ਆਹਲੂਵਾਲੀਆ ਬਨਾਮ ਰਾਮਗੜੀਆ ਤਾਰੀਖ ਬਨਾਮ ਪ੍ਰਵਿਸ਼ਟਾ

ਆਹਲੂਵਾਲੀਆ ਬਨਾਮ ਰਾਮਗੜੀਆ  ਤਾਰੀਖ ਬਨਾਮ ਪ੍ਰਵਿਸ਼ਟਾ

ਆਹਲੂਵਾਲੀਆ ਬਨਾਮ ਰਾਮਗੜੀਆ

ਤਾਰੀਖ ਬਨਾਮ ਪ੍ਰਵਿਸ਼ਟਾ

ਸਿੱਖ ਇਤਿਹਾਸ ਦੇ ਦੋ ਬਹੁਤ ਹੀ ਅਹਿਮ ਪਾਤਰ, ਸ. ਜੱਸਾ ਸਿੰਘ ਆਹਲੂਵਾਲੀਆ ਅਤੇ ਸ. ਜੱਸਾ ਸਿੰਘ ਰਾਮਗੜੀਆ, ਜਿਨ੍ਹਾਂ ਦੇ ਜਨਮ ਦਿਹਾੜੇ, ਪਿਛਲੇ ਕੁਝ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾਂਦੇ ਕੈਲੰਡਰ ਵਿੱਚ ਦਰਜ ਕੀਤੇ ਗਏ ਹਨ। ਰਾਮਗੜ੍ਹੀਆ ਮਿਸਲ ਦੇ ਬਾਨੀ, ਸ. ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ 7 ਜੇਠ, ਸੰਮਤ 1780 ਬਿਕ੍ਰਮੀ (5 ਮਈ 1723 ਈ: ਜੂਲੀਅਨ) ਦਿਨ ਐਤਵਾਰ ਨੂੰ ਹੋਇਆ ਸੀ। ਸੰਮਤ 555 ਨਾਨਕਸ਼ਾਹੀ (2023-24 ਈ:) ਦਾ ਕੈਲੰਡਰ, ਸ਼੍ਰੋਮਣੀ ਕਮੇਟੀ ਵੱਲੋਂ ਸ. ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾਂ ਜਨਮ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਸੀ। ਜਿਸ ਵਿੱਚ ਸ. ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ 22 ਵੈਸਾਖ (5 ਮਈ) ਦਾ ਦਰਜ ਸੀ। ਇਸੇ ਕੈਲੰਡਰ ਵਿੱਚ ਸ. ਜੱਸਾ ਸਿੰਘ ਆਹਲੂਵਾਲੀਆ ਦਾ ਜਨਮ 5 ਜੇਠ (19 ਮਈ) ਦਾ ਦਰਜ ਸੀ। ਸ. ਜੱਸਾ ਸਿੰਘ ਆਹਲੂਵਾਲੀਆ ਦਾ ਜਨਮ 5 ਜੇਠ ਸੰਮਤ 1775 ਬਿਕ੍ਰਮੀ (3 ਮਈ 1718 ਈ: ਜੂਲੀਅਨ) ਦਿਨ ਸ਼ਨਿਚਰਵਾਰ ਨੂੰ ਹੋਇਆ ਸੀ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ, ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਛਾਪੇ ਗਏ ਚੰਦਰ-ਸੂਰਜੀ ਬਿਕ੍ਰਮੀ (ਦ੍ਰਿਕਗਿਣਤ ਸਿਧਾਂਤ) ਸੰਮਤ 556 ਨਾਨਕਸ਼ਾਹੀ (2024-25) ਦੇ ਕੈਲੰਡਰ ਵਿੱਚ ਸ. ਜੱਸਾ ਸਿੰਘ ਰਾਮਗੜ੍ਹੀਆਂ ਦਾ ਜਨਮ 23 ਵੈਸਾਖ (5 ਮਈ) ਅਤੇ ਸ. ਜੱਸਾ ਸਿੰਘ ਆਹਲੂਵਾਲੀਆਂ ਦਾ ਜਨਮ 5 ਜੇਠ (18 ਮਈ) ਦਰਜ ਸੀ। ਇਸ ਸਾਲ ਦੇ (557 ਨ: ਸ:) ਕੈਲੰਡਰ ਵਿੱਚ ਵੀ ਸ. ਜੱਸਾ ਸਿੰਘ ਰਾਮਗੜ੍ਹੀਆਂ ਦਾ ਜਨਮ 23 ਵੈਸਾਖ (5 ਮਈ) ਅਤੇ ਸ. ਜੱਸਾ ਸਿੰਘ ਆਹਲੂਵਾਲੀਆਂ ਦਾ ਜਨਮ 5 ਜੇਠ 18 ਮਈ ਦਰਜ ਹੈ। ਇਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਸ. ਜੱਸਾ ਸਿੰਘ ਰਾਮਗੜ੍ਹੀਆਂ ਦਾ ਜਨਮ ਦਿਨ (7 ਜੇਠ, 5 ਮਈ ) ਤਾਂ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ 5 ਮਈ (ਤਾਰੀਖ) ਨੂੰ ਮਨਾਇਆ ਜਾਂਦਾ ਹੈ ਅਤੇ ਸ. ਜੱਸਾ ਸਿੰਘ ਆਹਲੂਵਾਲੀਆਂ ਦਾ ਜਨਮ (5 ਜੇਠ, 3 ਮਈ) ਕਮੇਟੀ ਵੱਲੋਂ ਹਰ ਸਾਲ ਆਪਣੇ ਕੈਲੰਡਰ ਵਿੱਚ 5 ਜੇਠ (ਪ੍ਰਵਿਸ਼ਟਾ) ਦਾ ਦਰਜ ਕੀਤਾ ਜਾਂਦਾ ਹੈ।

ਅੰਗਰੇਜਾਂ ਦੇ ਆਉਂਣ ਤੋਂ ਪਿੱਛੋਂ, ਉਨ੍ਹਾਂ ਵੱਲੋਂ ਸਾਡੇ ਇਤਿਹਾਸ ਨੂੰ ਸਮਝਣ ਅਤੇ ਅਦਾਲਤੀ ਲੋੜਾਂ ਲਈ, ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਅਤੇ ਹਿਜਰੀ ਕੈਲੰਡਰ ਦੀਆਂ ਤਾਰੀਖਾਂ ਨੂੰ ਅੰਗਰੇਜੀ ਤਾਰੀਖਾਂ ਵਿੱਚ ਬਦਲੀ ਕਰਨ ਦਾ ਵਿਧੀ-ਵਿਧਾਨ ਤਿਆਰ ਕਰਵਾਇਆ ਗਿਆ। “This Volume is designed for the use, not only of those engaged in the decyphcrment of Indian inscriptions and the compilation of Indian history, but also of Judicial Courts and Government Offices in India. Documents bearing dates prior to those given in any existing almanack are often produced before Courts of Justice as evidence of title; and since forgeries, many of them of great antiquity, abound, it is necessary to have at hand means for testing and verifying the authenticity of these exhibits.” (PREFACE, THE INDIAN CALENDAR) ਇਥੇ ਇਹ ਵੀ ਯਾਦ ਰੱਖਣਾ ਜਰੂਰੀ ਹੈ ਕਿ, ਰੋਮ ਵਾਸੀਆਂ ਨੇ ਅਕਤੂਬਰ, 1582 ਈ: ਵਿੱਚ ਜੂਲੀਅਨ ਕੈਲੰਡਰ ਵਿੱਚ ਸੋਧ ਕਰਕੇ ਗਰੈਗੋਰੀਅਨ ਕੈਲੰਡਰ ਬਣਾ ਲਿਆ ਸੀ। ਪਰ, ਇੰਗਲੈਂਡ ਨੇ ਇਸ ਸੋਧ ਨੂੰ ਸਤੰਬਰ 1752 ਈ: ਵਿੱਚ ਮਾਨਤਾ ਦਿੱਤੀ ਸੀ। ਆਪਣੇ ਦੇਸ਼ ਵਿੱਚ ਅੰਗਰੇਜਾਂ ਦੇ ਆਉਣ ਨਾਲ ਗਰੈਗੋਰੀਅਨ ਕੈਲੰਡਰ ਹੀ ਆਇਆ ਸੀ। ਜੂਲੀਅਨ ਕੈਲੰਡਰ ਕਦੇ ਵੀ ਆਪਣੇ ਦੇਸ਼ ਵਿੱਚ ਲਾਗੂ ਨਹੀਂ ਹੋਇਆ। ਤਾਰੀਖਾਂ ਦੀ ਬਦਲੀ ਕਰਨ ਵੇਲੇ ਇਹ ਧਿਆਨ ਰੱਖਣਾ ਜਰੂਰੀ ਹੈ ਕਿ 2 ਸਤੰਬਰ 1752 ਈ: ਤੋਂ ਪਹਿਲੀਆਂ ਤਾਰੀਖਾਂ ਜੂਲੀਅਨ ਕੈਲੰਡਰ ਵਿੱਚ ਬਦਲੀ ਕੀਤੀਆਂ ਜਾਂਦੀਆਂ ਸਨ/ਹਨ ਅਤੇ ਪਿਛੋਂ ਦੀਆਂ ਗਰੈਗੋਰੀਅਨ ਕੈਲੰਡਰ ਵਿੱਚ।

ਕਿਉਂਕਿ ਇਨ੍ਹਾਂ ਦੋਵੇਂ ਸਰਨਾਮੀਆਂ ਸਰਦਾਰਾਂ ਦਾ ਜਨਮ 1752 ਈ: ਤੋਂ ਪਹਿਲਾ ਦਾ ਹੈ। ਇਸ ਲਈ ਇਨ੍ਹਾਂ ਦੋਵਾਂ ਦੀਆਂ ਜਨਮ ਤਾਰੀਖਾਂ ਜੂਲੀਅਨ ਕੈਲੰਡਰ ਅਨੁਸਾਰ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਹੜਾ ਕੈਲੰਡਰ ਕਦੇ ਲਾਗੂ ਹੀ ਨਹੀਂ ਹੋਇਆ, ਉਸ ਅਨੁਸਾਰ ਸ. ਜੱਸਾ ਸਿੰਘ ਰਾਮਗੜੀਆਂ ਦਾ ਜਨਮ ਦਿਹਾੜਾ 5 ਮਈ ਨੂੰ ਕਿਵੇਂ ਮਨਾਇਆ ਜਾ ਰਿਹਾ ਹੈ? ਜਦੋਂ ਕਿ ਇਨ੍ਹਾਂ ਤੋਂ 5 ਸਾਲ ਪਹਿਲਾ ਜਨਮੇ ਸ. ਜੱਸਾ ਸਿੰਘ ਆਹਲੂਵਾਲੀਆਂ ਦਾ ਜਨਮ ਦਿਹਾੜਾ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਿਸ਼ਟਿਆਂ ਮੁਤਾਬਕ, 5 ਜੇਠ ਨੂੰ ਮਨਾਇਆ ਜਾਂਦਾ ਹੈ। ਜੇ ਸ. ਜੱਸਾ ਸਿੰਘ ਆਹਲੂਵਾਲੀਆਂ ਦਾ ਜਨਮ ਦਿਹਾੜਾ ਹਰ ਸਾਲ 5 ਜੇਠ (ਪ੍ਰਵਿਸ਼ਟਾ) ਨੂੰ ਮਨਾਇਆ ਜਾ ਸਕਦਾ ਹੈ ਤਾਂ ਸ. ਜੱਸਾ ਸਿੰਘ ਰਾਮਗੜੀਆਂ ਦਾ ਜਨਮ ਦਿਹਾੜਾ 7 ਜੇਠ ਨੂੰ ਕਿਉ ਨਹੀਂ ਮਨਾਇਆ ਜਾ ਸਕਦਾ?

ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ, ਸ. ਜੱਸਾ ਸਿੰਘ ਆਹਲੂਵਾਲੀਆਂ ਦਾ ਜਨਮ ਦਿਹਾੜਾ ਤਾਂ ਹਰ ਸਾਲ 5 ਜੇਠ (ਪ੍ਰਵਿਸ਼ਟਾ) ਨੂੰ ਮਨਾਇਆ ਜਾਂਦਾ ਹੈ ਪਰ, ਸ. ਜੱਸਾ ਸਿੰਘ ਰਾਮਗੜੀਆਂ ਦਾ ਜਨਮ ਦਿਹਾੜਾ 5 ਮਈ (ਤਾਰੀਖ) ਨੂੰ ਮਨਾਇਆ ਜਾਂਦਾ ਹੈ। ਆਪਣੇ ਆਪ ਨੂੰ ਸ਼੍ਰੋਮਣੀ ਅਖਵਾਉਣ ਵਾਲੀ ਕਮੇਟੀ ਵੱਲੋਂ ਦੋ ਬੇੜੀਆਂ ਵਿੱਚ ਸਵਾਰ ਹੋਣ ਦੀ ਕੀ ਮਜ਼ਬੂਰੀ ਹੈ? ਕੀ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਸ ਸਵਾਲ ਦਾ ਜਵਾਬ ਦੇਣ ਦੀ ਖੇਚਲ ਕਰੇਗੀ ਕਿ, ਜੇ ਇਨ੍ਹਾਂ ਦੋਵਾਂ ਸਰਦਾਰਾਂ ਦੇ ਜਨਮ ਦਿਹਾੜੇ, ਪ੍ਰਵਿਸ਼ਟਿਆਂ ਅਨੁਸਾਰ ਹੀ ਮਨਾਏ ਜਾਣ ਤਾਂ ਗੁਰਮਤਿ ਜਾਂ ਇਤਿਹਾਸ ਦੇ ਕਿਹੜੇ ਸਿਧਾਂਤ ਦੀ ਅਵੱਗਿਆ ਹੁੰਦੀ ਹੈ?


                   ਸਰਬਜੀਤ ਸਿੰਘ ਸੈਂਕਰਾਮੈਂਟੋ


Author: ਸ . ਸਰਵਜੀਤ ਸਿੰਘ ਸੈਕਰਾਮੈਂਟੋ
[email protected]
0019162302102
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.