ਸੰਤ ਭਿੰਡਰਾਂਵਾਲਿਆਂ ਦੀ ਸੋਚ, ਖਾਲਿਸਤਾਨੀ ਸੰਘਰਸ਼ ਤੇ ਸਿੱਖੀ ਦੀ ਪਹਿਰੇਦਾਰੀ ਲਈ ਨਵੀਂ ਪੀੜ੍ਹੀ ਨੇ ਸੰਭਾਲੇ ਮੋਰਚੇ
- ਧਾਰਮਿਕ/ਰਾਜਨੀਤੀ
- 18 Mar, 2026 02:13 PM (Asia/Kolkata)
ਭਾਰਤੀ ਟੀ.ਵੀ. ਚੈੱਨਲਾਂ 'ਤੇ ਜਦ ਸਿੱਖ ਮਸਲਿਆਂ 'ਤੇ ਚਰਚਾ ਹੁੰਦੀ ਹੈ ਤਾਂ ਹਮੇਸ਼ਾਂ ਓਹੀ ਸਿੱਖ ਬੁਲਾਏ ਜਾਂਦੇ ਨੇ ਜਿਨ੍ਹਾਂ ਨੂੰ ਕੇਸਾਧਾਰੀ ਹਿੰਦੂ ਕਹਿਣਾ ਜ਼ਿਆਦਾ ਜਾਇਜ਼ ਹੈ। ਹਾਲ ਐਨਾ ਮਾੜਾ ਹੈ ਕਿ ਪੰਥਕ ਸਫ਼ਾਂ 'ਚ ਵਿਚਰਦੇ ਰਹੇ ਕਈ 'ਸਿੰਘ' ਵੀ ਇਹਨਾਂ ਚੈੱਨਲਾਂ 'ਤੇ ਬੋਲਣ ਮੌਕੇ ਪੰਥ ਦਾ ਪੱਖ ਰੱਖਣ ਵਾਲੇ ਬੁਲਾਰੇ ਬਣਨ ਤੋ ਬੱਚਦੇ ਜਿਹੇ ਰਹਿੰਦੇ ਨੇ। ਪਤਾ ਨਹੀਂ ਕੀ ਹੀਣਤਾ ਆ ਗਈ ਹੈ ਕਿ ਚੈਨਲਾਂ 'ਤੇ ਜਾ ਕੇ ਹਿੰਦੂਆਂ ਤੇ ਹਿੰਦੁਸਤਾਨ ਦਾ ਫ਼ਿਕਰ ਪਿਆ ਰਹਿੰਦਾ ਤੇ ਕੌਮ ਦਾ ਫ਼ਿਕਰ ਨਹੀਂ ਰਹਿੰਦਾ। ਇਹ ਲੋਕ ਸ਼ਰੇਆਮ ਹਿੰਦੂਆਂ ਦੀ ਹਮਾਇਤ ਵਿੱਚ ਭੁਗਤ ਰਹੇ ਹੁੰਦੇ ਨੇ ਪਰ ਦਰਸਾਉਣਗੇ ਇਉਂ ਕਿ ਅਸੀ ਤਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਅਸੀਂ ਤਾਂ ਇਸ ਮੁਲਕ ਦੇ ਪੂਰੇ ਤਾਬਿਆਦਾਰ ਹਾਂ। ਜਿਵੇਂ ਸਿੱਖ ਧਰਮ ਦਾ ਪੱਖ ਲੈਣ ਵਾਲੇ ਦੂਜੇ ਧਰਮਾਂ ਦਾ ਦੁਸ਼ਮਣ ਹੋਵੇ ਤੇ ਭਾਰਤ ਦਾ ਵੈਰੀ ਹੋਵੇ। ਜਦ ਹਿੰਦੂਆਂ ਨੂੰ ਇਹੋ ਜਿਹੇ ਸਿੱਖ ਆਪਣੇ ਪੱਖ ਵਿੱਚ ਬੋਲਦੇ ਦਿਸਦੇ ਨੇ ਓਹ ਹੋਰ ਵੱਧ ਬੁੜਕਦੇ ਨੇ।
ਪਿਛਲੇ ਲੰਮੇ ਅਰਸੇ ਤੋਂ ਵੀ ਇਹੋ ਜਿਹੇ ਸਿੱਖਾਂ ਨੂੰ ਮੈਂ ਕਹਿੰਦਾ ਰਿਹਾ ਹਾਂ ਕਿ "ਜਦ ਚੈਨਲਾ ਉਤੇ ਤੁਸੀਂ ਸਿੱਖ ਕੌਮ ਦਾ ਸਹੀ ਪੱਖ ਰੱਖਣ ਜੋਗੇ ਈ ਨਹੀ ਤਾਂ ਓਥੇ ਸਿੱਖ ਨੁਮਾਇੰਦੇ ਦੇ ਤੌਰ 'ਤੇ ਜਾਂਦੇ ਹੀ ਕਿਉਂ ਹੋ, ਸਾਫ ਕਿਹਾ ਕਰੋ ਕਿ ਮੈਂ ਸਿੱਖ ਕੌਮ ਦਾ ਨੁਮਾਇੰਦਾ ਨਹੀਂ, ਮੈ ਤਾਂ ਹਿੰਦੂਆਂ ਦੇ ਸਹਿਯੋਗੀ ਵਜੋ ਹਾਜ਼ਰ ਹੋਇਆ ਆਂ।"
