ਸ਼ਹੀਦਾਂ ਦੇ ਪਰਿਵਾਰਾਂ ਦੀ ਆੜ ਹੇਠ ਸੰਘਰਸ਼ ਨੂੰ ਬਦਨਾਮ ਕਰਨ ਦੀ ਸਾਜ਼ਿਸ਼
- ਧਾਰਮਿਕ/ਰਾਜਨੀਤੀ
- 10 Mar, 2026 05:55 PM (Asia/Kolkata)
ਕੁਝ ਵਿਅਕਤੀਆਂ ਦੀ ਸਿੱਖ ਸੰਘਰਸ਼ ਨੂੰ ਨੀਵਾਂ ਵਿਖਾਉਣ ਦੀ ਆਦਤ ਬਣ ਗਈ ਹੈ, ਉਹ ਸ਼ਹੀਦਾਂ ਦੇ ਪਰਿਵਾਰਾਂ ਦਾ ਮੋਢਾ ਵਰਤ ਕੇ ਖ਼ਾਲਸਾ ਪੰਥ ਨੂੰ ਮਿਹਣੇ ਮਾਰਦੇ ਨੇ, ਖ਼ਾਲਿਸਤਾਨੀ ਜੁਝਾਰੂ ਸਿੰਘਾਂ ਨੂੰ ਗ਼ਲਤ ਸਾਬਤ ਕਰਦੇ ਨੇ ਤੇ ਪੰਥਕ ਜਥੇਬੰਦੀਆਂ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਮਾਹੌਲ ਤਿਆਰ ਕਰਦੇ ਹਨ। ਉਹ ਸ਼ਹੀਦਾਂ ਦੇ ਪਰਿਵਾਰਾਂ ਦੇ ਹਮਦਰਦ ਬਣ ਕੇ ਅਤੇ ਮਦਦ ਕਰਾਉਣ ਦੇ ਬਹਾਨੇ ਵੀਡੀਓ ਬਣਾ ਕੇ ਖਾੜਕੂ ਸੰਘਰਸ਼ ਵਿਰੁੱਧ ਬੜੀ ਚਲਾਕੀ ਨਾਲ ਬਿਰਤਾਂਤ ਸਿਰਜਦੇ ਹਨ।
ਇਹਨਾਂ ਦੀਆਂ ਗੱਲਾਂ ਸੁਣ ਕੇ ਫਿਰ ਕੁਝ ਵੀਰ ਜੋ ਪੰਥਕ ਜਥੇਬੰਦੀਆਂ ਤੇ ਪੰਥਕ ਸ਼ਖਸੀਅਤਾਂ ਦੇ ਵਿਰੋਧ ਵਿੱਚ ਪੋਸਟਾਂ/ਕੁਮੈਂਟ ਕਰਨੇ ਸ਼ੁਰੂ ਕਰ ਦਿੰਦੇ ਹਨ ਤੇ ਇਹ ਲੋਕ ਇਸ ਨੂੰ ਆਪਣੀ ਬਹੁਤ ਵੱਡੀ ਪ੍ਰਾਪਤੀ ਸਮਝਦੇ ਹਨ ਕਿ ਅੱਜ ਅਸੀਂ ਐਨੇ ਪੰਥਕ ਸਿੰਘਾਂ ਨੂੰ ਕੌਮ ਤੋਂ ਹੀ ਮੰਦਾ ਅਖਵਾ ਦਿੱਤਾ। ਇਹਨਾਂ ਦੇ ਦੋਵਾਂ ਹੱਥਾਂ 'ਚ ਹੀ ਲੱਡੂ ਹੁੰਦੇ ਨੇ ਨਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਜ਼ਲੀਲ ਕਰ ਜਾਂਦੇ ਨੇ, ਨਾਲੇ ਖ਼ਾਲਿਸਤਾਨੀ ਸੰਘਰਸ਼ ਤੋਂ ਸੰਗਤਾਂ ਨੂੰ ਦੂਰ ਕਰਨ ਲਈ ਆਪਣੇ ਏਜੰਡੇ 'ਤੇ ਕੰਮ ਕਰ ਜਾਂਦੇ ਨੇ।
ਮੈਂ ਪਿਛਲੇ ਸਮੇਂ ਤੋਂ ਵੇਖ ਰਿਹਾਂ ਕਿ ਕੁਝ ਵਿਅਕਤੀ ਜੋ ਮਾਇਕ-ਕੈਮਰਾ ਚੁੱਕ ਕੇ ਸ਼ਹੀਦਾਂ ਦੇ ਪਰਿਵਾਰਾਂ ਦੇ ਘਰਾਂ 'ਚ ਜਾ ਕੇ ਆਖਦੇ ਨੇ ਕਿ ਅੱਜ ਤੱਕ ਇੱਥੇ ਕੋਈ ਨਹੀਂ ਆਇਆ, ਕਿਸੇ ਅਖੌਤੀ ਪੰਥਕ, ਖ਼ਾਲਿਸਤਾਨੀ ਤੇ ਲੇਖਕ ਨੇ ਗੇੜਾ ਨਹੀਂ ਮਾਰਿਆ, ਕਿਸੇ ਨੇ ਸ਼ਹੀਦ ਦਾ ਇਤਿਹਾਸ ਨਹੀਂ ਲਿਖਿਆ, ਪਰਿਵਾਰ ਦੀ ਸਾਰ ਨਹੀਂ ਲਈ ਤੇ ਹੋਰ ਵੀ ਬਹੁਤ ਕੁਝ ਕਿਹਾ ਜਾਂਦਾ ਹੈ। ਉਹ ਵਿਅਕਤੀ ਲੋਕਾਂ ਨੂੰ ਇਹ ਦੱਸ ਰਿਹਾ ਹੁੰਦਾ ਕਿ ਸ਼ਹੀਦਾਂ ਨੂੰ ਕੋਈ ਨਹੀਂ ਜੇ ਪੁੱਛਦਾ, ਇਸ ਘਰ ਦੇ ਜੀਅ ਨੇ ਖਾੜਕੂ ਬਣ ਕੇ ਬੜੀ ਵੱਡੀ ਗਲਤੀ ਕੀਤੀ, ਹੁਣ ਇਹ ਭੁੱਖੇ ਮਰਦੇ ਨੇ, ਕਿਸੇ ਨੇ ਇਹਨਾਂ ਬਾਰੇ ਇੱਕ ਅੱਖਰ ਵੀ ਨਹੀਂ ਲਿਖਿਆ ਤੇ ਨਾ ਹੀ ਕਦੇ ਕਿਸੇ ਨੇ ਸਨਮਾਨ ਦਿੱਤਾ ਹੈ।
ਜਿਨ੍ਹਾਂ ਵੀਰਾਂ ਨੂੰ ਸੱਚਾਈ ਪਤਾ ਹੁੰਦੀ ਹੈ ਉਹ ਇਸ ਗੱਲ ਤੋਂ ਜਾਣੂੰ ਹੁੰਦੇ ਨੇ ਕਿ ਇਹ ਸਿਰੇ ਦਾ ਝੂਠ ਬੋਲ ਰਿਹਾ ਹੈ। ਇਸ ਨੂੰ ਤਾਂ ਆਪ ਸੁਰਤ ਹੁਣ ਆਈ ਹੈ ਇਸ 'ਚ ਕੌਮ ਦਾ ਕੀ ਕਸੂਰ! ਇਹ ਤਾਂ ਸਿੱਖ ਸੰਘਰਸ਼ ਵਿਰੋਧੀ ਏਜੰਡੇ ਤਹਿਤ ਕੰਮ ਕਰ ਰਿਹਾ ਹੈ ਜਾਂ ਫਿਰ ਜਾਣੇ-ਅਣਜਾਣੇ 'ਚ ਹੀ ਬੇਵਕੂਫ਼ੀ ਕਰ ਰਿਹਾ ਹੈ। ਕਿਉਂਕਿ ਉਸ ਸ਼ਹੀਦ ਸਿੰਘ ਦੇ ਪਰਿਵਾਰ ਤੱਕ ਕੋਈ ਨਾ ਕੋਈ ਸਿੰਘ, ਜਥੇਬੰਦੀ, ਆਗੂ, ਦਾਨੀ ਸੱਜਣ, ਪੰਥਕ ਲੇਖਕ ਜਾਂ ਕੋਈ ਹੋਰ ਜ਼ਰੂਰ ਪਹੁੰਚਿਆ ਹੁੰਦਾ ਹੈ।
ਇਹਨਾਂ ਵਿਅਕਤੀਆਂ ਵੱਲੋਂ ਜਿਹੜੇ ਸ਼ਹੀਦਾਂ ਸਿੰਘਾਂ ਦੇ ਘਰਾਂ 'ਚ ਜਾ ਕੇ ਵੀਡੀਓ ਬਣਾਈਆਂ ਜਾਂਦੀਆਂ ਹਨ ਤੇ ਨਾਲੇ ਰੱਜ ਕੇ ਪੰਥ ਨੂੰ ਕੋਸਿਆ ਜਾਂਦਾ ਹੈ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੈਂ ਪਿਛਲੇ ਦਸ-ਪੰਦਰਾਂ ਸਾਲ ਪਹਿਲਾਂ ਹੀ ਮਿਲ ਚੁੱਕਾ ਹਾਂ, ਸ਼ਹੀਦਾਂ ਦੇ ਬਹੁਤਾਂਤ ਘਰਾਂ, ਸ਼ਹਿਰਾਂ, ਪਿੰਡਾਂ, ਕਸਬਿਆਂ, ਬਹਿਕਾਂ, ਡੇਰਿਆਂ ਤੇ ਹੋਰ ਠਾਹਰਾਂ 'ਤੇ ਗਿਆ ਹਾਂ। ਘਰਾਂ-ਪਰਿਵਾਰਾਂ ਨੂੰ ਬੜੀ ਮੁਸ਼ਕਿਲ ਲੱਭਿਆ, ਸ਼ਹੀਦਾਂ ਦੇ ਬਚੇ ਸਾਥੀਆਂ ਨੂੰ ਵੀ ਮਿਲਿਆਂ, ਜੀਵਨ ਇਤਿਹਾਸ ਲਿਖਿਆ, ਖ਼ਾਲਸਾ ਫ਼ਤਹਿਨਾਮਾ ਰਸਾਲਾ, ਪਹਿਰੇਦਾਰ ਅਖ਼ਬਾਰ, ਸੋਸ਼ਲ ਮੀਡੀਆ, ਵੈੱਬਸਾਈਟ ਅਤੇ ਤਵਾਰੀਖ ਸ਼ਹੀਦ-ਏ-ਖ਼ਾਲਿਸਤਾਨ ਕਿਤਾਬਾਂ ਤੇ ਹੋਰ ਸਾਹਿਤ ਵਿੱਚ ਛਾਪਿਆ। ਬਾਕੀ ਰਹਿੰਦਾ ਵੀ ਹੌਲੀ-ਹੌਲੀ ਛਪੇਗਾ, ਦਿਨ-ਰਾਤ ਕਾਰਜ ਜਾਰੀ ਹਨ, ਸੈਂਕੜੇ ਪਰਿਵਾਰਾਂ ਦੀ ਮਾਲੀ ਸਹਾਇਤਾ ਵੀ ਕਰਵਾਈ, ਦਾਸ ਨੇ ਤਾਂ ਆਪਣੀ ਜ਼ਿੰਦਗੀ ਹੀ ਇਸ ਲੇਖੇ ਲਾਈ ਹੋਈ ਹੈ।
ਮੇਰੇ ਤੋਂ ਪਹਿਲਾਂ ਮੇਰੇ ਵੱਡੇ ਵੀਰ ਭਾਈ ਸਰਬਜੀਤ ਸਿੰਘ ਘੁਮਾਣ ਨੇ ਅਨੇਕਾਂ ਸ਼ਹੀਦਾਂ ਦੀ ਜੀਵਨੀਆਂ ਲਿਖੀਆਂ, ਪਰਿਵਾਰਾਂ ਦੀ ਮਦਦ ਕੀਤੀ ਤੇ ਉਹਨਾਂ ਦੀ ਪ੍ਰੇਰਨਾ ਸਦਕਾ ਮੈਂ ਵੀ ਡਟ ਗਿਆਂ। ਮੈਂ ਜਦੋਂ ਸ਼ਹੀਦਾਂ ਦੇ ਪਰਿਵਾਰਾਂ ਕੋਲ ਗਿਆ ਤਾਂ ਅਨੇਕਾਂ ਪਰਿਵਾਰਾਂ ਨੇ ਦੱਸਿਆ ਕਿ 'ਤੁਹਾਡੇ ਤੋਂ ਪਹਿਲਾਂ ਆਹ ਸਿੰਘ ਜਾਂ ਫਲਾਣੀ ਜਥੇਬੰਦੀ ਵਾਲੇ ਵੀ ਆਏ ਸਨ।' ਜੇ ਕਿਸੇ ਪਰਿਵਾਰ ਤਕ ਹੋਰ ਕਿਸੇ ਦੀ ਪਹੁੰਚ ਨਹੀਂ ਹੋਈ, ਮੈਂ ਹੀ ਖੋਜ ਕਰਕੇ ਪਹਿਲੀ ਵਾਰ ਅੱਪੜ ਗਿਆ ਤਾਂ ਮੈਂ ਆਪਣੇ ਧੰਨਭਾਗ ਸਮਝੇ, ਪਰਿਵਾਰ ਨਾਲ ਬੈਠ ਕੇ ਕੌਮ ਨੂੰ ਕਦੇ ਮਿਹਣੇ ਨਹੀਂ ਮਾਰੇ ਸਗੋਂ ਪਰਿਵਾਰ ਦਾ ਰੋਸ ਆਪਣੇ ਉੱਤੇ ਝੱਲ ਕੇ ਉਹਨਾਂ ਨੂੰ ਮੁੜ ਸੰਘਰਸ਼ ਦਾ ਪਾਂਧੀ ਬਣਾਇਆ।
