ੍ਹੇ ਜ਼ਫਰਨਾਮੇ ਤੋਂ ਬਾਅਦ ਆਪਣੀਆਂ ਗਲਤੀਆਂ ਦਾ ਇਹਸਾਸ ਕਰਕੇ ਲਿਖਿਆ ਸੀ। ਉਹ ਬਾਰ-ਬਾਰ ਹਿੰਦੂਆਂ ਦੀ ਯੁੱਧ ਨੀਤੀ ਨੂੰ ਫਿਟਕਾਰ ਲਾਉਂਦਾ ਹੈ ਅਤੇ ਪੰਨਾ ਨੰਬਰ 71 'ਤੇ ਇਸਲਾਮ ਅਤੇ ਉਸ ਦੇ ਪੈਰੋਕਾਰਾਂ ਦੀਆਂ ਸਿਫਤਾਂ ਕਰਦਾ ਹੈ। ਇੰਜ ਪ੍ਰਤੀਤ ਹੁੰਦਾ ਹੈ ਕਿ ਮੁਸਲਮਾਨਾਂ ਤੋਂ ਸਿੱਖਣ ਲਈ ਕਹਿੰਦਾ ਹੋਵੇ, ਪਰ ਸਿੱਖਾਂ ਦੀ ਯੁੱਧ ਨੀਤੀ ਬਾਰੇ ਕੋਈ ਗੱਲ ਨਹੀਂ ਕਰਦਾ, ਜਿਨ੍ਹਾਂ ਨੇ ਘੱਟ-ਗਿਣਤੀ ਹੋਣ ਦੇ ਬਾਵਜੂਦ ਵੀ ਪਹਿਲਾਂ ਮੁਗਲਾਂ ਤੇ ਫਿਰ ਅਫਗਾਨਾਂ ਦੀਆਂ ਗੋਟਣੀਆਂ ਲਗਵਾਈਆਂ।
ਬੜੀ ਛੋਟੀ ਅਤੇ ਸੌੜੀ ਸੋਚ ਨਾਲ ਗੁਰੂ ਗੋਬਿੰਦ ਸਿੰਘ ਨੂੰ ਸ਼ਿਵਾਜੀ ਦੇ ਬਰਾਬਰ ਰੱਖਦਾ ਹੈ, ਜੋ ਕਿ ਸਿਧਾਂਤਕ ਅਤੇ ਇਤਿਹਾਸਕ ਪੱਖ ਦੋਵਾਂ ਤੋਂ ਹੀ ਗ਼ਲਤ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਵੱਲੋਂ ਸ਼ੁਰੂ ਕੀਤੇ ਮਿਸ਼ਨ ਦੀ ਖਾਲਸੇ ਦੇ ਰੂਪ ਵਿੱਚ ਸਿਰਜਣਾ ਕੀਤੀ, ਜੋ ਇਸ ਜਾਤ-ਪਾਤ ਤੋਂ ਰਹਿਤ ਸੀ, ਤੇ ਦੂਜੇ ਬੰਨੇ ਸ਼ਿਵਾਜੀ ਨੇ ਆਪਣੇ ਛੋਟੇ ਜਿਹੇ ਰਾਜ ਦੀ ਸਥਾਪਨਾ ਲਈ ਬ੍ਰਾਹਮਣਾਂ ਅੱਗੇ ਗੋਡੇ ਟੇਕੇ। ਜਦੋਂ ਬ੍ਰਾਹਮਣਾਂ ਨੇ ਇਹ ਕਿਹਾ ਕਿ ਮੱਥੇ 'ਤੇ ਤਿਲਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਕਿ ਸ਼ਿਵਾਜੀ ਸ਼ੂਦਰ ਹਨ, ਫਿਰ ਉਨ੍ਹਾਂ ਨੂੰ ਕਿੰਨੀ ਦਕਸ਼ਿਣਾ ਦਿੱਤੀ ਗਈ, ਕਿੰਨੇ ਭੋਜ ਕਰਵਾਏ ਗਏ ਤੇ ਫਿਰ ਰਾਜ ਤਿਲਕ ਹੋਇਆ, ਉਹ ਬ੍ਰਾਹਮਣ ਦੇ ਪੈਰ ਦੇ ਅੰਗੂਠੇ ਨਾਲ।
ਇੱਕ ਮਾਇਨੇ 'ਚ ਹਿੰਦੂਆਂ ਦਾ ਇਤਿਹਾਸ ਹਾਰਾਂ ਦੀ ਲੰਮੀ ਦਾਸਤਾਨ ਹੈ। ਇਹ ਸੱਚ ਹੈ ਤੇ ਕੌੜਾ ਹੋਣ ਕਾਰਨ ਮੰਨਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। (ਪੰਨਾ 55, ਹਿੰਦੂ ਇਤਿਹਾਸ ਹਾਰਾਂ ਦੀ ਦਾਸਤਾਨ)
ਯੂਰਪੀ ਲੋਕਾਂ ਦੀਆਂ ਗੱਲਾਂ ਨੂੰ ਸਦਗੁਣ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚ ਹਿੰਦੂਆਂ ਨੂੰ ਸ਼ਾਂਤੀ ਦੇ ਪੁਜਾਰੀ, ਅਹਿੰਸਾਵਾਦੀ ਅਤੇ ਵਿਸ਼ਵ ਸ਼ਾਂਤੀ ਦਾ ਸਮਰਥਕ ਦੱਸਿਆ ਜਾਂਦਾ ਹੈ।
20ਵੀਂ ਸਦੀ ਦੇ ਆਰੰਭ ਤੋਂ ਹੀ ਇਹ ਸਭ ਕੁਝ ਸ਼ੁਰੂ ਹੋ ਗਿਆ ਸੀ। ਸਿੱਖਾਂ ਨੂੰ ਜ਼ਰਾਇਮਪੇਸ਼ਾਂ ਭਾਵੇਂ ਆਜ਼ਾਦ ਭਾਰਤ ਵਿੱਚ ਕਿਹਾ ਗਿਆ ਹੋਵੇ, ਇਸ ਦਾ ਮੁੱਢ ਲੰਮਾ ਸਮਾਂ ਪਹਿਲਾਂ ਹੀ ਬੱਝ ਚੁੱਕਾ ਸੀ। ਬ੍ਰਾਹਮਣਾਂ ਦੀ ਤੇਜ਼-ਤਰਾਰ ਲੀਡਰਸ਼ਿਪ ਨੇ ਕਦੋਂ ਸਿੱਖਾਂ ਨੂੰ ਆਪਣੇ ਗਲੇਵੇ ਵਿੱਚ ਲਿਆ ਤੇ ਬਰਾਬਰ ਦੀ ਧਿਰ ਹੋਣ ਦੇ ਬਾਵਜੂਦ ਵੀ ਕੋਈ ਹੱਕ ਨਾ ਲੈਣ ਦਿੱਤੇ। ਇਸ ਲੀਡਰਸ਼ਿਪ ਨੇ ਸਿੱਖਾਂ ਅਤੇ ਅੰਗਰੇਜ਼ਾਂ ਦੇ ਵਿੱਚ ਕਦੇ ਕੂਟਨੀਤਕ ਸਬੰਧ (DIPLOMATIC RELATIONS) ਬਣਨ ਹੀ ਨਾ ਦਿੱਤੇ। ਸਿੱਖਾਂ ਦੇ ਜਿਹੜੇ ਮਸਲੇ ਅੰਗਰੇਜ਼ਾਂ ਨਾਲ ਗੱਲਬਾਤ ਰਾਹੀਂ ਹੱਲ ਹੋ ਸਕਦੇ ਸਨ, ਉਨ੍ਹਾਂ ਨੂੰ ਟਕਰਾਅ 'ਚ ਬਦਲਿਆ। ਸਿੱਟੇ ਵਜੋਂ ਸਿੱਖਾਂ ਦੇ ਨਾਲ ਜੋ ਆਜ਼ਾਦ ਭਾਰਤ ਵਿੱਚ ਵਾਪਰਿਆ, ਉਸ ਤੋਂ ਸਭ ਜਾਣੂ ਹਨ।
ਇਸ ਗੱਲ 'ਤੇ ਬੜੀ ਹੈਰਾਨੀ ਹੁੰਦੀ ਹੈ ਕਿ ਆਪਣੇ ਆਪ ਨੂੰ ਵਿਸ਼ਵ ਸ਼ਾਂਤੀ ਦਾ ਦੂਤ ਦੱਸਣ ਵਾਲਿਆਂ ਨੇ ਘੱਟ-ਗਿਣਤੀਆਂ ਨਾਲ ਆਪਣੇ ਹੀ ਦੇਸ਼ ਵਿੱਚ ਕਤਲੇਆਮ ਵੀ ਕੀਤੇ।
ਅੱਗੇ ਲੇਖਕ ਕੌਟਿਲਿਆ ਦੇ ਅਰਥ ਸ਼ਾਸਤਰ ਦੇ ਪ੍ਰਕਰਣ 171-172 ਵਿੱਚ ਲਿਖੇ ਛਲ-ਕਪਟ ਦੇ ਤਰੀਕਿਆਂ ਬਾਰੇ ਵੀ ਗੱਲ ਕਰਦਾ ਹੈ। ਜਦੋਂ ਤੁਸੀਂ ਕਮਜ਼ੋਰ ਹੋ ਤਾਂ ਸੰਧੀ ਕਰ ਲਵੋ, ਜਦੋਂ ਲੱਗੇ ਕਿ ਤਾਕਤਵਰ ਹੋ ਗਏ ਤਾਂ ਦੁਸ਼ਮਣ 'ਤੇ ਹਮਲਾ ਕਰ ਕੇ ਖਤਮ ਕਰ ਦਿਓ। ਅਸਲੀ ਉਦੇਸ਼ ਤਾਂ ਆਪਣਾ ਲਾਭ ਹੈ। ਜੇ ਯੁੱਧ ਨਾਲ ਨਾ ਪੂਰਾ ਹੁੰਦਾ ਦਿਸੇ ਤਾਂ ਉਪਰੋਂ-ਉਪਰੋਂ ਸੰਧੀ ਕਰਕੇ ਅੰਦਰੋਂ ਛੁਰੀ ਚਲਾਉਣ ਦੇ ਦਾਅ ਵਿੱਚ ਰਹੋ। (ਪੰਨਾ 60, ਹਿੰਦੂ ਇਤਿਹਾਸ ਹਾਰਾਂ ਦੀ ਦਾਸਤਾਨ)
ਜਦੋਂ ਇਹ ਪੜ੍ਹਿਆ ਤਾਂ ਡੋਗਰਿਆਂ ਦੀ 'ਸਰਕਾਰ ਤੇ ਖਾਲਸਾ' ਦੇ ਰਾਜ ਨਾਲ ਗੱਦਾਰੀ ਦੀ ਸਮਝ ਪਈ। ਕਿਵੇਂ ਧਿਆਨ ਸਿੰਘ ਡੋਗਰੇ ਹੋਣੀ ਖਾਲਸੇ ਦੇ ਰਾਜ ਵਿੱਚ ਉੱਚ ਪਦਵੀਆਂ ਲੈਣ ਲਈ ਸਿੰਘ ਵੀ ਸੱਜੇ, ਖਾਲਸਾ ਰਾਜ ਦੇ ਅਹਿਮ ਕਿਰਦਾਰ ਜਿਵੇਂ ਕਿ ਸ਼ਾਮ ਸਿੰਘ ਅਟਾਰੀ ਤੇ ਹੋਰ ਜਰਨੈਲ, ਜਿਹੜੇ ਕਦੇ ਵੀ ਖਾਲਸਾ ਰਾਜ ਨੂੰ ਨਾ ਡਿੱਗਣ ਦਿੰਦੇ, ਉਨ੍ਹਾਂ ਨੂੰ ਨੀਤੀ ਤਹਿਤ ਪਾਸੇ ਕੀਤਾ ਗਿਆ। ਸਿਰਦਾਰ ਰਣਜੀਤ ਸਿੰਘ ਦੇ ਇਰਦ-ਗਿਰਦ ਕਿਵੇਂ ਕੂਟਨੀਤਕ ਘੇਰਾ ਬਣਾਇਆ ਤੇ ਫਿਰ ਲੋੜ ਪੈਣ 'ਤੇ ਕੀਤੀਆਂ ਗੱਦਾਰੀਆਂ। ਇਹੋ ਜਿਹੇ ਹੋਰ ਬਹੁਤ ਸਾਰੇ ਗੱਦਾਰ ਸਿੱਖ ਸਫ਼ਾ ਵਿੱਚ ਆਏ ਤੇ ਖਾਲਸਾ ਰਾਜ ਜਾਣ ਅਤੇ ਭਰਾ-ਮਾਰੂ ਜੰਗ ਦਾ ਕਾਰਨ ਬਣੇ ਤੇ ਫਿਰ ਰਾਜ ਖੁੱਸਣ ਤੋਂ ਬਾਅਦ ਮੁੜ ਹਿੰਦੂ ਸਫ਼ਾ ਵਿੱਚ ਵਾਪਸ ਚਲੇ ਗਏ।
ਅੱਗੇ ਲੇਖਕ ਲਿਖਦਾ ਹੈ ਕਿ 1008 ਵਿੱਚ ਮਹਿਮੂਦ ਗਜ਼ਨਾਵੀ ਨੇ ਮਥੁਰਾ 'ਤੇ ਹਮਲਾ ਕੀਤਾ, ਜੋ ਕਿ ਹਿੰਦੂਆਂ ਲਈ ਬਹੁਤ ਪਵਿੱਤਰ ਅਸਥਾਨ ਮੰਨਿਆ ਜਾਂਦਾ ਹੈ। ਇਸ ਨੂੰ ਸ਼੍ਰੀ ਕ੍ਰਿਸ਼ਨ ਦੀ ਜਨਮ ਭੂਮੀ ਦੇ ਕਰਕੇ ਵੀ ਜਾਣਿਆ ਜਾਂਦਾ ਹੈ। ਮਥੁਰਾ ਪੁੱਜਣ 'ਤੇ ਕੋਈ ਰੋਕਣ ਜਾਂ ਟਾਕਰਾ ਕਰਨ ਲਈ ਨਹੀਂ ਨਿਕਲਿਆ। ਉਹ ਸੋਨੇ-ਚਾਂਦੀ ਤੋਂ ਇਲਾਵਾ 200 ਮੂਰਤੀਆਂ, ਮਣੀਆਂ ਤੇ ਬਹੁਤ ਸਾਰੇ ਲੋਕਾਂ ਨੂੰ ਗੁਲਾਮ ਬਣਾ ਕੇ ਲੈ ਗਿਆ।
ਇਸ ਤੋਂ ਇਲਾਵਾ 1026 ਵਿੱਚ ਪ੍ਰਸਿੱਧ ਸੋਮਨਾਥ ਦੇ ਮੰਦਰ 'ਤੇ ਮਹਿਮੂਦ ਨੇ ਹਮਲਾ ਕੀਤਾ। ਇਸ ਮੰਦਰ ਦੀ ਮਹਿਮਾ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਸਕਦਾ ਹੈ ਕਿ ਇਸ ਵਿੱਚ 1000 ਤੋਂ ਵੱਧ ਬ੍ਰਾਹਮਣ ਪੁਜਾਰੀ ਸਨ। 10,000 ਪਿੰਡ ਮੰਦਰ ਦੀ ਜਗੀਰ ਵਿੱਚ ਸਨ। 350 ਗਾਇਕ-ਗਾਇਕਾਵਾਂ ਮੰਦਰ ਦੇ ਬੂਹੇ 'ਤੇ ਨੱਚਣ-ਗਾਉਣ ਲਈ ਸਨ। ਸਾਰਾ ਸ਼ਹਿਰ ਲੁੱਟਿਆ। ਹਜ਼ਾਰਾਂ ਹਿੰਦੂ ਕਤਲ ਕੀਤੇ ਗਏ। ਸਰਵੋਤਮ ਸ਼ਹਿਰ ਤੇ ਮੰਦਰ ਨਸ਼ਟ ਕਰ ਦਿੱਤਾ। ਉਸ ਸਮੇਂ ਦੀਆਂ ਹਿੰਦੂ ਫੌਜਾਂ ਮਿੱਟੀ ਦੀਆਂ ਮਾਧੋ ਬਣੀਆਂ ਰਹੀਆਂ। ਵਾਪਸੀ ਸਮੇਂ ਵੀ ਕੋਈ ਸਬਕ ਨਹੀਂ ਸਿਖਾਇਆ ਗਿਆ। ਹਿੰਦੂਆਂ ਨੇ ਸੋਮਨਾਥ ਦੇ ਮੰਦਰ ਨੂੰ ਮੁੜ ਸਥਾਪਿਤ ਕਰਨ ਲਈ ਕੋਈ ਧਿਆਨ ਨਹੀਂ ਦਿੱਤਾ। 1947 'ਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੀ ਇਸ ਮੰਦਰ ਦੀ ਹਾਲਤ ਸੁਧਾਰੀ ਗਈ। (ਪੰਨਾ 81-82-83, ਹਿੰਦੂ ਇਤਿਹਾਸ ਹਾਰਾਂ ਦੀ ਦਾਸਤਾਨ)
ਇਥੇ ਸਾਨੂੰ ਆਪਣੇ ਇਤਿਹਾਸ 'ਤੇ ਮਾਣ ਮਹਿਸੂਸ ਹੁੰਦਾ ਹੈ। ਸਿੱਖਾਂ ਦੇ ਇਤਿਹਾਸਕ ਗੁਰਦੁਆਰਿਆਂ 'ਤੇ ਸਮੇਂ ਦੀਆਂ ਸਰਕਾਰਾਂ ਨੇ ਹਮਲੇ ਵੀ ਕੀਤੇ ਤੇ ਖਾਲਸੇ ਨੇ ਜੂਝ ਕੇ ਸ਼ਹਾਦਤ ਵੀ ਦਿੱਤੀ। ਦਰਬਾਰ ਸਾਹਿਬ, ਜੋ ਕਿ ਸਿੱਖਾਂ ਦਾ ਸਭ ਤੋਂ ਵੱਧ ਮੁਕੱਦਸ ਅਸਥਾਨ ਹੈ, ਉਸ 'ਤੇ ਵੀ ਮੱਸੇ ਰੰਘੜ ਤੋਂ ਲੈ ਕੇ ਅਬਦਾਲੀ ਤੱਕ ਨੇ ਹਮਲੇ ਕੀਤੇ। ਅਬਦਾਲੀ ਵੇਲੇ ਵੀ 30 ਸਿੰਘ ਬਾਬਾ ਗੁਰਬਖਸ਼ ਸਿੰਘ ਦੀ ਕਮਾਨ ਹੇਠ ਜੂਝ ਕੇ ਸ਼ਹੀਦ ਹੋਏ। ਜੇ ਚਾਹੁੰਦੇ ਤਾਂ ਉਥੋਂ ਚਲੇ ਜਾਂਦੇ, ਪਰ ਫਿਰ ਇਤਿਹਾਸ ਨੇ ਕਦੇ ਚੇਤੇ ਨਹੀਂ ਕਰਨਾ ਸੀ। 20ਵੀਂ ਸਦੀ ਦੇ ਅਖੀਰ 'ਤੇ ਹਿੰਦ ਹਕੂਮਤ ਵੱਲੋਂ ਵੀ ਦਰਬਾਰ ਸਾਹਿਬ ਸਮੇਤ 38 ਦੇ ਕਰੀਬ ਗੁਰਦੁਆਰਿਆਂ 'ਤੇ ਹਮਲੇ ਹੋਏ। ਖਾਲਸੇ ਨੇ ਹਮੇਸ਼ਾ ਹੀ ਹਮਲਾਵਰਾਂ ਦੀ ਪਾਈ ਭਾਜੀ, ਇੱਕਿਆਂ ਦੇ ਇਕੱਤੀ ਕਰਕੇ ਮੋੜੀ, ਤੇ ਇਹ ਗੱਲ ਮਾਣ ਨਾਲ ਕਹਿ ਸਕਦੇ ਹਾਂ ਕਿ ਜਦੋਂ ਵੀ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ, ਉਦੋਂ ਖਾਲਸੇ ਦਾ ਰਾਜ ਨਹੀਂ ਸੀ, ਬਸ ਗੁਰੂ ਦਾ ਥਾਪੜਾ ਸੀ, ਜਿਸ ਨੇ ਖਾਲਸੇ ਤੋਂ ਇਹ ਸੇਵਾ ਸਮੇਂ-ਸਮੇਂ 'ਤੇ ਲਈ।
ਦਾਸ ਵੱਲੋਂ ਇਹ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਇਸ ਕਿਤਾਬਚੇ ਬਾਰੇ ਜਿਥੇ ਵਿਸ਼ਲੇਸ਼ਣ ਕੀਤਾ ਗਿਆ ਹੈ, ਉਥੇ ਹੀ ਸਿੱਖਾਂ ਦੇ ਹਵਾਲੇ ਤੋਂ ਇਸ ਦੀ ਪੜਚੋਲ ਕਰਨ ਦਾ ਵੀ ਯਤਨ ਕੀਤਾ ਹੈ। ਸਾਨੂੰ ਇਸ ਤਰ੍ਹਾਂ ਦੇ ਕਿਤਾਬਚਿਆਂ ਤੋਂ ਇਹ ਸਿੱਖਣ ਦੀ ਲੋੜ ਹੈ ਕਿ ਅਸੀਂ ਇਸ ਤਰ੍ਹਾਂ ਦੀਆਂ ਅਲਾਮਤਾਂ ਤੋਂ ਸਾਵਧਾਨ ਰਹੀਏ। ਜਿਹੜੇ ਗੁਣ ਸਾਨੂੰ ਗੁਰੂ ਸਾਹਿਬ ਨੇ ਬਖ਼ਸ਼ੇ ਹਨ, ਉਨ੍ਹਾਂ ਦੇ ਧਾਰਨੀ ਹੋਈਏ ਤੇ ਬਿਪਰਨ ਕੀ ਰੀਤ ਤੋਂ ਬਚੀਏ।
ਭੁੱਲ-ਚੁੱਕ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।
ਸ. ਜਗਜੀਤ ਸਿੰਘ, ਯੂ.ਕੇ.
Leave a Reply