ਪਰ ਸ਼ੁਕਰ ਹੈ ਕਿ ਸਾਡੀ ਨਵੀ ਪੀੜੀ ਨੂੰ ਇਹ ਬਿਮਾਰੀ ਨਹੀਂ। ਸ. ਪਰਮਜੀਤ ਸਿੰਘ ਮੰਡ (ਪ੍ਰਧਾਨ ਦਲ ਖਾਲਸਾ) ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) ਤੇ ਹੋਰ ਸਿੱਖ ਨੌਜਵਾਨ ਮਾਤਾ ਦਾ ਮਾਲ ਬਣਨ ਤੋ ਇਨਕਾਰ ਕਰਕੇ ਕਲਗੀਧਰ ਦੇ ਲਾਲ ਵਜੋਂ ਭਾਰਤੀ ਚੈੱਨਲਾ ਉਤੇ ਬੋਲਦੇ ਹਨ। ਯਕੀਨਨ ਮਾਤਾ ਦੇ ਮਾਲ ਬਣੇ ਕੇਸਾਧਾਰੀ ਹਿੰਦੂਆਂ ਵਰਗੇ ਸਿੱਖਾਂ ਨੂੰ ਇਨ੍ਹਾਂ ਦੇ ਇਉਂ ਸਿੱਖ ਕੌਮ ਦਾ ਪੱਖ ਪੇਸ਼ ਕਰਦਿਆਂ ਦੇਖ ਕੇ ਤਕਲੀਫ ਹੋ ਰਹੀ ਹੈ। ਕੇਸਾਧਾਰੀ ਹਿੰਦੂਆਂ ਨੂੰ ਆਪਣੀ ਹੀਣਤਾ ਅਤੇ ਆਤਮਿਕ ਕਮਜੋਰੀ ਦਾ ਅਹਿਸਾਸ ਹੁਣ ਹੋਰ ਵੀ ਵੱਧ ਹੋ ਰਿਹਾ ਹੋਵੇਗਾ ਕਿਉਂਕਿ ਸਹੀ, ਸੱਚੀ ਤੇ ਠੋਸ ਗੱਲ ਕਰਨ ਵਾਲੇ ਇਹ ਸਿੰਘ ਬੇਧੜਕ ਹੋ ਕੇ ਆਪਣੀ ਗੱਲ ਕਰਦੇ ਹਨ।
ਬੁੱਚੜ ਕੇ.ਪੀ. ਐੱਸ. ਗਿੱਲ ਦੇ ਥੱਪੜ ਮਾਰਨ ਵਾਲੇ ਜੁਝਾਰੂ ਭਾਈ ਕੰਵਰ ਸਿੰਘ ਧਾਮੀ ਜਦ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਨੂੰ ਮਿਲੇ ਤਾਂ ਜੱਫੀ ਵਿੱਚ ਲੈ ਕੇ ਕਹਿੰਦੇ, "ਘੁਮਾਣ! ਜਦ ਅਸੀਂ ਤੇਰੇ ਵਰਗੇ ਕਾਲੇ ਦਾਹੜੇ ਵਾਲੇ ਨੌਜਵਾਨਾ ਨੂੰ ਸੰਘਰਸ਼ ਵਿੱਚ ਦੇਖਦੇ ਹਾਂ, ਦਿਲ ਨੂੰ ਤਸੱਲੀ ਹੁੰਦੀ ਹੈ ਕਿ ਸਾਥੋਂ ਬਾਅਦ ਕੌਮ ਦੇ ਝੰਡਾ ਚੁੱਕਣ ਵਾਲੇ ਆ ਰਹੇ ਹਨ। ਹੁਣ ਸੰਘਰਸ਼ ਵਿੱਚ ਸ਼ਾਮਲ ਰਹੇ ਸਾਡੇ ਵਰਗੇ ਪਹਿਲੀ ਪੀੜੀ ਦੇ ਸਿੰਘ ਜਦ ਵਡੇਰੀ ਉਮਰ ਵਿੱਚ ਪਹਿਲਾਂ ਵਾਂਗ ਸਰਗਰਮ ਨਹੀ ਰਹਿ ਸਕਦੇ ਤਾਂ ਸਾਨੂੰ ਵਧੀਆ ਲਗਦਾ ਕਿ ਅਗਲੀ ਪੀੜੀ ਫ਼ਰਜ਼ ਸਾਂਭੇਗੀ।"