ਮੇਰੇ ਵਾਂਗ ਕਈ ਹੋਰ ਲੇਖਕ, ਜਥੇਬੰਦੀਆਂ, ਪ੍ਰਕਾਸ਼ਕ, ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਹੋਰ ਪੰਥ ਦਰਦੀ ਵੀਰ ਇਸ ਖੇਤਰ ਵਿੱਚ ਕਾਰਜ ਕਰ ਰਹੇ ਹਨ ਤੇ ਸੰਘਰਸ਼ ਦੀ ਸੱਚੀ-ਸੁੱਚੀ ਪਹਿਰੇਦਾਰੀ, ਖਾੜਕੂ ਵਿਚਾਰਧਾਰਾ ਨੂੰ ਠੀਕ ਦਰਸਾਉਣ ਤੇ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਲੈਣ ਵਿੱਚ ਲੱਗੇ ਹੋਏ ਹਨ, ਦੇਸ਼-ਵਿਦੇਸ਼ ਦੀਆਂ ਬੇਅੰਤ ਸੰਗਤਾਂ ਤੇ ਜਥੇਬੰਦੀਆਂ ਜੋ ਸ਼ਹੀਦਾਂ ਦੇ ਪਰਿਵਾਰਾਂ ਦੀ ਸਮੇਂ-ਸਮੇਂ ਉੱਤੇ ਸਹਾਇਤਾ ਕਰਕੇ ਪੰਥਕ ਫ਼ਰਜ਼ ਨਿਭਾਅ ਰਹੀਆਂ ਹਨ।
ਸਾਡੇ ਸਾਹਮਣੇ ਕਈ ਪਰਿਵਾਰਾਂ ਦੇ ਘਰ ਬਣੇ, ਇਲਾਜ ਹੋਏ, ਬੱਚਿਆਂ ਦੀਆਂ ਫੀਸਾਂ ਤਰੀਆਂ, ਧੀਆਂ ਦੇ ਵਿਆਹ ਹੋਏ, ਮਾਣ-ਸਨਮਾਨ ਹੋਏ, ਮਾਇਕ ਮਦਦ ਹੋਈ, ਬੱਚੇ ਵਿਦੇਸ਼ਾਂ ਵਿੱਚ ਵੀ ਗਏ ਤੇ ਹੋਰ ਲੋੜਾਂ ਪੂਰੀਆਂ ਕਰਨ ਦਾ ਪੰਥ ਨੇ ਯਤਨ ਕੀਤਾ ਪਰ ਇਸ ਸਭ ਦੇ ਬਾਵਜੂਦ ਵੀ ਕੁਝ ਵਿਅਕਤੀ ਇਹ ਪ੍ਰਚਾਰਦੇ ਨੇ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੌਮ ਨੇ ਵਿਸਾਰ ਦਿੱਤਾ, ਕਿਸੇ ਨੇ ਵਾਤ ਨਹੀਂ ਪੁੱਛੀ, ਸ਼ਹੀਦਾਂ ਦੇ ਪਰਿਵਾਰਾਂ ਵੱਲ ਕੋਈ ਮੂੰਹ ਨਹੀਂ ਕਰਦਾ ਜਦ ਕਿ ਇਹ ਕੋਰਾ ਝੂਠ ਹੈ, ਕੁਫ਼ਰ ਹੈ, ਬੇਈਮਾਨੀ-ਮੱਕਾਰੀ ਅਤੇ ਅਕ੍ਰਿਤਘਣਤਾ ਹੈ।
