ਭਾਈ ਮੇਜਰ ਸਿੰਘ ਨਾਗੋਕੇ ਦੇ ਸ਼ਹੀਦੀ ਸਮਾਗਮ 'ਚ ਪੰਥਕ ਆਗੂਆਂ ਨੇ ਬਾਬੇ ਧੁੰਮੇ 'ਤੇ ਸਾਧੇ ਨਿਸ਼ਾਨੇ, ਖ਼ਾਲਿਸਤਾਨ ਦਾ ਸੰਘਰਸ਼ ਰੱਖਾਂਗੇ ਜਾਰੀ : ਰਣਜੀਤ ਸਿੰਘ ਟਕਸਾਲੀ/ਹਰਪਾਲ ਸਿੰਘ ਬਲੇਰ
- ਧਾਰਮਿਕ/ਰਾਜਨੀਤੀ
- 11 Jun, 2026 03:02 PM (Asia/Kolkata)
ਅੰਮ੍ਰਿਤਸਰ, 11 ਜੂਨ , ਜੁਗਰਾਜ ਸਿੰਘ ਸਰਹਾਲੀ- ਜੂਨ 1984 ਘੱਲੂਘਾਰੇ ਦੇ ਆਖ਼ਰੀ ਸ਼ਹੀਦ ਭਾਈ ਮੇਜਰ ਸਿੰਘ ਨਾਗੋਕੇ ਦੀ ਯਾਦ 'ਚ ਪਿੰਡ ਨਾਗੋਕੇ ਵਿਖੇ ਸ਼ਹੀਦੀ ਸਮਾਗਮ ਖ਼ਾਲਸਾਈ ਜਾਹੋ-ਜਲਾਲ ਨਾਲ ਕਰਵਾਇਆ ਗਿਆ। ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਕੀਰਤਨ ਹੋਇਆ, ਉਪਰੰਤ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਹਰਪਾਲ ਸਿੰਘ ਬਲੇਰ, ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਖ਼ਾਲਸਾ ਵੱਲੋਂ ਗਿਆਨੀ ਦਲੇਰ ਸਿੰਘ, ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ (ਨਜ਼ਰਬੰਦ ਡਿਬਰੂਗੜ੍ਹ ਜੇਲ੍ਹ) ਦੇ ਪਿਤਾ ਸ. ਤਰਸੇਮ ਸਿੰਘ, ਗੁਰਦੁਆਰਾ ਸ਼ਹੀਦ ਗੰਜ ਦੇ ਹੈੱਡ ਗ੍ਰੰਥੀ ਗਿਆਨੀ ਗੁਰਪ੍ਰੀਤ ਸਿੰਘ, ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੇ ਨੁਮਾਇੰਦੇ, ਭਾਈ ਪ੍ਰਤਾਪ ਸਿੰਘ ਧਰਮੀ ਫੌਜੀ ਅਤੇ ਸਰਪੰਚ ਸੰਦੀਪ ਸਿੰਘ ਨਾਗੋਕੇ, ਭਾਈ ਜਰਮਨਜੀਤ ਸਿੰਘ ਖ਼ਾਲਸਾ ਤੇ ਮਾਸਟਰ ਅਮਰਜੀਤ ਸਿੰਘ ਨੇ ਸ਼ਹੀਦਾਂ ਨੂੰ ਸਤਿਕਾਰ ਭੇਟ ਕੀਤਾ। ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀ ਵੱਲੋਂ ਸ਼ਹੀਦ ਭਾਈ ਮੇਜਰ ਸਿੰਘ ਨਾਗੋਕੇ ਦੇ ਸਪੁੱਤਰਾਂ ਭਾਈ ਕੁਲਦੀਪ ਸਿੰਘ ਤੇ ਭਾਈ ਗੁਰਪ੍ਰੀਤ ਸਿੰਘ ਤੇ ਨਾਗੋਕੇ ਪਿੰਡ ਦੇ ਹੋਰ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਹਲੇਮੀ ਰਾਜ ਦੀ ਗੱਲ ਤਾਂ ਗੁਰੂ ਨਾਨਕ ਸਾਹਿਬ ਤੋਂ ਹੀ ਸ਼ੁਰੂ ਹੋ ਗਈ ਸੀ, ਦਸ ਗੁਰੂ ਸਾਹਿਬਾਨਾਂ ਨੇ ਸਾਨੂੰ ਦੇਗ, ਤੇਗ, ਸ਼ਸਤਰ, ਸ਼ਾਸਤਰ ਅਤੇ ਤਖ਼ਤ ਬਖ਼ਸ਼ਿਸ਼ ਕੀਤੇ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਦੀ ਅਗਵਾਈ ਵਿੱਚ ਜੂਝਦਿਆਂ ਭਾਈ ਮੇਜਰ ਸਿੰਘ ਨਾਗੋਕੇ ਤੇ ਹੋਰ ਸਿੰਘਾਂ ਨੇ ਚਮਕੌਰ ਦੀ ਗੜ੍ਹੀ ਵਾਂਗ ਸ਼ਾਨਾਮੱਤਾ ਇਤਿਹਾਸ ਸਿਰਜਿਆ ਤੇ ਭਾਰਤੀ ਫੌਜਾਂ ਨੂੰ ਲੋਹੇ ਦੇ ਚਣੇ ਚਬਾਏ ਸਨ। ਉਹਨਾਂ ਕਿਹਾ ਕਿ ਭਾਰਤੀ ਸਟੇਟ ਦੇ ਇਸ ਹਮਲੇ ਵਿੱਚ ਕਾਂਗਰਸ ਅਸੀਂ ਭਾਜਪਾ ਬਰਾਬਰ ਦੀ ਦੋਸ਼ੀ ਸੀ। ਉਹਨਾਂ ਨੇ ਬਾਬਾ ਹਰਨਾਮ ਸਿੰਘ ਧੁੰਮਾ ਦੇ ਬਿਆਨਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਦੀ ਸੋਚ 'ਤੇ ਪਹਿਰਾ ਦਿੰਦੇ ਹੋਏ ਅਸੀਂ ਖ਼ਾਲਿਸਤਾਨ ਦੇ ਸੰਘਰਸ਼ ਨੂੰ ਜਾਰੀ ਰੱਖਾਂਗੇ ਤੇ ਹਰ ਸਾਲ ਛੇ ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਲੱਗਦੇ ਖ਼ਾਲਿਸਤਾਨ ਦੇ ਨਾਅਰੇ ਸਿੱਖੀ ਸਿਧਾਂਤਾਂ ਤੇ ਸਿੱਖ ਭਾਵਨਾਵਾਂ ਅਨੁਸਾਰ ਬਿਲਕੁਲ ਜਾਇਜ਼ ਹਨ ਤੇ ਅਸੀਂ ਦਮਦਮੀ ਟਕਸਾਲ ਮਹਿਤਾ ਨੂੰ ਭਾਜਪਾ ਦਾ ਅੱਡਾ ਨਹੀਂ ਬਣਨ ਦਿਆਂਗੇ। ਬਾਬਾ ਧੁੰਮਾਂ ਦਮਦਮੀ ਟਕਸਾਲ ਦਾ ਸਿਆਸੀਕਰਨ ਅਤੇ ਸਨਾਤਨੀਕਰਨ ਕਰਨਾ ਬੰਦ ਕਰੇ।
ਭਾਈ ਹਰਪਾਲ ਸਿੰਘ ਬਲੇਰ ਨੇ ਕਿਹਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸੰਤ ਭਿੰਡਰਾਂਵਾਲਿਆਂ ਦੀ ਸੋਚ ਦੇ ਪਹਿਰੇਦਾਰ ਹਨ ਤੇ ਇਸ ਸੰਘਰਸ਼ ਨੂੰ ਜਾਰੀ ਰੱਖਣ ਵਿੱਚ ਉਹਨਾਂ ਨੇ ਆਪਣੀ ਸਾਰੀ ਉਮਰ ਲਗਾ ਦਿੱਤੀ ਹੈ। ਉਹਨਾਂ ਕਿਹਾ ਕਿ ਬਾਬੇ ਧੁੰਮੇ ਵੱਲੋਂ ਸਿਮਰਨਜੀਤ ਸਿੰਘ ਮਾਨ ਨੂੰ ਮਾਰਨ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਬਰਦਾਸ਼ਤ ਨਹੀਂ ਕਰਾਂਗੇ। ਉਹਨਾਂ ਕਿਹਾ ਕਿ ਸੰਤ ਭਿੰਡਰਾਂਵਾਲੇ, ਭਾਈ ਮੇਜਰ ਸਿੰਘ ਨਾਗੋਕੇ ਅਤੇ ਹੋਰ ਸ਼ਹੀਦ ਸਿੰਘ ਸਾਡੇ ਨਾਇਕ ਅਤੇ ਪ੍ਰੇਰਨਾ ਸਰੋਤ ਹਨ। ਇਹਨਾਂ ਦੀਆਂ ਸ਼ਹੀਦੀਆਂ ਅਜਾਈਂ ਨਹੀਂ ਜਾਣਗੀਆਂ। ਉਹਨਾਂ ਕਿਹਾ ਕਿ ਜਿਸ ਦਮਦਮੀ ਟਕਸਾਲ ਨੇ ਸਿੱਖ ਇੱਕ ਵੱਖਰੀ ਕੌਮ ਅਤੇ ਆਜ਼ਾਦੀ ਲਈ ਸੰਘਰਸ਼ ਲੜਿਆ ਉਸ ਦੀ ਸ਼ਾਨ ਨੂੰ ਬਾਬਾ ਧੁੰਮਾ ਨਾ ਰੋਲਣ। ਉਹਨਾਂ ਕਿਹਾ ਕਿ ਭਾਈ ਹਰਦੀਪ ਸਿੰਘ ਨਿੱਝਰ, ਭਾਈ ਪਰਮਜੀਤ ਸਿੰਘ ਪੰਜਵੜ ਅਤੇ ਭਾਈ ਅਵਤਾਰ ਸਿੰਘ ਖੰਡਾ ਨੂੰ ਭਾਜਪਾ ਹਕੂਮਤ ਨੇ ਸ਼ਹੀਦ ਕੀਤਾ ਹੈ।
Leave a Reply