ਜਦ ਲਾਹੌਰ ਵਿੱਚ ਮੈਂ ਭਾਅਜੀ ਗਜਿੰਦਰ ਸਿੰਘ ਨੂੰ ਮਿਲਿਆ ਤਾਂ ਉਨ੍ਹਾਂ ਨੇ ਵੀ ਕਿਹਾ ਸੀ ਕਿ ਨੌਜਵਾਨ ਸ਼ਕਤੀ ਨੂੰ ਕੌਮ ਦੇ ਫਰਜ ਨਿਭਾਉਣ ਲਈ ਆਉਣਾ ਚਾਹੀਦਾ, ਇਸ ਪਾਸੇ ਧਿਆਨ ਦੇਵੋ।
ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰਾਇਣ ਸਿੰਘ ਚੌੜਾ, ਭਾਈ ਗਿਆਨ ਸਿੰਘ ਲੀਲ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਮਨਜਿੰਦਰ ਸਿੰਘ ਈਸੀ, ਭਾਈ ਕੁਲਬੀਰ ਸਿੰਘ ਬੜਾ ਪਿੰਡ, ਭਾਈ ਦਇਆ ਸਿੰਘ ਲਾਹੌਰੀਆ, ਭਾਈ ਹਰਨੇਕ ਸਿੰਘ ਭੱਪ ਸਮੇਤ ਹੋਰ ਬੇਅੰਤ ਸਿੰਘ ਨੇ ਜਿਨ੍ਹਾਂ ਨੇ ਹਮੇਸ਼ਾਂ ਸਿੱਖ ਜਵਾਨੀ ਦੀ ਨਵੀਂ ਪਰਤ ਨੂੰ ਕੌਮ ਦੀ ਸੇਵਾ ਵਿੱਚ ਦੇਖਣਾ ਚਾਹਿਆ। ਸਿੱਖ ਸੰਘਰਸ਼ ਵਿਚ ਸਰਗਰਮ ਰਹੇ ਤੇ ਹੁਣ ਵਡੇਰੀ ਉਮਰ ਵਿੱਚ ਸ. ਸਤਨਾਮ ਸਿੰਘ ਪਾਉਂਟਾ ਸਾਹਿਬ ਵਰਗੇ ਸਾਰੇ ਹੀ ਸਿੰਘ ਸਮਝਦੇ ਹਨ ਕਿ ਅਗਲੀ ਪੀੜ੍ਹੀ ਮੋਰਚੇ ਸੰਭਾਲੇ ਤੇ ਮੌਜੂਦਾ ਦੌਰ ਦੇ ਹਿਸਾਬ ਨਾਲ ਗੱਲ ਤੋਰੇ। ਸਾਰੇ ਹੀ ਕਹਿੰਦੇ ਨੇ ਕਿ ਸੰਘਰਸ਼ ਦੇ ਜੋ ਪੈਂਤੜੇ ਅਸੀ ਆਪਣੇ ਵੇਲੇ ਅਪਣਾਏ ਉਹ ਜ਼ਰੂਰੀ ਨਹੀਂ ਕਿ ਹੁਣ ਵਾਲੇ ਨੌਜਵਾਨ ਵੀ ਓਹੀ ਅਪਣਾਉਣ ਹੁਣ ਹਾਲਾਤ ਤੇ ਮਹੌਲ ਹੋਰ ਹੈ। ਮੈਂ ਭਾਈ ਕੰਵਰਪਾਲ ਸਿੰਘ ਬਿੱਟੂ ਨੂੰ ਨਵੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਦਿਆ ਹੀ ਦੇਖਿਆ ਹੈ।