ਜੇ ਕਿਸੇ ਸ਼ਹੀਦ ਸਿੰਘ ਅਤੇ ਸੰਘਰਸ਼ੀ ਪਰਿਵਾਰ ਤੱਕ ਕਿਸੇ ਸਿੰਘ ਜਾਂ ਜਥੇਬੰਦੀ ਦੀ ਪਹੁੰਚ ਨਹੀਂ ਹੋਈ ਤਾਂ ਪੰਥਕ ਫ਼ਰਜ਼ ਸਮਝ ਕੇ ਓਥੇ ਜਿਹੜਾ ਵੀ ਵਿਅਕਤੀ ਜਾਵੇ ਤਾਂ ਉਹ ਵਾਹਿਗੁਰੂ ਦਾ ਸ਼ੁਕਰ ਮਨਾਵੇ ਕਿ ਉਸਦੇ ਹਿੱਸੇ ਇਹ ਸੇਵਾ ਆਈ ਹੈ, ਪਰ ਹੋ ਉਲਟ ਰਿਹਾ ਹੈ ਉਹ ਵਿਅਕਤੀ ਆਪਣੇ ਮੂੰਹ 'ਚ ਮਾਇਕ ਤੁੰਨ ਕੇ ਤੇ ਫੇਸਬੁੱਕ 'ਤੇ ਚਾਰ ਅੱਖਰ ਲਿਖ ਕੇ ਪੰਥ ਨੂੰ ਮਿਹਣੇ ਮਾਰਨ ਲੱਗ ਜਾਂਦਾ ਹੈ, ਉਸਨੂੰ ਵਹਿਮ ਹੋ ਜਾਂਦਾ ਹੈ ਕਿ ਸ਼ਾਇਦ ਸ਼ਹੀਦਾਂ ਦੇ ਪਰਿਵਾਰ ਉਸ ਦੇ ਹੀ ਸਿਰ 'ਤੇ ਪਲਦੇ ਹਨ, ਜੇ ਉਹ ਨਾ ਹੁੰਦਾ ਤਾਂ ਸ਼ਾਇਦ ਪਰਿਵਾਰਾਂ ਨੇ ਅੱਜ ਰੋਟੀ ਖਾਧੇ ਬਿਨਾਂ ਹੀ ਸੌਣਾ ਸੀ, ਪਤਾ ਨਹੀਂ ਉਹ ਵਿਅਕਤੀ ਆਪਣੇ ਆਪ ਨੂੰ ਕਿਉਂ ਐਨਾ ਮਹਾਨ ਸਮਝੀ ਫਿਰਦੇ ਨੇ ਤੇ ਪੰਥਕ ਸਿੰਘਾਂ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ।
ਇਹਨਾਂ ਵਿੱਚੋਂ ਇੱਕ-ਦੋ ਵਿਅਕਤੀਆਂ ਨੂੰ ਮੈਂ ਫ਼ੋਨ 'ਤੇ ਸਮਝਾਇਆ ਵੀ ਅਤੇ ਹੋਰ ਵੀ ਕਈ ਸਿੰਘਾਂ ਨੇ ਉਹਨਾਂ ਨੂੰ ਮੱਤ ਦਿੱਤੀ, ਉਹਨਾਂ ਆਪਣੀ ਗ਼ਲਤੀ ਮੰਨੀ ਤੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਵਾਅਦਾ ਕੀਤਾ ਪਰ ਉਹ ਫਿਰ ਬਾਜ ਨਾ ਆਏ ਜਿਸ ਤੋਂ ਸਪੱਸ਼ਟ ਹੈ ਕਿ ਇਹ ਵਿਅਕਤੀ ਜਾਣਬੁੱਝ ਕੇ ਸ਼ਹੀਦਾਂ ਦੇ ਪਰਿਵਾਰਾਂ ਦੀ ਆੜ ਹੇਠ ਸਿੱਖ ਸੰਘਰਸ਼ ਖ਼ਿਲਾਫ਼ ਕੰਮ ਕਰਦੇ ਹਨ, ਇੱਧਰ ਪੰਥ ਨੂੰ ਗੁੰਮਰਾਹ ਕਰਕੇ ਆਪਣਾ ਕੰਮ ਚਲਾਈ ਜਾਂਦੇ ਨੇ, ਓਧਰ ਸਰਕਾਰ ਦੀ ਸ਼ਾਬਾਸ਼ ਹਾਸਲ ਕਰੀ ਜਾਂਦੇ ਨੇ। ਜਦ ਇਹਨਾਂ ਵਿਅਕਤੀਆਂ ਦੇ ਅੱਗੇ ਤਸਵੀਰਾਂ, ਵੀਡੀਓਜ਼, ਰਸਾਲੇ ਤੇ ਹੋਰ ਸਬੂਤ ਰੱਖੇ ਜਾਂਦੇ ਨੇ ਤਾਂ ਫਿਰ ਇਹ ਸ਼ਹੀਦਾਂ ਦੇ ਪਰਿਵਾਰਾਂ ਦੇ ਸਿਰ ਭਾਂਡਾ ਭੰਨ ਦਿੰਦੇ ਨੇ ਕਿ ਸਾਨੂੰ ਪਰਿਵਾਰਾਂ ਨੇ ਨਹੀਂ ਦੱਸਿਆ, ਪਰਿਵਾਰਾਂ ਨੇ ਸਾਨੂੰ ਝੂਠ ਬੋਲਿਆ, ਅਸੀਂ ਤਾਂ ਪਰਿਵਾਰਾਂ ਦੇ ਕਹਿਣ 'ਤੇ ਬੋਲ ਬੈਠੇ ਜਾਂ ਕਹਿਣਗੇ ਕਿ ਜਜ਼ਬਾਤੀ ਹੋ ਗਏ ਸੀ, ਗੱਲ ਪੇਸ਼ ਕਰਨ 'ਚ ਗੜਬੜ ਹੋ ਗਈ ਜਾਂ ਕਹਿੰਦੇ ਨੇ ਕਿ ਅਸੀਂ ਤਾਂ ਸੱਚ ਸਾਹਮਣੇ ਰੱਖਦੇ ਹਾਂ ਤਾਂ ਕਰਕੇ ਲੋਕ ਸਾਡਾ ਵਿਰੋਧ ਕਰਦੇ ਨੇ।'
ਇਹਨਾਂ ਨੂੰ ਕੌਣ ਸਮਝਾਵੇ ਕਿ ਤੁਹਾਡੇ ਵੱਲੋਂ ਸਾਜ਼ਿਸ਼ ਤਹਿਤ ਫੈਲਾਏ ਜਾ ਰਹੇ ਝੂਠ ਕਰਕੇ ਸਿੱਖ ਸੰਘਰਸ਼ ਦਾ ਅਥਾਹ ਨੁਕਸਾਨ ਹੋ ਰਿਹਾ ਹੈ। ਹਕੂਮਤ ਜੋ ਚਾਹੁੰਦੀ ਹੈ ਤੁਸੀਂ ਓਹੀ ਕਰ ਰਹੇ ਹੋ, ਤੁਸੀਂ ਪਰਿਵਾਰਾਂ ਦੀ ਮਦਦ ਤਾਂ ਕਰਵਾ ਦਿੰਦੇ ਹੋ ਪਰ ਉਹਨਾਂ ਪਰਿਵਾਰਾਂ ਅਤੇ ਸੰਗਤਾਂ ਦੇ ਮਨਾਂ ਵਿੱਚ ਸੰਘਰਸ਼ ਖ਼ਿਲਾਫ਼ ਜ਼ਹਿਰ ਵੀ ਭਰ ਦਿੰਦੇ ਹੋ ਕਿ ਹੁਣ ਇਸ ਰਸਤੇ ਨਾ ਕਦੇ ਤੁਰਿਓ, ਪੰਥ ਕਦਰ ਨਹੀਂ ਪਾਉਂਦਾ, ਪੰਥਕ ਜਥੇਬੰਦੀਆਂ ਦਾ ਕਦੇ ਸਾਥ ਨਾ ਦਿਓ, ਸੰਘਰਸ਼ੀ ਸਿੰਘਾਂ ਨੂੰ ਸਰਕਾਰੀ ਕਹਿ ਕੇ ਸਰਟੀਫਿਕੇਟ ਦਿਓ, ਇਹਨਾਂ ਉਤੇ ਸਵਾਲੀਆ ਚਿੰਨ੍ਹ ਲਾਓ ਤੇ ਸੰਗਤਾਂ 'ਚ ਬਦਨਾਮ ਕਰੋ।
ਇਹ ਵਿਅਕਤੀ ਜੋ ਖੁਦ ਸਰਕਾਰਾਂ ਦੇ ਕੈਟ-ਟਾਊਟ ਨੇ ਪਰ ਉਲਟਾ ਪੰਥਕ ਸਿੰਘਾਂ ਉੱਤੇ ਦੋਸ਼ ਲਾਉਂਦੇ ਨੇ, ਇਹ ਆਪ ਤਾਂ ਬਦਨਾਮ ਹੁੰਦੇ ਹੀ ਨੇ ਤੇ ਦੂਜਿਆਂ ਉਤੇ ਵੀ ਚਿੱਕੜ ਸੁੱਟਦੇ ਨੇ, ਸੰਗਤ ਵਿੱਚ ਚੰਗੇ ਬਣਨ ਲਈ ਆਪਣੇ ਮੂੰਹੋਂ ਹੀ ਮੀਆਂ-ਮਿੱਠੂ ਬਣੇ ਫਿਰਦੇ ਨੇ। ਇਹਨਾਂ ਦੀਆਂ ਗੱਲਾਂ ਅਤੇ ਗਤੀਵਿਧੀਆਂ ਹਮੇਸ਼ਾਂ ਪੰਥਕ ਸਿੰਘਾਂ, ਜਥੇਬੰਦੀਆਂ ਤੇ ਸੰਘਰਸ਼ ਖ਼ਿਲਾਫ਼ ਹੋਣਗੀਆਂ। ਇਹਨਾਂ ਦੇ ਮੂੰਹੋਂ ਤੁਸੀਂ ਕਦੇ ਖ਼ਾਲਿਸਤਾਨ ਦੇ ਸੰਘਰਸ਼ ਅਤੇ ਨਿਸ਼ਾਨੇ ਦੀ ਗੱਲ ਨਹੀਂ ਸੁਣੋਗੇ, ਇਹ ਤੁਹਾਨੂੰ ਪੰਥਕ ਜਥੇਬੰਦੀਆਂ ਦੇ ਪ੍ਰੋਗਰਾਮਾਂ, ਮਾਰਚਾਂ, ਪ੍ਰਦਰਸ਼ਨਾਂ, ਸੈਮੀਨਾਰਾਂ, ਸਮਾਗਮਾਂ ਅਤੇ ਹੋਰ ਕਾਰਵਾਈਆਂ 'ਚ ਨਹੀਂ ਦਿਸਣਗੇ।
ਜਿਸ ਕਿਸੇ ਨੂੰ ਵੀ ਸ਼ੰਕਾ ਹੋਵੇ ਜਾਂ ਮਨ 'ਚ ਕੋਈ ਸਵਾਲ ਹੋਵੇ ਕਿ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਂਹ ਫੜੀ ਗਈ ਹੈ ਜਾਂ ਨਹੀਂ, ਉਹ ਇਸ ਖੇਤਰ ਵਿੱਚ ਕੰਮ ਕਰਦੇ ਲੇਖਕਾਂ, ਪੰਥਕ ਸ਼ਖਸੀਅਤਾਂ, ਜਥੇਬੰਦੀਆਂ, ਟਰੱਸਟਾਂ, ਅਦਾਰਿਆਂ ਅਤੇ ਹੋਰ ਜਾਣਕਾਰ ਸੱਜਣਾਂ ਨਾਲ ਜਾਂ ਦਾਸ ਨਾਲ ਸੰਪਰਕ ਕਰ ਲੈਣ ਤੇ ਸਾਡੇ ਨਾਲ ਕੁਝ ਦਿਨ ਵਿਚਰ ਕੇ ਵੇਖ ਲੈਣ ਉਹਨਾਂ ਨੂੰ ਸੱਚਾਈ ਪਤਾ ਲੱਗ ਜਾਵੇਗੀ।
ਪੰਥ ਤੇ ਪੰਜਾਬ ਲਈ ਆਪਾ ਵਾਰਨ ਵਾਲੇ ਸ਼ਹੀਦ ਸਿੰਘ ਸਾਡੇ ਲਈ ਪੂਜਣਯੋਗ ਹਨ, ਉਹਨਾਂ ਦੇ ਪਰਿਵਾਰ ਸਤਿਕਾਰਯੋਗ ਹਨ, ਪਰਿਵਾਰਾਂ ਨੇ ਵੀ ਬਹੁਤ ਤਸੀਹੇ ਝੱਲੇ ਹਨ, ਕਈਆਂ ਦੇ ਆਰਥਿਕ ਹਲਾਤ ਚੰਗੇ ਤੇ ਕਈਆਂ ਦੇ ਮੰਦੇ ਹਨ, ਉਹਨਾਂ ਬਾਰੇ ਲਿਖਣਾ-ਬੋਲਣਾ ਚਾਹੀਦਾ ਹੈ, ਸਾਰਥਿਕ ਢੰਗ ਨਾਲ ਕੌਮ ਨੂੰ ਅਪੀਲ ਕਰਕੇ ਮਦਦ ਵੀ ਕਰਵਾਉਣੀ ਚਾਹੀਦੀ ਹੈ। ਪਰਿਵਾਰਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਪੰਥ ਦੇ ਨਾਲ ਖੜ੍ਹਨ, ਸ਼ਹੀਦ ਸਿੰਘ ਦੀ ਸੋਚ 'ਤੇ ਪਹਿਰਾ ਦੇਣ, ਸਿੱਖ ਸੰਗਤਾਂ ਨੇ ਜੋ ਮਾਣ-ਸਤਿਕਾਰ ਦਿੱਤਾ ਉਸ ਨੂੰ ਛੁਪਾਉਣ ਦੀ ਬਜਾਏ ਸੱਚ ਦੱਸਣ ਤੇ ਪੰਥ ਵਿਰੋਧੀਆਂ ਦੇ ਮੂੰਹ ਬੰਦ ਕਰਵਾਉਣ।
