ਬਰਨਾਲਾ ਦੇ ਮੇਅਰ ਦੀ ਚੋਣ ਨੇ ਆਮ ਆਦਮੀ ਪਾਰਟੀ ਦੇ ਪਰਿਵਾਰਵਾਦ ਅਤੇ ਮਿੱਤਰਵਾਦ ਨੂੰ ਜਨਮ ਦਿੱਤਾ– ਗੁਰਦੀਪ ਸਿੰਘ ਬਾਠ
- ਰਾਜਨੀਤੀ
- 16 Jun, 2026 12:27 PM (Asia/Kolkata)
ਬਰਨਾਲਾ, 11 ਜੂਨ: ਮੰਗਤ ਸਿੰਘ ਸੈਦਪੁਰ
ਬਰਨਾਲਾ ਨਗਰ ਨਿਗਮ ਦੇ ਮੇਅਰ ਵਜੋਂ ਹਸਨਪ੍ਰੀਤ ਭਾਰਦਵਾਜ ਦੀ ਨਿਯੁਕਤੀ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਇਸ ਫੈਸਲੇ ਨੇ ਆਮ ਆਦਮੀ ਪਾਰਟੀ ਦੇ ਉਹ ਸਾਰੇ ਦਾਅਵੇ ਹਵਾ ਵਿੱਚ ਉਡਾ ਦਿੱਤੇ ਹਨ, ਜਿਨ੍ਹਾਂ ਵਿੱਚ ਉਹ ਪਰਿਵਾਰਵਾਦ, ਮਿੱਤਰਵਾਦ ਅਤੇ ਸਿਫ਼ਾਰਸ਼ੀ ਰਾਜਨੀਤੀ ਦੇ ਖ਼ਿਲਾਫ਼ ਹੋਣ ਦੀਆਂ ਗੱਲਾਂ ਕਰਦੀ ਸੀ।
ਬਾਠ ਨੇ ਕਿਹਾ ਕਿ ਹਸਨਪ੍ਰੀਤ ਭਾਰਦਵਾਜ ਸਾਲ 2022 ਤੱਕ ਇੱਕ ਸਰਕਾਰੀ ਕਰਮਚਾਰੀ ਵਜੋਂ ਪਟਵਾਰੀ ਦੀ ਨੌਕਰੀ ਕਰ ਰਹੇ ਸਨ। ਇਹ ਸਵਾਲ ਪੁੱਛਣਾ ਬਣਦਾ ਹੈ ਕਿ ਜਦੋਂ ਤੱਕ ਉਹ ਸਰਕਾਰੀ ਨੌਕਰੀ ਵਿੱਚ ਸਨ, ਉਸ ਸਮੇਂ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਲਈ ਕਿਹੜਾ ਵੱਡਾ ਸੰਘਰਸ਼ ਕੀਤਾ ਜਾਂ ਕਿਹੜੀ ਮਿਹਨਤ ਕੀਤੀ ਜਿਸ ਦੇ ਆਧਾਰ 'ਤੇ ਅੱਜ ਉਨ੍ਹਾਂ ਨੂੰ ਬਰਨਾਲਾ ਦੀ ਸਭ ਤੋਂ ਵੱਡੀ ਨਗਰਪਾਲਿਕਾ ਦੀ ਕਮਾਨ ਸੌਂਪ ਦਿੱਤੀ ਗਈ?
ਉਨ੍ਹਾਂ ਕਿਹਾ ਕਿ ਇਹ ਵੀ ਇੱਕ ਹਕੀਕਤ ਹੈ ਕਿ ਨੌਕਰੀ ਉਸ ਵੇਲੇ ਛੱਡੀ ਗਈ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਸੀ। ਜੇਕਰ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਬਣਦੀ ਤਾਂ ਕੀ ਅੱਜ ਵੀ ਉਹ ਪਟਵਾਰੀ ਦੀ ਨੌਕਰੀ ਕਰ ਰਹੇ ਹੁੰਦੇ ਜਾਂ ਆਮ ਆਦਮੀ ਪਾਰਟੀ ਲਈ ਨੌਕਰੀ ਚ ਰਹਿਕੇ ਕੰਮ ਕਰਦੇ ? ਇਹ ਸਵਾਲ ਬਰਨਾਲਾ ਦਾ ਹਰ ਨਾਗਰਿਕ ਪੁੱਛ ਰਿਹਾ ਹੈ।
ਬਾਠ ਨੇ ਕਿਹਾ ਕਿ ਬਰਨਾਲਾ ਵਿੱਚ ਜਿਸ ਵਿਅਕਤੀ ਨੂੰ ਮੇਅਰ ਬਣਾਇਆ ਗਿਆ ਹੈ, ਉਹ ਸੰਸਦ ਮੈਂਬਰ ਮੀਤ ਹੇਅਰ ਦਾ ਕਰੀਬੀ ਅਤੇ ਬਚਪਨ ਦਾ ਦੋਸਤ ਹੈ। ਇਸ ਕਾਰਨ ਇਹ ਨਿਯੁਕਤੀ ਯੋਗਤਾ ਨਾਲੋਂ ਵੱਧ ਮਿੱਤਰਵਾਦ ਦੀ ਜਿੱਤ ਵਜੋਂ ਦੇਖੀ ਜਾ ਰਹੀ ਹੈ। ਇਸ ਨਾਲ ਪਾਰਟੀ ਦੇ ਉਹ ਵਰਕਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹੋਣਗੇ ਜਿਨ੍ਹਾਂ ਨੇ ਸਾਲਾਂ ਤੱਕ ਝੰਡੇ ਚੁੱਕੇ, ਘਰ-ਘਰ ਪ੍ਰਚਾਰ ਕੀਤਾ ਅਤੇ ਪਾਰਟੀ ਨੂੰ ਖੜ੍ਹਾ ਕਰਨ ਲਈ ਦਿਨ-ਰਾਤ ਇੱਕ ਕੀਤਾ।
ਉਨ੍ਹਾਂ ਕਿਹਾ ਕਿ ਮੋਹਾਲੀ ਵਿੱਚ ਵਿਧਾਇਕ ਦੇ ਪੁੱਤਰ ਨੂੰ ਮੇਅਰ ਬਣਾਇਆ ਗਿਆ ਅਤੇ ਬਰਨਾਲਾ ਵਿੱਚ ਸੰਸਦ ਮੈਂਬਰ ਦੇ ਕਰੀਬੀ ਦੋਸਤ ਨੂੰ। ਇਸ ਤੋਂ ਸਾਫ਼ ਹੈ ਕਿ ਆਮ ਆਦਮੀ ਪਾਰਟੀ ਹੁਣ ਆਮ ਵਰਕਰਾਂ ਦੀ ਨਹੀਂ, ਸਗੋਂ ਆਪਣੇ ਕਰੀਬੀਆਂ ਅਤੇ ਚਹੇਤਿਆਂ ਦੀ ਪਾਰਟੀ ਬਣਦੀ ਜਾ ਰਹੀ ਹੈ।
ਬਾਠ ਨੇ ਕਿਹਾ ਕਿ ਬਰਨਾਲਾ ਦੇ ਲੋਕਾਂ ਨੂੰ ਇਹ ਭਰਮ ਨਹੀਂ ਰੱਖਣਾ ਚਾਹੀਦਾ ਕਿ ਇਸ ਫੈਸਲੇ ਨਾਲ ਸ਼ਹਿਰ ਦਾ ਕੋਈ ਇਤਿਹਾਸਕ ਵਿਕਾਸ ਹੋਣ ਜਾ ਰਿਹਾ ਹੈ। ਬਰਨਾਲਾ ਦਾ ਕਿੰਨਾ ਵਿਕਾਸ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਪਰ ਇੱਕ ਗੱਲ ਅੱਜ ਹੀ ਸਪੱਸ਼ਟ ਹੋ ਗਈ ਹੈ ਕਿ ਇਸ ਨਾਲ ਮੀਤ ਹੇਅਰ ਜੀ ਦਾ ਨਿੱਜੀ ਵਿਕਾਸ ਜ਼ਰੂਰ ਹੋਵੇਗਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਬਰਨਾਲਾ ਵਿੱਚ ਮੇਅਰ ਦੀ ਚੋਣ ਰਾਹੀਂ ਪਰਿਵਾਰਵਾਦ ਅਤੇ ਮਿੱਤਰਵਾਦ 'ਤੇ ਸਰਕਾਰੀ ਮੋਹਰ ਲਾ ਦਿੱਤੀ ਹੈ। ਜਿਹੜੇ ਲੋਕ ਕਦੇ ਹੋਰ ਪਾਰਟੀਆਂ 'ਤੇ ਪਰਿਵਾਰਵਾਦ ਦੇ ਦੋਸ਼ ਲਗਾਉਂਦੇ ਸਨ, ਅੱਜ ਉਹ ਖੁਦ ਉਸੇ ਰਾਹ 'ਤੇ ਤੁਰਦੇ ਨਜ਼ਰ ਆ ਰਹੇ ਹਨ।
ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਬਰਨਾਲਾ ਦੇ ਲੋਕ ਸਭ ਕੁਝ ਦੇਖ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਇਸ ਰਾਜਨੀਤੀ ਦਾ ਜਵਾਬ ਲੋਕਤੰਤਰਕ ਢੰਗ ਨਾਲ ਦੇਣਗੇ।
Leave a Reply