ਮੇਰਾ ਮੰਨਣਾ ਹੈ ਕਿ ਕੌਮੀ ਫ਼ਰਜ਼ ਨਿਭਾਉਣ ਵਾਲੇ ਸਿੱਖ ਨੌਜਵਾਨ ਜਦ ਪਹਿਲਾਂ ਸਰਗਰਮ ਰਹੇ ਸਿੰਘਾਂ ਨਾਲ ਤਾਲਮੇਲ ਕਾਇਮ ਕਰਕੇ ਹੁਣ ਦੇ ਹਿਸਾਬ ਨਾਲ ਸਰਗਰਮ ਹੋਣਗੇ ਤਾਂ ਲਾਜ਼ਮੀ ਨਤੀਜਾ ਸਾਰਥਕ ਨਿਕਲਣਗੇ।
ਬੜਾ ਵਧੀਆ ਲੱਗਦਾ ਹੈ ਜਦ ਸ. ਪਰਮਜੀਤ ਸਿੰਘ ਮੰਡ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵਰਗੇ ਟੀ ਵੀ ਚੈਨਲਾਂ ਉਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ, ਖਾਲਿਸਤਾਨ ਅਤੇ ਹੋਰ ਹਰ ਮਸਲੇ ਉਤੇ ਹਿਕ ਠੋਕ ਕੇ ਤੱਥਾਂ, ਦਲੀਲਾਂ ਸਪੱਸ਼ਟ ਗੱਲ ਕਰਦੇ ਹਨ। ਜਿਹੜੇ ਵਿਚਾਰੇ ਡਰੇ ਰਹਿੰਦੇ ਸੀ ਕਿ ਸੰਤ ਭਿੰਡਰਾਂਵਾਲਿਆ ਤੇ ਖਾਲਿਸਤਾਨ ਦੀ ਹਮਾਇਤ ਕਰਨ ਨਾਲ ਕਿਤੇ ਹਿੰਦੂ ਨਰਾਜ਼ ਨਾ ਹੋ ਜਾਣ ਉਹ ਬੜੇ ਹੱਕੇ ਬੱਕੇ ਰਹਿ ਜਾਂਦੇ ਨੇ, ਇਹ ਨੌਜਵਾਨ ਉਲਟਾ ਹਿੰਦੂਆ ਨੂੰ ਮੂਹਰਿਉਂ ਘੇਰ ਲੈਂਦੇ ਹਨ ਨੇ, ਆਖਦੇ ਨੇ ਕਿ ਤੈਨੂੰ ਨਾ ਸੰਤ ਭਿੰਡਰਾਂਵਾਲਿਆ ਦਾ ਪਤਾ ਨਾ, ਖ਼ਾਲਿਸਤਾਨ ਦਾ।
ਹੁਣ ਜਦ ਮੇਰਾ ਆਪਣਾ ਦਾਹੜਾ ਸਫੈਦ ਹੋਣ ਲਗ ਪਿਆ ਹੈ ਤਾਂ ਕਾਲੇ ਦਾਹੜੇ ਵਾਲੇ ਉਹਨਾਂ ਨੌਜਵਾਨਾ ਨੂੰ ਮੋਰਚਾ ਸਾਂਭਦਿਆਂ ਦੇਖ ਕੇ ਤਸੱਲੀ ਹੁੰਦੀ ਹੈ ਜਿਹੜੇ ਕਦੇ ਕਦੇ ਸਾਡੇ ਵਰਗਿਆਂ ਦੀ ਸਲਾਹ ਵੀ ਲੈ ਲੈਂਦੇ ਨੇ। ਜਿਹੜੇ ਸਾਡੇ ਵਰਗਿਆਂ ਦੀ ਬੇਕਦਰੀ ਤੇ ਬੇਅਦਬੀ ਕਰਕੇ ਕਿਸੇ ਹੋਰ ਤੋਂ ਸਲਾਹ ਲੈ ਕੇ ਪੰਥਕ ਪਿੜ ਵਿੱਚ ਸਰਗਰਮ ਹਨ ਉਹਨਾਂ ਨੂੰ ਓਹ ਚੰਗੇ ਲੱਗਣਗੇ। ਪਰ ਨਵੀਂ ਪੀੜੀ ਦਾ ਸਰਗਰਮ ਹੋਣਾ ਵਧੀਆ ਗੱਲ ਹੈ। ਇਸ ਨਵੇਂ ਰੁਝਾਨ ਨੂੰ 'ਜੀ ਆਇਆਂ' ਕਹਿਣਾ ਬਣਦਾ ਹੈ।

ਸਰਬਜੀਤ ਸਿੰਘ ਘੁਮਾਣ (ਖਾਲਿਸਤਾਨੀ ਚਿੰਤਕ)
ਮੋ: 97812-91623.
Leave a Reply