ਖ਼ਾਲਸਾ ਜੀ! ਇਹ ਵੀ ਸੱਚ ਹੈ ਕਿ ਕਈ ਸ਼ਹੀਦਾਂ ਦੇ ਪਰਿਵਾਰ ਆਰਥਿਕ ਪੱਖੋਂ ਐਨੇ ਸੌਖੇ ਨੇ ਕਿ ਉਹ ਦੂਜਿਆਂ ਦੀ ਮਦਦ ਕਰਦੇ ਨੇ, ਕਈ ਐਨੇ ਔਖੇ ਨੇ ਕਿ ਉਹਨਾਂ ਦਾ ਸਹਾਰਾ ਬਣਨ ਦੀ ਲੋੜ ਹੈ ਤੇ ਇਹ ਸੇਵਾ ਪੰਥ ਨੂੰ ਤਾਅਨੇ-ਮਿਹਣੇ ਮਾਰਨ ਤੋਂ ਬਗੈਰ ਵੀ ਕੀਤੀ ਜਾ ਸਕਦੀ ਹੈ। ਅਖ਼ੀਰ 'ਤੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ ਕਿ ਕਿਸੇ ਵੀ ਘਰ-ਪਰਿਵਾਰ ਦੀਆਂ ਲੋੜਾਂ ਕਦੇ ਵੀ ਪੂਰਨ ਤੌਰ 'ਤੇ ਪੂਰੀਆਂ ਨਹੀਂ ਹੋ ਸਕਦੀਆਂ, ਜਦੋਂ ਤੱਕ ਜ਼ਿੰਦਗੀ ਹੈ ਲੋੜਾਂ ਪੈਂਦੀਆਂ ਰਹਿਣਗੀਆਂ। ਜਿਸ ਸੰਘਰਸ਼ ਦੀ ਖ਼ਾਤਰ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਉਸ ਨੂੰ ਨਾ ਭੰਡੀਏ ਤੇ ਨਾ ਕਿਸੇ ਹੋਰ ਨੂੰ ਭੰਡਣ ਦੇਈਏ। ਸ਼ਹੀਦਾਂ ਦਾ ਕੌਮੀ ਨਿਸ਼ਾਨਾ ਪੂਰਾ ਕਰਨਾ ਸਾਡਾ ਸਭ ਦਾ ਫ਼ਰਜ਼ ਹੈ, ਆਓ ਆਪੋ ਆਪਣਾ ਯੋਗਦਾਨ ਪਾਈਏ।
ਅਜੋਕੇ ਹਲਾਤਾਂ ਨੂੰ ਵੇਖਦਿਆਂ ਇਹ ਲੇਖ ਲਿਖਣਾ ਮੇਰੀ ਮਜ਼ਬੂਰੀ ਬਣ ਗਈ ਸੀ, ਇਸ ਨੂੰ ਮੇਰੀ ਸ਼ਹੀਦਾਂ ਅਤੇ ਸੰਘਰਸ਼ ਪ੍ਰਤੀ ਵਫ਼ਾਦਾਰੀ ਸਮਝਣਾ। ਇਸ ਲੇਖ ਦਾ ਮਕਸਦ ਕਿਸੇ ਖ਼ਾਸ ਵਿਅਕਤੀ ਦਾ ਨਿੱਜੀ ਜਾਂ ਜਥੇਬੰਦਕ ਵਿਰੋਧ ਨਹੀਂ ਸਗੋਂ ਸਿੱਖ ਸੰਘਰਸ਼ ਦੀ ਸਲਾਮਤੀ, ਸ਼ਹੀਦਾਂ ਦਾ ਸਤਿਕਾਰ, ਸ਼ਹੀਦ ਪਰਿਵਾਰਾਂ ਦੀ ਸਥਿਤੀ ਨੂੰ ਦਰਸਾਉਣਾ ਅਤੇ ਸੰਗਤ ਨੂੰ ਗੁੰਮਰਾਹ ਹੋਣ ਤੋਂ ਬਚਾਉਣਾ ਹੈ। ਭੁੱਲ ਚੁੱਕ ਦੀ ਖ਼ਿਮਾ, ਗੁਰੂ ਭਲੀ ਕਰੇ, ਪ੍ਰਣਾਮ ਸ਼ਹੀਦਾਂ ਨੂੰ।

Leave a Reply