ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਪਵਿੱਤਰ ਸ਼ਹਿਰ ਤਾਂ ਐਲਾਨ ਦਿੱਤੇ ਪਰ ਅਮਲ ਕਦੋਂ ਹੋਵੇਗਾ ?
- ਧਾਰਮਿਕ/ਰਾਜਨੀਤੀ
- 27 Nov, 2025 11:25 PM (Asia/Kolkata)
ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਪਵਿੱਤਰ ਸ਼ਹਿਰ ਤਾਂ ਐਲਾਨ ਦਿੱਤੇ ਪਰ ਅਮਲ ਕਦੋਂ ਹੋਵੇਗਾ ?
ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਸਿੱਖ ਕੌਮ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ, ਇਸ ਦੇ ਨਾਲ-ਨਾਲ ਹੀ ਸਮੇਂ-ਸਮੇਂ ਉੱਤੇ ਸ੍ਰੀ ਅਨੰਦਪੁਰ ਸਾਹਿਬ, ਤਲਵੰਡੀ ਸਾਬੋ, ਸ੍ਰੀ ਚਮਕੌਰ ਸਾਹਿਬ, ਸ੍ਰੀ ਫ਼ਤਹਿਗੜ੍ਹ ਸਾਹਿਬ, ਸੁਲਤਾਨਪੁਰ ਲੋਧੀ, ਸ੍ਰੀ ਤਰਨ ਤਾਰਨ ਸਾਹਿਬ ਅਤੇ ਸ੍ਰੀ ਮੁਕਤਸਰ ਸਾਹਿਬ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣ ਦੀ ਮੰਗ ਉੱਠਦੀ ਰਹੀ। ਪਰ ਕੇਂਦਰ ਸਰਕਾਰਾਂ ਅਤੇ ਸੂਬਾ ਸਰਕਾਰਾਂ ਨੇ ਇਸ ਵੱਲ ਕਦੇ ਵੀ ਧਿਆਨ ਨਾ ਦਿੱਤਾ ਸਗੋਂ ਇਸ ਮੰਗ ਨੂੰ ਹਮੇਸ਼ਾਂ ਗਲਤ ਰੰਗਤ ਦਿੱਤੀ ਗਈ ਤੇ ਸਿੱਖ ਹਿਰਦਿਆਂ ਨੂੰ ਭਾਰੀ ਠੇਸ ਪਹੁੰਚਾਈ ਗਈ। ਹੁਣ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਐਲਾਨ ਕੀਤਾ ਕਿ "ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਜਾਏਗਾ ਅਤੇ ਮੀਟ, ਸ਼ਰਾਬ ਤੇ ਤੰਬਾਕੂ ਦੀਆਂ ਦੁਕਾਨਾਂ ਬਾਹਰ ਕੱਢੀਆਂ ਜਾਣਗੀਆਂ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਜੀ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ ਪਰ ਬਹੁਤਾਂਤ ਜਥੇਬੰਦੀਆਂ ਨੇ ਇਸ ਮਾਮਲੇ ਉੱਤੇ ਚੁੱਪੀ ਧਾਰਨ ਕੀਤੀ ਹੋਈ ਹੈ ਕਿਉਂਕਿ ਸਭ ਨੂੰ ਖਦਸ਼ਾ ਹੈ ਕਿ ਕੀ ਇਹ ਐਲਾਨ ਇਕੱਲਾ ਬਿਆਨਾਂ ਜਾਂ ਕਾਨੂੰਨ ਦੀਆਂ ਫਾਈਲਾਂ ਤੱਕ ਹੀ ਸੀਮਤ ਰਹੇਗਾ ਜਾਂ ਫਿਰ ਲਾਗੂ ਵੀ ਹੋਵੇਗਾ!