ਬੇਦੋਸ਼ੇ ਲੋਕਾਂ 'ਤੇ ਬੁੱਚੜ ਪੁਲਿਸ ਦਾ ਖ਼ੌਫ਼ਨਾਕ ਜ਼ੁਲਮ

ਬੇਦੋਸ਼ੇ ਲੋਕਾਂ 'ਤੇ ਬੁੱਚੜ ਪੁਲਿਸ ਦਾ ਖ਼ੌਫ਼ਨਾਕ ਜ਼ੁਲਮ

ਪੰਜਾਬ ਦੀ ਪੁਲਿਸ ਜੁਰਮ ਸਾਬਤ ਕਰ ਕੇ ਦੋਸ਼ੀ ਨੂੰ ਨਹੀਂ ਘੇਰਦੀ। ਉਲ਼ਟਾ ਤਸੀਹੇ ਦੇ ਕੇ ਦੋਸ਼ੀ ਨੂੰ ਕਹਿੰਦੀ ਹੈ ਕਿ 'ਜੇ ਹੋਰ ਜ਼ੁਲਮ ਤੋਂ ਬਚਣਾ ਹੈ ਤਾਂ ਆਪੇ ਮੰਨ ਲੈ ਕਿ ਮੈਂ ਆਹ ਵਾਰਦਾਤ ਕੀਤੀ ਹੈ।' ਪੁਲਿਸ ਹਿਰਾਸਤ ਵਿੱਚ ਪੁੱਛਗਿਛ ਦੇ ਨਾਂ ਹੇਠ ਧਮਕੀਆਂ, ਦਬਕੇ, ਗਾਲ਼-ਦੁੱਪੜ ਤੋਂ ਸ਼ੁਰੂ ਕਰ ਕੇ ਨੰਗਾ ਕਰ ਕੇ ਚੱਡੇ ਪਾੜਨ ਵੱਲ ਵਧਿਆ ਜਾਂਦਾ ਹੈ। ਬੰਦਾ ਤਾਂ ਪਹਿਲਾਂ ਹੀ ਖੌਫ਼ ਨਾਲ਼ ਡਰਿਆ ਪਿਆ ਹੁੰਦਾ ਹੈ ਕਿ ਚੰਗੇ ਭਲੇ ਬਜ਼ਾਰ ਵਿੱਚ ਘਰ ਲਈ ਚਾਹ-ਪੱਤੀ ਤੇ ਖੰਡ ਖ੍ਰੀਦਣ ਗਏ ਸਾਂ ਤੇ ਆਹ ਪੰਦਰਾਂ-ਵੀਹ ਜਮਦੂਤਾਂ ਵਰਗੇ ਪੁਲਸੀਏ ਚਿੰਬੜ ਗਏ ਤੇ ਕਾਲ਼ੇ ਕੰਬਲ਼ ਵਿੱਚ ਮੂੰਹ ਸਿਰ ਲਪੇਟ ਕੇ ਗੱਡੀ ਵਿੱਚ ਸੁੱਟ ਲਿਆਏ। ਓਧਰ ਵਾਰਸ ਵੱਖਰਾ ਤਸ਼ੱਦਦ ਭੁਗਤਦੇ ਨੇ ਕਿ ਸਾਡਾ ਮੁੰਡਾ ਗਿਆ ਕਿੱਧਰ ? ਕੋਈ ਥਾਣਾ, ਕੋਈ ਅਫ਼ਸਰ ਰਾਹ ਨਹੀਂ ਦਿੰਦਾ। ਲੋਕ ਕਲਪਦੇ ਮਰ ਜਾਂਦੇ ਨੇ। ਫਿਰ ਪਤਾ ਲੱਗਦਾ ਹੈ ਕਿ ਉਹਨਾਂ ਦਾ ਲਾਡਲਾ ਤਾਂ ਫਲਾਣੇ ਬੁੱਚੜਖਾਨੇ ਵਿੱਚ ਬੱਕਰੇ ਵਾਂਗ ਕੋਹਿਆ ਜਾ ਰਿਹਾ ਹੈ। ਜਦ ਕਿਸੇ ਦੀ ਸਿਫਾਰਸ਼ ਨਾਲ਼ ਅਫਸਰਾਂ ਦੇ ਮੱਥੇ ਲੱਗਦੇ ਨੇ ਤਾਂ ਉਹ ਅਫਸਰ ਇੰਝ ਵਿਹਾਰ ਕਰਦਾ ਹੈ ਜਿਵੇਂ ਉਹ ਕੋਈ ਬਾਦਸ਼ਾਹ ਹੋਵੇ ਤੇ ਬੇਦੋਸ਼ੇ ਫੜੇ ਗਏ ਮੁੰਡੇ ਦੇ ਵਾਰਿਸ ਕੀੜੇ-ਮਕੌੜੇ। ਮਹੌਲ ਨੂੰ ਹੋਰ ਦਹਿਸ਼ਤ-ਭਰਿਆ ਕਰਨ ਲਈ ਮੁੰਡੇ ਦੇ ਮਾਪਿਆਂ ਨੂੰ ਕਿਹਾ ਜਾਂਦਾ ਹੈ ਕਿ ਮਿਲਾ ਨਹੀਂ ਸਕਦੇ, 'ਉੱਪਰੋਂ' ਬਹੁਤ ਦਬਾਅ ਹੈ। ਘਰਦੇ ਹੋਰ ਡਰ ਜਾਂਦੇ ਨੇ। ਕੋਈ ਦਲਾਲ ਕਹਿੰਦਾ ਹੈ ਕਿ ਕੁਝ ਪੈਸੇ ਦੇਵੋ, ਮੈਂ ਗਰੰਟੀ ਕਰਦਾ ਹਾਂ ਕਿ ਕੁੱਟ ਤੋਂ ਬਚ ਜਾਊ, ਕੇਸ ਤਾਂ ਪੈਣਾ ਹੀ ਹੈ। ਘਰਦੇ ਪੈਸੇ ਦੇ ਇੰਤਜ਼ਾਮ ਵਿੱਚ ਲੱਗ ਜਾਂਦੇ ਨੇ। ਓਧਰ ਬੁੱਚੜਖਾਨੇ ਵਿੱਚ ਨੌਜਵਾਨ ਨੂੰ ਪੁੱਠਾ, ਨੰਗਾ ਟੰਗ ਕੇ ਹਰ ਤਰ੍ਹਾਂ ਦਾ ਜ਼ੁਲਮ ਕੀਤਾ ਜਾਂਦਾ ਹੈ। ਸਰੀਰਕ ਤਸੀਹੇ ਤਾਂ ਝੱਲਣੇ ਸੌਖੇ ਲੱਗਦੇ ਨੇ ਪਰ ਮਾਨਸਿਕ ਤੌਰ 'ਤੇ ਜਿਵੇਂ ਇਹ ਲੋਕ ਜ਼ਲੀਲ ਕਰਦੇ ਹਨ, ਉਹ ਅਣਕਿਆਸਿਆ ਜ਼ੁਲਮ ਹੈ। ਪੁਲਸੀਏ ਕਦੇ 'ਸਿੱਖ ਭਰਾ' ਬਣ ਜਾਂਦੇ ਨੇ, ਕਦੇ ਮੱਸੇ ਰੰਘੜ ਦੇ ਵਾਰਿਸ। ਕਦੇ ਪਲੋਸਣ ਲੱਗ ਜਾਂਦੇ ਨੇ, ਕਦੇ ਦਰਿੰਦੇ ਬਣ ਜਾਂਦੇ ਨੇ। ਬੰਦਾ ਇਹੀ ਸੋਚਦਾ ਰਹਿ ਜਾਂਦਾ ਕਿ ਇਹਨਾਂ ਦੀਆਂ ਘਰਵਾਲੀਆਂ, ਇਹਨਾਂ ਦੇ ਮਾਪੇ, ਇਹਨਾਂ ਦੇ ਨਿਆਣੇ ਇਸ ਪਾਪ ਬਾਰੇ ਜਾਣਦੇ ਹੋਣਗੇ ? ਕੋਈ ਕਿਵੇਂ ਐਹੋ ਜਿਹੇ ਬੁੱਚੜ ਨੂੰ ਪਿਓ ਕਹਿ ਸਕਦਾ, ਪੁੱਤ ਕਹਿ ਸਕਦਾ ਜਾਂ ਕੋਈ ਬੀਬੀ ਕਿਵੇਂ ਐਹੋ ਜਿਹੇ ਬੰਦੇ ਨੂੰ ਪਤੀ ਕਹਿ ਸਕਦੀ ਹੈ ਜਿਸ ਦੇ ਅੰਦਰ ਬੰਦੇ ਦੇ ਅੰਦਰੋਂ ਦਹਿਸ਼ਤ ਨਾਲ਼ ਰੀੜ ਦੀ ਹੱਡੀ ਤੱਕ ਕੰਬਣ ਲੱਗ ਜਾਂਦੀ ਹੈ। ਬਿਜਲੀ ਦੇ ਝਟਕੇ, ਡਾਂਗ ਫੇਰਨੀ, ਪਟੇ, ਘੋਟਣਾ ਲਾਉਣਾ ਤਾਂ ਬਹੁਤ ਮੁੱਢਲੇ ਦੌਰ ਦੀਆ ਗੱਲਾਂ ਨੇ ਤੇ ਬਹੁਤੇ ਲੋਕ ਤਾਂ ਇੱਥੋਂ ਤਕ ਦੇ ਤਸ਼ੱਦਦ ਨੂੰ 'ਆਮ ਗੱਲ' ਸਮਝਦੇ ਨੇ ਕਿ ਫੇਰ ਵੀ ਸੌਖੇ ਬਚ ਗਏ। ਦਲਾਲ ਵੀ ਕਹਿਣ ਜੋਗੇ ਹੋ ਜਾਂਦੇ ਨੇ ਕਿ ਪੈਸੇ ਵੇਲੇ ਸਿਰ ਦੇਣ ਕਰਕੇ 'ਬਚਾਅ' ਹੋ ਗਿਆ। ਫੇਰ ਪ੍ਰੈੱਸ ਕਾਨਫਰੰਸ ਹੁੰਦੀ ਹੈ। ਜਿੱਥੇ ਓਸ ਮਾਸੂਮ ਨੂੰ ਕਾਲੇ ਟੋਪੇ ਵਿੱਚ ਖੜ੍ਹਾ ਕਰ ਕੇ ਕਹਿੰਦੇ ਨੇ ਇਹ ਬੜਾ ਖ਼ਤਰਨਾਕ ਤੇ ਸਾਜ਼ਿਸ਼ੀ ਕਾਤਲ ਹੈ। ਮੌਕੇ ਸਿਰ ਫੜ ਲਿਆ। ਨਹੀਂ ਤਾਂ ਇਸ ਨੇ ਖੂਨ ਦੀਆਂ ਨਦੀਆਂ ਵਹਾ ਦੇਣੀਆਂ ਸੀ। ਬੱਸ ਫੇਰ ਮੀਡੀਆ ਲਗਾਤਾਰ ਉਸ ਨੂੰ ਕਾਤਲ-ਦਰਿੰਦਾ ਪ੍ਰਚਾਰਦਾ ਰਹਿੰਦਾ ਹੈ। ਜੇਲ੍ਹ, ਤਰੀਕਾਂ, ਪੇਸ਼ੀਆਂ, ਮੁਲਾਕਾਤਾਂ ਦੇ ਸਫ਼ਰ ਵਿੱਚ ਚਾਰ-ਪੰਜ ਸਾਲ ਮਗਰੋਂ ਉਹ ਸਾਫ਼ ਬਰੀ ਹੋ ਜਾਂਦਾ ਹੈ। ਓਹੀ ਮੀਡੀਆ ਜਿਹੜਾ ਉਸ ਦੀ ਝੂਠੇ ਦੋਸ਼ਾਂ ਵਿੱਚ ਹੋਈ ਗ੍ਰਿਫ਼ਤਾਰੀ ਮਗਰੋਂ ਹਾਲ ਦੋਹਾਈ ਦਿੰਦਾ ਰਿਹਾ ਸੀ, ਉਸ ਦੀ ਰਿਹਾਈ ਦੀ ਖ਼ਬਰ ਤਕ ਵੀ ਨਹੀਂ ਦਿੰਦਾ ਕਿ ਦੋਸ਼ ਗਲਤ ਸਨ, ਬੰਦਾ ਬੇਦੋਸ਼ਾ ਸੀ। ਬੰਬ ਧਮਾਕੇ, ਕਤਲਾਂ ਤੇ ਹੋਰ ਖ਼ਤਰਨਾਕ ਧਾਰਾਵਾਂ ਤਹਿਤ ਜੇਲ੍ਹਾਂ ਵਿੱਚ ਧੱਕੇ ਜਾਂਦੇ ਬੇਅੰਤ ਸਿੱਖ ਨੌਜਵਾਨ ਇਸ ਤਰ੍ਹਾਂ ਬਰੀ ਹੋਣ ਮਗਰੋਂ ਸਮਾਜ ਵਿੱਚ ਕਿਤੇ ਵੀ 'ਪ੍ਰਵਾਨ' ਨਹੀਂ ਹੁੰਦੇ ਕਿ ਇਹ ਤਾਂ ਬਹੁਤ ਖ਼ਤਰਨਾਕ ਬੰਦੇ ਨੇ। ਹਰ ਮਹੀਨੇ ਪੁਲੀਸ ਵਾਲੇ ਫੋਨ ਕਰ ਕੇ ਜਾਂ ਪੁੱਛਗਿੱਛ ਦੇ ਨਾਂ 'ਤੇ ਸੱਦ ਕੇ ਅੱਡ ਜ਼ਲੀਲ ਕਰਦੇ ਹਨ। ਜਿੱਥੇ ਕੰਮ 'ਤੇ ਲੱਗੇ ਹੋਈਏ ਉਹ ਵੀ ਘਬਰਾਏ ਰਹਿੰਦੇ ਨੇ ਕਿ ਕਿਤੇ ਸਾਨੂੰ ਨਾ ਕੋਈ ਚੱਕਰ ਪੈ ਜਾਵੇ। ਪੰਜਾਬ ਦੇ ਹਰ ਪਿੰਡ, ਹਰ ਸ਼ਹਿਰ ਵਿੱਚ ਐਹੋ ਜਿਹੇ ਬੇਅੰਤ ਲੋਕ ਮਿਲ ਜਾਣਗੇ ਜਿਹੜੇ ਬੇਦੋਸ਼ੇ ਸਨ, ਪਰ ਪੁਲੀਸ ਤੇ ਮੀਡੀਆ ਨੇ ਕਾਤਲ ਦਰਿੰਦੇ ਬਣਾ ਧਰੇ ਤੇ ਹੁਣ ਬੇਦੋਸ਼ੇ ਮੰਨ ਕੇ ਬਰੀ ਹੋਣ ਮਗਰੋਂ ਜ਼ਿੰਦਗੀ ਨੂੰ ਸਹੀ ਰਾਹ ਪਾਉਣ ਲਈ ਟੱਕਰਾਂ ਮਾਰ ਰਹੇ ਹਨ। ਇਹ ਕਾਲ਼ੀ-ਬੋਲੀ ਰਾਤ ਦਾ ਅੰਤ ਪਤਾ ਨਹੀਂ ਕਦੋਂ ਹੋਣਾ ਹੈ ? ਪਤਾ ਨਹੀਂ ਕਦੋਂ ਸਵੇਰ ਹੋਵੇਗੀ ? 
 

ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.