ਸਿੱਖ ਸੰਗਤਾਂ ਬੜੀ ਬੇਸਬਰੀ ਨਾਲ ਉਡੀਕ ਕਰ ਰਹੀਆਂ ਹਨ ਕਿ ਹੁਣ ਇਸ ਫੈਸਲੇ ਉੱਤੇ ਪੰਜਾਬ ਸਰਕਾਰ ਅਮਲ ਕਦੋਂ ਕਰੇਗੀ! ਭਗਵੰਤ ਮਾਨ ਤੇ ਕੇਜਰੀਵਾਲ ਨੇ ਸਰਕਾਰ ਬਣਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਬਥੇਰੇ ਐਲਾਨ ਕੀਤੇ ਹਨ, ਪਰ ਉਹਨਾਂ ਨੂੰ ਲਾਗੂ ਕਰਨ ਲਈ ਕੱਖ ਨਹੀਂ ਕੀਤਾ ਗਿਆ। ਹੁਣ ਜਿੰਨਾ ਚਿਰ ਤਕ ਇਹਨਾਂ ਤਿੰਨਾਂ ਸ਼ਹਿਰਾਂ ਵਿੱਚੋਂ ਮੀਟ, ਸ਼ਰਾਬ ਅਤੇ ਤੰਬਾਕੂ ਦੀਆਂ ਦੁਕਾਨਾਂ ਬੰਦ ਨਹੀਂ ਕਰਵਾ ਦਿੱਤੀਆਂ ਜਾਂਦੀਆਂ ਓਨਾ ਚਿਰ ਤੱਕ ਸਰਕਾਰ ਦੀ ਪਿੱਠ ਨਹੀਂ ਥਾਪੜਨੀ ਚਾਹੀਦੀ ਸਗੋਂ ਵਾਰ-ਵਾਰ ਸਰਕਾਰ ਨੂੰ ਇਹ ਯਾਦ ਕਰਵਾਉਣਾ ਚਾਹੀਦਾ ਹੈ ਕਿ ਸਰਕਾਰ ਇਸ ਮਾਮਲੇ ਉੱਤੇ ਕੰਮ ਕਰੇ। ਇਹ ਵੀ ਚਰਚਾ ਚੱਲ ਰਹੀ ਹੈ ਕਿ ਪਹਿਲੀਆਂ ਸਰਕਾਰਾਂ ਦੇ ਕੁਝ ਮੁੱਖ ਮੰਤਰੀਆਂ ਨੇ ਵੀ ਕੁਝ ਖ਼ਾਸ ਮੌਕਿਆਂ 'ਤੇ ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੇ ਐਲਾਨ ਕੀਤੇ ਸਨ ਜੋ ਅਖ਼ਬਾਰੀ ਬਿਆਨਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ। ਹੁਣ ਵੇਖਣਾ ਇਹ ਹੋਵੇਗਾ ਕਿ ਭਗਵੰਤ ਮਾਨ ਸਰਕਾਰ ਕੁਝ ਕਰਦੀ ਵੀ ਹੈ ਜਾਂ ਫਿਰ ਵਾਹ-ਵਾਹ ਖੱਟਣ ਲਈ ਸਿਆਸੀ ਪੱਤਾ ਹੀ ਖੇਡਿਆ ਗਿਆ ਹੈ। ਜੇਕਰ ਭਗਵੰਤ ਮਾਨ ਇਸ ਫ਼ੈਸਲੇ ਨੂੰ ਲਾਗੂ ਕਰਵਾ ਜਾਂਦਾ ਹੈ ਤਾਂ ਉਸਦੇ ਇਸ ਇਤਿਹਾਸਿਕ ਕਾਰਜ ਨੂੰ ਹਮੇਸ਼ਾਂ ਯਾਦ ਰੱਖਿਆ ਜਾਏਗਾ ਤੇ ਪਹਿਲੀਆਂ ਸਰਕਾਰਾਂ ਉੱਤੇ ਕਲੰਕ ਲੱਗੇਗਾ। ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਨੌਂ ਗੁਰੂ ਸਾਹਿਬਾਨਾਂ ਨੇ ਸਰੀਰਕ ਰੂਪ ਵਿੱਚ ਆਪਣੇ ਮੁਬਾਰਕ ਚਰਨ ਪਾਏ ਹਨ, ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਇਹ ਨਗਰ ਵਸਾਇਆ, ਇੱਥੇ ਹੀ ਸਿੱਖ ਕੌਮ ਦਾ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਮੌਜੂਦ ਹੈ। ਇੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਹੋਈ ਤੇ ਇੱਥੇ ਹੀ ਛੇਵੇਂ ਪਾਤਸ਼ਾਹ ਨੇ ਪਹਿਲੀ ਜੰਗ ਲੜੀ। ਸ੍ਰੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਲਈ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਖ਼ਾਲਸਾ, ਦਲ ਖ਼ਾਲਸਾ ਦੇ ਪ੍ਰਧਾਨ ਭਾਈ ਗਜਿੰਦਰ ਸਿੰਘ ਹਾਈਜੈਕਰ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਲੰਬਾ ਸੰਘਰਸ਼ ਕੀਤਾ ਸੀ। ਧਰਮ ਯੁੱਧ ਮੋਰਚੇ ਵਿੱਚ ਵੀ ਇਹ ਮੰਗ ਸ਼ਾਮਲ ਸੀ ਜਿਸ ਨੂੰ ਭਾਰਤ ਦੀ ਕਾਂਗਰਸ ਸਰਕਾਰ ਨੇ ਅੱਤਵਾਦ ਤੇ ਵੱਖਵਾਦ ਨਾਲ ਜੋੜ ਦਿੱਤਾ ਤੇ ਭਾਜਪਾ ਦੇ ਵਿਧਾਇਕ ਹਰਬੰਸ ਲਾਲ ਖੰਨਾ ਨੇ ਇਸ ਮੰਗ ਦੇ ਵਿਰੁੱਧ ਸ੍ਰੀ ਅੰਮ੍ਰਿਤਸਰ ਵਿੱਚ ਮਾਰਚ ਕੱਢਿਆ ਤੇ ਤਲਵਾਰਾਂ ਅਤੇ ਤ੍ਰਿਸ਼ੂਲਾਂ ਉੱਤੇ ਬੀੜੀਆਂ-ਸਿਗਰਟਾਂ ਬੰਨ੍ਹ ਕੇ ਨਾਹਰੇ ਲਗਾਏ ਗਏ ਕਿ "ਬੀੜੀ-ਸਿਗਰਟ ਪੀਏਂਗੇ, ਬੜੀ ਸ਼ਾਨ ਸੇ ਜੀਏਂਗੇ। ਕੱਛ, ਕੜਾ-ਕਿਰਪਾਨ, ਭੇਜ ਦਿਆਂਗੇ ਪਾਕਿਸਤਾਨ। ਦੁੱਕੀ-ਤਿੱਕੀ ਖਹਿਣ ਨ੍ਹੀਂ ਦੇਣੀ, ਸਿਰ 'ਤੇ ਪਗੜੀ ਰਹਿਣ ਨ੍ਹੀਂ ਦੇਣੀ।" ਫਿਰ ਸ੍ਰੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਉੱਤੇ ਲੱਗੀ ਸ੍ਰੀ ਗੁਰੂ ਰਾਮਦਾਸ ਜੀ ਦੀ ਤਸਵੀਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਨੂੰ ਫ਼ਿਰਕੂ ਹਿੰਦੂਤਵੀਆਂ ਵੱਲੋਂ ਤੋੜਿਆ ਗਿਆ ਤੇ ਉਸ ਉੱਤੇ ਸਿਗਰਟਾਂ ਸੁੱਟੀਆਂ ਗਈਆਂ। ਇਸ ਦੇ ਨਾਲ ਹੀ ਇਨ੍ਹਾਂ ਹਿੰਦੂਵਾਦੀਆਂ ਨੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਵੀ ਸਿਗਰਟਾਂ ਸੁੱਟੀਆਂ ਤੇ ਭਾਜਪਾ ਦੇ ਸੀਨੀਅਰ ਆਗੂ ਐਲ ਕੇ ਅਡਵਾਨੀ ਅਤੇ ਲਕਸ਼ਮੀ ਕਾਂਤਾ ਚਾਵਲਾ ਨੇ ਪੰਜਾਬ ਨੂੰ ਫ਼ੌਜ ਦੇ ਹਵਾਲੇ ਕਰਨ ਲਈ ਮਾਰਚ ਕੱਢੇ। ਹਿੰਦੂਤਵੀਆਂ ਨੇ ਇੱਕ ਸ਼ਰਾਰਤ ਤਹਿਤ ਸ੍ਰੀ ਦਰਬਾਰ ਸਾਹਿਬ ਦੇ ਆਸ-ਪਾਸ ਅਨੇਕਾਂ ਮੀਟ, ਸ਼ਰਾਬ ਅਤੇ ਤੰਬਾਕੂ ਦੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਅਤੇ ਸ੍ਰੀ ਦਰਬਾਰ ਸਾਹਿਬ ਨੂੰ ਆਉਣ ਵਾਲੇ ਹਰ ਰਸਤੇ ਵਿੱਚ ਛੋਟੇ-ਛੋਟੇ ਮੰਦਰ ਬਣਾ ਦਿੱਤੇ ਤੇ ਸ੍ਰੀ ਦਰਬਾਰ ਸਾਹਿਬ ਨੂੰ ਸਵਰਨ ਮੰਦਰ ਤੇ ਵਿਸ਼ਨੂੰ ਮੰਦਰ ਵਜੋਂ ਪ੍ਰਚਾਰਿਆ। ਸਰਕਾਰ ਨੇ ਸ੍ਰੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਨਹੀਂ ਸੀ ਦਿੱਤਾ, ਸਗੋਂ ਸ੍ਰੀ ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ ਅਤੇ ਸ੍ਰੀ ਅੰਮ੍ਰਿਤਸਰ ਸਮੇਤ ਸਮੁੱਚੇ ਪੰਜਾਬ ਨੂੰ ਸਿੱਖਾਂ ਦੇ ਖ਼ੂਨ ਨਾਲ ਰੰਗ ਦਿੱਤਾ ਜਿਸ ਤੋਂ ਬਾਅਦ ਅਣਖੀ ਸਿੱਖਾਂ ਨੇ ਹਥਿਆਰਬੰਦ ਹੋ ਕੇ ਦਸ ਸਾਲ ਲੜਾਈ ਲੜੀ ਜਿਸ ਦੌਰਾਨ ਅਨੇਕਾਂ ਸਿੱਖਾਂ ਨੂੰ ਤਸੀਹੇ ਝੱਲਣੇ ਪਏ ਤੇ ਬੇਅੰਤ ਸ਼ਹਾਦਤਾਂ ਹੋਈਆਂ। ਪਰ ਐਨਾ ਕੁਝ ਵਾਪਰਨ ਦੇ ਬਾਵਜੂਦ ਵੀ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਸ੍ਰੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਨਹੀਂ ਦਿੱਤਾ, ਹਾਲਾਂਕਿ ਹਿੰਦੂ ਧਰਮ ਨਾਲ ਸੰਬੰਧਤ ਕਈ ਸ਼ਹਿਰਾਂ ਨੂੰ ਬਿਨਾਂ ਕੋਈ ਸੰਘਰਸ਼ ਕੀਤਿਆਂ ਜਾਂ ਮੰਗ ਉਠਾਏ ਬਿਨਾਂ ਹੀ ਪਵਿੱਤਰ ਸ਼ਹਿਰ ਐਲਾਨਿਆ ਗਿਆ ਪਰ ਸਿੱਖ ਕੌਮ ਦੇ ਨਾਲ ਵਿਤਕਰਾ ਜਿਉਂ ਦਾ ਤਿਉਂ ਕਾਇਮ ਰਿਹਾ। ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿਵਾਉਣ ਲਈ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਹੋਰ ਕਈ ਜਥੇਬੰਦੀਆਂ ਵੱਲੋਂ ਵੀ ਸਮੇਂ-ਸਮੇਂ ਉੱਤੇ ਮਾਰਚ-ਪ੍ਰਦਰਸ਼ਨ ਕਰਕੇ ਇਹ ਮੰਗ ਉਠਾਈ ਗਈ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਸਿੰਘਾਂ ਨੇ ਤਾਂ ਕਈ ਵਾਰ ਸੰਘਰਸ਼ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਬਾਹਰਵਾਰ ਚੌਗਿਰਦੇ ਵਿੱਚੋਂ ਦੁਕਾਨਾਂ ਅਤੇ ਹੋਟਲਾਂ ਉੱਤੇ ਛਾਪੇ ਮਾਰ ਕੇ ਤੰਬਾਕੂ ਦੀਆਂ ਪੁੜੀਆਂ ਅਤੇ ਹੋਰ ਨਸ਼ੇ ਚੁਕਵਾਏ, ਠੇਕੇ ਬੰਦ ਕਰਵਾਏ ਤੇ ਮੀਟ ਦੀਆਂ ਦੁਕਾਨਾਂ ਦਾ ਵੀ ਭਾਰੀ ਵਿਰੋਧ ਕੀਤਾ। ਦੋ ਵਾਰ ਤਾਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਿੰਘਾਂ ਨੇ ਤੰਬਾਕੂ ਦੇ ਖੋਖਿਆਂ ਨੂੰ ਅੱਗਾਂ ਵੀ ਲਾਈਆਂ ਅਤੇ ਸ਼ਰਾਬ ਦੇ ਠੇਕੇ ਤੋੜੇ। ਸ੍ਰੀ ਅੰਮ੍ਰਿਤਸਰ-ਜਲੰਧਰ ਰੋਡ 'ਤੇ ਬਣੇ ਸਵਾਗਤੀ ਗੇਟ ਨੇੜਿਓਂ ਵੀ ਅਸੀਂ ਦੋ ਵਾਰ ਸ਼ਰਾਬ ਦਾ ਠੇਕਾ ਬੰਦ ਕਰਵਾਇਆ। ਦੂਜੀਆਂ ਸਰਕਾਰਾਂ ਨੇ ਤਾਂ ਇਸ ਮਾਮਲੇ ਉੱਤੇ ਕੀ ਕਰਨਾ ਸੀ ਸਗੋਂ ਅਖੌਤੀ ਪੰਥਕ ਬਾਦਲ ਸਰਕਾਰ ਨੇ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰਤਾ ਨੂੰ ਮੁੱਖ ਰੱਖਦਿਆਂ ਮੀਟ, ਸ਼ਰਾਬ ਅਤੇ ਤੰਬਾਕੂ ਦੀਆਂ ਦੁਕਾਨਾਂ ਬੰਦ ਨਾ ਕਰਵਾਈਆਂ ਤੇ ਜਿਹੜੇ ਸਿੰਘ ਇਸ ਖ਼ਿਲਾਫ਼ ਸੰਘਰਸ਼ ਕਰਦੇ ਰਹੇ ਉਹਨਾਂ ਉੱਤੇ ਕੇਸ ਦਰਜ ਹੁੰਦੇ ਰਹੇ। ਭਾਈ ਬਲਦੇਵ ਸਿੰਘ ਵਡਾਲਾ ਨੇ ਵੀ ਪਿਛਲੇ ਸਮੇਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਲਈ ਕਾਫ਼ੀ ਆਵਾਜ਼ ਚੁੱਕੀ ਸੀ, ਉਸ ਸਮੇਂ ਬਾਦਲਾਂ ਦੀ ਸਰਕਾਰ ਸੀ ਜਿਨ੍ਹਾਂ ਦੇ ਕੰਨ ਉੱਤੇ ਜੂੰ ਨਹੀਂ ਸਰਕੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੀ ਸਿੱਖਾਂ ਦੀ ਹਮਾਇਤੀ ਹੋਣ ਦਾ ਢਕਵੰਜ ਰਚਦੀ ਹੈ ਪਰ ਇਸ ਕੇਂਦਰ ਸਰਕਾਰ ਨੇ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਹੋਰ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਨਹੀਂ ਦਿੱਤਾ। ਹੁਣ ਤਾਂ ਭਾਜਪਾ ਦਾ ਇੱਕ ਆਗੂ ਜਗਮੋਹਨ ਸਿੰਘ ਰਾਜੂ ਵੀ ਪਿਛਲੇ ਕੁਝ ਮਹੀਨਿਆਂ ਤੋਂ ਸ੍ਰੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਦੀ ਮੰਗ ਕਰ ਰਿਹਾ ਹੈ, ਜਿਸ ਬਾਰੇ ਚਰਚਾ ਹੈ ਕਿ ਇਹ ਸਿਰਫ ਭਾਜਪਾ ਦੀ ਵੋਟ ਸਿਆਸਤ ਹੈ ਕਿਉਂਕਿ ਇਸੇ ਭਾਜਪਾ ਨੇ ਹੀ ਇਸ ਮੰਗ ਦਾ ਸਭ ਤੋਂ ਪਹਿਲਾਂ ਵਿਰੋਧ ਕੀਤਾ ਸੀ ਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵਿਰੁੱਧ ਕਾਰਵਾਈ ਤੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਵਾਉਣ ਲਈ ਪਿੜ ਬੰਨ੍ਹਿਆ ਸੀ। ਹੁਣ ਵੇਖਣਾ ਇਹ ਹੋਵੇਗਾ ਕਿ ਭਗਵੰਤ ਮਾਨ ਸਰਕਾਰ ਜੋ ਇਹਨਾਂ ਤਿੰਨਾਂ ਪਵਿੱਤਰ ਸ਼ਹਿਰਾਂ ਵਿੱਚੋਂ ਸ਼ਰਾਬ, ਮੀਟ ਤੇ ਤੰਬਾਕੂ ਦੀਆਂ ਦੁਕਾਨਾਂ ਬਾਹਰ ਕੱਢਦੀ ਵੀ ਹੈ ਜਾਂ ਫਿਰ ਪਹਿਲੀਆਂ ਸਰਕਾਰਾਂ ਵਾਂਗ ਜੁਮਲੇ ਹੀ ਛੱਡਦੀ ਹੈ। ਵੈਸੇ ਭਗਵੰਤ ਮਾਨ ਦੇ ਇਸ ਐਲਾਨ ਨਾਲ ਸਭ ਤੋਂ ਵੱਧ ਤਕਲੀਫ ਸੁਖਬੀਰ ਸਿੰਘ ਬਾਦਲ ਤੇ ਉਸ ਦੀ ਜੁੰਡਲੀ ਨੂੰ ਹੋ ਰਹੀ ਹੈ ਕਿਉਂਕਿ ਸਿੱਖ ਸੰਗਤਾਂ ਸਭ ਤੋਂ ਵੱਧ ਲਾਹਣਤਾਂ ਇਸ ਗਦਾਰ ਟੋਲੇ ਨੂੰ ਹੀ ਪਾ ਰਹੀਆਂ ਹਨ। ਇੱਕ ਗੱਲ ਉੱਤੇ ਹੋਰ ਵੀ ਧਿਆਨ ਦੇਣ ਦੀ ਲੋੜ ਹੈ ਕਿ ਭਗਵੰਤ ਮਾਨ ਸਰਕਾਰ ਨੇ ਇਸ ਐਲਾਨ ਦੌਰਾਨ ਸਿਰਫ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਨੂੰ ਹੀ ਪਵਿੱਤਰ ਕਰਨ ਦੀ ਗੱਲ ਕੀਤੀ ਹੈ। ਜਦ ਕਿ ਗਲਿਆਰੇ ਵਿੱਚੋਂ ਤਾਂ ਸਿੱਖ ਜਥੇਬੰਦੀਆਂ ਪਹਿਲਾਂ ਹੀ ਮੀਟ, ਸ਼ਰਾਬ ਤੇ ਤੰਬਾਕੂ ਦੀਆਂ ਦੁਕਾਨਾਂ ਬੰਦ ਕਰਵਾ ਚੁੱਕੀਆਂ ਹਨ। ਇਸ ਐਲਾਨ ਮੁਤਾਬਕ ਗਲਿਆਰੇ ਦਾ ਦਾਇਰਾ ਕਿੰਨਾ ਕੁ ਹੈ ? ਆਮ ਆਦਮੀ ਪਾਰਟੀ ਦੇ ਆਗੂ ਸਰਦਾਰ ਕੁਲਤਾਰ ਸਿੰਘ ਸੰਧਵਾ ਸਪੱਸ਼ਟੀਕਰਨ ਦਿੰਦੇ ਹਨ ਕਿ ਕੀ ਇਹ ਫੈਸਲਾ ਚਾਰ ਦੀਵਾਰੀ ਤੱਕ ਲਾਗੂ ਹੋਵੇਗਾ। ਹੁਣ ਇਹ ਚਾਰ ਦੀਵਾਰੀ ਦਾ ਘੇਰਾ ਵੀ ਕਿੰਨਾ ਕੁ ਹੈ ? ਕੀ ਸਰਕਾਰ ਸ੍ਰੀ ਅੰਮ੍ਰਿਤਸਰ ਦੇ ਸਿੱਖ ਰਾਜ ਸਮੇਂ ਬਣੇ 12 ਦਰਵਾਜ਼ਿਆਂ ਵਿੱਚੋਂ ਇਹ ਦੁਕਾਨਾਂ ਬੰਦ ਕਰਵਾਉਣ ਦੀ ਗੱਲ ਕਰ ਰਹੀ ਹੈ ਜਾਂ ਫਿਰ ਚਾਰ ਦੀਵਾਰੀ ਵੀ ਬਹੁਤ ਘੱਟ ਜਗ੍ਹਾ ਤੱਕ ਸੀਮਤ ਰੱਖੀ ਹੈ। ਸੋ ਸਰਕਾਰ ਨੇ ਇਹ ਭੰਬਲਭੂਸਾ ਕਿਉਂ ਪੈਦਾ ਕੀਤਾ ਹੈ ? ਸੋ ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਗਲਿਆਰੇ ਜਾਂ ਚਾਰ ਦਿਵਾਰੀ ਤੱਕ ਸੀਮਤ ਨਾ ਰਹੋ, ਬਲਕਿ ਪੂਰੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚੋਂ ਮੀਟ, ਸ਼ਰਾਬ ਅਤੇ ਤੰਬਾਕੂ ਦੀਆਂ ਦੁਕਾਨਾਂ ਪੱਕੇ ਤੌਰ ਉੱਤੇ ਬੰਦ ਕਰੋ।
Leave a Reply